Share on Facebook

Main News Page

‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ’

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਬਾਰੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦਾ ਸਾਡਾ ਪੱਖ (ਭਾਗ-4)

- ਤੱਤ ਗੁਰਮਤਿ ਪਰਿਵਾਰ

 

 ਮਨਜੀਤ ਸਿੰਘ ਜੀ ਖਾਲਸਾ ਮੋਹਾਲੀ

ਇਸ ਸੁਧਾਰ ਉਪਰਾਲੇ ਦੇ ਗੈਰ-ਸਿਧਾਂਤਕ ਵਿਰੋਧ (ਖਾਸਕਾਰ 11 ਮੈਂਬਰੀ ਸਾਂਝੇ ਬਿਆਨ ਦੇ) ਦੇ ਸੂਤਰਧਾਰ ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ਵਾਲੇ ਹਨ। ਉਪਰਾਲੇ ਦੇ ਤੀਜੇ ਪੜਾਅ ਤੇ ਹੋਈ ਪਹਿਲੀ ਵਿਚਾਰ ਇਕੱਤਰਤਾ ਤੋਂ ਬਾਅਦ ਵੀ ਇਨ੍ਹਾਂ ਨੇ ਫੇਸਬੁਕ ਤੇ ਪ੍ਰੋ. ਕਵਲਦੀਪ ਸਿੰਘ ਨਾਲ ਮਿਲਕੇ ਕੂੜ ਪ੍ਰਚਾਰ ਦਾ ਕਾਫੀ ਖਿਲਾਰਾ ਪਾਇਆ ਸੀ। ਇਨ੍ਹਾਂ ਦੇ ਕੂੜ ਪ੍ਰਚਾਰ ਦਾ ਸਿਰਲੇਖ ਸੀ “ਤੱਤ ਗੁਰਮਤਿ ਪਰਿਵਾਰ ਅਤੇ ਸਿੱਖ ਮਾਰਗ ਦਾ ਲੁੱਕਵਾਂ ਏਜੰਡਾ’। ਇਨ੍ਹਾਂ ਨੇ ਤਾਂ ਆਪਣੀ ਇਕ ਟਿੱਪਣੀ ਵਿਚ ਇਥੋਂ ਤੱਕ ਲਿੱਖ ਦਿਤਾ ਕਿ ‘ਸਿੱਖ ਮਾਰਗ’ ਤੇ ਲਿਖਤਾਂ ਛਪਵਾਉਣਾ ‘ਮੂੰਹ ਕਾਲਾ’ ਕਰਨ ਦੇ ਬਰਾਬਰ ਹੈ। ਦਿਲਚਸਪ ਗੱਲ ਇਹ ਹੈ ਕਿ ਐਸੀ ਬੇਹੂਦਾ ਟਿੱਪਣੀ ਕਰਨ ਉਪਰੰਤ ਵੀ ਸਿੱਖ ਮਾਰਗ ਤੇ ਆਪਣੇ ਬਿਆਨ ਛਪਵਾ ਰਹੇ ਹਨ। ਇਨ੍ਹਾਂ ਦੇ ਇਸ ਖਿਲਾਰੇ, ਨਕਾਰਾਤਮਕ ਪਹੁੰਚ ਅਤੇ ਬੋਲੇ ਜਾਂਦੇ ਝੂਠ ਦਾ ਸੱਚ ਅਸੀਂ ਸਿੱਖ ਮਾਰਗ ਤੇ ਇਕ ਲੇਖ ਲਿੱਖ ਕੇ ਪਾਠਕਾਂ ਨੂੰ ਸਪਸ਼ਟ ਕਰ ਦਿਤਾ ਸੀ। ਇਹ ਲੇਖ ਸਿੱਖ ਮਾਰਗ ਦੇ ਪਾਠਕਾਂ ਦੇ ਪੰਨੇ ਵਿਚ  07 ਮਈ 2012 ਦੇ ਖੱਤਾਂ ਵਿਚ ਪੜਿਆ ਜਾ ਸਕਦਾ ਹੈ। ਇਸ ਬਾਰੇ ਇਨ੍ਹਾਂ ਨੂੰ ਕੋਈ ਜਵਾਬ ਹਾਲੀਂ ਤੱਕ ਨਹੀਂ ਸੁਝਿਆ। ਪਰ ਇਨ੍ਹਾਂ ਨੇ ਆਪਣੀ ਗਲਤ ਪਹੁੰਚ ਦੀ ਸਵੈ-ਪੜਚੋਲ ਕਰਨ ਦੀ ਥਾਂ ਕੂੜ ਦਾ ਖਿਲਾਰਾ ਪਾਉਣ ਦਾ ਕੰਮ ਜਾਰੀ ਰੱਖਿਆ।

 

ਸੁਧਾਰ ਉਪਰਾਲੇ ਦੇ ਛੇਵੇਂ ਪੜਾਅ ਦੀ ਇਕੱਤਰਤਾ ਲਈ ਭੇਜੇ ਸੱਦਾ ਪੱਤਰ ਦੇ ਪ੍ਰਤੀਕਰਮ ਵਜੋਂ ਆਏ ਸਾਂਝੇ ਬਿਆਨ ਦੇ ਸੂਤਰਤਾਰ ਵੀ ਇਹੀ ਹਨ, ਕਿਉਂਕਿ ਇਸ ਬਿਆਨ ਬਾਰੇ ਜਿਨ੍ਹਾਂ ਨੂੰ ਵੀ ਫੋਨ ਰਾਹੀਂ ਪੁੱਛਿਆ ਗਿਆ, ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸੰਬੰਧੀ ਮਨਜੀਤ ਸਿੰਘ ਜੀ ਮੋਹਾਲੀ ਨੇ ਸੰਪਰਕ ਕੀਤਾ ਸੀ ਕਿ ਇਕ ਸਾਂਝਾ ਬਿਆਨ ਬਣਾ ਰਹੇ ਹਾਂ, ਆਪ ਜੀ ਦਾ ਨਾਮ ਪਾ ਦੇਈਏ ? ਦਿਲਚਸਪ ਗੱਲ ਹੈ ਕਿ ਪ੍ਰਿੰ. ਸੁਰਜੀਤ ਸਿੰਘ ਜੀ ਦਿਲੀ ਦਾ ਨਾਮ ਗਲਤ ਤਰੀਕੇ ਵਰਤ ਲਿਆ ਗਿਆ, ਜਿਸ ਬਾਰੇ ਪ੍ਰਿੰ. ਜੀ ਸਪਸ਼ਟ ਕਰ ਚੁੱਕੇ ਹਨ। ਜਸਬਿੰਦਰ ਸਿੰਘ ਜੀ ਖਾਲਸਾ ਦੁਬਈ ਨੇ ਵੀ ਕੁਝ ਇਸ ਤਰ੍ਹਾਂ ਦੇ ਹੀ ਸੰਕੇਤ ਦਿਤੇ ਹਨ।  ਸਪਸ਼ਟ ਹੈ ਉਨ੍ਹਾਂ ਦੇ ਦਿਲ ਵਿਚ ਬਲ ਰਹੇ ਈਰਖਾ ਅਤੇ ਵਿਰੋਧ ਦੇ ਭਾਂਬੜਾਂ ਨੇ ਉਨ੍ਹਾਂ ਨੂੰ ਕੁਝ ਲੋਕਾਂ ਦੇ ਨਾਮ ਗਲਤ ਤਰੀਕੇ ਵਰਤ ਲੈਣ ਦੀ ਬੇਈਮਾਨੀ ਵੱਲ ਪ੍ਰੇਰਿਤ ਕੀਤਾ।

 

ਵੱਡਾ ਦਿਲਚਸਪ ਨੁਕਤਾ ਇਹ ਵੀ ਹੈ ਕਿ ਜਿਸ ਸੱਦੇ ਦੇ ਪ੍ਰਤੀਕਰਮ ਵਜੋਂ ਇਹ ਸਾਂਝਾ ਬਿਆਨ ਬਣਾਉਣ ਦੇ ਸੂਤਰਧਾਰ ਮਨਜੀਤ ਸਿੰਘ ਜੀ ਬਣੇ ਹਨ, ਉਨ੍ਹਾਂ ਨੂੰ (ਪਿਛਲੀ ਨਕਾਰਾਤਮਕ ਪਹੁੰਚ ਵੇਖਦੇ ਹੋਏ) ਇਸ ਵਾਰ ਸੱਦਾ ਪੱਤਰ ਭੇਜਿਆ ਹੀ ਨਹੀਂ ਗਿਆ ਸੀ। ਉਨ੍ਹਾਂ ਦੇ ਪਤੇ ਤੇ ਸਿਰਫ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੇ ਇਕ ਨੁਮਾਇੰਦੇ ਲਈ ਸੱਦਾ ਪੱਤਰ ਭੇਜਿਆ ਗਿਆ ਸੀ, ਕਿਉਂਕਿ ਉਨ੍ਹਾਂ ਦੇ ਘਰ ਇਸ ਜਥੇਬੰਦੀ ਦਾ ਹੈੱਡ ਆਫਿਸ ਹੈ ਅਤੇ ਉਹ ਇਸ ਜਥੇਬੰਦੀ ਦੇ ‘ਆਫਿਸ ਇੰਚਾਰਜ’ ਵੀ ਹਨ। ਨਿੱਜੀ ਤੌਰ ਤੇ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਨਹੀਂ ਭੇਜਿਆ ਗਿਆ ਸੀ। ਸਾਂਝੇ ਬਿਆਨ ਵਿਚ ਉਨ੍ਹਾਂ ਦਾ ਨਾਮ ਨਿੱਜੀ ਤੌਰ ਤੇ ਸ਼ਾਮਿਲ ਸੀ ਨਾ ਕਿ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਦੇ ਨੁਮਾਇੰਦੇ ਵਜੋਂ। ਇਸ ਸਾਂਝੇ ਬਿਆਨ ਵਿਚ ਇਸ ਜਥੇਬੰਦੀ ਦਾ ਜ਼ਿਕਰ ਤੱਕ ਵੀ ਨਹੀਂ ਸੀ। ਸਪਸ਼ਟ ਹੈ ਉਹ ਬਿਨਾਂ ਸੱਦਾ ਪੱਤਰ ਤੋਂ ਹੀ ਪ੍ਰਤੀਕਰਮ ਦੇ ਗਏ। ਪ੍ਰਤੀਕਰਮ ਵਿਚਲੇ ਨੁਕਤਿਆਂ ਦੀ ਕਚਿਆਈ ਅਸੀਂ ਨੁਕਤਾਵਾਰ ਤੀਜੇ ਭਾਗ ਵਿਚ ਵਿਚਾਰ ਆਏ ਹਾਂ।

