Share on Facebook

Main News Page

ਸੌਦਾ ਸਾਧ ਦੀ ਚੁਣੌਤੀ ਆਖ਼ਰ ਕਦੋਂ ਤੱਕ…?
- ਜਸਪਾਲ ਸਿੰਘ ਹੇਰਾਂ Editor - Daily Pehredar

ਸੌਦਾ ਸਾਧ ਵੱਲੋਂ ਸਿੱਖੀ ਸਵੈਮਾਣ ਨੂੰ ਵੰਗਾਰਨਾ ਲਗਾਤਾਰ ਜਾਰੀ ਹੈ, ਪ੍ਰੰਤੂ ਵੋਟ ਲਾਲਸਾ ’ਚ ਅੰਨ੍ਹੀ-ਬੋਲ਼ੀ ਸਿੱਖ ਲੀਡਰਸ਼ਿਪ ਨੂੰ ਨਾ ਤਾਂ ਸੌਦਾ ਸਾਧ ਦਾ ਕੌਮ ਨੂੰ ਦਿੱਤਾ ਚੈਲਿੰਜ ਸੁਣਾਈ ਦਿੰਦਾ ਹੈ ਅਤੇ ਨਾ ਹੀ ਕੌਮ ਦੇ ਆਗੂਆਂ ਦੀ ਵੋਟ ਕੰਮਜ਼ੋਰੀ ਨੂੰ ਜਾਣਦਿਆਂ, ਉਸ ਵੱਲੋਂ ਸਿੱਖਾਂ ਨੂੰ ਚਿੜਾਉਣ ਲਈ ਕੀਤੇ ਜਾ ਰਹੇ ਹਮਲੇ ਵਿਖਾਈ ਦਿੰਦੇ ਹਨ। ਜਦੋਂ ਤੱਕ ਸਿੱਖ ਲੀਡਰਸ਼ਿਪ ਨੇ ਡੇਰਾਵਾਦ ਨੂੰ ਸੱਤਾ ਪ੍ਰਾਪਤੀ ਲਈ ‘ਪਾਸਕੂ’ ਮੰਨ ਕੇ, ਉਸ ਅੱਗੇ ਲੰਮੇ ਪੈਣਾ ਸ਼ੁਰੂ ਕਰ ਕੀਤਾ ਹੈ, ਉਦੋਂ ਤੋਂ ਹੀ ਡੇਰਾਵਾਦ ਸਿੱਖੀ ਤੇ ਭਾਰੂ ਹੋ ਗਿਆ ਹੈ ਅਤੇ ਇਸ ਡੇਰਾਵਾਦ ਵੱਲੋਂ ਸਿੱਖੀ ਨੂੰ ਅੰਦਰੋਂ-ਬਾਹਰੋਂ ਖੋਰਾ ਲਾਉਣ ਦੇ ਯਤਨ ਤੇਜ਼ ਕੀਤੇ ਹੋਏ ਹਨ। ਸਿੱਖੀ ਦੇ ਮਹਾਨ ਸਿਧਾਤਾਂ ਦੀ ਅਣਦੇਖੀ ਹੋਣ ਤੋਂ ਬਾਅਦ, ਗੁੰਮਰਾਹ ਸਿੱਖਾਂ ਦਾ ਮੂੰਹ ਪਾਖੰਡੀ ਤੇ ਆਡੰਬਰੀ ਡੇਰਿਆ ਵੱਲ ਹੋਇਆ, ਜਿਸਨੂੰ ਰੋਕਣ ਦੇ ਸੁਹਿਰਦ ਯਤਨ ਸਿੱਖ ਆਗੂਆਂ ਵੱਲੋਂ ਨਾ ਕੀਤੇ ਜਾਣ ਕਾਰਣ, ਸਿੱਖੀ ਨੂੰ ਲੱਗੇ ਖੋਰੇ ਵੀ ਧਾਰ ਦਿਨੋ-ਦਿਨ ਤੇਜ਼ ਹੁੰਦੀ ਗਈ ਅਤੇ ਅੱਜ ਹਾਲਤ ਇਹ ਹੈ ਕਿ ਸੌਦਾ ਸਾਧ ਵਰਗੇ ਸਿੱਖ ਗੁਰੂ ਸਾਹਿਬਾਨ ਅਤੇ ਗੁਰੂਘਰਾਂ ਤੇ ਹਮਲੇ ਕਰਨ ਦਾ ਦੁਰਸਾਹਸ ਕਰਨ ਲੱਗ ਪਏ ਹਨ।

