Share on Facebook

Main News Page

ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਨੇ ਸਿੱਖ ਨੌਜਵਾਨ ਬੀਰ ਸਿੰਘ ਬੈਂਸ ਦੀ ਦਾਹੜੀ ਅਤੇ ਪੱਗ ਦੇ ਸਬੰਧ ਵਿਚ ਅੰਗਰੇਜ਼ੀ ਅਖਬਾਰ ’ਚ ਛਪੀ ਚਿੱਠੀ ਦਾ ਦਿੱਤਾ ਜਵਾਬ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) - ਨਿਊਜ਼ੀਲੈਂਡ ਜਿਹੜਾ ਕਿ ਬਹੁ ਕੌਮੀ ਲੋਕਾਂ ਦਾ ਇਕ ਬਿਹਤਰੀਨ ਦੇਸ਼ ਹੈ ਪਰ ਇਥੇ ਵੀ ਕਈ ਲੋਕਾਂ ਨੂੰ ਦੂਜੀਆਂ ਕੌਮਾਂ ਦੇ ਪੜੇ-ਲਿਖੇ ਅਤੇ ਯੋਗ ਲੋਕਾਂ ਨੂੰ ਉਚ ਅਹੁਦਿਆਂ ਤੱਕ ਪਹੁੰਚਦੇ ਵੇਖਣਾ ਅੱਖਾਂ ਵਿਚ ਰੜਕ ਪੈਣ ਦੇ ਬਰਾਬਰ ਹੋ ਰਿਹਾ ਹੈ, ਪਰ ਸਰਕਾਰ ਅਤੇ ਸਬੰਧਿਤ ਅਦਾਰੇ ਅਜਿਹੇ ਮਾਹਿਰ ਵਿਅਕਤੀਆਂ ਨੂੰ ਆਪਣੀ ਟੀਮ ਦੇ ਵਿਚ ਸ਼ਾਮਿਲ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਨ।

ਪਿਛਲੇ ਮਹੀਨੇ ਸਿੱਖ ਨੌਜਵਾਨ ਸ. ਬੀਰ ਬੇਅੰਤ ਸਿੰਘ ਬੈਂਸ ਨੇ ‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਦੇ ਵਿਚ ਭਰਤੀ ਹੋ ਕੇ ਫਲਾਇੰਗ ਆਫੀਸਰ ਵੱਜੋਂ ਗ੍ਰੈਜੂਏਸ਼ਨ ਪ੍ਰੇਡ ਵਿਚ ਭਾਗ ਲਿਆ। ਉਸਦੀ ਸਾਬਿਤ ਸੂਰਤ ਸਰੂਪ ਵਾਲੀ ਤਸਵੀਰ ਇਕ ਅੰਗਰੇਜ਼ੀ ਅਖਬਾਰ ‘ਮਾਰਲਬੋਰੋ ਐਕਸਪ੍ਰੈਸ’ ਵਿਚ ਛਪੀ ਵੇਖ ਕੇ ਅਖਬਾਰ ਦੀ ਕਿਸੀ ਪਾਠਕ ਨੇ ‘ਸੰਪਾਦਕ ਦੇ ਨਾਂਅ’ ਚਿੱਠੀ ਲਿਖੀ ਕਿ ‘ਫਲਾਇੰਗ ਅਫ਼ਸਰ’ ਬੀਰ ਬੈਂਸ ਪੂਰੀ ਦਾਹੜੀ ਰੱਖਣ ਅਤੇ ਪੱਗ ਬੰਨਣ ਦੇ ਯੋਗ ਕਿਉਂ ਹੈ? ਇਸ ਪਾਠਕ ਨੇ ਕਿਹਾ ਹੈ ਕਿ ਉਹ ਸਮਝਦੀ ਹੈ ਕਿ ਮਰਦ ਹਮੇਸ਼ਾਂ ਪੂਰੀ ਤਰਾਂ ‘ਕਲੀਨ ਸ਼ੇਵਨ’, ਚੰਗੀ ਤਰਾਂ ਕੱਟੇ ਵਾਲ ਅਤੇ ਆਪਣੀ ਪੂਰੀ ਵਰਦੀ ਵਿਚ ਹੋਣਾ ਚਾਹੀਦਾ ਹੈ, ਇਸ ਪ੍ਰਤੀ ਕੋਈ ਛੋਟ ਨਹੀਂ ਹੋਣੀ ਚਾਹੀਦੀ। ਇਸ ਪਾਠਕ ਨੇ ਇਹ ਵੀ ਕਿਹਾ ਕਿ ਇਸਦਾ ਮਤਲਬ ਇਹ ਹੋਇਆ ਕਿ ਸਾਰੇ ਮਰਦ ਲੰਬੇ ਵਾਲ ਅਤੇ ਦਾਹੜੀ ਰੱਖ ਸਕਦੇ ਹਨ ਅਤੇ ਗ੍ਰੇਜੂਏਸ਼ਨ ਦੌਰਾਨ ਮਰਜ਼ੀ ਦੀ ਟੋਪੀ ਪਹਿਨਣ ਦੀ ਚੋਣ ਵੀ ਕਰ ਸਕਦੇ ਹਨ।