 

ਪਾਠਕਾਂ ਦੀ ਜਾਨਕਾਰੀ ਲਈ ਮਨਜੀਤ ਸਿੰਘ ਜੀ ਮੋਹਾਲੀ ਨਾਲ ਪਰਿਵਾਰ ਦੇ ਸੰਬੰਧਾਂ ਦੀ ਸੱਚਾਈ ਸੰਖੇਪ ਵਿਚ ਬਿਆਨ ਕਰ ਰਹੇ ਹਾਂ ਤਾਂ ਕਿ ਉਨ੍ਹਾਂ ਦੀ ਪਹੁੰਚ ਦਾ ਕਾਰਨ ਕੁਝ ਸਪਸ਼ਟ ਹੋ ਜਾਵੇ। ਤੱਤ ਗੁਰਮਤਿ ਪਰਿਵਾਰ ਦੀ ਕਾਇਮੀ ਵੇਲੇ ਵੀਰ ਮਨਜੀਤ ਸਿੰਘ ਜੀ ਇਸ ਦੇ ਚਾਰ ਮੁੱਢਲੇ ਸੇਵਾਦਾਰਾਂ ਵਿਚੋਂ ਇਕ ਸਨ। ਇਨ੍ਹਾਂ ਨੇ ਪੂਰੀ ਤਰ੍ਹਾਂ ਸਹਿਮਤ ਹੋ ਕੇ ਦਿਸੰਬਰ 2009 ਵਿਚ ਪਰਿਵਾਰ ਦੀ ਪਹਿਲੀ ਪੁਸਤਕ ‘ਮਨਮਤਿ ਤੋਂ ਗੁਰਮਤਿ ਵੱਲ ਵਾਪਸੀ ਦਾ ਸਫਰ ਭਾਗ ਪਹਿਲਾ’ ਨਾਲ ਹੋ ਕੇ ਰਿਲੀਜ਼ ਕਰਵਾਈ। ਇਸ ਉਪਰੰਤ ਅਪ੍ਰੈਲ 2010 ਵਿਚ ਬਾਬਾ ਨਾਨਕ ਜੀ ਦਾ ‘ਪ੍ਰਕਾਸ਼ ਪੁਰਬ’ ਸਮਾਗਮ ਪਰਿਵਾਰ ਵਲੋਂ ਮੋਹਾਲੀ ਵਿਖੇ ਇਨਕਲਾਬੀ ਢੰਗ ਨਾਲ ਮਨਾਇਆ ਗਿਆ, ਜਿਸ ਵਿਚ ਪਰਿਵਾਰ ਦੀ ਦੂਜੀ ਪੁਸਤਕ ‘ਆਸਾ ਕੀ ਵਾਰ : ਸਰਲ ਵਿਆਖਿਆ ਅਤੇ ਪੜਚੋਲ’ ਰਿਲੀਜ਼ ਕੀਤੀ ਗਈ। ਇਸ ਵਿਚ ਵੀ ਵੀਰ ਜੀ ਪੂਰੀ ਤਰਾਂ ਸਹਿਮਤ ਅਤੇ ਸ਼ਾਮਿਲ ਸਨ। ਇਸ ਸਮਾਗਮ ਵਿਚ ਵੀਰ ਜੀ ਨੇ ਵਿਆਖਿਆ ਮਈ ਕੀਰਤਨ ਦੀ ਸੇਵਾ ਵੀ ਆਪ ਨਿਭਾਈ ਸੀ। ਇਸ ਉਪਰੰਤ ਪਰਿਵਾਰ ਵਲੋਂ ‘ਨਿਤਨੇਮ ਸੁਧਾਰ’ ਦੇ ਉਪਰਾਲੇ ਵਜੋਂ ਤਿਆਰ ਕੀਤੀ ‘ਅਰਦਾਸ’ ਦੀ ਸ਼ਬਦਾਵਲੀ ਵੀ ਵੀਰ ਜੀ (ਅਤੇ ਸਰਬਜੀਤ ਸਿੰਘ ਜੀ ਸਾਬਕਾ ਐਡੀਟਰ ਇੰਡੀਆ ਅਵੈਅਰਨੈਸ ਦਿੱਲੀ) ਦੀ ਸਹਿਮਤੀ ਅਤੇ ਹਾਜ਼ਰੀ ਵਿਚ ਚੰਡੀਗੜ ਵਿਖੇ ਫਾਈਨਲ ਕੀਤੀ ਗਈ।

 

ਇਸ ਦੌਰਾਨ ਪ੍ਰੋ. ਦਰਸ਼ਨ ਸਿੰਘ ਜੀ ਵਿਰੁਧ ਪੁਜਾਰੀਆਂ ਵਲੋਂ ਕੂੜ ਫਤਵੇ ਦਾ ਮਾਮਲਾ ਚਰਚਾ ਵਿਚ ਆ ਗਿਆ। ਪਰਿਵਾਰ ਨੇ ਪੁਜਾਰੀਆਂ ਦੇ ਇਸ ਨਾਪਾਕ ਯਤਨ ਦਾ ਖੁੱਲ੍ਹਾ ਅਤੇ ਮਜ਼ਬੂਤ ਵਿਰੋਧ ਕੀਤਾ। ਉਸ ਸਮੇਂ ਪ੍ਰੋ. ਦਰਸ਼ਨ ਸਿੰਘ ਜੀ ਦੇ ਬਿਆਨਾਂ ਵਿਚ ‘ਸਿੱਖ ਰਹਿਤ ਮਰਿਯਾਦਾ ਸੰਬੰਧੀ ਸਟੈਂਡ’ ਪਰਿਵਾਰ ਦੇ ਸੰਪਾਦਕੀ ਮੰਡਲ ਦੇ ਸੱਜਣਾਂ ਨੂੰ ਸਮਝੌਤਾਵਾਦੀ ਅਤੇ ਦੁਬਿਧਾਮਈ ਜਾਪਿਆ (ਇਸ ਸਟੈਂਡ ਵਿਚ ਹੁਣ ਕਾਫੀ ਹੱਦ ਤੱਕ ਸੁਧਾਰ ਹੋ ਚੁਕਿਆ ਹੈ, ਜੋ ਕਾਬਿਲੇ ਤਾਰੀਫ ਹੈ)। ਆਪਣੀ ਗੁਰਮਤਿ ਅਨੁਸਾਰੀ ਨੀਤੀ ਵਜੋਂ ਸੰਪਾਦਕੀ ਮੰਡਲ ਦੇ ਸੱਜਣਾਂ ਨੇ ਫੈਸਲਾ ਕੀਤਾ ਕਿ ਇਸ ਸੰਬੰਧੀ ਪ੍ਰੋ. ਜੀ ਨੂੰ ਇਕ ਨਿੱਜੀ ਖੱਤ ਲਿੱਖ ਕੇ ਗਲਤ ਸਟੈਂਡ ਬਾਰੇ ਸਵੈ-ਪੜਚੋਲ ਕਰਨ ਦੀ ਬੇਨਤੀ ਕੀਤੀ ਜਾਵੇ। ਪ੍ਰੋ. ਦਰਸ਼ਨ ਸਿੰਘ ਜੀ ਦੀ ਸ਼ਖਸੀਅਤ ਪ੍ਰਤੀ ਝੁਕਾਅ ਕਾਰਨ ਸੰਪਾਦਕੀ ਮੰਡਲ ਦੇ ਇਕ ਮੈਂਬਰ ਵਜੋਂ ਵੀਰ ਜੀ ਨੇ ਇਹ ਸ਼ਰਤ ਲਾ ਦਿਤੀ ਕਿ ਜੇ ਤੂਸੀ ਪ੍ਰੋ. ਜੀ ਦੇ ਕਿਸੇ ਸਟੈਂਡ ਦੀ ਆਲੋਚਨਾ ਕਰਨੀ ਹੈ ਤਾਂ ਮੈਂ ਪਰਿਵਾਰ ਨਾਲ ਨਹੀਂ ਚਲ ਸਕਦਾ। ਸੰਪਾਦਕੀ ਮੰਡਲ ਦੇ ਬਾਕੀ ਸੱਜਣਾਂ ਨੇ ਸਰਬ ਸੰਮਤੀ ਅਤੇ ਦ੍ਰਿੜਤਾ ਨਾਲ ਇਹ ਕਿਹਾ ਕਿ ਐਸੀ ਸ਼ਰਤ ਮੰਨ ਲੈਣਾ ਗੁਰਮਤਿ ਨੂੰ ਪਿੱਠ ਵਿਖਾਉਣੀ ਹੋਵੇਗੀ। ਸੋ ਜੇ ਆਪ ਪਰਿਵਾਰ ਨੂੰ ਛੱਡਣਾ ਚਾਹੋ ਤਾਂ ਛੱਡ ਸਕਦੇ ਹੋ, ਪਰ ਅਸੀਂ ਸਿਧਾਂਤਾਂ ਨਾਲ ਸਮਝੌਤਾ ਪ੍ਰਵਾਨ ਨਹੀਂ ਕਰ ਸਕਦੇ। ਵੀਰ ਜੀ ਦੇ ਪਰਿਵਾਰ ਤੋਂ ਅਲਗ ਹੋਣ ਦਾ ਉਸ ਸਮੇਂ ਇਹ ਇਕੋ ਇਕ ਕਾਰਨ ਸੀ। ਪਰ ਆਪਣੇ ਕੂੜ ਪ੍ਰਚਾਰ ਦੌਰਾਨ ਉਨ੍ਹਾਂ ਨੇ ਇਸ ਨੂੰ ਹੋਰ ਹੀ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਤੱਕ ਵੀਰ ਜੀ ਪਰਿਵਾਰ ਨਾਲ ਰਹੇ, ਉਹ ਸੰਪਾਦਕੀ ਮੰਡਲ ਦੇ ਇਕ ਮੈਂਬਰ ਵਜੋਂ ਹਰ ਗੱਲ ਨਾਲ ਸਹਿਮਤ ਰਹੇ ਅਤੇ ਕਿਤਾਬਾਂ ਨਾਲ ਵੀ ਉਨ੍ਹਾਂ ਦੀ ਪੂਰੀ ਸਹਿਮਤੀ ਸੀ। ਪਹਿਲੀ ਪੁਸਤਕ ਦੇ ਸੰਪਾਦਕੀ ਮੰਡਲ ਵਿਚ ਉਨ੍ਹਾਂ ਦਾ ਨਾਮ ਪੂਰੀ ਸਹਿਮਤੀ ਅਤੇ ਜਾਣਕਾਰੀ ਨਾਲ ਪਾਇਆ ਗਿਆ। ਇਸ ਪੁਸਤਕ ਦੇ ਰਿਲੀਜ਼ ਸਮਾਰੋਹ ਵਿਚ ਵੀਰ ਜੀ ਦੇ ਸ਼ਾਮਿਲ ਹੋਣ ਦੇ ਸਬੂਤ ਸਾਂਭੇ ਹੋਏ ਹਨ। ਵੀਰ ਜੀ ਸਮੇਤ ਕਿਸੇ ਨੂੰ ਵੀ ਕਿਸੇ ਵੀ ਵਕਤ ਆਪਣੇ ਵਿਚਾਰ ਬਦਲ ਲੈਣ ਦਾ ਪੂਰਾ ਹੱਕ ਹੈ, ਪਰ ਆਪਣੇ ਕੀਤੇ ਤੋਂ ਸਾਫ ਮੁਕਰ ਜਾਣਾ ਅਤੇ ਉਸ ਬਾਰੇ ਗੁੰਮਰਾਹ ਕੁੰਨ ਪ੍ਰਚਾਰ ਕਰਨਾ ਬੇਈਮਾਨੀ ਅਤੇ ਮੱਕਾਰੀ ਨਹੀਂ ਤਾਂ ਹੋਰ ਕੀ ਹੈ?

 

ਵੀਰ ਜੀ ਆਪਣੇ ਕੂੜ ਪ੍ਰਚਾਰ ਵਿਚ ‘ਗੁਰੂ’ ਵਿਸ਼ੇਸ਼ਣ ਅਤੇ ਤਿਆਰ ਕੀਤੀ ਅਰਦਾਸ ਦੀ ਸ਼ਬਦਾਵਲੀ ਸਮੇਤ ਕੁਝ ਨੁਕਤਿਆਂ ਤੇ ਭੰਡੀ ਪ੍ਰਚਾਰ ਕਰ ਰਹੇ ਹਨ, ਜਿਨ੍ਹਾਂ ਨਾਲ ਉਹ ਪਰਿਵਾਰ ਵਿਚ ਰਹਿਣ ਦੌਰਾਨ ਪੂਰੀ ਤਰਾਂ ਸਹਿਮਤ ਸਨ। ਆਪਣੀ ਇਸ ਬੇਈਮਾਨ ਪਹੁੰਚ ਕਾਰਨ ਉਨ੍ਹਾਂ ਨੇ ਸਿੱਖ ਮਾਰਗ ਵੈਬਸਾਈਟ ਤੇ 03 ਅਕਤੂਬਰ 2012 ਨੂੰ ਛਪੇ ਆਪਣੇ ਖੱਤ ਵਿਚ ਇਹ ਝੂੱਠਾ ਇਲਜ਼ਾਮ ਲਾਇਆ ਹੈ ਕਿ ਪਰਿਵਾਰ ਨੇ ਉਨ੍ਹਾਂ ਦੀ ਜਾਣਕਾਰੀ ਤੋਂ ਬਗੈਰ ਹੀ ਆਪਣੀ ਪਹਿਲੀ ਪੁਸਤਕ ਦੇ ਸੰਪਾਦਕੀ ਮੰਡਲ ਵਿਚ ਮੇਰਾ ਨਾਮ ਛਾਪ ਦਿਤਾ। ਉਪਰ ਵਿਚਾਰੇ ਅਨੁਸਾਰ ਸੱਚ ਇਹ ਹੈ ਕਿ ਵੀਰ ਜੀ ਦੀ ਸਹਿਮਤੀ ਨਾਲ ਹੀ ਇਸ ਪੁਸਤਕ ਦੇ ਸੰਪਾਦਕੀ ਮੰਡਲ ਵਿਚ ਉਨ੍ਹਾਂ ਦਾ ਨਾਮ ਪਾਇਆ ਗਿਆ। ਵੀਰ ਜੀ ਨਾਲ ਮਿਲ ਕੇ ਹੀ ਦਿਸੰਬਰ 2009 ਵਿਚ ਉਹ ਪੁਸਤਕ ਰਿਲੀਜ਼ ਹੋਈ ਸੀ ਅਤੇ ਉਸ ਉਪਰੰਤ ਵੀ ਕਈਂ ਮਹੀਨੇ ਤੱਕ ਉਹ ਪਰਿਵਾਰ ਦੇ ਸੰਪਾਦਕੀ ਮੰਡਲ ਦਾ ਹਿੱਸਾ ਰਹੇ। ਉਸ ਸਮੇਂ ਉਨ੍ਹਾਂ ਨੇ ਇਹ ਇਤਰਾਜ਼ ਕਿਉਂ ਨਹੀਂ ਉਠਾਇਆ?

 

ਅਫਸੋਸ! ਵੀਰ ਜੀ ਸਭ ਜਾਣਦੇ ਬੁਝਦੇ ਐਸੇ ਨੰਗੇ ਚਿੱਟੇ ਝੂਠ ਖਿਲਾਰਨ ਤੋਂ ਵੀ ਸੰਕੋਚ ਨਹੀਂ ਕਰ ਰਹੇ। ਆਸ ਨਹੀਂ ਕਿ ਉਹ ਇਸ ਗੁਰਵਾਕ ਦੀ ਰੋਸ਼ਨੀ ਵਿਚ ਸਵੈ-ਪੜਚੋਲ ਕਰ ਪਾਉਣਗੇ।

 

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥  ( ਪੰਨਾ 1376)

 

ਵੀਰ ਜੀ ਦੀ ਨਕਾਰਾਤਮਕ ਪਹੁੰਚ ਅਤੇ ਬੇਈਮਾਨ ਮਾਨਸਕਿਤਾ ਦਾ ਸੱਚ ਅਸੀਂ ਸਿੱਖ ਮਾਰਗ ਵੈਬਸਾਈਟ ਤੇ ਵੀ ਸਪਸ਼ਟ ਕਰ ਚੁਕੇ ਹਾਂ ਅਤੇ ਹੁਣ ਫੇਰ ਇਹ ਗੱਲ ਪਾਠਕਾਂ ਨੂੰ ਸਪਸ਼ਟ ਹੋ ਗਈ ਹੋਵੇਗੀ। ਇਸ ਸੱਚ ਨੂੰ ਸਮਝਣ ਤੋਂ ਬਾਅਦ ਉਨ੍ਹਾਂ ਦੇ ਇਸ ਉਪਰਾਲੇ ਦੇ ਗੈਰ-ਸਿਧਾਂਤਕ ਵਿਰੋਧ ਦੇ ਕਾਰਨ ਵੀ ਸਪਸ਼ਟ ਹੋ ਗਏ ਹਨ।

ਇੰਦਰਜੀਤ ਸਿੰਘ ਜੀ ਕਾਨਪੁਰ

ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਇਕ ਪੰਥਦਰਦੀ ਸੱਜਣ ਹਨ, ਜੋ ਪੰਥ ਦੇ ਸੁਚੇਤ ਤਬਕੇ ਦਾ ਸਰਗਰਮ ਹਿੱਸਾ ਮੰਨੇ ਜਾਂਦੇ ਹਨ। ਇਨ੍ਹਾਂ ਦੀ ਲਿਖਤਾਂ ਨੂੰ ਰੈਗੁਲਰ ਪੜ੍ਹਣ ਨਾਲ ਉਨ੍ਹਾਂ ਦੀ ਮਾਨਸਿਕਤਾ ਦਾ ਇਹ ਪੱਖ ਬਿਲੁਕਲ ਸਪਸ਼ਟ ਹੋ ਜਾਂਦਾ ਹੈ ਕਿ ਜਿਥੋਂ ਤੱਕ ਉਨ੍ਹਾਂ ਨੂੰ ਸਮਝ ਆ ਗਈ, ਬਸ ਉਹੀ ਸਿੱਖੀ ਹੈ। ਜੋ ਉਸ ਤੋਂ ਅੱਗੇ ਦੀ ਗੱਲ ਕਰ ਦੇਵੇ ਤਾਂ ਉਹ ਉਨ੍ਹਾਂ ਦੇ ਲਈ ਕਾਮਰੇਡ, ਨਾਸਤਿਕ ਤੇ ਪਤਾ ਨਹੀਂ ਹੋਰ ਕੀ ਕੀ ਬਣ ਜਾਂਦਾ ਹੈ। ਸਾਡੀ ਸਮਝ ਅਨੁਸਾਰ ਉਨ੍ਹਾਂ ਦੀ ਸ਼ਖਸੀਅਤ ਦੇ ਕੁਝ ਪੱਖ ਇਹ ਹਨ।

 

1.     ਉਹ ਜ਼ਜਬਾਤੀ ਬਹੁਤ ਹਨ। ਬੇਲੋੜੇ ਜਜ਼ਬਾਤਾਂ ਸਾਹਮਣੇ ਉਹ ਸਿਧਾਂਤ ਨੂੰ ਪੜਚੋਲਣ ਦੀ ਪ੍ਰਵਾਹ ਘੱਟ ਹੀ ਕਰਦੇ ਹਨ।

2.     ਉਹ ਨੁਕਤੇ ਤੇ ਘੱਟ ਹੀ ਗੱਲ ਕਰਦੇ ਹਨ। ਪਰ ਕਿਸੇ ਲਿਖਤ ਦੇ ਕੁਝ ਅੰਸ਼ਾਂ/ਲਫਜ਼ਾਂ ਨੂੰ ਤਰੋੜ ਮਰੋੜ ਕੇ, ਪ੍ਰਸੰਗ ਤੋਂ ਬਾਹਰ ਕਰ ਕੇ, ਉਚੀ ਉਚੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੰਦੇ ਹਨ। ਐਸੇ ਸ਼ੋਰ ਵਿਚੋਂ ਹੀ ਨਾਸਤਿਕ ਤੇ ਹੋਰ ਪੁਜਾਰੀਵਾਦੀ ਫਤਵੇ ਪੈਦਾ ਹੁੰਦੇ ਹਨ। ਸੰਪਰਦਾਈਆਂ ਅਤੇ ਪੁਜਾਰੀਆਂ ਦੇ ਵਿਰੋਧੀ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ, ਉਹ ਖੁੱਦ ਪਹੁੰਚ ਉਂਨ੍ਹਾਂ ਦੀ ਅਪਨਾਉਂਦੇ ਹਨ, ਭਾਵ ਲਫਜਾਂ/ਪੰਕਤੀਆਂ ਨੂੰ ਪ੍ਰਸੰਗ ਤੋਂ ਵੱਖਰੇ ਕਰਕੇ ਨਾਸਤਿਕ-ਨਾਸਤਿਕ ਦਾ ਸ਼ੋਰ ਮਚਾਉਣਾ। ਇਹ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਨੇ ਸ਼ਾਇਦ ਕੌਮ ਵਿਚਲੇ ਪੁਜਾਰੀਆਂ ਦੀ ਪਛਾਣ ਤਾਂ ਕਰ ਲਈ ਹੈ, ਪਰ ਆਪਣੀ ਮਾਨਸਿਕਤਾ ਵਿਚ ਛੁੱਪੇ ਬੈਠੇ ਪੁਜਾਰੀ ਨੂੰ ਸ਼ਾਇਦ ਪਹਿਚਾਣ ਨਹੀਂ ਪਾ ਰਹੇ ਜਾਂ ਪਹਿਚਾਣਨਾ ਨਹੀਂ ਚਾਹੁੰਦੇ।

