Share on Facebook

Main News Page

ਰਿਣ ਯਾਤਰਾਵਾਂ ਨਾਲ ਨਹੀਂ ਗੁਰੂ ਦੀ ਸਿੱਖਿਆ ’ਤੇ ਚੱਲ ਕੇ ਰਿਣ ਉਤਾਰਨ ਦਾ ਯਤਨ ਕੀਤਾ ਜਾਵੇ
- ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਬ੍ਰਾਹਮਣ ਸਭਾ ਵਲੋਂ ਇੱਕ ਵਾਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਦਾ ਕਰਜ਼ ਉਤਾਰਨ ਲਈ ਕਸ਼ਮੀਰ ਤੋਂ ਸ਼ੁਰੂ ਕਰਕੇ ਅਨੰਦਪੁਰ ਸਾਹਿਬ ਹੁੰਦਿਆਂ ਹੋਇਆਂ ਦਿੱਲੀ ਤੱਕ ਯਾਤਰਾ ਕੀਤੀ ਸੀ, ਤੇ ਤਕਰੀਬਨ ਡੇੜ ਦਹਾਕੇ ਬਾਅਦ ਇਸ ਵਾਰ ਕਸ਼ਮੀਰ ਦੀ ਵਜਾਏ ਬਠਿੰਡਾ ਤੋਂ ਹੀ 22 ਨਵੰਬਰ ਨੂੰ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਦੇਵੀ ਦਿਆਲ ਦੀ ਅਗਵਾਈ ਵਿੱਚ ‘ਰਿਣ ਉਤਾਰਨ ਯਤਨ ਯਾਤਰਾ’ ਸ਼ੁਰੂ ਕਰਕੇ ਉਸੇ ਦਿਨ ਸ਼ਾਮ ਨੂੰ ਅਨੰਦਪੁਰ ਸਾਹਿਬ ਵਿਖੇ ਪਹੁੰਚੀ ਤੇ ਅਗਲੇ ਦਿਨ 23 ਨਵੰਬਰ ਨੂੰ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ ਦੇਰ ਸ਼ਾਮ ਨੂੰ ਗੁਰਦੁਆਰਾ ਸ਼ੀਸ਼ ਗੰਜ ਦਿੱਲੀ ਵਿਖੇ ਪਹੁੰਚੀ।

ਯਾਤਰਾ ਦੇ ਸੰਯੋਜਕ ਸ਼੍ਰੀ ਦੇਵੀ ਦਿਆਲ ਨੇ ਇਸ ਯਾਤਰਾ ਦੇ ਅਨੰਦਪੁਰ ਸਾਹਿਬ ਤੋਂ ਵਿਦਾਇਗੀ ਮੌਕੇ ਕਿਹਾ ਕਿ ਅੱਜ ਤੋਂ 336 ਸਾਲ ਪਹਿਲਾਂ ਸਾਡੇ ਬਜੁਰਗ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰ ਤੋਂ ਪੰਡਿਤਾਂ ਦਾ ਜਥਾ ਇੱਥੇ ਪਹੁੰਚਿਆ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ। ਉਨਾਂ ਕਿਹਾ ਜੇਕਰ ਉਸ ਸਮੇਂ ਗੁਰੂ ਸਾਹਿਬ ਆਪਣੀ ਕੁਰਬਾਨੀ ਨਾ ਦਿੰਦੇ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਛ ਹੋਰ ਹੀ ਹੋਣਾ ਸੀ। ਉਨਾਂ ਪੰਡਿਤ ਮਦਨ ਮੋਹਨ ਮਾਲਵੀਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨਾਂ ਕਿਹਾ ਸੀ ਕਿ ਹਰ ਹਿੰਦੂ ਪਰਿਵਾਰ ਆਪਣੇ ਚੋਂ ਘੱਟੋ ਘੱਟ ਇਕ ਬੱਚਾ ਸਿੱਖ ਜਰੂਰ ਬਣਾਏ ਤੇ ਹਰ ਹਿੰਦੂ ਮੰਦਰ ਜਾਣ ਮੌਕੇ ਪਹਿਲਾ ਟੱਲ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦਾ ਵਜਾਏ। ਜੇ ਬ੍ਰਾਹਮਣ ਸਭਾ ਦੇ ਪ੍ਰਧਾਨ ਦੇ ਉਕਤ ਬਿਆਨ ਅਤੇ ਯਾਤਰਾ ਦੇ ਮਨੋਰਥ ਵਿਚ ਸੁਹਿਰਦਤਾ ਹੈ ਤਾਂ ਉਨ੍ਹਾਂ ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਇਤਹਾਸਕ ਯਾਤਰਾ ਹੈ ਜੋ ਇਕੱਲੇ ਪੰਜਾਬ ਜਾਂ ਭਾਰਤ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਨੂੰ ਇਕ ਨਵੀ ਸੇਧ ਦੇਵੇਗੀ। ਉਨਾਂ ਕਿਹਾ ਸਿੱਖ ਧਰਮ ਸਾਂਝੀਵਾਲਤਾ ਦਾ ਧਰਮ ਹੈ ਜੇਕਰ ਇਸ ਦੇ ਪਾਵਨ ਸਿਧਾਂਤ ਸਾਰੀ ਦੁਨੀਆਂ ਤੱਕ ਪਹੁੰਚਾ ਦਿਤੇ ਜਾਣ ਤਾਂ ਸਾਰੇ ਸੰਸਾਰ ਵਿਚ ਅਮਨ ਦਾ ਮਹੌਲ ਤਿਆਰ ਹੋ ਸਕਦਾ ਹੈ। ਉਨਾਂ ਕਿਹਾ ਅੱਜ ਕੁਛ ਲੋਕ ਪੰਜਾਬ ਵਿਚ ਧਰਮ ਦੇ ਨਾਮ ’ਤੇ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿਰਫ ਇਸ ਤਰ੍ਹਾਂ ਦੇ ਬਿਆਨ ਦੇਣ ਨਾਲ ਜਾਂ ਕਿਸੇ ਯਾਤਰਾ ਨੂੰ ‘‘ਰਿਣ ਉਤਾਰਨ ਯਤਨ ਯਾਤਰਾ’’ ਦਾ ਨਾਮ ਦੇਣ ਨਾਲ ਹੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦਾ ਰਿਣ ਉਤਰ ਸਕਦਾ ਹੈ ਜਾਂ ਰਿਣ ਉਤਾਰਨ ਲਈ ਕੋਈ ਹੋਰ ਵੀ ਯਤਨ ਕਰਨ ਦੀ ਲੋੜ ਹੈ?

ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਸਿਰਫ ਹਿੰਦੂ ਧਰਮ ਦੀ ਰੱਖਿਆ ਲਈ ਹੀ ਨਹੀਂ, ਸਗੋਂ ਮਨੁੱਖ ਦੀ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ (Human Rights) ਲਈ ਸ਼ਹੀਦੀ ਦਿੱਤੀ ਸੀ। ਜੇ ਹਿੰਦੂਆਂ ਦੀ ਥਾਂ 'ਤੇ ਕੋਈ ਹੋਰ ਧਰਮ ਮੰਨਣ ਵਾਲਿਆਂ ਦੀ ਵੀ ਮਦਦ ਕਰਨੀ ਹੁੰਦੀ, ਤਾਂ ਵੀ ਗੁਰੂ ਸਾਹਿਬ ਨੇ ਮਦਦ ਕਰਨੀ ਸੀ।

ਸਿੱਖਾਂ ਨੇ, ਉਨ੍ਹਾਂ ਸਮਿਆਂ ਵਿੱਚ ਜਦੋਂ ਮੁਗਲਾਂ ਦੇ ਜ਼ਬਰ ਕਾਰਣ ਆਪਣੇ ਘਰ ਘਾਟ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਰਹਿਣ ਲਈ ਮਜ਼ਬੂਰ ਸਨ, ਉਨ੍ਹਾਂ ਪਾਸ ਫ਼ਰਿਆਦ ਲੈ ਕੇ ਆਏ ਮੁਸਲਮਾਨਾਂ ਦੀ ਵੀ ਆਪਣੀ ਜਾਨ ’ਤੇ ਖੇਡ ਕੇ ਮੱਦਦ ਕੀਤੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਪੱਟੀ ਦੇ ਇਕ ਮੁਸਲਮਾਨ ਰਹੀਮ ਬਖ਼ਸ਼ ਮਾਛੀ ਦੀ ਨੌਜਵਾਨ ਬੇਟੀ ਸਲਮਾ ਨੂੰ ਪੱਟੀ ਦਾ ਚੌਧਰੀ ਜ਼ਬਰਦਸਤੀ ਚੁੱਕ ਕੇ ਲੈ ਕੇ ਗਿਆ। ਉਸ ਸਮੇਂ ਪੱਟੀ ਦਾ ਇਲਾਕਾ ਕਿਉਂਕਿ ਸੂਬਾ ਲਹੌਰ ਦੇ ਅਧੀਨ ਆਉਂਦਾ ਸੀ, ਇਸ ਲਈ ਰਹੀਮ ਬਖ਼ਸ਼ ਮਾਛੀ ਸੂਬਾ ਲਹੌਰ ਦੇ ਦਰਬਾਰ ’ਚ ਆਪਣੀ ਫਰਿਆਦ ਲੈ ਕੇ ਗਿਆ, ਪਰ ਉਥੇ ਵੀ ਉਸ ਦੀ ਨਾ ਸੁਣੀ ਗਈ ਤੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਰਹੀਮ ਬਖ਼ਸ਼ ਮਾਛੀ ਵਾਪਸੀ ਸਮੇਂ ਭਾਈ ਤਾਰੂ ਸਿੰਘ ਦੇ ਚੱਲ ਰਹੇ ਲੰਗਰ ਵਿੱਚ ਪ੍ਰਸ਼ਾਦਾ ਛਕਣ ਬੈਠ ਗਿਆ ਤੇ ਲੰਗਰ ਛਕਣ ਉਪ੍ਰੰਤ, ਭਾਈ ਤਾਰੂ ਸਿੰਘ ਕੋਲ ਫ਼ਰਿਆਦ ਕੀਤੀ ਕਿ ਉਸ ਦੀ ਨੌਜਵਾਨ ਬੇਟੀ ਨੂੰ ਪੱਟੀ ਦਾ ਚੌਧਰੀ ਜ਼ਬਰਦਸਤੀ ਚੁੱਕ ਕੇ ਲੈ ਗਿਆ ਹੈ। ਮੇਰੀ ਲਹੌਰ ਦਰਬਾਰ ’ਚ ਵੀ ਸੁਣਵਾਈ ਨਹੀਂ ਹੋ ਹੋਈ। ਮੈਨੂੰ ਪੂਰਾ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਸਾਜੇ ਖ਼ਾਲਸੇ ਤੋਂ ਬਿਨ੍ਹਾਂ ਹੋਰ ਕੋਈ ਮੇਰੀ ਇੱਜਤ ਨਹੀਂ ਬਚਾ ਸਕਦਾ, ਇਸ ਲਈ ਮੇਰੀ ਆਪ ਜੀ ਨੂੰ ਬੇਨਤੀ ਹੈ, ਕਿ ਮੇਰੀ ਪੁਕਾਰ ਖ਼ਾਲਸੇ ਦੇ ਦਰਬਾਰ ਵਿੱਚ ਪਹੁੰਚਾ ਕੇ ਮੇਰੀ ਲਾਜ ਰੱਖੀ ਜਾਵੇ। ਭਾਈ ਤਾਰੂ ਸਿੰਘ ਜਿਹੜੇ ਵੇਲੇ ਕੁਵੇਲੇ ਜੰਗਲ ਵਿੱਚ ਛੁਪੇ ਸਿੰਘਾਂ ਲਈ ਲੰਗਰ ਪਹੁੰਚਾਉਣ ਦੀ ਸੇਵਾ ਕਰਦਾ ਸੀ, ਉਹ ਜਿਸ ਵੇਲੇ ਸ਼ਾਮ ਨੂੰ ਸਿੰਘਾਂ ਨੂੰ ਲੰਗਰ ਫੜਾਉਣ ਗਿਆ ਤਾਂ ਉਸ ਨੇ ਸਿੰਘਾਂ ਕੋਲ ਰਹੀਮ ਬਖ਼ਸ਼ ਮਾਛੀ ਦੀ ਫ਼ਰਿਆਦ ਦਾ ਜ਼ਿਕਰ ਕੀਤਾ। ਭੁੱਖਣ ਭਾਣੇ ਸਿੰਘਾਂ ਨੇ ਪੱਟੀ ਦੇ ਚੌਧਰੀ ਵਲੋਂ ਆਪਣੇ ਹੀ ਧਰਮ ਨੂੰ ਮੰਨਣ ਵਾਲੇ ਰਹੀਮ ਬਖ਼ਸ਼ ਮਾਛੀ ਦੀ ਬੇਟੀ ਨੂੰ ਜ਼ਬਰਦਸਤੀ ਉਧਾਲੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਉਸੇ ਸਮੇਂ ਫੈਸਲਾ ਕੀਤਾ, ਕਿ ਉਸ ਅਬਲਾ ਧੀ ਨੂੰ ਲੰਗਰ ਛਕਣ ਤੋਂ ਪਹਿਲਾਂ ਛਡਾਉਣਾ ਚਾਹੀਦਾ ਹੈ ਕਿਉਂਕਿ ਆਪਣੀ ਇੱਕ ਮਿੰਟ ਦੀ ਦੇਰੀ ਵੀ ਗਰੀਬ ਦੀ ਧੀ ਦੀ ਇੱਜਤ ਲਈ ਨੁਕਸਾਨ ਦੇਹ ਹੋ ਸਕਦੀ ਹੈ। ਸਿੰਘਾਂ ਨੇ ਲੰਗਰ ਨੂੰ ਉਥੇ ਹੀ ਛੱਡ ਕੇ ਉਸ ਅਬਲਾ ਧੀ ਦੀ ਇੱਜਤ ਬਚਾਉਣ ਲਈ ਪੱਟੀ ਦੇ ਚੌਧਰੀ ’ਤੇ ਅਚਨਚੇਤ ਹੱਲਾ ਬੋਲ ਦਿੱਤਾ ਤੇ ਬੀਬੀ ਸਲਮਾਂ ਨੂੰ ਛੁਡਵਾ ਕੇ ਉਸ ਦੇ ਪਿਤਾ ਰਹੀਮ ਬਖ਼ਸ਼ ਮਾਛੀ ਨੂੰ ਸੌਂਪ ਕੇ ਬਾਅਦ ਵਿੱਚ ਲੰਗਰ ਛਕਿਆ।

