Share on Facebook

Main News Page

ਜੇਕਰ ਗੁਰੂ ਗ੍ਰੰਥ ਸਾਹਿਬ ਵਿੱਚ ਰਹਿਰਾਸ ਦੇ ਹੈਡਿੰਗ ਥੱਲੇ ਕੋਈ ਬਾਣੀ ਹੈ ਹੀ ਨਹੀਂ, ਤਾਂ ਫਿਰ ਰਹਿਰਾਸ ਨਾਮ ਕਿਵੇਂ ਪ੍ਰਚਲਤ ਹੋਇਆ?
-
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

• ਸੋਹਿਲਾ ਹੈਡਿੰਗ ਵਾਲਾ ਸ਼ਬਦ “ਕੀਰਤਨ ਸੋਹਿਲਾ ਦੇ ਨਾਂ ਨਾਲ ਕਿਵੇਂ ਪ੍ਰਚਲਿਤ ਹੋਇਆ?
• ਗੁਰੂ ਅਰਜਨ ਪਾਤਸ਼ਾਹ ਜੀ ਨੇ ਸੋਦਰ ਦੀ ਸੰਪਾਦਨਾ ਕਰਨ ਵੇਲੇ ਸ਼ਬਦ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਲਏ, ਪਰ ਸੋਦਰ ਵਿੱਚ ਇਕੱਠੇ ਕਿਉਂ ਕੀਤੇ?

ਨੋਟ: ਇਹ ਕਥਾ ਕਾਫੀ ਸਾਲ ਪਹਿਲਾਂ ਦੀ ਹੈ।

(ਮਨਜੀਤ ਸਿੰਘ ਖਾਲਸਾ, ਮੋਹਾਲੀ) ਰੋਜਾਨਾਂ ਜੀਵਨ ਨਾਲ ਸਬੰਧ ਰੱਖਣ ਵਾਲੀ ਰਚਨਾ ਜਿਸਦਾ ਪਹਿਲਾ ਨਾਂ ਸੋਦਰ, ਅਤੇ ਦੂਜਾ ਬਦਲਿਆਂ ਹੋਇਆਂ ਨਾਂ ਰਹਿਰਾਸ ਹੈ, ਜਿਸਨੂੰ ਸਤਿਗੁਰੂ ਵਲੋਂ ਬਖਸ਼ੀ ਬੱਲ ਬੁੱਧ ਰਾਂਹੀ ਬੜੀ ਸਹਿਜਤਾ ਨਾਲ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਸਿਖ ਸੰਗਤਾਂ ਨੂੰ ਸੋਦਰ ਬਾਣੀ ਦੇ ਲੜੀ ਵਾਰ ਕੀਰਤਨ ਰਾਹੀਂ ਸਮਝਾਉਣ ਦਾ ਖੂਬਸੂਰਤ ਉਪਰਾਲਾ ਕੀਤਾ ਹੈ, ਜਿਸ ਲਈ ਸਿਖ ਪੰਥ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੇ ਇਸ ਉੱਦਮ ਲਈ ਉਨ੍ਹਾਂ ਨੂੰ ਯਾਦ ਕਰਦਾ ਰਹੇਗਾ।

ਉਨ੍ਹਾਂ ਨੇ ਇਸ ਬਾਣੀ ਸਬੰਧੀ ਕਿਹਾ ਕਿ ਇਹ ਖਾਸ ਧਿਆਨ ਵਿੱਚ ਰੱਖਣ ਦੀ ਜਰੂਰਤ ਹੈ ਕਿ ਸੋਦਰ ਦਾ ਸ਼ਬਦ ਪਉੜੀ ਰੂਪ ਵਿੱਚ ਜਪੁ ਬਾਣੀ ਸਮੇਤ ਤਿੰਨ ਥਾਂਵੇਂ ਆਇਆ ਹੈ, ਪਹਿਲਾ ਜਪ ਬਾਣੀ ਵਿੱਚ, ਦੂਜਾ ਸੋਦਰ ਵਿੱਚ, ਅਤੇ ਤੀਜਾ ਆਸਾ ਰਾਗ ਵਿੱਚ, ਲੇਕਿਨ ਇਨ੍ਹਾਂ ਤਿਨ੍ਹਾਂ ਵਿੱਚ ਫਰਕ ਇਹ ਹੈ ਕਿ ਜਦੋਂ ਜਪ ਬਾਣੀ ਵਿੱਚ ਪਉੜੀ ਦੇ ਰੂਪ ਵਿੱਚ ਆਇਆ, ਤਾਂ ਉਥੇ ਇਸ ਦਾ ਹੈਡਿੰਗ ਸੋਦਰ ਨਹੀਂ, ਕਿਉਕਿ ਜਪ ਬਾਣੀ ਵਿੱਚ ਜਪ ਦੀ ਭਾਵਨਾ ਅਧੀਨ, ਆਦਿ ਸਚ ਤੋਂ ਬਾਅਦ, ਅਕਾਲ ਪੁਰਖ ਦੇ ਜਪ ਦੀ ਗੱਲ ਚੱਲ ਰਹੀ ਸੀ, ਜਿਸ ਵਿੱਚ ਸੋਦਰ ਦੀ ਪਉੜੀ ਵੀ ਆਈ, ਇਸ ਲਈ ਜਪ ਬਾਣੀ ਵਿੱਚ ਕੋਈ ਵੱਖਰਾ ਸੋਦਰ ਦਾ ਹੈਡਿੰਗ ਦੇਣ ਦੀ ਗੁਰੂ ਸਾਹਿਬ ਨੂੰ ਲੋੜ ਨਹੀਂ ਪਈ, ਪਰ ਸੋਦਰ ਕਿਉਂਕਿ ਵਖਰੀ ਰਚਨਾ ਹੈ, ਇਸ ਲਈ ਸੰਬੋਧਨ ਕੀਤਾ ਗਿਆ ਕਿ ਕਿਸ ਨੂੰ ਜਪ ਰਿਹਾ ਹਾਂ? ਇਸ ਲਈ ਸੋਦਰ ਬਾਣੀ ਵਿੱਚ ਹਰ ਤੁੱਕ ਨਾਲ ਲਫਜ਼ ਤੇਰਾ ਵਰਤਿਆ ਹੈ, ਪਰ ਜਪ ਬਾਣੀ ਵਿੱਚ ਤੇਰਾ, ਤੁਧਨੋ ਲਫਜ਼ ਨਾਲ ਸੰਬੋਧਨ ਨਹੀਂ ਕੀਤਾ ਗਿਆ।

ਹੇ ਸਤਿਗੁਰੂ ਤੇਰੀਆਂ ਜਿਨ੍ਹੀਆਂ ਵੀ ਸਿਫਤਾਂ ਨੇ, ਆਦਿ ਸਚ ਹੈ, ਜੁਗਾਦਿ ਸਚ ਹੈ, ਤੇਰੇ ਕੋਲ ਸਮਰਥਾ ਹੈ, ਸੋਚੇ ਸੋਚ ਨਾ ਹੋਵਈ, ਜੇ ਸੋਚੀਂ ਲੱਖ ਵਾਰ, ਜਿਨ੍ਹੀ ਮਰਜੀ ਸਾਡੇ ਕੋਲ ਵਿਚਾਰਧਾਰਾ, ਤੇ ਸ਼ਕਤੀ ਹੋਵੇ, ਪਰ ਤੇਰੀ ਮਰਜੀ ਤੋਂ ਬਿਨ੍ਹਾਂ ਕੁੱਝ ਨਹੀਂ ਹੋ ਸਕਦਾ, ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ, ਜਿਨ੍ਹੀ ਉਸ ਅਕਾਲ ਪੁਰਖ ਦੀ ਵਡਿਆਈ ਹੈ, ਉਸ ਵਿੱਚ ਸ਼ਾਮਲ ਹੋਇਆ ਹੈ ਸੋਦਰ, ਸੋਦਰ ਵਿੱਚ ਸੰਬੋਧਨ ਕੀਤਾ ਹੈ ਅਕਾਲ ਪੁਰਖ ਨੂੰ, ਇਸ ਲਈ ਇਸ ਬਾਣੀ ਦਾ ਹੈਡਿੰਗ ਹੈ ਸੋਦਰ, ਇਕ ਗੱਲ ਹੋਰ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਰਹਿਰਾਸ ਸ਼ਬਦ ਦੇ, ਹੈਡਿੰਗ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਬਾਣੀ ਨਹੀਂ। ਫਿਰ ਵੀ ਇਸ ਬਾਣੀ ਦਾ ਨਾਂ ਰਹਿਰਾਸ ਕਿਵੇਂ ਪ੍ਰਚਲਿਤ ਹੋਇਆ? ਇਹ ਬੜੀ ਸਹਿਜਤਾ ਨਾਲ ਵਿਚਾਰਨ ਦੀ ਜਰੂਰਤ ਹੈ।ਜੇਕਰ ਗੁਰੂ ਗ੍ਰੰਥ ਸਾਹਿਬ ਵਿੱਚ ਰਹਿਰਾਸ ਦੇ ਹੈਡਿੰਗ ਥੱਲੇ ਕੋਈ ਬਾਣੀ ਹੈ ਹੀ ਨਹੀਂ, ਤਾਂ ਫਿਰ ਰਹਿਰਾਸ ਨਾਮ ਕਿਵੇਂ ਪ੍ਰਚਲਤ ਹੋਇਆ?

ਆਰੰਭ ਵਿੱਚ ਇਸ ਰਚਨਾ ਦਾ ਨਾਂ ਕੇਵਲ ਸੋਦਰ ਸੀ। ਇਹ ਰਚਨਾ ਸੋਦਰ ਨਾਂ ਥੱਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਸ਼ੁਰੂ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਜਦੋਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦਾ ਜਿਕਰ ਕੀਤਾ, ਤਾਂ ਉਨ੍ਹਾਂ ਨੇ ਵੀ ਲਫਜ਼ ਸੋਦਰ ਹੀ ਲਿਖਿਆ, ਪਰ ਉਸ ਸਮੇਂ ਜਿਸਨੂੰ ਅੱਜ ਅਸੀਂ ਰਹਿਰਾਸ ਕਹਿੰਦੇ ਹਾਂ, ਵਿਚ ਮੋਜੂਦਾ ਸਾਰੇ ਸ਼ਬਦ ਨਹੀਂ ਸਨ, ਕਿਉਕਿ ਉਸ ਸਮੇਂ ਚੌਥੇ ਅਤੇ ਪੰਜਵੇ ਪਾਤਸ਼ਾਹ ਜੀ ਦੇ ਸ਼ਬਦ ਉੱਚਾਰਣ ਹੀ ਨਹੀਂ ਸਨ ਹੋਏ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ, ਇੱਕਲਾ ਸੋਦਰ ਦਾ ਸ਼ਬਦ ਹੀ ਪੜਿਆ ਜਾਂਦਾ ਸੀ, ਇਸ ਲਈ ਅੱਜ ਤੱਕ ਬਜੁਰਗ ਕਹਿੰਦੇ ਨੇ ਕਿ ਆਉ ਸੋਦਰ ਦਾ ਪਾਠ ਕਰਈਏ, ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਕੇਵਲ ਇਕ ਸ਼ਬਦ ਸੋਦਰ ਦੇ ਰੂਪ ਵਿੱਚ ਪੜਿਆ ਜਾਂਦਾ ਸੀ, ਪੜਿਆ ਨਹੀਂ, ਗਾਇਆ ਜਾਂਦਾ ਸੀ, ਇਸੇ ਲਈ ਅੱਜ ਤੱਕ ਹਰਿਮੰਦਰ ਸਾਹਿਬ ਤੋਂ ਵੀ ਸ਼ਾਮ ਨੂੰ ਸੋਦਰ ਦਾ ਪਾਠ “ਸੁਣਿ ਵਡਾ ਆਖੇ…ਤੋਂ ਆਰੰਭ ਕਰਨ ਤੋਂ ਪਹਿਲਾਂ, ਸੋਦਰ ਬਕਾਇਦਾ ਗਾਇਆ ਜਾਂਦਾ ਹੇ, ਪੁਰਾਤਨ ਪਰੰਪਰਾਵਾਂ ਨੂੰ ਵਿਚਾਰਨਾ ਬਹੁਤ ਜਰੂਰੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵਿੱਚ ਸੋਦਰ ਗਇਆ ਜਾਂਦਾ ਸੀ ਜਿਸ ਬਾਰੇ ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ, “ਫਿਰਿ ਬਾਬਾ ਆਇਆ ਕਰਤਾਰਪੁਰ ਭੇਖੁ ਉਦਾਸੀ ਸਗਲ ਉਤਾਰਾ । ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ । ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ । ਪੁਤਰੀ ਕਉਲੁ ਨ ਪਾਲਿੳ ਮਨਿ ਖੋਟੇ ਆਕੀ ਨਸਿਆਰਾ । ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ। ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ । ਸੋਦਰੁ ਆਰਤੀ ਗਾਵੀਆ ਅੰਮ੍ਰਿਤ ਵੇਲੇ ਜਾਪੁ ਉਚਾਰਾ” ੳਤੇ “ਸੰਝੈ ਸੋਦਰੁ ਗਾਵਂਦਾ ਮਨ ਮੇਲੀ ਕਰਿ ਮੇਲਿ ਮਿਲੰਦੇ”।

ਸੰਝੇ ਤੋਂ ਭਾਵ ਹੈ ਸ਼ਾਮ ਵੇਲਾ, ਪੁਰਾਤਨ ਬੋਲੀ ਵਿੱਚ ਸ਼ਾਮ ਨੂੰ ਸਾਂਝ ਵੇਲਾ ਕਹਿੰਦੇ ਸਨ, ਸੰਝੈ ਸੋਦਰੁ ਗਾਵਣਾ, ਅਮ੍ਰਿੰਤ ਵੇਲੇ ਜਾਪ ਉਚਾਰਾ।

ਭਾਈ ਗੁਰਦਾਸ ਜੀ ਨੇ ਦੋ ਗੱਲਾਂ ਸਪਸ਼ਟ ਕਰ ਦਿੱਤੀਆ, ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਨਿਤਨੇਮ ਵਿੱਚ "ਸੋਦਰੁ ਆਰਤੀ ਗਾਵੀਆ ਅੰਮ੍ਰਿਤ ਵੇਲੇ ਜਾਪੁ ਉਚਾਰਾ" । ਸਵੇਰੇ ਜਪ ਬਾਣੀ ਦਾ ਉਚਾਰਣ ਕੀਤਾ ਜਾਦਾ ਸੀ ਤੇ ਸ਼ਾਮ ਵੇਲੇ ਸੋਦਰ ਤੇ ਆਰਤੀ ਗਾਈ ਜਾਂਦੀ ਸੀ, ਤੇ ਇਹ ਵੀ ਜਿਕਰ ਕਰ ਦਿਤਾ, ਰਾਤੀ ਕੀਰਤਨ ਸੋਹਿਲਾ ਗਾਇਆ ਜਾਂਦਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈਡਿੰਗ “ਸੋਹਿਲਾ ਰਾਗ ਦੀਪਕੀ ਮਹਲਾ 1” ਲਫਜ਼ ਹੈ, ਪਰ ਇਹ ਸੋਹਿਲਾ ਹੈਡਿੰਗ ਵਾਲਾ ਸ਼ਬਦ “ਕੀਰਤਨ ਸੋਹਿਲਾ ਦੇ ਨਾਂ ਨਾਲ ਕਿਵੇਂ ਪ੍ਰਚਲਿਤ ਹੋਇਆ? ਕਿਉਂਕਿ ਸੋਹਿਲਾ ਕੀਰਤਨ ਦੇ ਰੂਪ ਵਿੱਚ ਗਾ ਕੇ ਪੜਿਆ ਜਾਂਦਾ ਸੀ। ਕਿਉਕਿ ਉਦੋਂ ਬਾਣੀ ਦਾ ਇਨ੍ਹਾਂ ਫੈਲਾੳ ਨਹੀਂ ਸੀ ਹੋਇਆ, ਇਹ ਜਿਹੜੀ ਸੋਦਰ ਦੀ ਬਾਣੀ ਅਸੀਂ ਅੱਜ ਪੜਦੇ ਹਾਂ, ਉਦੋਂ ਕੇਵਲ ਇਕ ਸ਼ਬਦ ਹੀ ਪੜਿਆ ਜਾਂਦਾ ਸੀ, ਜਿਉਂ ਕਿਉਂ ਬਾਣੀ ਇਕੱਤਰ ਜਿਆਦਾ ਹੁੰਦੀ ਗਈ, ਤਿਉਂ ਤਿਉਂ ਹਰ ਰੋਜ਼ ਗਾ ਕੇ ਪੜਣਾ ਮੁਸ਼ਕਿਲ ਸੀ ਕਿਉਂਕਿ ਗਾ ਕੇ ਸਮਾਂ ਜਿਆਦਾ ਲਗਦਾ ਸੀ ਇਸੇ ਲਈ ਬਾਅਦ ਵਿੱਚ ਸੋਦਰ ਪਾਠ ਦੇ ਰੂਪ ਵਿੱਚ ਪ੍ਰਚਲਿਤ ਹੋ ਗਿਆ, ਜਿਵੇਂ ਉਦੋਂ ਕੇਵਲ ਸੋਦਰ ਦਾ ਸ਼ਬਦ ਪੜਿਆ ਜਾਂਦਾ ਸੀ, ਇਸੇ ਤਰ੍ਹਾਂ ਉਦੋਂ “ਸੋਹਿਲਾ” ਗਾ ਕੇ ਪੜਿਆ ਜਾਂਦਾ ਸੀ, ਗਾ ਕੇ ਪੜੇ ਜਾਣ ਕਾਰਣ ਇਸਦਾ ਨਾਂ ਸੋਹਿਲਾ ਨਾ ਰਹਿ ਕੇ “ਕੀਰਤਨ ਸੋਹਿਲਾ” ਪ੍ਰਚਲੱਤ ਹੋ ਗਿਆ, ਇਸੇ ਤਰ੍ਹਾਂ ਸੋਦਰ ਦਾ ਸ਼ਬਦ ਹੈ, ਸੋਦਰ ਦਾ ਜੋ ਸਰੂਪ ਅਸੀਂ ਅੱਜ ਦੇਖਦੇ ਹਾਂ, ਇਹ ਗੁਰੂ ਅਰਜਨ ਪਾਤਸ਼ਾਹ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਬਾਅਦ ਹੋਂਦ ਵਿੱਚ ਆਇਆ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਸੋਦਰ ਦੀ ਸੰਪਾਦਨਾ ਕਰਨ ਵੇਲੇ ਸ਼ਬਦ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਲਏ, ਪਰ ਸੋਦਰ ਵਿੱਚ ਇਕੱਠੇ ਕਿਉਂ ਕੀਤੇ? ਜਦੋਂ ਕਿ ਸ਼ਬਦ ਪਹਿਲਾ ਵਾਲੀ ਉਸ ਥਾਂ ਤੇ ਵੀ ਮੌਜੂਦ ਸਨ, ਤਾਂ ਫਿਰ ਦੁਬਾਰਾ ਉਨ੍ਹਾਂ ਸ਼ਬਦਾਂ ਨੂੰ ਸੋਦਰ ਵਿੱਚ ਇਕੱਠੇ ਕਰਨ ਦਾ ਮਤਲੱਬ ਸੀ ਕਿ ਸੰਗਤਾਂ ਨੂੰ ਨਿਤਨੇਮ ਦਿੱਤਾ ਜਾ ਸਕੇ, ਨਹੀਂ ਤਾਂ ਜੇਕਰ ਸ਼ਬਦ ਦਾ ਹੀ ਮਸਲਾ ਹੁੰਦਾ ਤਾਂ ਸ਼ਬਦ ਤਾਂ ਪਹਿਲਾਂ ਰਾਗਾਂ ਵਿੱਚ ਹੈ ਹੀ ਸਨ, ਸੋਦਰ ਰਾਗ ਆਸਾ ਦੇ ਆਰੰਭ ਵਿੱਚ ਆ ਗਿਆ, ਇਸੇ ਤਰ੍ਹਾਂ ਸੁਣ ਵਡਾ ਆਖੇ ਸਭ ਕੋਏ ਦਾ ਸ਼ਬਦ ਵੀ ਆ ਗਿਆ, ਆਖਾ ਜੀਵਾ ਵਿਸਰੈ ਮਰ ਜਾੳ ਦਾ ਸ਼ਬਦ ਵੀ ਆ ਗਿਆ, ਹਰਿ ਕੇ ਜਨ ਸਤਿਗੁਰ ਸਤਿ ਪੁਰਖਾ ਦਾ ਸ਼ਬਦ ਵੀ ਆ ਗਿਆ, ਸਾਰੇ ਹੀ ਸ਼ਬਦ ਆਪਣੇ ਆਪਣੇ ਥਾਂਵੇਂ ਰਾਗਾਂ ਵਿੱਚ ਮੌਜੂਦ ਹਨ, ਇਹ ਸਾਰੇ ਸ਼ਬਦ ਉਥੇ ਵੀ ਰਹਿਣ ਦਿੱਤੇ ਗਏ, ਉਥੋਂ ਖਤਮ ਨਹੀਂ ਕੀਤੇ, ਬਲਕਿ ਉਥੋਂ ਚੁੱਕ ਕੇ ਸੋਦਰ ਦੀ ਰਚਨਾ ਵਿੱਚ ਵੀ ਸ਼ਾਮਲ ਕਰ ਲਏ ਗਏ, ਉਨ੍ਹਾਂ ਰਾਗਾਂ ਵਿੱਚ ਵੀ ਰਹਿਣ ਦਿੱਤੇ ਗਏ, ਕਿਉਂ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਬਣਤਰ ਦਾ ਸਰੂਪ ਇਹ ਦਸਦਾ ਹੈ, ਜਦੋਂ ਜਪ ਬਾਣੀ ਸਮਾਪਤ ਹੁੰਦੀ ਹੈ, ਤਾਂ ਸੋਦਰ ਸ਼ੁਰੂ ਹੋ ਜਾਂਦਾ ਹੈ, ਤੇ ਗੁਰੂ ਅਰਜਨ ਪਾਤਸ਼ਾਹ ਜੀ ਵਲੋਂ ਸੋਦਰ ਦੇ ਨਾਲ ਅੱਠ ਸ਼ਬਦ ਹੋਰ ਸੰਪਾਦਨ ਕੀਤੇ ਗਏ, ਪਰ ਲਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ, ਇਸਦਾ ਮਤਲੱਬ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜਾ ਸੋਦਰ ਦੀ ਬਾਣੀ ਦੀ ਰਚਨਾ ਦਾ ਉਪਰਾਲਾ ਕੀਤਾ ਉਹ ਅੱਠ ਤੇ ਇਕ ਸੋਦਰ ਨੌਂ ਸ਼ਬਦਾਂ ਦੀ ਇੱਕਤਰਤਾ ਸੀ, ਇਸ ਤੋਂ ਜਿਆਦਾ ਨਹੀਂ ਸੀ, ਬਾਕੀ ਸਮੇਂ ਸਮੇਂ ਨਾਲ ਹੋਰ ਸ਼ਬਦਾਂ ਦੀ ਇਕੱਤਰਤਾ ਪੰਥਕ ਤੌਰ ਤੇ ਹੁੰਦੀ ਰਹੀ।