3.     ਪ੍ਰੋ. ਦਰਸ਼ਨ ਸਿੰਘ ਜੀ ਦੀ ਸ਼ਖਸੀਅਤ ਪ੍ਰਤੀ ਇਨ੍ਹਾਂ ਦਾ ਝੁਕਾਅ ਸਿਧਾਂਤ ਤੋਂ ਵੀ ਵੱਧ ਹੈ।

4.     ਜਿਸ ਪ੍ਰਤੀ ਇਨ੍ਹਾਂ ਨੇ ਮਨ ਵਿਚ ਇਕ ਵਾਰ ‘ਨਫਰਤ’ ਬਣਾ ਲਈ, ਉਹ ਭਾਵੇਂ ਠੀਕ ਵੀ ਹੋਵੇ, ਉਸ ਵਿਰੁਧ ਜੇ ਕੋਈ ਕੁਝ ਵੀ ਊਲ-ਜਲੂਲ ਲਿੱਖ ਦੇਵੇ ਇਹ 100% ਸਹਿਮਤੀ ਜਤਾਉਂਦੇ ਹਨ। ਜਿਸ ਗੱਲ ਨੂੰ ਇਨ੍ਹਾਂ ਦਾ ਮਨ ਠੀਕ ਸਮਝਦਾ ਹੈ, ਉਸ ਦੇ ਹੱਕ ਵਿਚ ਕੋਈ ਕਿਤਨੀ ਵੀ ਕੱਚੀ ਦਲੀਲ ਦੇਵੇ, ਉਸ ਨਾਲ ਵੀ ਇਹ 100% ਸਹਿਮਤ ਹੋ ਜਾਂਦੇ ਹਨ।

5.     ਇਨ੍ਹਾਂ ਦੇ ਸੁਭਾਅ ਵਿਚ ਕਾਹਲਾਪਨ ਭਰਿਆ ਪਿਆ ਹੈ, ਪ੍ਰਤੀਕਰਮ ਦੇਣ ਤੋਂ ਬਾਅਦ ਭਾਵੇਂ ਸੋਚ ਲੈਂਦੇ ਹੋਣ, ਪਹਿਲਾਂ ਤਾਂ ਕਦੀ ਨਹੀਂ ਸੋਚਦੇ।

ਸਪਸ਼ਟ ਹੈ ਸੁਹਿਰਦ, ਨਿਸ਼ਕਾਮ ਅਤੇ ਪੰਥਦਰਦੀ ਹੋਣ ਦੇ ਬਾਵਜੂਦ ਐਸੇ ਸੱਜਣ ਕਿਸੇ ਵੀ ਇਨਕਲਾਬ ਲਈ ਨੁਕਸਾਨਦਾਇਕ ਹੀ ਸਾਬਿਤ ਹੁੰਦੇ ਹਨ। ਕਿਉਂਕਿ ਸੱਚ ਨੂੰ ਸਮਝਣ ਅਤੇ ਪ੍ਰਚਾਰਨ ਲਈ ਸੁਹਿਰਦਤਾ, ਪੰਥ ਦਰਦ ਅਤੇ ਜ਼ਜਬਾਤਾਂ ਨਾਲੋਂ ਵੱਧ ਜ਼ਰੂਰੀ ਗੁਣ ਸੰਜਮ, ਹੋਸ਼ ਅਤੇ ਗੁਰਮਤਿ ਦਲੀਲ ਦੀ ਸਮਝ ਹੁੰਦੀ ਹੈ। ਜਲਦੀ ਆਪਾ ਖੋਹਣ ਵਾਲੇ ਸੱਜਣ ਕਿਸੇ ਲਹਿਰ ਵਿਚ ਸਹਾਇਕ ਨਹੀਂ ਹੋ ਸਕਦੇ।

 

ਆਪਣੀ ਸ਼ਖਸੀਅਤ ਵਿਚਲੀਆਂ ਇਨ੍ਹਾਂ ਗਲਤ ਅਲਾਮਤਾਂ ਕਾਰਨ ਇਹ ਅੰਜਾਣੇ ਹੀ ਠੋਸ ਸੁਧਾਰ ਦੇ ਵਿਰੋਧ ਵਿਚ ਭੁਗਤਦੇ ਰਹੇ ਹਨ। ਇਸੇ ਗਲਤ ਪਹੁੰਚ ਅਧੀਨ ਇਨ੍ਹਾਂ ਨੇ ਵੀ ਸ਼ੁਰੂ ਤੋਂ ਹੀ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਗੈਰ-ਸਿਧਾਂਤਕ ਵਿਰੋਧ ਦੀ ਸੁਰ ਅਲਾਪੀ ਹੋਈ ਹੈ। ਅਸੀਂ ਹਰ ਪੜਾਅ ਤੇ ਇਨ੍ਹਾਂ ਦੇ ਇਤਰਾਜ਼ਾਂ ਦੇ ਨੁਕਤਾਵਾਰ ਜਵਾਬ ਦੇ ਕੇ ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਅਸਰ ਤਾਂ ਹੋਵੇ ਜੇ ਸਮਝਣ ਦੀ ਫਿਤਰਤ ਹੋਵੇ। ਮਨ ਵਿਚ ਕੜਵਾਹਟ ਅਤੇ ਵਿਰੋਧ  ਭਰਿਆ ਪਿਆ ਹੈ।  ਇਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਵਿਸ਼ਾ ਕੀ ਹੈ, ਨੁਕਤਾ ਕੀ ਹੈ? ਬਸ ਜਿਨ੍ਹਾਂ ਕੁਝ ਸੱਜਣਾਂ ਬਾਰੇ ਇਨ੍ਹਾਂ ਨੇ ਮਨ ਨੇ ਕੋਈ ਧਾਰਨਾ ਠਾਣ ਲਈ ਹੈ, ਉਨ੍ਹਾਂ ਦਾ ਜ਼ਿਕਰ ਆਉਂਦੇ ਹੀ ਆਪੇ ਤੋਂ ਬਾਹਰ ਹੋ ਜਾਂਦੇ ਹਨ। ਐਸੀ ਹਾਲਤ ਵਿਚ ਇਨ੍ਹਾਂ ਨੂੰ ਖੁੱਦ ਵੀ ਪਤਾ ਨਹੀਂ ਹੁੰਦਾ ਕਿ ਉਹ ਕਰ ਕੀ ਰਹੇ ਹਨ?

 

ਤਾਜ਼ਾ ਮਿਸਾਲ, ਛੇਵੇਂ ਪੜਾਅ ਦੀ ਇਕੱਤਰਤਾ ਤੋਂ ਚੰਦ ਕੁ ਦਿਨ ਪਹਿਲੇ ਇਨ੍ਹਾਂ ਦਾ ਨਿੱਜੀ ਪੱਤਰ ਆਉਂਦਾ ਹੈ ਕਿ ਮੈਂ ਹੋਰ ਰੁਝੇਵਿਆਂ ਵਿਚ ਮਸ਼ਰੂਫ ਹੋਣ ਕਾਰਨ ਇਕੱਤਰਤਾ ਵਿਚ ਆਪ ਨਹੀਂ ਆ ਸਕਦਾ, ਪਰ ਮੇਰਾ ਪੱਖ ਜ਼ਰੂਰ ਪੜ੍ਹ ਕੇ ਸੁਣਾਇਆ ਜਾਵੇ। ਪਰ ਦੋ ਕੁ ਦਿਨਾਂ ਬਾਅਦ ਹੀ ਸਟੈਂਡ ਅਤੇ ਪੱਖ ਬਦਲ ਕੇ ਉਪਰਾਲੇ ਵਿਰੁਧ ਆਏ ਸਾਂਝੇ ਬਿਆਨ ਵਿਚ ਆਪਣਾ ਨਾਮ ਸ਼ਾਮਿਲ ਕਰਵਾ ਲ਼ੈਂਦੇ ਹਨ। ਹੁਣ ‘ਰੁਝੇਵਿਆਂ ਦੀ ਮਸ਼ਰੂਫੀਅਤ’ ਦਾ ਸਟੈਂਡ ਬਦਲ ਕੇ ‘ਸਾਡੀ ਕੋਈ ਭੂਮਿਕਾ ਨਹੀਂ ਬਣਦੀ’ ਹੋ ਜਾਂਦਾ ਹੈ। ਪੱਖ ਵੀ ਬਦਲ ਜਾਂਦਾ ਹੈ। ਪਰਿਵਾਰ ਨੇ ਪਹਿਲਾਂ ਤੈਅ ਕੀਤਾ ਸੀ ਕਿ ਇਨ੍ਹਾਂ ਦਾ ਪੱਖ ਇਕੱਤਰਤਾ ਵਿਚ ਪੜ੍ਹ ਕੇ ਸੁਣਾਇਆ ਜਾਵੇ। ਪਰ ਜਦੋਂ 2 ਦਿਨ ਬਾਅਦ ਹੀ ਸਟੈਂਡ ਅਤੇ ਪੱਖ ਬਦਲ ਕੇ ਇਕ ਧੜੇ ਦਾ ਹਿੱਸਾ ਬਣ ਗਏ ਤਾਂ ਇਕੱਤਰਤਾ ਵਿਚ ਉਸ ਧੜੇ ਦਾ ਸਟੈਂਡ ਅਤੇ ਪੱਖ (ਭਾਵ ਪ੍ਰਤੀਕਰਮ) ਹੂ-ਬ-ਹੂ ਪੜ ਕੇ ਸੁਣਾਇਆ ਗਿਆ। ਉਸ ਉਪਰੰਤ ਧੜੇ ਵਲੋਂ ਉਠਾਏ ਨੁਕਤਿਆਂ ਬਾਰੇ ਨੁਕਤਾਵਾਰ ਆਪਣਾ ਪੱਖ ਵੀ ਇਕੱਤਰਤਾ ਨੂੰ ਸੁਣਾਇਆ ਗਿਆ। ਉਪਰੰਤ ਸਭਾ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਇਸ ਧੜੇ ਦੀ ਨਕਾਰਾਤਮਕ ਪਹੁੰਚ ਨੂੰ ਗੁਰਮਤਿ ਵਿਰੁਧ ਜਾਣਦੇ ਹੋਏ ਰੱਦ ਕਰ ਦਿਤਾ। ਦਿਲਚਸਪ ਗੱਲ ਇਹ ਹੈ ਕਿ ਸਭਾ ਵਿਚ ਸ਼ਾਮਿਲ ਜਿਨ੍ਹਾਂ ਕੁਝ ਲੋਕਾਂ ਨੂੰ ਇਹ ਪਾਜ ਉਘੇੜਣ ਵਾਲਾ ‘ਪੰਥਦਰਦੀ’ ਮੰਨ ਰਹੇ ਹਨ, ਉਨ੍ਹਾਂ ਨੇ ਵੀ ਮਤੇ ਨੂੰ ਹੱਥ ਖੜੇ ਕਰ ਕੇ ਪੂਰਨ ਸਹਿਮਤੀ ਦਿਤੀ ਹੋਈ ਹੈ।

 

ਕੁਝ ਦਿਨ ਪਹਿਲਾਂ ਵੀ ਪਰਿਵਾਰ ਨੇ ਇਨ੍ਹਾਂ ਦੇ ਇਤਰਾਜ਼ਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਗਲਤ ਦਰਸਾਉਂਦਾ ਆਪਣਾ ਪੱਖ ਇਕ ਨਿੱਜੀ ਪੱਤਰ ਦੇ ਰੂਪ ਵਿਚ ਭੇਜਿਆ ਸੀ। ਸਾਡੀ ਆਖਰੀ ਆਸ ਸੀ ਕਿ ਸ਼ਾਇਦ ਉਹ ਸਵੈ-ਪੜਚੋਲ ਕਰ ਲੈਣ। ਪਰ ਸ਼ਾਇਦ ਸਹੀ ਕਿਹਾ ਜਾਂਦਾ ਹੈ, “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ........”। ਇਨ੍ਹਾਂ ਨੇ ਇਸ ਉਪਰਾਲੇ ਪ੍ਰਤੀ ਕੂੜ ਪ੍ਰਚਾਰ ਰੂਪੀ ਸ਼ੋਰ ਜਾਰੀ ਰੱਖਿਆ।

 

ਬੜੀ ਸਪਸ਼ਟ ਅਤੇ ਸਾਫ, ਆਮ ਆਦਮੀ ਦੇ ਸਮਝ ਵਿਚ ਆਉਣ ਵਾਲੀ ਗੱਲ ਇਹ ਹੈ ਕਿ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦਾ ਨਤੀਜਾ ‘ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ’ ਦਸਤਾਵੇਜ਼ ਹੈ। ਇਸ ਦਸਤਾਵੇਜ਼ ਦੇ ਸੰਭਾਵੀ ਖਰੜੇ ਬਾਰੇ ਲੰਮਾ ਸਮਾਂ ਦੇਣ ਅਤੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਵੀਰ ਜੀ ਕਿਸੇ ਮੱਦ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਗਲਤ ਸਾਬਤ ਕਰਦੀ ਸੇਧ ਨਹੀਂ ਦੇ ਪਾਏ। ਪਰ ਵਿਰੋਧ ਦਾ ਸ਼ੋਰ ਲਗਾਤਾਰ ਜਾਰੀ ਹੈ। ਵਿਰੋਧ ਵਿਚ ਉਠਾਏ ਜਾ ਰਹੇ ਨੁਕਤਿਆਂ ਵਿਚੋਂ ਬਹੁਤਾਤ ਤਿਆਰ ਹੋਏ, ਦਸਤਾਵੇਜ਼ ਦਾ ਹਿੱਸਾ ਹੀ ਨਹੀਂ ਹਨ।

 

ਮਿਸਾਲ ਲਈ ਖਾਲਸਾ ਨਿਉਜ਼ ਤੇ ਇਸ ਉਪਰਾਲੇ ਦੀ ਛਪੀ ਖਬਰ ਹੇਠ ਇਨ੍ਹਾਂ ਵਲੋਂ ਲਿਖੀ ਇਕ ਥਾਂ ਟਿੱਪਣੀ ਦੇ ਇਹ ਅੰਸ਼ ਵਿਚਾਰੋ।

 

“ਇਹ ਸੁਧਾਰ ਨਹੀਂ ਬਰਬਾਦ ਉਪਰਾਲਾ ਹੈ ਜਿਸ ਵਿਚ ਗੁਰੂ ਨੂੰ ਗੁਰੂ ਨਹੀਂ ਕਹਿ ਸਕਦੇ, ਸਿੱਖ ਦੀ ਵੱਖਰੀ ਪਛਾਣ ਨਹੀਂ, ਸਿੱਖੀ ਕੋਈ ਵੱਖਰਾ ਧਰਮ ਨਹੀਂ, ਕਕਾਰਾਂ ਦੀ ਜਰੂਰਤ ਨਹੀਂ ਹੈ। ਖੰਡੇ ਦੀ ਪਾਹੁਲ ਵੀ ਨਹੀਂ ਹੈ, ਸਿੱਖ ਦੀ ਪਰਿਭਾਸ਼ਾ ਵੀ ਬਦਲ ਕੇ ਰੱਖ ਦਿਤੀ ਗਈ ਹੈ........”

 

ਜੇ ਵੀਰ ਇੰਦਰਜੀਤ ਸਿੰਘ ਜੀ ਨੇ ਕਾਹਲੀ, ਨਰਾਜ਼ਗੀ ਅਤੇ ਬੜਬੋਲਾਪਨ ਆਦਿ ਕਮਜ਼ੋਰੀਆਂ ਨੂੰ ਕਿਨਾਰੇ ਕਰ ਕੇ ਇਸ ਉਪਰਾਲੇ ਵਿਚ ਵਾਰ-ਵਾਰ ਸੁਝਾਵਾਂ/ਵਿਚਾਰਾਂ ਲਈ ਪੇਸ਼ ਕੀਤੇ ਸੰਭਾਵੀ ਦਸਤਾਵੇਜ਼ ਨੂੰ ਸੰਜਮ ਨਾਲ ਪੜ੍ਹ ਲਿਆ ਹੁੰਦਾ ਤਾਂ ਉਨ੍ਹਾਂ ਨਾਲ “ਧੰਨ ‘ਗੁਰੂ ਕੇ ਸਿੱਖ’ ਅਕਲ ਦੇ ਪੱਕੇ ਵੈਰੀ..’ ਵਾਲਾ ਭਾਣਾ ਨਾ ਵਰਤਦਾ (ਵੈਸੇ ਸੱਚਾ (‘ਗਿਆਨ ਗੁਰੂ’ ਦਾ) ਸਿੱਖ ਕਦੇ ਅਕਲ ਦਾ ਵੈਰੀ ਨਹੀਂ ਹੋ ਸਕਦਾ। ਇਹ ਕਹਾਵਤ ਉਨ੍ਹਾਂ ਲਈ ਬਣੀ ਹੈ, ਜੋ ਵੱਡੇ ਸਿੱਖ ਅਤੇ ਪੰਥਦਰਦੀ ਹੋਣ ਦਾ ਦਾਅਵਾ ਕਰਦੇ ਹਨ, ਪਰ ਅਸਲ ਗੁਰੂ (ਗਿਆਨ) ਨੂੰ ਆਪਣੇ ਨੇੜੇ ਨਹੀਂ ਫੱਟਕਣ ਦੇਂਦੇ।

 

ਆਉ ਵੀਰ ਜੀ ਦੇ ਉਪਰੋਕਤ ਅੰਸ਼ਾਂ ਵਾਲੇ ਕੂੜ ਪ੍ਰਚਾਰ ਦਾ ਨਕਾਬ ਵੀ ਉਤਾਰਨ ਦਾ ਯਤਨ ਕਰੀਏ। ਪਾਸ ਹੋਏ ਦਸਤਾਵੇਜ਼ ਅਨੁਸਾਰ:

1.     ਪਹਿਲੀ ਮੱਦ (ਸਿੱਖ ਦੀ ਪਰਿਭਾਸ਼ਾ) ਵਿਚ ਹੀ ‘ਗੁਰੂ’ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਦਾ ਜ਼ਿਕਰ ਹੈ। ਜੇ ਇਸ ਵਿਚ ਕੋਈ ਕਮੀ ਸੀ ਤਾਂ ਉਸੇ ਲਈ ਵਿਚਾਰ/ਸੁਝਾਵ ਮੰਗੇ ਜਾ ਰਹੇ ਸਨ। ਤੁਹਾਨੂੰ ਉਸ ਤੋਂ ਭਗੌੜੇ ਹੋ ਕੇ, ‘ਸ਼ੋਰ ਮਚਾਊ’ ਧੜੇ ਵਿਚ ਸ਼ਾਮਿਲ ਹੋਣਾ ਬਿਹਤਰ ਲਗਿਆ ਤਾਂ ਇਹ ਤੁਹਾਡੀ ਸਮਝ ਹੈ, ਗੁਰਮਤਿ ਨਹੀਂ।

2.     ਬੇਸ਼ਕ ਸਿੱਖ ਦੀ ਵੱਖਰੀ ਪਛਾਣ ਦੀ ਕੋਸ਼ਿਸ਼ ਸਾਰੇ ਖਰੜੇ ਦਾ ਹੀ ਹਿੱਸਾ ਹੈ। ਉਹ ਪਛਾਣ ਕਰਮਾਂ ਤੋਂ ਹੋ ਸਕਦੀ ਹੈ। ਹੋਰ ਲੋਕਾਂ/ਮੱਤਾਂ ਤੋਂ ਅਸਲ ‘ਸਿੱਖ’ ਦਾ ਵੱਖਰਾਪਣ ਇਹੀ ਹੈ ਕਿ ਪੁਜਾਰੀਆਂ ਦੇ ਅੰਨੇਵਾਹ ਮਗਰ ਲਗ ਕੇ, ਪ੍ਰਚਲਿਤ ਪ੍ਰੰਪਰਾ ਆਦਿ ਦੇ ਨਾਮ ਤੇ ਕਰਮਕਾਂਡਾਂ ਅਤੇ ਅੰਧ-ਵਿਸ਼ਵਾਸਾਂ ਵਿਚ ਗਲਤਾਨ ਨਹੀਂ ਹੁੰਦਾ। ਇਸੇ ‘ਵੱਖਰੀ ਪਹਿਚਾਣ’ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਸਮਝਾਉਣ ਦੀ ਕੋਸ਼ਿਸ਼ ਸਾਰੇ ਦਸਤਾਵੇਜ਼ ਵਿਚ ਕੀਤੀ ਗਈ ਹੈ।