ਜਿਹੜੇ ਸਿੰਘਾਂ ਨੇ ਹਿੰਦੁਸਤਾਨ ਦੀ ਇੱਜਤ ਆਬਰੂ ਤੇ ਧਨ ਮਾਲ ਲੁੱਟਣ ਲਈ ਕਾਬਲ ਕੰਧਾਰ ਤੋਂ ਚੜ੍ਹਕੇ ਆਏ ਧਾੜਵੀਆਂ ਦੇ ਮੂੰਹ ਮੋੜੇ, ਗਜਨੀ ਦੇ ਬਜਾਰਾਂ ਵਿੱਚ ਟਕੇ ਟਕੇ ਵਿਕ ਰਹੀਆਂ ਭਾਰਤੀ ਅਬਲਾਵਾਂ ਨੂੰ ਛੁਡਵਾ ਕੇ ਉਨ੍ਹਾਂ ਦੇ ਘਰ ਪਹੁੰਚਾਇਆ, ਦੇਸ਼ ਦੀ ਕੁਲ ਅਬਾਦੀ ਦਾ ਡੇੜ ਪ੍ਰਤੀਸ਼ਤ ਹੋਣ ਦੇ ਬਾਵਯੂਦ ਦੇਸ਼ ਦੀ ਅਜਾਦੀ ਵਿੱਚ 87% ਹਿੱਸਾ ਪਾ ਕੇ ਅੰਗਰੇਜਾਂ ਤੋਂ ਦੇਸ਼ ਅਜਾਦ ਕਰਵਾਇਆ ਉਨ੍ਹਾਂ ਹੀ ਸਿੱਖਾਂ ਨੂੰ ਅਜਾਦੀ ਉਪ੍ਰੰਤ ਇਸ ਦੇਸ਼ ਦੀ ਸਰਕਾਰ ਨੇ ਜ਼ਰਾਇਮ ਪੇਸ਼ਾ ਕੌਮ ਹੋਣਾ ਦਾ ਫ਼ਤਵਾ ਜਾਰੀ ਕਰਕੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ’ਤੇ ਖਾਸ ਨਜ਼ਰ ਰੱਖਣ ਦਾ ਆਦੇਸ਼ ਰੱਖਣ ਦਾ ਸਰਕੂਲਰ ਜਾਰੀ ਕੀਤਾ। ‘ਰਿਣ ਉਤਾਰਨ ਯਤਨ ਯਾਤਰਾ’ ਕਰਨ ਵਾਲਿਆਂ ਨੇ ਅੱਜ ਤੱਕ ਇਸ ਸਰਕੂਲਾਰ ਦਾ ਵਿਰੋਧ ਨਹੀਂ ਕੀਤਾ।

ਅਜਾਦੀ ਉਪ੍ਰੰਤ ਦੇਸ਼ ਦੇ ਸਾਰੇ ਸੂਬੇ ਭਾਸ਼ਾ ਦੇ ਅਧਾਰ ’ਤੇ ਬਣਾਏ ਗਏ ਤਾਂ ਸਿੱਖਾਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ। ‘ਰਿਣ ਉਤਾਰਨ ਯਤਨ ਯਾਤਰਾ’ ਕਰਨ ਵਾਲਿਆਂ ਦੀ ਪਿਤਰੀ ਪਾਰਟੀ ਜਨਸੰਘ/ਆਰਐੱਸਐੱਸ ਨੇ ‘ਹਿੰਦੂ ਹਿੰਦੀ ਹਿੰਦੁਸਤਾਨ’ ਅਤੇ ‘ਕੱਛ ਕੜਾ ਕ੍ਰਿਪਾਨ’ ਭੇਜ ਦਿਆਂਗੇ ਪਾਕਿਸਤਾਨ’ ਦੇ ਨਾਹਰੇ ਲਾ ਕੇ ਪੰਜਾਬੀ ਸੂਬੇ ਦਾ ਜ਼ਬਰਦਸਤ ਵਿਰੋਧ ਕੀਤਾ। ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇ ਕੇ ਇਸ ਵਿੱਚੋਂ ਤੰਬਾਕੂ, ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਤਾਂ ਇਸ ਦੇ ਵਿਰੋਧ ਵਿੱਚ ਇਨ੍ਹਾਂ ਨੇ ਬੀੜੀਆਂ ਦੇ ਬੰਡਲ ਡਾਂਗਾਂ ਨਾਲ ਬੰਨ੍ਹ ਕੇ ਸ਼ਹਿਰ ਵਿੱਚ ਜਲੂਸ ਕੱਢੇ ਤੇ ‘ਸ਼ੌਕ ਸੇ ਬੀੜੀ ਪੀਏਂਗੇ, ਸ਼ਾਨ ਸੇ ਜੀਏਂਗੇ’ ਦੇ ਨਾਹਰੇ ਲਾ ਕੇ ਇਸ ਦਾ ਵਿਰੋਧ ਕੀਤਾ।