ਜਿਸ ਦਿਨ ਸੌਦਾ ਸਾਧ ਨੇ ਦਸਮੇਸ਼ ਪਿਤਾ ਦੀ ਨਕਲ ਦਾ ਢੌਂਗ ਰਚ ਕੇ, ਸਿੱਖੀ ਸਵੈਮਾਣ ਨੂੰ ਖੁੱਲਾ ਚੈਲਿੰਜ ਕੀਤਾ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਦੇ ਬਾਈਕਾਟ ਦਾ ਹੁਕਮ ਜਾਰੀ ਹੋਇਆ ਸੀ, ਜੇ ਉਸ ਸਮੇਂ ਕੌਮ ‘ ਆਰ-ਪਾਰ’ ਦੀ ਲੜਾਈ ਲੜ੍ਹ ਲੈਂਦੀ ਅਤੇ ਵੋਟਾਂ ਦੇ ਭੁੱਖੀ ਲੀਡਰਸ਼ਿਪ ਸਮੇਤ ਸੌਦਾ ਸਾਧ ਦੀਆਂ ਜੜ੍ਹਾਂ ਪੰਜਾਬ ਦੀ ਪਵਿੱਤਰ ਧਰਤੀ ਤੋਂ ਉਖਾੜ ਦਿੱਤੀਆਂ ਜਾਂਦੀਆਂ ਤਾਂ ਅੱਜ ਸਿੱਖਾਂ ਨੂੰ ਸੌਦਾ ਸਾਧ ਵੱਲੋਂ ਮਿਲਦਾ ਸਿੱਧਾ ਚੈਲਿੰਜ ਅਤੇ ਗੁਰੂ ਘਰਾਂ ’ਤੇ ਹਮਲਿਆਂ ਦੀ ਕਦੇ ਜੁਰੱਅਤ ਨਾ ਪੈਂਦੀ। ਸੌਦਾ ਸਾਧ ਵਿਰੁੱਧ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਸਿੱਖ ਆਗੂ ਡੱਟਵਾ ਸਟੈਂਡ ਲੈਣ ਤੋਂ ਥਿੜਕ ਗਏ, ਧਰਮ, ਰਾਜਨੀਤੀ ਅੱਗੇ ਗੋਡੇ ਟੇਕ ਲਿਆ। ਜਿਸ ਕਾਰਣ ਸੌਦਾ ਸਾਧ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਹ ਸਿੱਖਾਂ ’ਚ ਦਹਿਸ਼ਤ ਪੈਦਾ ਕਰਨ ਦੀਆਂ ਕੋਸ਼ਿਸਾਂ ਦੀ ਭੁੱਲ ਵੀ ਕਰ ਬੈਠਾ ਹੈ। ਸਿਰਸੇ ’ਚ ਬੀਤੇ ਦਿਨ ਜੋ ਕੁਝ ਹੋਇਆ ਹੈ, ਉਹ ਜਿੱਥੇ ਸੌਦਾ ਸਾਧ ਦੀ ਸਿੱਖਾਂ ’ਚ ਦਹਿਸ਼ਤ ਪੈਦਾ ਕਰਨ ਦੀ ਬੇਵਕੂਫੀ ਵਾਲੀ ਸੋਚ ਸਦਕਾ ਹੈ, ਉਥੇ ਸਰਕਾਰਾਂ, ਚਾਹੇ ਉਹ ਪੰਜਾਬ ਦੀ ਬਾਦਲ ਸਰਕਾਰ ਹੈ, ਚਾਹੇ ਹਰਿਆਣੇ ਦੀ ਕਾਂਗਰਸੀ ਹੂਡਾ ਸਰਕਾਰ ਹੈ, ਵੱਲੋਂ ਸੌਦਾ ਸਾਧ ਦੀ ਪਿੱਠ ਥਾਪੜਨਾ ਦੀ ਵੋਟ ਕੰਮਜ਼ੋਰੀ ਦੀ ਵੀ ਸਾਫ਼ ਤਸਵੀਰ ਹੈ।

