ਸਿੱਖੀ ਵਿੱਚ "ਰੱਬ" ਵੀ ਮੌਜੂਦ ਹੈ, ਅਤੇ
"ਸਤਿਗੁਰੂ" ਵੀ ਮੌਜੂਦ ਹੈ
- ਇੰਦਰਜੀਤ ਸਿੰਘ, ਕਾਨਪੁਰ
ਬੜੇ
ਹੀ ਦੁੱਖ ਦੀ ਗਲ ਹੈ, ਕਿ ਇਕ ਸਿੱਖ ਹੋ ਕੇ, ਅਸੀਂ ਹੱਲੀ ਵੀ ਇਹ ਤੈਅ ਕਰਣ ਵਿੱਚ ਲੱਗੇ ਹੋਏ ਹਾਂ
ਕਿ "ਸਾਡਾ ਗੁਰੂ ਕੌਣ ਹੈ"?, "ਗੁਰੂ ਕਿੱਨਾਂ ਹੈ "? , "ਗੁਰੂ ਕਿਥੋਂ ਤਕ ਹੈ?", "ਕੇੜ੍ਹਾ ਗੁਰੂ
ਅਸਲੀ ਹੈ ਅਤੇ ਕੇੜ੍ਹਾ ਗੁਰੂ ਨਕਲੀ ਹੈ ?", "ਗੁਰੂ ਦਾ ਕੇੜ੍ਹਾ ਅੰਗ ਗੁਰੂ ਅਖਵਾ ਸਕਦਾ ਹੈ ਅਤੇ
ਕੇੜ੍ਹਾ ਹਿੱਸਾ ਗੁਰੂ ਨਹੀਂ?"
ਬਹੁਤ ਹੀ ਹੈਰਾਨਗੀ ਵਾਲੀ ਤਾਂ ਗਲ ਇਹ ਹੈ ਕਿ ਸ਼ਾਇਦ ਸਾਨੂੰ ਹੱਲੀ ਇਹ ਵੀ ਪਤਾ ਨਹੀਂ ਲਗ ਸਕਿਆ ਕਿ
"ਗੁਰੂ ਨੂੰ ਗੁਰੂ ਕਹਿਣਾ ਹੈ ਕਿ "ਬਾਬਾ" ਜਾਂ "ਪਾਤਸ਼ਾਹ" ? "ਸ਼ਬਦ ਗੁਰੂ" ਇਕ "ਵਿਚਾਰਧਾਰਾ" ਹੈ
ਕਿ "ਰੱਬੀ ਗੁਣਾਂ" ਦਾ ਖਜਾਨਾਂ ਹੈ?"
ਸਾਡੇ ਵਿਦਵਾਨ ਅਖਵਾਉਣ ਵਾਲੇ ਕੁਝ ਲੋਗ ਆਪਣੀਆਂ ਵੇਬਸਾਈਟਾਂ ਤੇ ਇਹ ਬਹਿਸ ਕਰਵਾਂਉਦੇ ਵੀ ਵੇਖੇ
ਜਾ ਰਹੇ ਨੇ ਕਿ "ਰੱਬ ਹੈ ਕਿ ਨਹੀਂ?"। "ਇਕ ਵੇਬਸਾਈਟ ਤੇ ਇਹੋ ਜਹੀ ਚਰਚਾ ਵਾਲੀਆਂ ਵੀਡੀਉ ਵੇਖ
ਕੇ ਤਾਂ ਇੰਜ ਲਗਾ, ਕਿ ਜਾਂ ਤਾਂ "ਸਿੱਖ" ਅਪਣੇ ਗੁਰੂ ਨਾਲੋਂ ਵੀ ਅਗਾਂਹ ਲੰਘ ਗਇਆ ਹੈ", ਜਾਂ
ਮੂਰਖਤਾ ਦੀ ਹੱਦ ਤੋਂ ਵੀ ਥੱਲੇ ਡਿੱਗ ਚੁਕਾ ਹੈ। ਭਲਿਉ ! ਜੇ ਰੱਬ ਹੀ ਨਹੀਂ ਤਾਂ ਫਿਰ "ਗੁਰੂ ਦਾ
ਕੀ ਕੰਮ ਹੈ? ਗੁਰੂ ਨੇ ਫਿਰ ਸਾਨੂੰ ਕੀ ਦੇਣਾਂ ਹੈ? ਅਤੇ ਗੁਰੂ ਕੋਲੋਂ ਅਸਾਂ ਕੀ ਲੈਣਾਂ ਹੈ?