ਅਖੀਰ ਭਾਰੀ ਕੁਰਬਾਨੀਆਂ ਬਾਅਦ ਜੇ ਪੰਜਾਬੀ ਸੂਬਾ ਬਣਾਉਣਾ ਹੀ ਪਿਆ ਤਾਂ ਇਸ ਨੂੰ ਭਾਸ਼ਾ ਦੀ ਥਾਂ ਤੇ ਧਾਰਮਕ ਰੰਗਤ ਦੇ ਕੇ ਪੰਜਾਬੀ ਬੋਲਦਾ ਏਰੀਆ ਤੇ ਵਿਸ਼ੇਸ਼ ਤੌਰ ’ਤੇ ਪੰਜਾਬ ਲਈ ਉਸਾਰੀ ਗਈ ਰਾਜਧਾਨੀ ਚੰਡੀਗੜ੍ਹ ਇਸ ਤੋਂ ਬਾਹਰ ਰੱਖ ਕੇ ਲੰਗੜਾ ਸੂਬਾ ਬਣਾਇਆ ਗਿਆ ਕਿਉਂਕਿ 1961 ਦੀ ਮਰਦਮ ਸ਼ੁਮਾਰੀ, ਜਿਸ ਨੂੰ ਪੰਜਾਬ ਦੀ ਵੰਡ ਦਾ ਅਧਾਰ ਬਣਾਇਆ ਗਿਆ ਸੀ, ਵਿੱਚ ਸਾਰੇ ਪੰਜਾਬੀ ਹਿੰਦੂਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਵਾਈ ਸੀ। ਪੰਜਾਬ ਦੇ ਪਾਣੀਆਂ ਤੇ ਬਿਜਲੀ ਦਾ ਕੰਟਰੋਲ ਸੂਬੇ ਤੋਂ ਖੋਹ ਕੇ ਕੇਂਦਰ ਨੇ ਆਪਣੇ ਕੋਲ ਰੱਖਿਆ। ਪੰਜਾਬ ਦੀਆਂ ਇਨ੍ਹਾਂ ਸਿਆਸੀ ਤੇ ਆਰਥਕ ਤੇ ਕੁਝ ਧਾਰਮਕ ਮੰਗਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਨੇ 1982 ’ਚ ਧਰਮ ਯੁੱਧ ਮੋਰਚਾ ਲਾਇਆ ਤਾਂ ਇਸ ਨੂੰ ਸਿੱਖਾਂ ਦੀ ਮੰਗ ਸਮਝ ਕੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਿਸ ਕਾਰਣ ਪੰਜਾਬ ਮਸਲਾ ਇੰਨਾਂ ਉਲਝ ਗਿਆ ਕਿ ਇਸ ਦਾ ਅੰਤ ਜੂਨ 84 ’ਚ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਕੇ ਇਸ ਨੂੰ ਢਹਿਢੇਰੀ ਕਰਨ ਅਤੇ ਹਜਾਰਾਂ ਸਿੱਖਾਂ ਦੇ ਕਤਲ ਕਰਨ ’ਚ ਨਿਕਲਿਆ। ਜਿਨ੍ਹਾਂ ਦੀ ਧਾਰਮਿਕ ਅਜਾਦੀ ਲਈ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਉਨ੍ਹਾਂ ਨੇ ਇਸ ਹਮਲੇ ਦੀ ਨਿਖੇਧੀ ਕਰਨ ਦੀ ਥਾਂ ਦੇਰ ਨਾਲ ਕੀਤਾ ਗਿਆ ਦਰੁਸਤ ਕੰਮ ਦੱਸਕੇ ਇੰਦਰਾ ਗਾਂਧੀ ਨੂੰ ਵਧਾਈਆਂ ਦਿੱਤੀਆਂ ਤੇ ਖੁਸ਼ੀ ਵਿੱਚ ਭੰਗੜੇ ਪਾਏ ਤੇ ਲੱਡੂ ਵੰਡੇ। ਸਿੱਖਾਂ ਦੇ ਧਾਰਮਿਕ ਸਥਾਨ ’ਤੇ ਹਮਲੇ ਦੇ ਪ੍ਰਤੀਕਰਮ ਵਜੋਂ 31 ਅਕੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ ਜਿਸ ਦੇ ਪ੍ਰਤੀਕਰਮ ਵਜੋਂ ਨਵੰਬਰ ਦੇ ਪਹਿਲੇ ਹਫਤੇ ਵਿੱਚ ਦਿੱਲੀ ਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਜਾਇਦਾਦਾਂ ਲੁਟੀਆਂ ਤੇ ਸਾੜੀਆਂ, ਸਿੱਖਾਂ ਦੀ ਨਸਲਘਾਤ ਕਰਨ ਲਈ ਸਮੂਹਿਕ ਕਤਲੇਆਮ ਕੀਤਾ ਤੇ ਸਭ ਤੋਂ ਘਿਨਾਉਣਾ ਕੰਮ ਇਹ ਕਿ ਦੇਸ਼ ਦੀਆਂ ਅਬਲਾ ਨਾਰੀਆਂ ਨੂੰ ਵਿਦੇਸ਼ੀ ਧਾੜਵੀਆਂ ਤੋਂ ਛੁਡਵਾਉਣ ਵਾਲੇ ਸਿੱਖਾਂ ਦੀਆਂ ਆਪਣੀਆਂ ਬਹੁ ਬੇਟੀਆਂ ਦਾ ਸ਼ਰੇਆਮ ਸਮੂਹਿਕ ਬਲਾਤਕਾਰ ਕੀਤਾ ਗਿਆ। ਇੱਥੋਂ ਤੱਕ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਸਥਾਨ ਅਤੇ ਦੇਹ ਦੇ ਸਸਕਾਰ ਵਾਲੀ ਥਾਂ ਬਣੇ ਕਰਮਵਾਰ ਗੁਰਦੁਆਰੇ ਸ਼ੀਸ਼ ਗੰਜ ਅਤੇ ਰਕਾਬ ਗੰਜ ’ਤੇ ਜਨੂਨੀਆਂ ਵੱਲੋਂ ਹਮਲੇ ਕੀਤੇ ਗਏ। ‘ਰਿਣ ਉਤਾਰਨ ਯਤਨ ਯਾਤਰਾ’ ਕਰਨ ਵਾਲਿਆਂ ਵਿੱਚੋਂ ਅੱਜ ਤੱਕ ਕਿਸੇ ਨੇ ਜਨੂੰਨੀਆਂ ਦੇ ਇਸ ਪਸ਼ੂਪਨੇ ਦੀ ਨਿਖੇਧੀ ਨਹੀਂ ਕੀਤੀ।