ਸਿੱਖੀ ਦੀ ਸ਼ਕਤੀ, ਉਸਦੇ ਸਿਧਾਂਤਾਂ ‘ਸਰਬੱਤ ਦਾ ਭਲਾ ਮੰਗਣ’ ਅਤੇ ‘‘ਭੈ ਕਾਹੂ ਕੋ ਦੈਤਿ ਨਹਿ, ਨਹਿ ਭੈ ਮਾਨਤਿ ਆਨਿ’’ ਵਰਗੇ ‘ਸੰਤ-ਸਿਪਾਹੀ’ ਦੇ ਗੁਣਾਂ ’ਚ ਹੈ। ਪ੍ਰੰਤੂ ਜੇ ਅਸੀਂ ਪਦਾਰਥਵਾਦ, ਨਿੱਜਵਾਦ ਤੇ ਸੱਤਾ ਲਾਲਸਾ ’ਚ ਅੰਨ੍ਹੇ ਬੋਲ਼ੇ, ਹੋ ਕੇ, ਇਨ੍ਹਾਂ ਸਿਧਾਂਤਾਂ ਨੂੰ ਵੀ ਤਿਲਾਂਜਲੀ ਦੇ ਦਿਆਂਗੇ ਤਾਂ ਫਿਰ ‘‘ਸਵਾ ਲੱਖ ਨਾਲ ਇਕੱਲਾ-ਇਕੱਲਾ’’ ਜੂਝਣ ਵਾਲੇ ਸਿਰਲੱਥ ਯੋਧਿਆਂ, ਵੀਰਾਂ-ਬਹਾਦਰਾਂ ਦੀ ਇਸ ਕੌਮ ਨੂੰ ਸੌਦਾ ਸਾਧ ਵਰਗੇ ਪਾਖੰਡੀ, ਵਿਭਚਾਰੀ ਸਾਧਾਂ ਵੱਲੋਂ ਵੰਗਾਰਨਾ ਸੁਭਾਵਿਕ ਹੀ ਹੈ। ਸਿੱਖਾਂ ਨੂੰ ਇਸ ਸੱਚ ਨੂੰ ਚੰਗੀ ਤਰ੍ਹਾਂ ਮਨਾਂ ’ਚ ਵਸਾ ਲੈਣਾ ਚਾਹੀਦਾ ਹੈ ਕਿ ਇਸ ਦੇਸ਼ ਦਾ ਸੰਵਿਧਾਨ, ਕਾਨੂੰਨ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਨਹੀਂ ਹੈ। ਸਿਰਸਾ ’ਚ ਜਿਸ ਤਰ੍ਹਾਂ ਪੁਲਿਸ ਨੇ ਇਕ ਪਾਸੜ ਹੋ ਕੇ, ਸਿੱਖਾਂ ਦਾ ਜਾਨੀ-ਮਾਲੀ ਨੁਕਸਾਨ ਕਰਵਾਇਆ ਹੈ, ਇਹ ਉਸੇ ਕੜ੍ਹੀ ਦਾ ਹੀ ਹਿੱਸਾ ਹੈ। ਸ਼ਹਿਰ ’ਚ ਲੱਗੇ ਕਰਫਿਊ ਨੂੰ ਸਿਰਫ਼ ਸਿੱਖਾਂ ਲਈ ਕਰਫਿਊ ਬਣਾ ਦੇਣਾ ਸਾਫ਼ ਕਰਦਾ ਹੈ ਕਿ ਸਿੱਖ ਇਸ ਦੇਸ਼ ’ਚ ਦੂਜੇ ਨੰਬਰ ਦੇ ਸ਼ਹਿਰੀ ਹਨ। ਇਸ ਲਈ ਕੌਮ ਨੂੰ ਇਕਜੁੱਟ ਹੋਣਾ ਅਤੇ ਸਿੱਖੀ ਸਿਧਾਂਤਾਂ ਦੀ ਛਤਰ ਛਾਇਆ ਥੱਲੇ ਆਉਣਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਫਿਰ ‘‘ਤਿੱਤਰਾਂ ਦੀਆਂ ਉਡਾਰੀਆਂ’’ ਕੌਮ ਦਾ ਮੂੰਹ ਚਿੜ੍ਹਾਉਂਦੀਆਂ ਹੀ ਰਹਿਣਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮੁੱਚੀ ਕੌਮ ਨੂੰ ਭਰੋਸੇ ’ਚ ਲੈ ਕੇ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਸਿੱਖੀ ਮਾਰਗ ਦੇ ਅਨੁਕੂਲ ਨੀਤੀ ਬਣਾਉਣੀ ਹੋਵੇਗੀ ਅਤੇ ਧਰਮ ਦਾ ਕੁੰਡਾ ਰਾਜਨੀਤੀ ਤੇ ਮੁੜ ਕਰਨਾ ਹੋਵੇਗਾ ਤਾਂ ਕਿ ਆਪਣੀ ਸੱਤਾ ਲਾਲਸਾ ਲਈ ਦੀਨ ਇਮਾਨ ਵੇਚਣ ਵਾਲੇ ਘੱਟੋ-ਘੱਟ ਸਿੱਖਾਂ ਦੇ ਆਗੂ ਤਾਂ ਨਾ ਅਖਵਾਉਣ। ਅੱਜ ਕੌਮ ਨੂੰ ਚਾਰੇ ਪਾਸਿਆਂ ਤੋਂ ਚੁਣੌਤੀਆਂ ਹੀ ਚੁਣੌਤੀਆਂ ਹਨ, ਪ੍ਰੰਤੂ ਇਨ੍ਹਾਂ ਦਾ ਹੱਲ ਕਰਨ ਲਈ ਉਪਰਾਲਾ ਕਿਸੇ ਪਾਸੇ ਤੋਂ ਨਹੀਂ ਹੋ ਰਿਹਾ। ਅਸੀਂ ਕੌਮ ਦੇ ਆਗੂਆਂ ਨੂੰ ਇਕ ਵਾਰ ਫਿਰ ਅਪੀਲ ਕਰਾਂਗੇ ਕਿ ਉਹ ਪਾਖੰਡੀ ਤੇ ਆਡੰਬਰੀ ਡੇਰੇਵਾਦ ਤੋਂ ਸਿੱਖ ਕੌਮ ਨੂੰ ਮਿਲ ਰਹੀ ਚੁਣੌਤੀ ਪ੍ਰਤੀ ਗੰਭੀਰ ਹੋਣ ਅਤੇ ਕੌਮ ਨੂੰ ਇੱਕ-ਜੁੱਟ ਕਰਦੇ ਇਸਦਾ ਮੂੰਹ ਤੋੜ੍ਹਵਾਂ ਉਤਰ ਦੇਣ। ਸਿਰਸਾ ਕਾਂਡ ’ਚ ਇਨਸਾਫ਼ ਪ੍ਰਾਪਤੀ ਅੱਜ ਬੇਹੱਦ ਜ਼ਰੂਰੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top