ਜੇ ਸਾਨੂੰ ਹੱਲੀ ਇਹ ਨਹੀਂ ਪਤਾ ਕਿ "ਰੱਬ ਹੈ ਵੀ ਜਾਂ ਨਹੀਂ?" ਜਾਂ "ਗੁਰੂ" ਨੂੰ "ਗੁਰੂ" ਵੀ
ਕਹਿਣਾ ਹੈ ਕਿ ਨਹੀਂ? ਤਾਂ, "ਗੁਰੂ ਗ੍ਰੰਥ ਸਾਹਿਬ ਦਾ ਸਿੱਖ" ਅਖਵਾਉਣ ਵੇਲੇ, ਸਾਨੂੰ ਅਪਣੇ ਆਪ
ਤੇ ਸ਼ਰਮ ਆਉਣੀ ਚਾਹੀਦੀ ਹੈ। ਇਸ ਦਾ ਤਾਂ ਸਾਫ ਮਤਲਬ ਇਹ ਹੈ ਕਿ ਅਸੀ ਗੁਰੂ ਗ੍ਰੰਥ ਸਾਹਿਬ ਨਾਲ
ਅੱਜ ਤਕ ਜੁੱੜੇ ਹੀ ਨਹੀਂ। ਉਨਾਂ ਕੋਲੋਂ ਅਸੀਂ ਕੋਈ ਸੇਧ ਲਈ ਹੀ ਨਹੀਂ, ਜੇ ਸਾਨੂੰ ਹੱਲੀ ਇਹ ਵੀ
ਨਹੀਂ ਪਤਾ ਕਿ "ਰੱਬ ਹੈ ਜਾਂ ਨਹੀਂ"।
ਸਾਡੀ ਤਾਂ "ਸ਼ੁਰੂਆਤ", ਸਾਡਾ "ਮੂਲ", ਸਾਡੀ "ਉਰਿਜਿਨ" ਸਾਡੀ "ਹੋਂਦ", ਸਾਡੀ "ਏਗਜਿਸਟੇਂਸ" ਦਾ
ਹੀ ਸਾਨੂੰ ਨਹੀਂ ਪਤਾ, ਜੋ "ੴ ਸਤਿਗੁਰ ਪ੍ਰਾਸਦਿ॥" ਤੋਂ ਸ਼ੁਰੂ ਹੂੰਦੀ ਹੈ। ਸਾਡਾ (ਸਿੱਖ ਦਾ)
ਜਨਮ ਹੀ ਇਨ੍ਹਾਂ ਸ਼ਬਦਾਂ ਤੋਂ ਸ਼ੁਰੂ ਹੂੰਦਾ ਹੈ, ਜਿਸ ਵਿੱਚ "ੴ" ਵੀ ਮੌਜੂਦ ਹੈ, ਅਤੇ "ਸਤਿਗੁਰ"
ਵੀ ਮੌਜੂਦ ਹੈ।
ਹੱਲੀ ਵੀ ਅਸੀਂ ਲਭਦੇ ਫਿਰਦੇ ਹਾਂ, ਤੌਖਲੇ ਪਾਲੀ ਬੈਠੇ ਹਾਂ ਕਿ "ਰੱਬ ਹੈ ਵੀ ਜਾਂ ਨਹੀਂ?", "ਗੁਰੂ
ਨੂੰ ਗੁਰੂ ਕਹਿਣਾ ਵੀ ਹੈ ਕਿ ਨਹੀਂ?
ਉਸ "ੴ" ਦਾ ਵਾਸਤਾ ਜੇ, ਜੋ "ਸਤਿਗੁਰੂ" ਦੇ "ਪ੍ਰਸਾਦਿ" ਨਾਲ ਹੀ ਪ੍ਰਾਪਤ ਹੁੰਦਾ ਹੈ, ਇਹੋ ਜਹੀਆ
ਬਹਿਸਾਂ ਕਰਕੇ ਅਪਣੇ "ਅਸਿੱਖ" ਹੋਣ ਦਾ ਮੁਜਾਹਿਰਾ ਨਾ ਕਰੋ, ਅਤੇ ਸਿੱਖੀ ਦੀ ਨਵੀਂ ਪੀੜ੍ਹੀ ਜੋ
"ੴ ਸਤਿਗੁਰ ਪ੍ਰਸਾਦਿ॥" ਦੀ ਪਹਿਲੀ ਪਾਏਦਾਨ ਤੋਂ "ਰੱਬ ਦੇ ਹੋਣ ਦੀ" ਅਤੇ ਅਪਣੇ "ਸਤਿਗੁਰੂ" ਨੂੰ
"ਗੁਰੂ" ਕਹਿਣ ਦੀ ਗੱਲ ਸਿਖਦੀ ਹੈ, ਸਿੱਖੀ ਜੀਵਨ ਸ਼ੁਰੂ ਕਰਦੀ ਹੈ। ਉਸ ਦੇ ਮਨ ਵਿੱਚ ਨਵੇਂ ਨਵੇਂ
ਭੰਬਲਭੁਸੇ ਖੜੇ ਕਰਕੇ, ਅਪਣੀ ਦੰਭੀ ਵਿਦਵਤਾ ਦਾ ਪ੍ਰਦਰਸ਼ਨ ਨਾ ਕਰੋ।
|