ਅਕਾਲ ਤਖ਼ਤ ’ਤੇ ਭਾਰਤੀ ਫੌਜਾਂ ਵੱਲੋਂ ਹਮਲਾ, ਨਵੰਬਰ ਵਿੱਚ ਸਿੱਖਾਂ ਦੀ ਕੀਤੀ ਨਸਲਘਾਤ ਅਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਬਜ਼ਾਏ ਉਨ੍ਹਾਂ ਨੂੰ ਉਚ ਅਹੁਦੇ ਦੇ ਕੇ ਨਿਵਾਜ਼ਣ ਦੇ ਰੋਸ ਵਜੋਂ ਪੰਜਾਬ ਵਿੱਚ ਇੱਕ ਦਹਾਕੇ ਤੱਕ ਖਾੜਕੂ ਲਹਿਰ ਚੱਲੀ ਜਿਸ ਦੌਰਾਨ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸਜ਼ ਵੱਲੋਂ ਸਿੱਖਾਂ ਨੌਜਵਾਨਾਂ ’ਤੇ ਘੋਰ ਅਣਮਨੁੱਖੀ ਤਸ਼ੱਦਦ ਕੀਤਾ ਤੇ ਚੁਣ ਚੁਣ ਕੇ ਝੂਠੇ ਪੁਲਿਸ ਮੁਕਾਬਿਲਆਂ ਵਿੱਚ ਮਾਰਿਆ ਗਿਆ ਜਿਸ ਦਾ ਖ਼ੁਲਾਸਾ ਇੱਕ ਸਾਬਕਾ ਬੀ.ਐੱਸ.ਐੱਫ ਅਧਿਕਾਰੀ ਅਰਦਮਨਜੀਤ ਸਿੰਘ ਦੀ ਜੁਬਾਨੀ ਸੁਣਿਆ / ਦੇਖਿਆ ਜਾ ਸਕਦਾ ਹੈ। ਸੈਂਕੜੇ ਸਿੱਖ ਨੌਜਵਾਨ ਅੱਜ ਵੀ ਜੇਲ੍ਹਾਂ ਵਿੱਚ ਨਰਕ ਭੋਗ ਰਹੇ ਹਨ।  

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਫਾਂਸੀ ਦੇ ਤਖ਼ਤੇ ’ਤੇ ਖੜ੍ਹੇ ਮੌਤ ਨੂੰ ਉਡੀਕ ਰਹੇ ਹਨ। ‘ਰਿਣ ਉਤਾਰਨ ਯਤਨ ਯਾਤਰਾ’ ਕਰਨ ਵਾਲਿਆਂ ਵਿੱਚੋਂ ਅੱਜ ਤੱਕ ਕਿਸੇ ਨੇ ਸਰਕਾਰ ਦੀ ਇਸ ਬੇਇਨਸਾਫ਼ੀ ਦਾ ਵਿਰੋਧ ਨਹੀਂ ਕੀਤਾ। ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ, ਪ੍ਰੋ: ਭੁੱਲਰ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਨ ਦੀ ਮੰਗ ਤਾਂ ਕੀ ਕਰਨੀ ਸੀ ਸਗੋਂ ਸਜਾ ਮੁਆਫੀ ਦਾ ਸਖ਼ਤ ਵਿਰੋਧ ਕਰ ਰਹੇ ਹਨ। ਇਥੋਂ ਤੱਕ ਕਿ ਕਈ ਜਨੂੰਨੀ ਤਾਂ ਇਨ੍ਹਾਂ ਸਿੱਖਾਂ ਨੂੰ ਫਾਂਸੀ ਦੀ ਸਜਾ ਦੇਣ ਲਈ ਜਲਾਦ ਦੀ ਸੇਵਾ ਨਿਭਾਉਣ ਲਈ ਪੇਸ਼ਕਸ਼ ਵੀ ਕਰ ਚੁੱਕੇ ਹਨ।

ਬ੍ਰਾਹਮਣ ਸਭਾ ਵਾਲੇ ਭਰਾਵਾਂ ਨੇ ਜੇ ਰਿਣ ਉਤਾਰਨਾ ਹੀ ਹੈ ਤਾਂ ਉਹ ਵਿਖਾਵੇ ਮਾਤਰ ‘ਰਿਣ ਉਤਾਰਨ ਯਤਨ ਯਾਤਰਾ’ ਕਰਨ ਨਾਲ, ਆਪਣੇ ਘਰਾਂ 'ਚ ਜਾਂ ਮੰਦਰਾਂ 'ਚ ਗੁਰੂ ਤੇਗ ਬਹਾਦੁਰ ਸਾਹਿਬ ਦੀਆਂ ਤਸਵੀਰਾਂ ਜਾਂ ਮੂਰਤੀਆਂ ਲਗਾਉਣ ਨਾਲ, ਮੰਦਰਾਂ ਵਿੱਚ ਉਨ੍ਹਾਂ ਦੇ ਨਾਮ ਦਾ ਪਹਿਲਾ ਟੱਲ ਖੜਕਾਉਣ ਨਾਲ ਨਹੀਂ ਉਤਰ ਸਕਦਾ ਕਿਉਂਕਿ ਇਹ ਕਰਮ ਕਾਂਡ ਤਾਂ ਸਗੋਂ ਗੁਰੂ ਸਾਹਿਬ ਦੀ ਸਿਖਿਆ ਦੇ ਵਿਰੁੱਧ ਹੋਣ ਕਰਕੇ ਗੁਰੂ ਸਾਹਿਬ ਦਾ ਘੋਰ ਅਪਮਾਨ ਹੈ।