3.     ਗੁਰਮਤਿ ਦੀ ਰੋਸ਼ਨੀ ਵਿਚ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ (ਅਸਲ) ਸਿੱਖੀ ਪ੍ਰਚਲਿਤ ਅਨਮਤਾਂ/ਫਿਰਕਿਆਂ ਤੋਂ ਸਿਰਫ ਵੱਖਰਾ ਧਰਮ ਹੀ ਨਹੀਂ, ਬਲਕਿ ਇਕੋ ਇਕ ਅਸਲ ਧਰਮ (ਸੰਪੂਰਨ ਸੱਚ ਦਾ ਰਾਹ) ਹੈ। ਇਸੇ ਰੋਸ਼ਨੀ ਵਿਚ ਸਾਰਾ ਦਸਤਾਵੇਜ਼ ਤਿਆਰ ਕਰਨ ਦਾ ਨਿਸ਼ਕਾਮ ਯਤਨ ਕੀਤਾ ਗਿਆ ਹੈ।

4.     ਕਕਾਰਾਂ ਦਾ ਬਕਾਇਦਾ ਜ਼ਿਕਰ ਦਸਤਾਵੇਜ਼ ਵਿਚ ਹੈ। ਇਤਨਾ ਹੀ ਨਹੀਂ ਇਨ੍ਹਾਂ ਦਾ ਸਹੀ ਸੰਦਰਭ ਅਤੇ ਮਕਸਦ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।

5.     ਖੰਡੇ ਦੀ ਪਾਹੁਲ ਦਾ ਜ਼ਿਕਰ ਵੀ ਬਕਾਇਦਾ ਤਿਆਰ ਦਸਤਾਵੇਜ਼ ਦਾ ਹਿੱਸਾ ਹੈ। ਇਸ ਦਾ ਵੀ ਸਹੀ ਸੰਦਰਭ ਅਤੇ ਮਕਸਦ ਵੀ ਸਮਝਾਉਣ ਦਾ ਯਤਨ ਕੀਤਾ ਗਿਆ ਹੈ।

6.     ਇਹ ਇਕ ਸੁਧਾਰ ਉਪਰਾਲਾ ਸੀ। ਸੁਭਾਵਿਕ ਹੈ ‘ਸਿੱਖ ਦੀ ਪਰਿਭਾਸ਼ਾ’ ਵਾਲੀ ਮੱਦ ਦਾ ਵੀ ਸੁਧਾਰ ਕੀਤਾ ਗਿਆ। ਸੁਧਾਰ ਵਿਚ ਬਦਲਾਅ ਤਾਂ ਹੁੰਦੇ ਹਨ। ਹਾਂ ਤੁਸੀ ਬਦਲਾਅ ਨੂੰ ਦਲੀਲ ਨਾਲ ਗਲਤ ਕਹਿ ਸਕਦੇ ਹੋ ਅਤੇ ਉਸ ਲਈ ਹੀ ਵਾਰ-ਵਾਰ ਸੁਝਾਅ/ਵਿਚਾਰ ਮੰਗ ਰਹੇ ਸੀ ਜਿਸ ਤੋਂ ਤੁਸੀ ਭਗੌੜੇ ਹੋ ਕੇ ‘ਸ਼ੋਰ ਜਥੇ’ ਦਾ ਹਿੱਸਾ ਰਹੇ। ਸੁਧਾਰ ਵਿਚ ਕੁਝ ਬਦਲਾਅ ਦਾ ਗਿਲਾ ਕਿਉਂ?  ਪੁਰਾਣੀ ਮਰਿਯਾਦਾ ਦੀ ਪਰਿਭਾਸ਼ਾ ਵਿਚਲੀ ਦੁਬਿਧਾ ਖਤਮ ਕਰਨ ਲਈ ਬਦਲਾਅ ਤੇ ਕਰਨਾ ਹੀ ਪੈਣਾ ਸੀ। ਕੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂਆਂ ਦੀ ਬਾਣੀ ਅਤੇ ਸਿਖਿਆ’ (ਪਿਛਲੀ ਮਰਿਯਾਦਾ ਵਿਚਲੀ ਸਿੱਖ ਦੀ ਪਰਿਭਾਸ਼ਾ ਦਾ ਹਿੱਸਾ) ਲਫਜ਼ ਦੁਬਿਧਾਮਈ ਅਤੇ ਦਸਮ ਗ੍ਰੰਥ ਨੂੰ ਪ੍ਰਮਾਣਿਕਤਾ ਨਹੀਂ ਦੇਂਦੇ ਹਨ ?  ਸੁਧਾਰ ਲਈ ਬਦਲਾਅ ਤਾਂ ਹੋਣੇ ਹੀ ਸਨ।

 

ਇੰਦਰਜੀਤ ਸਿੰਘ ਜੀ ਦੇ ਕੂੜ ਪ੍ਰਚਾਰ ਵਿਚੋਂ ‘ਦਾਲ ਵਿਚੋਂ ਇਕ ਦਾਣਾ ਟੋਹਣ’ ਦੀ ਤਰਜ਼ ਤੇ ਅਸੀਂ ਉਪਰੋਕਤ ਮਿਸਾਲ ਦੀ ਪੜਚੋਲ ਰਾਹੀ ਉਨ੍ਹਾਂ ਦੇ ਸ਼ੋਰ ਵਿਚਲੇ ਝੂਠ ਅਤੇ ਕਚਿਆਈ ਦੇ ਦਰਸ਼ਨ ਕਰ ਲਏ ਹਨ। ਇਸੇ ਗਲਤ ਪਹੁੰਚ ਦੀ ਇਕ ਮਿਸਾਲ ਹੋਰ ਸਾਂਝੀ ਕਰ ਲੈਂਦੇ ਹਾਂ। ਪ੍ਰੋ. ਕਵਲਦੀਪ ਦੇ ਇਸ ਉਪਰਾਲੇ ਬਾਰੇ ਕੂੜ ਪ੍ਰਚਾਰ ਦਾ ਸੱਚ ਸਪਸ਼ਟ ਕਰਨ ਦੇ ਮਕਸਦ ਨਾਲ ਅਸੀਂ ਆਪਣਾ ਕੁਝ ਮਹੀਨੇ ਪਹਿਲਾਂ ਲਿਖਿਆ ਇਕ ਲੇਖ (ਜੋ ਛਪਵਾਇਆ ਨਹੀਂ ਸੀ) ਖਾਲਸਾ ਨਿਉਜ਼ ਵੈਬਸਾਈਟ ਤੇ ਪ੍ਰਕਾਸ਼ਿਤ ਕਰਵਾਇਆ। ਇਸ ਵਿਚ ਪ੍ਰੋ.ਕੰਵਲ ਵਲੋਂ ਫੇਸਬੁਕ ਤੇ ਵਰਤੀ ਬਹੁਤ ਹੀ ਹਲਕੇ ਪੱਧਰ ਦੀ ਸ਼ਬਦਾਵਲੀ ਦੇ ਕੁਝ ਅੰਸ਼ਾਂ ਦਾ ਹਵਾਲਾ ਦਿਤਾ ਗਿਆ ਸੀ। ਸ਼ਬਦਾਵਲੀ ਦੇ ਅੰਸ਼ ਸਨ:

 

- ਨਾਸਤਕ ਰਿੰਗ ਲੀਡਰ ਇੰਦਰ ਸਿੰਘ ਘੱਗਾ

- ਪੁਜਾਰੀ ਚਰਨ ਸੇਵਕ ਤੇ ਧੂੰਦਾ-ਪੂਜ 108 ਝੂਠ ਸ਼੍ਰੋਮਣੀ ਤੇ ਕੌਤਕੀ ਕਾਦਆਣੀ ਜੀ ਮਹਾਰਾਜ

- ਬੇਤੁਕੇ, ਝੂਠ-ਪੋਟਲੇ ਤੇ ਲਾਹਨਤ ਕੁੱਲ ਸ਼੍ਰੋਮਣੀ ਨੂੰ ਸਵਾਲ

- ਕਿਸੇ ਆਪਦੀ ਸਨਮਾਨ ਜਨਕ ਧੂੰਦਮਈ ਪੁਜਾਰੀ-ਚਰਨ-ਡਿੱਗ ਵਾਂਗ

- ਨਾਸਤਿਕ ਟੋਲੇ ਨੇ ਲਾਇਆ ਗ੍ਰਹਿਣ

 

ਇਹ ਸ਼ਬਦਾਵਲੀ ਸਾਡੇ ਲੇਖ ਵਿਚ ਪੜ੍ਹਨ ਤੋਂ ਬਾਅਦ, ਹੋਰਾਂ ਖਿਲਾਫ ਗਲਤ ਸ਼ਬਦਾਵਲੀ ਵਰਤਣ ਦਾ ਗਿਲਾ ਕਰਨ ਵਾਲੇ ਪ੍ਰੋ. ਕੰਵਲ ਤਾਂ, ਲੇਖ ਹੇਠ ਦਿਤੀ ਇਕ ਟਿੱਪਣੀ ਵਿਚ, ਅਸਿੱਧੇ ਤਰੀਕੇ ਸ਼ਰਮਿੰਦਾ ਹੁੰਦੇ ਹੋਏ, ਇਹ ਬਹਾਨਾ ਬਣਾ ਰਹੇ ਹਨ ਕਿ ਇਹ ਸ਼ਬਦਾਵਲੀ ਦੇ ਮੇਰੇ ਫੇਸਬੁਕ ਦੀ ਪ੍ਰੋਫਾਇਲ ਵਿਚ ਕੀਤੇ ਪ੍ਰਚਾਰ ਵਿਚ ਵਰਤੀ ਸੀ, ਖਾਲਸਾ ਨਿਉਜ਼ ਤੇ ਛਪੇ ਲੇਖ ਵਿਚ ਨਹੀਂ।

 

ਪਰ ਵੀਰ ਇੰਦਰਜੀਤ ਸਿੰਘ ਸ਼ਾਇਦ ਉਪਰ ਦਿਤੀ ਇਕ ਕਹਾਵਤ ਨੂੰ ਸਹੀ ਸਾਬਿਤ ਕਰਨ ਦੀ ਦੋੜ ਵਿਚ ਆਪਣੀ ਇਕ ਟਿੱਪਣੀ ਵਿਚ ਇਹ ਸ਼ਬਦਾਵਲੀ ਦੁਹਰਾ ਕੇ ਥੱਲੇ ਲਿਖਦੇ ਹਨ, ‘ਮੈਂ ਪ੍ਰੋ. ਕੰਵਲ ਵਲੋਂ ਵਰਤੀ ਇਸ ਸ਼ਬਦਾਵਲੀ ਨਾਲ 100% ਸਹਿਮਤ ਹਾਂ’। ਧੰਨ ਗੁਰੂ ਕੇ..........