ਇਸ ਚਿੱਠੀ ਦੇ ਉਤਰ ਵਿਚ ਰਾਇਲ ਨਿਊਜ਼ੀਲੈਂਡ ਏਅਰ ਫੋਰਸ ਦੇ ਬੁਲਾਰੇ ਸ੍ਰੀ ਸਕਾਡਰਨ ਲੀਡਰ ਟਾਵੀਆਉ ਕੋਰੋਮੈਂਡਲ ਨੇ ਜੋ ਜਵਾਬ ਦਿੱਤਾ ਹੈ ਉਸ ਨਾਲ ਉਪਰੋਕਤ ਚਿੱਠੀ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਕੇ ਉਸਦੀ ਤੰਗ ਸੋਚ ਨੂੰ ਜਰੂਰ ਕੁਝ ਚੰਗੀ ਹਵਾ ਮਿਲੀ ਹੋਵੇਗੀ। ਬੁਲਾਰੇ ਦਾ ਕਹਿਣਾ ਹੈ ਕਿ ‘ਸਾਡਾ ਵਰਦੀ ਜ਼ਾਬਤਾ ਮਨੁੱਖੀ ਹੱਕਾਂ ਦੇ ਕਾਨੂੰਨ ਅਤੇ ਸਾਡੀ ਫਿਲਾਸਫੀ ਦੇ ਅਨੁਕੂਲ ਹੋਣ ਦੀ ਵਿਵਸਥਾ ਰੱਖਦਾ ਹੈ ਅਤੇ ਇਸ ਨੂੰ ਸਾਡੇ ਮੈਂਬਰਾਂ ਅਤੇ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਸਲਾਹਿਆ ਗਿਆ ਹੈ। ਸਿੱਖ ਧਰਮ ਦੇ ਵਿਸ਼ਵਾਸ ਰੱਖਣ ਵਾਲੇ ਬੀਰ ਬੈਂਸ ਨੇ ਗ੍ਰੇਜੂਏਸ਼ਨ ਪ੍ਰੇਡ ਦੌਰਾਨ ਪੂਰੇ ਚੱਜ-ਅਚਾਰ ਨਾਲ ਸ਼ਿੰਗਾਰੀ ਪੁਸ਼ਾਕ ਪਹਿਨੀ ਸੀ ਜੋ ਕਿ ਵਰਦੀ ਜ਼ਾਬਤਾ ਪੂਰਾ ਕਰਦੀ ਹੈ। ਉਸ ਨੇ ਜੋ ਪੱਗ ਬੰਨੀ ਸੀ, ਉਹ ਏਅਰ ਫੋਰਸ ਨੇ ਉਸਨੂੰ ਇਸ ਵਿਸ਼ੇਸ਼ ਸਮਾਗਮ ਦੀ ਕਾਰਵਾਈ ਵਾਸਤੇ ਖੁਦ ਦਿੱਤੀ ਸੀ। ਸਿੱਖ ਧਰਮ ਦੇ ਪੈਰੋਕਾਰ ਰਾਜ ਸ਼ਾਸ਼ਨ ਅਤੇ ਰਾਸ਼ਟਰ ਮੰਡਲ ਨਾਲ ਗਹਿਰੇ ਸਬੰਧ ਰੱਖਦੇ ਹਨ ਜੋ ਬ੍ਰਿਟਿਸ਼ ਅਤੇ ਕੀਵੀ ਫੌਜੀ ਟੁਕੜੀਆਂ ਦੇ ਨਾਲ ਕਈ ਲੜਾਈਆਂ ਦੇ ਵਿਚ ਲੜੇ ਹਨ ਅਤੇ ਸ਼ਹੀਦ ਹੋਏ ਹਨ।

ਰਾਇਲ ਨਿਊਜ਼ੀਲੈਂਡ ਏਅਰ ਫੋਰਸ ਇਕੱਲੀ ਨਹੀਂ ਹੈ ਜੋ ਕਿ ਸਿੱਖਾਂ ਦੀ ਪੱਗ ਅਤੇ ਦਾਹੜੀ ਰੱਖੇ ਸਰੂਪ ਦਾ ਦੇਸ਼ ਦੀ ਸੇਵਾ ਵਿਚ ਸਵਾਗਤ ਕਰਦੀ ਹੈ ਜਦੋਂ ਕਿ ਉਹ ਆਪਣੇ ਧਰਮ ਦੇ ਵਿਚ ਸੱਚੇ ਬਣੇ ਰਹਿਣ। ਵਿਸ਼ਵ ਪੱਧਰ ’ਤੇ ਸਾਡੇ ਸਹਿਯੋਗੀ ਮੁਲਕ ਅਤੇ ਦੋਸਤ ਅਜਿਹਾ ਪਹਿਲਾਂ ਤੋਂ ਕਰਦੇ ਰਹੇ ਹਨ। ਨਿਊਜ਼ੀਲੈਂਡ ਦੇ ਵਿਚ ਪਹਿਲਾਂ ਵੀ ਸਿੱਖ ਪੁਲਿਸ ਵਿਚ ਭਰਤੀ ਹਨ, ਬ੍ਰਿਟਸ਼ ਆਰਮੀ, ਕੈਨੇਡੀਅਨ ਫੋਰਸ ਅਤੇ ਅਮਰੀਕਾ ਦੀ ਫੋਜ ਵਿਚ ਵੀ ਸੇਵਾ ਨਿਭਾਅ ਰਹੇ ਹਨ। ਅਸੀਂ ਇਸ ਗੱਲ ’ਤੇ ਬਹੁਤ ਖੁਸ਼ ਹਾਂ ਕਿ ਬੀਰ ਬੈਂਸ ਨੇ ਏਅਰ ਫੋਰਸ ਦੇ ਵਿਚ ਅਫ਼ਸਰ ਬਣ ਕੇ ਨਿਊਜ਼ੀਲੈਂਡ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ।’


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top