ਇਸ ਲਈ ਕਰਜ਼ ਉਤਾਰਨ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬ ਦੇ ਦਿੱਤੇ ਸੰਦੇਸ਼ 'ਤੇ ਅਮਲ ਕਰਦੇ ਹੋਏ ਭਾਰਤ ਵਿੱਚ ਸਿਰਫ ਸਿੱਖਾਂ 'ਤੇ ਹੀ ਨਹੀਂ ਬਲਕਿ ਸਮੂਹ ਘੱਟ ਗਿਣਤੀਆਂ ਨੂੰ ਧਰਮ ਦੀ ਅਜਾਦੀ ਅਤੇ ਮਨੁੱਖੀ ਅਧਿਕਾਰ ਦਿਵਾਉਣ ਲਈ ਰਲ਼ ਕੇ ਆਵਾਜ਼ ਬੁਲੰਦ ਕਰਨ। ਜਰਾ ਸੋਚਣ ਕਿ ਜਿਨ੍ਹਾਂ ਹਿੰਦੂਆਂ ਦੇ ਧਰਮ ਦੀ ਅਜਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦਿੱਤੀ, ਦੇਸ਼ ਦੀ ਅਜਾਦੀ ਉਪ੍ਰੰਤ ਉਨ੍ਹਾਂ ਹੀ ਹਿੰਦੂਆਂ ਨੇ ਘੱਟ ਗਿਣਤੀਆਂ ਨੂੰ ਇਹ ਅਧਿਕਾਰ ਦੇਣ ਤੋਂ ਇਨਕਾਰ ਕੀਤਾ। ਮੌਕੇ ਦੀਆਂ ਸਰਕਾਰਾਂ ਅਤੇ ਕੱਟੜਪੰਥੀ ਹਿੰਦੂ ਜਥੇਬੰਦੀਆਂ ਆਪਣੇ ਸਿਆਸੀ ਹਿਤ ਪੂਰਨ ਲਈ ਸਿੱਖਾਂ, ਮੁਸਲਮਾਨਾਂ, ਈਸਾਈਆਂ ਦਾ ਕਤਲੇਆਮ ਕੀਤਾ। ਇਸ ਦੀ ਉਘੀਆਂ ਉਦਾਹਰਣਾਂ ’ਚੋਂ ਅਕਾਲ ਤਖ਼ਤ ’ਤੇ ਹਮਲਾ ਕਰਕੇ ਢਹਿ ਢੇਰੀ ਕਰਨਾ, ਰਾਮ ਮੰਦਰ ਬਣਾਉਣ ਲਈ 500 ਸਾਲ ਪੁਰਾਣੀ ਬਣੀ ਬਾਬਰੀ ਮਸਜਿਦ ਗਿਰਾਉਣੀ, 20 ਮਾਰਚ 2000 ਨੂੰ ਅਮਰੀਕਾ ਦੇ ਰਾਸ਼ਟਰਪਤੀ ਬਿੱਲਕਲਿੰਟਨ ਦੀ ਕਸ਼ਮੀਰ ਫੇਰੀ ਰੋਕਣ ਲਈ ਅਨੰਤਨਾਗ ਜਿਲ੍ਹੇ ਦੇ ਪਿੰਡ ਛੱਤੀਸਿੰਘਪੁਰਾ ਦੇ 36 ਸਿੱਖਾਂ ਨੂੰ ਆਪਣੀਆਂ ਏਜੰਸੀਆਂ ਰਾਹੀਂ ਇੱਕ ਲਾਈਨ ਵਿੱਚ ਖੜ੍ਹੇ ਕਰਕੇ ਗੋਲੀ ਨਾਲ ਉਡਾਉਣਾ ਤੇ ਫਿਰ ਸਿੱਖ-ਮੁਸਲਮਾਨਾਂ ਦਾ ਆਪਸੀ ਟਕਰਾ ਕਰਵਾਉਣ ਲਈ ਇਨ੍ਹਾਂ ਕਤਲਾਂ ਦੇ ਕਸੂਰਵਾਰ ਮੁਸਲਿਮ ਖਾੜਕੂ ਜਥੇਬੰਦੀਆਂ ਦੇ ਸਿਰ ਮੜ੍ਹ ਕੇ ਪੱਥਰੀਬਲ ਕਾਂਡ ’ਚ 4 ਨਿਰਦੋਸ਼ ਮੁਸਲਮਾਨਾਂ ਨੂੰ ਬੱਸ ’ਚੋਂ ਉਤਾਰ ਕੇ ਛੱਤੀਸਿੰਘਪੁਰਾ ਕਾਂਡ ਦੇ ਦੋਸ਼ੀ ਦੱਸ ਕੇ ਝੂਠਾ ਮੁਕਾਬਲੇ ’ਚ ਮਾਰ ਦੇਣਾ, ਗੁਜਰਾਤ ’ਚ ਮੋਦੀ ਸਰਕਾਰ ਦੀ ਦੇਖ ਰੇਖ ਹੇਠ ਮੁਸਲਮਾਨਾਂ ਦਾ ਕਤਲੇਆਮ ਕਰਨਾ, ਕਰਨਾਟਕਾ, ਉੜੀਸਾ ’ਚ ਈਸਾਈਆਂ ਦਾ ਕਤਲ ਉਘੀਆਂ ਉਦਾਹਰਣਾਂ ਹਨ। ਮਨੁੱਖੀ ਅਧਿਕਾਰਾਂ ਦੀਆਂ ਇਨ੍ਹਾਂ ਸਾਰੀਆਂ ਵਾਰਦਾਤਾਂ ਸਮੇਂ ਜਾਂ ਉਸ ਤੋਂ ਪਿੱਛੋਂ ਵੀ ਅੱਜ ਤੱਕ ‘ਰਿਣ ਉਤਾਰਨ ਯਤਨ ਯਾਤਰਾ’ ਕਰਨ ਵਾਲਿਆਂ ਵਿੱਚੋਂ ਕਿਸੇ ਨੇ ਅਵਾਜ਼ ਨਹੀਂ ਉਠਾਈ।

ਚਲੋ ਅੱਗੇ ਪਿੱਛੇ ਤਾਂ ਨਹੀਂ ਘੱਟ ਤੋਂ ਘੱਟ ਸੈਰਸਪਾਟੇ ਦੇ ਤੌਰ ’ਤੇ ‘‘ਰਿਣ ਉਤਾਰਨ ਯਤਨ ਯਾਤਰਾ’’ ਕਰਨ ਸਮੇਂ ਤਾਂ ਇਨ੍ਹਾਂ ਭਰਾਵਾਂ ਨੂੰ ਦੇਸ਼ ਵਿੱਚ ਹਰ ਇਕ ਨੂੰ ਧਰਮ ਦੀ ਅਜਾਦੀ ਤੇ ਮਨੁੱਖੀ ਅਧਿਕਾਰਾਂ ਦੀ ਮੰਗ ਕਰ ਹੀ ਦੇਣੀ ਚਾਹੀਦੀ ਸੀ ਪਰ ਸਾਰੇ ਰਸਤੇ ਅਤੇ ਕਿਸੇ ਵੀ ਠਹਿਰਾਉ ਦੌਰਾਨ ਇੱਕ ਵਾਰ ਵੀ ਨਹੀਂ ਕੀਤੀ ਗਈ। ਕੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਣ ਉਤਾਰਨ ਦੀ ਕਾਰਵਾਈ ਹੈ?

ਹੁਣ ਸ: ਬਾਦਲ ਦੇ ਬਿਆਨ ਦੀ ਵੀ ਵੀਚਾਰ ਕਰ ਲਈਏ। ਉਨ੍ਹਾਂ ਨੇ ਇਸ ਸਮੇਂ ਮੁੱਖ ਤੌਰ ’ਤੇ ਦੋ ਗੱਲਾਂ ਕਹੀਆਂ। ਪਹਿਲੀ ਗੱਲ ਉਨ੍ਹਾਂ ਇਹ ਕਹੀ ਕਿ ਸਿੱਖ ਧਰਮ ਸਾਂਝੀਵਾਲਤਾ ਦਾ ਧਰਮ ਹੈ ਜੇਕਰ ਇਸ ਦੇ ਪਾਵਨ ਸਿਧਾਂਤ ਸਾਰੀ ਦੁਨੀਆਂ ਤੱਕ ਪਹੁੰਚਾ ਦਿਤੇ ਜਾਣ ਤਾਂ ਸਾਰੇ ਸੰਸਾਰ ਵਿਚ ਅਮਨ ਦਾ ਮਹੌਲ ਤਿਆਰ ਹੋ ਸਕਦਾ ਹੈ। ਬਿਆਨ ਤਾਂ ਇਹ ਵੀ ਬਹੁਤ ਸ਼ਲਾਘਾਯੋਗ ਹੈ, ਪਰ ਸ: ਬਾਦਲ ਨੇ ਇਸ ਸਿਧਾਂਤ ਨੂੰ ਸਾਰੀ ਦੁਨੀਆਂ ਤੱਕ ਤਾਂ ਕੀ ਪਹੁੰਚਾਉਣਾ ਸੀ ਉਹ ਤਾਂ ਖ਼ੁਦ ਹੀ ਇਸ ਤੇ ਪਹਿਰਾ ਨਹੀਂ ਦਿੰਦੇ।

ਸਿੱਖ ਧਰਮ ਦਾ ਸਿਧਾਂਤ ਹੈ ਕਿ ਜਾਤ ਪਾਤ, ਧਰਮ ਮਜ਼ਬ ਨਸਲ ਦੇ ਭਿੰਨ ਭੇਦ ਨੂੰ ਛੱਡ ਕੇ ਹਰ ਕੇਸ ਵਿੱਚ ਧੱਕੇ ਸ਼ਾਹੀ ਤੇ ਜੁਲਮ ਕਰਨ ਵਾਲੇ ਜਾਲਮ ਦਾ ਵਿਰੋਧ ਕਰਨਾ ਤੇ ਮਜ਼ਲੂਮ ਨੂੰ ਹੱਕ ਦਿਵਾਉਣ ਲਈ ਆਪਣੀ ਜਾਨ ਤੱਕ ਨਿਸ਼ਾਵਰ ਕਰ ਦੇਣਾ ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ। ਪਰ ਸ: ਬਾਦਲ ਨੇ ਗੁਜਰਾਤ ਵਿੱਚ ਮੁਸਲਮਾਨਾਂ ਅਤੇ ਕਰਨਾਟਕਾ ਉੜੀਸਾ ’ਚ ਈਸਾਈਆਂ ਦੇ ਕਤਲੇਆਮ ਵਿਰੁੱਧ ਅੱਜ ਤੱਕ ਮੂੰਹ ਨਹੀਂ ਖੋਲ੍ਹਿਆ ਤੇ ਨਾ ਹੀ ਅੱਗੇ ਕਦੇ ਖੋਲ੍ਹਣ ਦੀ ਉਮੀਦ ਹੈ ਕਿਉਂਕਿ ਇਥੇ ਜੁਲਮ ਕਰਨ ਵਾਲੀ ਉਸ ਦੀ ਭਾਈਵਾਲ ਪਾਰਟੀ ਭਾਜਪਾ ਹੈ।

ਮੁਸਲਮਾਨਾਂ ਈਸਾਈਆਂ ਦੀ ਤਾਂ ਗੱਲ ਹੀ ਛੱਡੋ ਸਿੱਖਾਂ ਦੇ ਕੇਸ ਵਿੱਚ ਵੀ ਸਿਰਫ ਉਤਨੀ ਹੀ ਗੱਲ ਕਰਦੇ ਹਨ ਜਿਹੜੀ ਆਪਣੀ ਸਿਆਸੀ ਵਿਰੋਧੀ ਪਾਰਟੀ ਕਾਂਗਰਸ ਦੇ ਵਿਰੋਧ ਵਿੱਚ ਜਾਂਦੀ ਹੋਵੇ। ਜਿਹੜੀ ਗੱਲ ਭਾਜਪਾ ਦੇ ਵਿਰੋਧ ਵਿਚ ਜਾਂਦੀ ਹੋਵੇ ਜਿਵੇਂ ਕਿ ਪੰਜਾਬੀ ਸੂਬੇ ਦਾ ਵਿਰੋਧ, ਪੰਜਾਬੀ ਭਾਸ਼ਾ ਦਾ ਵਿਰੋਧ, ਵਿਰੋਧੀ ਧਿਰ ਵਿੱਚ ਹੁੰਦਿਆਂ ਅਕਾਲ ਤਖ਼ਤ ’ਤੇ ਹਮਲੇ ਲਈ ਇੰਦਰਾ ਗਾਂਧੀ ਨੂੰ ਉਕਸਾਉਣਾ, ਹਮਲੇ ਉਪ੍ਰੰਤ ਉਸ ਨੂੰ ਜਿੱਤ ਦੀਆਂ ਵਧਾਈਆਂ ਦੇਣਾ ਤੇ ਖੁਸ਼ੀ ’ਚ ਮਠਿਆਈਆਂ ਵੰਡਣੀਆਂ ਆਦਿ; ਉਨ੍ਹਾਂ ਪ੍ਰਤੀ ਬਿਲਕੁਲ ਚੁੱਪ ਰਹਿੰਦੇ ਹਨ। ਰਾਮ ਮੰਦਰ ਦੀ ਮੁੜ ਉਸਾਰੀ ਤੇ ਰਾਮ ਸੇਤੂ ਪੁਲ ਨੂੰ ਬਚਾਉਣ ਲਈ ਤਾਂ ਅਕਾਲੀ ਦਲ ਦੇ ਜਥੇ ਤੋਰਦੇ ਹਨ ਪਰ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਗੱਲ ਕਰਨ ਲਈ ਤਿਆਰ ਨਹੀਂ ਕਿਉਂਕਿ ਇਸ ਨੂੰ ਗਿਰਾਉਣ ਉਪ੍ਰੰਤ ਉਥੇ ਮਾਰਕੀਟ ਤੇ ਸਰਕਾਰੀ ਦਫਤਰ ਬਣਾਉਣ ਦੀ ਦੋਸ਼ੀ ਉਤਰਾਖੰਡ ਦੀ ਭਾਜਪਾ ਸਰਕਾਰ ਹੈ। ਕੀ ਇਹ ਸਿੱਖ ਧਰਮ ਦੀ ਸਾਂਝੀਵਾਲਤਾ ਦਾ ਸਿਧਾਂਤ ਹੈ ਕਿ ਬੋਲਣ ਤੋਂ ਪਹਿਲਾਂ ਇਹ ਵੇਖਣਾ ਹੈ ਕਿ ਇਹ ਗੱਲ ਮੇਰੀ ਵਿਰੋਧੀ ਪਾਰਟੀ ਦੇ ਵਿਰੋਧ ਵਿੱਚ ਜਾਵੇਗੀ ਜਾਂ ਮੇਰੀ ਭਾਈਵਾਲ ਪਾਰਟੀ ਦੇ ਵਿਰੋਧ ’ਚ। ਜਿਹੜਾ ਬੰਦਾ ਖ਼ੁਦ ਹੀ ਪੱਖਪਾਤੀ ਹੈ ਉਹ ਸਿੱਖ ਧਰਮ ਦੀ ਸਾਂਝੀਵਾਲਤਾ ਦਾ ਸਿਧਾਂਤ ਸਾਰੀ ਦੁਨੀਆਂ ਵਿੱਚ ਕਿਵੇਂ ਲੈ ਕੇ ਜਾਵੇਗਾ?