 

ਇਸ ਸੁਧਾਰ ਉਪਰਾਲੇ ਬਾਰੇ ਉਨ੍ਹਾਂ ਦਾ ਇਕ ਗਿਲਾ ਇਹ ਵੀ ਹੈ ਕਿ ‘ਸਿੱਖ ਰਹਿਤ ਮਰਿਯਾਦਾ’ ਦਾ ਨਾਮ ਕਿਉਂ ਬਦਲਲਿਆ ਗਿਆ? ਸੱਚਾਈ ਇਹ ਹੈ ਕਿ ਇਹ ਸੁਝਾਅ ਪਹਿਲੀ ਇਕੱਤਰਤਾ ਵਿਚ ਪ੍ਰੋ. ਕੰਵਲ ਨੇ ਹੀ ਦਿਤਾ ਸੀ (ਉਨ੍ਹਾਂ ਨੇ ਇਹ ਗੱਲ ਆਪਣੀ ਲਿਖਤ ਵਿਚ ਸਵੀਕਾਰ ਵੀ ਕੀਤੀ ਹੈ) ਜਿਸਨੂੰ ਯੋਗ ਜਾਣ ਕੇ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ। ਵੀਰ ਕੰਵਲ ਦੀ ਬਜ਼ਾਰੂ ਅਤੇ ਨਿਹਾਇਤ ਘਟੀਆ ਸ਼ਬਦਾਵਲੀ ਨਾਲ 100% ਸਹਿਮਤ ਹੋਣ ਵਾਲੇ ਕਾਨਪੁਰੀ ਵੀਰ ਜੀ ਇਸ ਨੁਕਤੇ ਤੇ ਉਨ੍ਹਾਂ ਨਾਲ ਹੁਣ ਕਿਤਨੇ % ਸਹਿਮਤ ਹਨ ?

 

ਕੁਝ ਲਫਜ਼ਾਂ/ਪੰਕਤੀਆਂ ਨੂੰ ਸੰਦਰਭ ਤੋਂ ਵੱਖਰੇ ਕਰ ਕੇ ਉੱਚੀ-ਉੱਚੀ ਸ਼ੋਰ ਮਚਾਉਣ ਦੀ ਆਪਣੀ ਪੁਜਾਰੀ ਪ੍ਰਵਿਰਤੀ ਦੀ ਗੁਲਾਮੀ ਹੇਠ ਆਪਣੇ ਤਾਜ਼ਾ ਪ੍ਰਚਾਰ ਵਿਚ ਵੀਰ ਜੀ ਨੇ ਇਸ ਉਪਰਾਲੇ ਬਾਰੇ ਛਪੀ ਇਕ ਖਬਰ ਵਿਚਲੀ ਪੰਕਤੀ ਨੂੰ ਲੈ ਕੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਹੋਇਆ ਹੈ ਕਿ ਅਸੀਂ ਸਾਂਝੀਵਾਲਤਾ ਦੇ ਨਾਮ ਤੇ ਸਿੱਖ ਧਰਮ ਨੂੰ ਹਿੰਦੂ ਮਤ ਵਿਚ ਸਮਾਂ ਦੇਣ ਦੀ ਕੋਸ਼ਿਸ਼ਾਂ ਦਾ ਹਿੱਸਾ ਬਣ ਰਹੇ ਹਨ। ਵੀਰ ਜੀ ਵਲੋਂ ਉਛਾਲੀ ਜਾ ਰਹੀ ਪੰਕਤੀ ਇਹ ਹੈ:

 

“ਰੱਬੀ ਸਿਧਾਂਤਾਂ ਦੀ ਰੋਸ਼ਨੀ ਵਿਚ “ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ” ਇਹ ਦਸਤਾਵੇਜ਼ ਕਿਸੇ ਇਕ ਫਿਰਕੇ ਦੀ ਵੱਲਗਣ ਨੂੰ ਤੋੜਦਿਆਂ, ਸਮੁੱਚੇ ਮਨੁੱਖੀ ਭਾਈਚਾਰੇ ਦੀ ਸੇਧ ਲਈ ਨਿਰਧਾਰਿਤ ਕੀਤਾ ਗਿਆ।”

 

ਵੀਰ ਜੀ ਜੇ ਸੁਹਿਰਦਤਾ ਅਤੇ ਸੰਜਮ ਨਾਲ ਕਿਸੇ ਨੁਕਤੇ ਨੂੰ ਵਿਚਾਰਨ ਦਾ ਮਾਦਾ ਰੱਖਦੇ ਤਾਂ ਉਨ੍ਹਾਂ ਨੂੰ ਇਹ ਸਮਝਣ ਵਿਚ ਬਿਲਕੁਲ ਵੀ ਦਿੱਕਤ ਨਹੀਂ ਆਉਣੀ ਸੀ ਕਿ ਗੁਰਮਤਿ ਦੇ ਉਪਦੇਸ਼ ਉਹ ‘ਰੱਬੀ ਗਿਆਨ’ ਹੈ, ਜੋ ਸਮੁੱਚੀ ਮਨੁੱਖਤਾ ਤੇ ਇਕਸਾਰ ਲਾਗੂ ਹੁੰਦਾ ਹੈ। ਪਰ ਕਹਾਉਂਦੀ ਸਿੱਖ ਕੌਮ ਦੇ ਕੇਂਦਰੀ ਤੌਰ ਤੇ ਪ੍ਰਵਾਨਿਤ ਪ੍ਰਚਾਰਕ ਇਹ ਪ੍ਰਚਾਰ ਸ਼ਰੇਆਮ ਕਰਦੇ ਹਨ ਕਿ ‘ਸਿੱਖ ਪੱਕਾ ਸਿੱਖ ਰਹੇ, ਹਿੰਦੂ ਪੱਕਾ ਹਿੰਦੂ ਰਹੇ, ਮੁਸਲਿਮ ਪੱਕਾ ਮੁਸਲਿਮ ਰਹੇ ਆਦਿ’ ਅਤੇ ਗੁਰਮਤਿ ਪ੍ਰਚਾਰਕ ਹੋਣ ਦਾ ਦਾਅਵਾ ਵੀ ਕਰਦੇ ਹਨ। ਕੀ ਐਸਾ ਪ੍ਰਚਾਰ ਗੁਰਮਤਿ ਨੂੰ ਇਕ ਫਿਰਕੇ ਦੀ ਵੱਲਗਣ ਵਿਚ ਬੰਨਣਾ ਨਹੀਂ? ਕੌਮ ਵਲੋਂ ਕੇਂਦਰੀ ਤੌਰ ਤੇ ਪ੍ਰਵਾਨਿਤ ਰਹਿਤ ਮਰਿਯਾਦਾ ਇਹ ਪ੍ਰਚਾਰਦੀ ਹੈ ਕਿ ਕਕਾਰ ਅਤੇ ਬਜਰ ਕੁਰਹਿਤਾਂ ਸਿਰਫ ‘ਅੰਮ੍ਰਿਤਧਾਰੀ ਸਿੱਖਾਂ’ ਲਈ ਨਿਰਧਾਰਿਤ ਹਨ, ਹਰ ਮਨੁੱਖ ਲਈ ਨਹੀਂ। ਕੀ ਇਹ ਗੁਰਮਤਿ ਉਪਦੇਸ਼ਾਂ ਨੂੰ ਇਕ ਫਿਰਕੇ ਦੇ ਘੇਰੇ ਵਿਚ ਬੰਨਣ ਦਾ ਗੁਨਾਹ ਨਹੀਂ? ਕੀ ਜਿਨ੍ਹਾਂ ਨੇ ‘ਖੰਡੇ ਦੀ ਪਾਹੁਲ’ ਨਹੀਂ ਲਈ, ਉਨ੍ਹਾਂ ਨੂੰ ਕਕਾਰਾਂ ਦੀ ਲੋੜ ਅਤੇ ਬਜਰ ਕੁਰਹਿਤਾਂ ਤੋਂ ਪਰਹੇਜ਼ ਜ਼ਰੂਰੀ ਨਹੀਂ?

 

ਵੀਰ ਜੀ, ਦਿਮਾਗ ਖੋਲੋ! ਸਿੱਖੀ ਸਿਰਫ ਉਹ ਨਹੀਂ ਜੋ ਤੁਹਾਨੂੰ ਸਮਝ ਆ ਗਈ ਹੈ। ਸਿੱਖੀ ਉਹ ਮਾਰਗ ਹੈ, ਜਿਸ ਤੇ ਬਾਬਾ ਨਾਨਕ ਨੇ ਸਾਨੂੰ ਹੱਥ ਫੜ ਕੇ ਤੁਰਨ ਲਈ ਪ੍ਰੇਰਿਆ ਸੀ।

 

ਜਿਥੋਂ ਤੱਕ ਇਕ ਪੰਕਤੀ ਨੂੰ ਫੜ ਕੇ ਸਾਂਝੀਵਾਲਤਾ ਦੇ ਨਾਮ ਹੇਠ ਹਿੰਦੂਕਰਨ ਦਾ ਸ਼ੋਸ਼ਾ ਵੀਰ ਜੀ ਛੱਡ ਰਹ ਹਨ, ਉਹ ਸਿਰਫ ਉਸ ਖਿਆਲੀ ਪੁਲਾਅ ਤੋਂ ਵੱਧ ਕੁਝ ਨਹੀਂ, ਜਿਸ ਵਿਚ ਉਨ੍ਹਾਂ ਦੀ ਨਫਰਤ ਰੂਪੀ ਜ਼ਹਿਰ ਘੁਲਿਆ ਹੋਇਆ ਹੈ। ਹਕੀਕਤ ਇਹ ਹੈ ਕਿ ਜਿਹੜਾ ਮਨੁੱਖ ਇਮਾਨਦਾਰੀ ਨਾਲ ਇਸ ਦਸਤਾਵੇਜ਼ ਨੂੰ ਅਪਨਾਉਣ ਦਾ ਰਾਹ ਫੜ ਲਵੇਗਾ, ਉਹ ਇਕ ਫਿਰਕੇ ਦਾ ਹਿੱਸਾ ਹੋਣ ਦਾ ਬੇਲੋੜਾ ਮਾਨ ਤਿਆਗ ਕੇ, ਰੱਬੀ ਸਿਧਾਂਤਾਂ ਦੀ ਰੋਸ਼ਨੀ ਵਿਚ, ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਦੇ ਮੰਸ਼ੇ ਨਾਲ ਬਾਬਾ ਨਾਨਕ ਜੀ ਵਲੋਂ ਆਰੰਭੇ ‘ਸਰਬਪੱਖੀ ਵਿਕਾਸ ਦੇ ਇਨਕਲਾਬ’ ਦਾ ਸਿਪਾਹੀ ਬਣ ਜਾਵੇਗਾ। ਉਹ ਹਿੰਦੂ ਕੀ, ਕਿਸੇ ਵੀ ਕਰਮਕਾਂਡੀ ਅਤੇ ਅੰਧਵਿਸ਼ਵਾਸੀ ਪ੍ਰਚਲਿਤ ਮੱਤ ਦਾ ਹਿੱਸਾ ਨਹੀਂ ਬਣੇਗਾ।

 

ਜੇ ਅਸੀਂ ਵੀ ਵੀਰ ਇੰਦਰਜੀਤ ਸਿੰਘ ਜੀ ਵਲੋਂ ਕਿਸੇ ਇਕ ਲਫਜ਼/ਪੰਕਤੀ ਨੂੰ ਸੰਦਰਭ ਤੋਂ ਵੱਖ ਕਰਕੇ ਸ਼ੋਰ ਮਚਾਉਣ ਦੀ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੁੰਦੇ ਤਾਂ ਵੀਰ ਜੀ ਦੇ ਇਕ ਤਾਜ਼ਾ ਲੇਖ ਦੇ ਸਿਰਲੇਖ ਦੇ ਇਹ ਅੰਸ਼: “ਸਿੱਖੀ, “ਬਾਬੇ ਨਾਨਕ ਦੀ ਵਿਚਾਰਧਾਰਾ” ਨਹੀਂ,” ਹੀ ਕਾਫੀ ਸਨ। ਇਸ ਅੰਸ਼ ਨੂੰ ਫੜ ਕੇ ਵੀਰ ਜੀ ਵਾਂਗੂ ਹੀ ਕੋਈ ਕੂੜ ਦਾ ਸ਼ੋਰ ਪਾ ਸਕਦਾ ਹੈ ਕਿ ਜੇ ਸਿੱਖੀ ਬਾਬੇ ਨਾਨਕ ਦੀ ਵਿਚਾਰਧਾਰਾ ਨਹੀਂ, ਤਾਂ ਕੀ ਮੰਨੂ ਸਿੰਮ੍ਰਤੀ ਦੀ ਵਿਚਾਰਧਾਰਾ ਹੈ ? ਵੇਦਾਂ ਦੀ ਵਿਚਾਰਧਾਰਾ ਹੈ ? ਆਦਿ ਆਦਿ।

 

ਪਰ ਇਕ ਸੁਹਿਰਦ ਅਤੇ ਸੰਜਮੀ ਮਨੁੱਖ ਪਹਿਲਾਂ ਪੂਰਾ ਸਿਰਲੇਖ ਪੜ੍ਹੇਗਾ ਅਤੇ ਫੇਰ ਪੂਰਾ ਲੇਖ ਪੜ੍ਹੇਗਾ ਅਤੇ ਫੇਰ ਵਰਤੇ ਲਫਜ਼ਾਂ ਦੇ ਸੰਦਰਭ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ।  ਫੇਰ ਜੇ ਉਸ ਨੂੰ ਕੁਝ ਗਲਤ ਲਗਦਾ ਹੈ ਤਾਂ ਠਰੰਮੇ, ਦਲੀਲ ਅਤੇ ਨਿਮਰਤਾ ਨਾਲ ਉਸ ਬਾਰੇ ਆਪਣਾ ਪੱਖ ਰੱਖੇਗਾ। ਫਤਵੇ ਜਾਰੀ ਨਹੀਂ ਕਰੇਗਾ।

 

ਵੈਸੇ ਜੇ ਵੀਰ ਜੀ ਦੇ ਇਸ ਲੇਖ ਨੂੰ ਪੜਚੋਲਿਆ ਜਾਵੇ ਤਾਂ ਉਨ੍ਹਾਂ ਦੀ ਦੁਬਿਧਾ ਅਤੇ ਅਸਪਸ਼ਟਤਾ ਹੀ ਇਸ ਲੇਖ ਵਿਚੋਂ ਲੱਭਦੀ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਿੱਖੀ ਬਾਬਾ ਨਾਨਕ ਜੀ ਦੀ (ਸਮਝਾਈ ) ਵਿਚਾਰਧਾਰਾ ਹੀ ਹੈ ਅਤੇ ਇਹ ਵਿਚਾਰਧਾਰਾ ਰੱਬੀ ਗੁਣਾਂ ਤੇ ਆਧਾਰਿਤ ਇਕ ਰਸਤੇ (ਪੰਥ) ਦੀ ਪਛਾਣ ਦਸਦੀ ਹੋਈ, ਉਸ ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ। ਸਿੱਖੀ ਦਾ ਧੂਰਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹਨ। ਇਸ ਵਿਚਲੀ ਵਿਚਾਰਧਾਰਾ ਪੂਰੀ ਤਰ੍ਹਾਂ ਬਾਬਾ ਨਾਨਕ ਜੀ ਦੀ (ਸਮਝਾਈ) ਹੀ ਹੈ। ਇਸ ਦਾ ਸਬੂਤ ਹੈ ਕਿ ਜਿਤਨੇ ਵੀ ਮਗਰਲੇ ਨਾਨਕ ਸਰੂਪਾਂ ਨੇ ਬਾਣੀ ਰਚੀ, ਉਹ ‘ਨਾਨਕ ਕਾਵਿ ਛਾਪ’ ਹੇਠ ਹੀ ਰੱਚੀ। ਇਸ ਗ੍ਰੰਥ ਵਿਚ ਸ਼ਾਮਿਲ ਹੋਰ ਮਹਾਂਪੁਰਖਾਂ ਦੀ ਬਾਣੀ ਵੀ ਬਾਬਾ ਨਾਨਕ ਜੀ ਨੇ ਆਪ ਪਛਾਣ ਕੇ (ਭਾਵ ਜੋ ਉਨ੍ਹਾਂ ਨੂੰ ਆਪਣੀ ਸੋਚ ਅਨੁਸਾਰੀ ਲੱਗੀ) ਸ਼ਾਮਿਲ ਹੋਣ ਦਾ ਆਹਰ ਬਣਿਆ। ‘ਨਾਨਕ’ ਛਾਪ ਤੋਂ ਵੱਖਰੀ ਹੋਰ ਬਾਣੀ ਵੀ ਉਨ੍ਹਾਂ ਦੇ ਪੰਜਵੇਂ ਜਾਨਸ਼ੀਨ ਵਲੋਂ ‘ਨਾਨਕ ਸੋਚ’ ਦੀ ਸੇਧ ਵਿਚ ਪ੍ਰਵਾਣਿਤ ਸੀ। ਸਪਸ਼ਟ ਹੈ ਸਿੱਖੀ ਬਾਬਾ ਨਾਨਕ ਜੀ ਦੀ (ਸਮਝਾਈ) ਵਿਚਾਰਧਾਰਾ ਹੀ ਹੈ ਅਤੇ ਇਸ ਤੇ ਇਮਾਨਦਾਰੀ ਨਾਲ ਤੁਰਨ ਦਾ ਯਤਨ ਕਰਨ ਵਾਲਾ ਸਿੱਖ ਹੈ।

 

ਉਪਰੋਕਤ ਖੁੱਲੀ ਵਿਚਾਰ ਤੋਂ ਸਪਸ਼ਟ ਹੈ ਕਿ ਇਕ ਸੁਹਿਰਦ ਅਤੇ ਨਿਸ਼ਕਾਮ ਪੰਥਦਰਦੀ ਹੋਣ ਦੇ ਬਾਵਜੂਦ ਵੀਰ ਇੰਦਰਜੀਤ ਸਿੰਘ ਜੀ ਆਪਣੇ ਸੁਭਾਅ ਵਿਚਲੀਆਂ ਕਮਜ਼ੋਰੀਆਂ ਕਾਰਨ ਸੁਧਾਰ ਦੇ ਵਿਰੋਧ ਵਿਚ ਹੀ ਭੁਗਤ ਰਹੇ ਹਨ। ਹੁਣ ਸਾਨੂੰ ਉਨ੍ਹਾਂ ਤੋਂ ਸੁਧਾਰ ਦੀ ਕੋਈ ਆਸ ਵੀ ਨਹੀਂ ਹੈ। ਅਸੀਂ ਸਿਰਫ ਵਾਜਬ ਜਵਾਬਦੇਹੀ ਦਾ ਆਪਣਾ ਫਰਜ਼ ਸਮਝਦੇ ਹੋਏ ਪਾਠਕਾਂ ਸਾਹਮਣੇ ਆਪਣਾ ਪੱਖ ਰੱਖਣ ਦਾ ਯਤਨ ਕੀਤਾ ਹੈ ਤਾਂ ਕਿ ਪਾਠਕ ਐਸੇ ਝੂਠੇ ਪ੍ਰਚਾਰ ਰੂਪੀ ਸ਼ੋਰ ਕਾਰਨ ਗੁੰਮਰਾਹ ਹੋਣ ਤੋਂ ਬੱਚ ਸਕਣ ਅਤੇ ਭਵਿੱਖ ਵਿਚ ਵੀ ਸੁਚੇਤ ਰਹਿਣ।

 

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਨ ਦੇ ਮਕਸਦ ਨਾਲ ਲਿਖੇ ਜਾ ਰਹੇ ਸਾਡੇ ਪੱਖ ਦੀ ਇਸ ਲੇਖ ਲੜੀ ਦੇ ਅਗਲੇ ਹਿੱਸਿਆਂ ਵਿਚ ਬਾਕੀ ਬਚੇ ਦੋ ਕੁ ਸੱਜਣਾਂ ਦੇ ਪ੍ਰਚਾਰ ਬਾਰੇ ਆਪਣਾ ਪੱਖ ਰੱਖਣ ਦਾ ਯਤਨ ਛੇਤੀ ਹੀ ਕੀਤਾ ਜਾਵੇਗਾ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

23/11/2012


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top