ਦੂਸਰੀ ਅਹਿਮ ਗੱਲ ਉਨ੍ਹਾਂ ਕਹੀ ਕਿ ਅੱਜ ਕੁਛ ਲੋਕ ਪੰਜਾਬ ਵਿਚ ਧਰਮ ਦੇ ਨਾਮ ’ਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਸਬੰਧੀ ਸਹੀ ਟਿੱਪਣੀ ਤਾਂ ਹੀ ਸਕਦੀ ਹੈ ਜੇ ਉਹ ਧਰਮ ਦੇ ਨਾਮ ’ਤੇ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਸਪਸ਼ਟ ਤੌਰ ’ਤੇ ਨਾਮ ਲੈਣ। ਉਨ੍ਹਾਂ ਨੂੰ ਸਪਸ਼ਟ ਤੌਰ ’ਤੇ ਦੱਸਣਾ ਚਾਹੀਦਾ ਹੈ ਕਿ ਕੀ ਉਹ ਆਪਣਾ ਵੱਖਰਾ ਧਰਮ ਹੋਣ ਦੇ ਕਾਰਣ ਹੀ ਆਪਣੀ ਮਾਤ ਭਾਸ਼ਾ ਤੋਂ ਮੁਨਕਰ ਹੋਣ ਵਾਲਿਆਂ ਨੂੰ, ਕਿਸੇ ਦੂਸਰੇ ਧਰਮ ਦੇ ਧਾਰਮਕ ਸਥਾਨ ਗਿਰਾਉਣ ਵਾਲਿਆਂ ਨੂੰ ਅਤੇ ਦੂਸਰੇ ਧਰਮ ਦਾ ਧਾਰਮਕ ਸਥਾਨ ਢਹਿਢੇਰੀ ਹੋਣ ਦੀ ਖੁਸ਼ੀ ਮਨਾਉਣ ਵਾਲਿਆਂ ਨੂੰ ਨਫ਼ਰਤ ਫੈਲਾਉਣ ਵਾਲੇ ਮੰਨਦੇ ਹਨ ਜਾਂ ਅਜਿਹੇ ਮੰਦ ਕਰਮ ਕਰਨ ਵਾਲਿਆਂ ਵਿਰੁਧ ਅਵਾਜ਼ ਉਠਾਉਣ ਵਾਲਿਆਂ ਨੂੰ ਧਰਮ ਦੇ ਨਾਮ ’ਤੇ ਨਫ਼ਰਤ ਫੈਲਾਉਣ ਵਾਲੇ ਮੰਨਦੇ ਹਨ? ਜੇ ਸ: ਬਾਦਲ ਦੀ ਮੁਰਾਦ ਘੱਟ ਗਿਣਤੀਆਂ ਦੇ ਹੱਕ ਮਾਰਨ ਵਾਲੇ ਤੇ ਕੂਟਨੀਤੀ ਰਾਹੀਂ ਜੁਲਮ ਕਾਰਨ ਵਾਲਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਧਰਮ ਦੇ ਨਾਮ ’ਤੇ ਨਫ਼ਰਤ ਫੈਲਾਉਣ ਵਾਲੇ ਮੰਨਦੇ ਹਨ ਤਾਂ ਉਨ੍ਹਾਂ ਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਇਸ ਸ਼੍ਰੇਣੀ ਵਿੱਚ ਤਾਂ ਉਹ ਖ਼ੁਦ ਵੀ ਆ ਜਾਣਗੇ। ਕਿਉਂਕਿ ਜਦੋਂ ਉਹ ਕਹਿੰਦੇ ਹਨ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਨ ਨੰਬਰ ਇੱਕ ਜਮਾਤ ਹੈ ਤਾਂ ਕਾਂਗਰਸ ਦਾ ਇਹੀ ਕਹਿਣਾ ਹੁੰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਸਿਆਸੀ ਹਿਤਾਂ ਲਈ ਧਰਮ ਦੇ ਨਾਮ ’ਤੇ ਨਫ਼ਰਤ ਫੈਲਾ ਰਿਹਾ ਹੈ। ਇਹ ਕੈਸੀ ਸਾਂਝੀਵਾਲਤਾ ਹੈ ਕਿ ਜੇ ਹਿੰਦੂ ਭਾਜਪਾ ਵਿੱਚ ਹੈ ਤਾਂ ਉਹ ਸਿੱਖਾਂ ਦਾ ਵੱਡਾ ਭਰਾ ਹੈ, ਪਰ ਜੇ ਕਾਂਗਰਸ ਵਿੱਚ ਹੈ ਤਾਂ ਸਿੱਖਾਂ ਦਾ ਦੁਸ਼ਮਨ ਨੰਬਰ ਇੱਕ ਹੈ। ਇੱਥੋਂ ਤੱਕ ਕਿ ਜੇ ਸਿੱਖ ਵੀ ਕਾਂਗਰਸ ਵਿੱਚ ਹੈ ਜਾਂ ਬਾਦਲ ਵਿਰੋਧੀ ਖੇਮੇ ’ਚ ਹੋਣ ਕਰਕੇ ਉਹੀ ਮੰਗ ਕਰਦਾ ਹੈ ਜਿਹੜੀਆਂ ਮੰਗਾਂ ਸ: ਬਾਦਲ ਖ਼ੁਦ 1984 ਤੱਕ ਕਰਦਾ ਰਿਹਾ ਹੋਵੇ ਤਾਂ ਉਹ ਸ: ਬਾਦਲ ਦੀਆਂ ਨਜ਼ਰਾਂ ਵਿੱਚ ਨਫ਼ਰਤ ਫੈਲਾਉਣ ਵਾਲਾ ਬਣ ਜਾਂਦਾ ਹੈ।

ਸ: ਬਾਦਲ ਅਤੇ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਦੇਵੀ ਦਿਆਲ ਸੱਚਮੁਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿਖਿਆ ਸਮੁੱਚੇ ਸੰਸਾਰ ਵਿੱਚ ਫੈਲਾ ਕਿ ਧਾਰਮਕ ਨਫ਼ਰਤ ਖਤਮ ਕਰਨ ਚਾਹੁੰਦੇ ਹਨ, ਤਾਂ ਇਸ ਲੋਕ ਭਰਮਾਊ ਬਿਆਨ ਦੇਣ ਦੀ ਥਾਂ ਖ਼ੁਦ ਉਨ੍ਹਾਂ ਦੀ ਸਿਖਿਆ ਗ੍ਰਹਿਣ ਕਰਨ ਤੇ ਭਾਰਤ ਸਮੇਤ ਦੁਨੀਆਂ ਦੇ ਹਰ ਕੋਨੇ ਵਿੱਚ ਰਹਿ ਰਹੇ ਘੱਟ ਗਿਣਤੀ ਕੌਮਾਂ ਦੀ ਧਾਰਮਕ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਵਾਜ਼ ਬੁਲੰਦ ਕਰਨ ਨਹੀਂ ਤਾਂ ਇਹ ਯਾਤਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਣ ਉਤਾਰਨ ਦੀ ਥਾਂ ਇਕ ਸਿਆਸੀ ਸਟੰਟ ਹੋ ਨਿਬੜੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top