ਮਸਲਨ ਚੌਪਈ ਦੀ ਰਚਨਾ ਸੋਦਰ ਵਿੱਚ ਆਈ, ਉਸ ਤੋਂ ਬਾਅਦ ਸੋਦਰ ਵਿੱਚ ਆਨੰਦ ਸਾਹਿਬ ਦੀ ਰਚਨਾ, ਕੁੱਝ ਸਵਈਏ, ਦੋਹਰਾ, ਫਿਰ ਮੁੰਦਾਵਣੀ ਬਾਣੀ ਦੀਆਂ ਰਚਨਾਵਾਂ ਬਾਅਦ ਵਿੱਚ ਸ਼ਾਮਲ ਹੋਈਆਂ, ਪਰ ਇਨ੍ਹਾਂ ਰਚਨਾਵਾਂ ਦੀ ਸੋਦਰ ਵਿੱਚ ਇੱਕਤਰਤਾ ਵੇਲੇ ਕਈ ਵਾਰ ਉਕਾਈਆਂ ਵੀ ਹੋਈਆਂ, ਉਨ੍ਹਾਂ ਉਕਾਈਆਂ ਨੂੰ ਸੋਧਿਆ ਵੀ ਗਿਆ, ਪਰ ਜਿਹੜੇ ਨੌਂ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੀ ਹੱਥੀਂ ਸੰਪਾਦਨਾ ਕਰ ਦਿੱਤੇ ਇਨ੍ਹਾਂ ਨੂੰ ਨਹੀਂ ਛੇੜਿਆ ਗਿਆ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੀਂ ਹੱਥੀਂ ਫੈਸਲਾ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਵਿੱਚੋਂ ਥਾਂ ਥਾਂ ਤੋਂ ਲੈ ਕੇ ਇਹ ਨੌਂ ਸ਼ਬਦ ਆਰੰਭ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਜਪ ਬਾਣੀ ਤੋਂ ਬਾਅਦ ਲਿਖ ਦਿੱਤੇ, ਇਸੇ ਤਰ੍ਹਾਂ ਕੀਰਤਨ ਸੋਹਿਲਾ ਜਿਸਦਾ ਬਾਣੀ ਵਿੱਚ ਵੀ ਹੈਡਿੰਗ ਸੋਹਿਲਾ ਆਉਂਦਾ ਹੈ, ਉਸਦੇ ਨਾਲ ਵੀ ਚਾਰ ਹੋਰ ਸ਼ਬਦ ਜੋੜੇ ਸੰਪਾਦਨਾ ਵੇਲੇ, ਇਹ ਹੈਡਿੰਗ “ਸੋਹਿਲਾ ਰਾਗ ਦੀਪਕੀ ਮਹਲਾ 1” ਕੇਵਲ ਇਕੋ ਸ਼ਬਦ ਨਾਲ ਹੈ “ਜਿਹ ਘਰ ਕੀਰਤਿ ਆਖੀਅਹਿ ਕਰਤੇ ਕਾ ਹੋਇ ਬੀਚਾਰੋ” ਨਾਲ, ਅਗਲੇ ਚਾਰ ਸ਼ਬਦਾ ਨਾਲ ਸੋਹਿਲਾ ਲਫਜ ਕੋਈ ਨਹੀਂ, ਅੰਦਰ ਹੈ, ਹੁਣ ਦੇਖਣਾ ਹੈ ਕਿ ਇਸ ਰਚਨਾ ਦਾ ਨਾਮ ਰਹਿਰਾਸ ਕਿਵੇਂ ਪਿਆ, ਇਸਨੂੰ ਵਿਚਾਰਨ ਤੋਂ ਪਹਿਲਾਂ ਆਪਾਂ ਕੁੱਝ ਵਿਚਾਰਾਂ ਨੂੰ ਬੜੀ ਸਹਿਜਤਾ ਨਾਲ ਵਿਚਾਰਨਾ ਹੈ, ਕਿਉਂਕਿ ਬਾਅਦ ਵਿੱਚ ਸੰਪਾਦਨਾ ਬਦਲਦੀ ਗਈ, ਕੁੱਝ ਸੰਪਰਦਾਈਆਂ ਨੇ ਬਦਲੀ, ਕੁੱਝ ਪੰਥਕ ਤੌਰ ਤੇ ਸਿਖ ਸੇਵਕਾਂ ਦੀ ਵਿਚਾਰ ਨਾਲ, ਹੋਰ ਸੰਪਾਦਨਾ ਹੁੰਦੀ ਗਈ, ਨਾਲ ਨਾਲ ਹੋਰ ਸ਼ਬਦ ਜੋੜੇ ਗਏ, ਜਿਨ੍ਹਾਂ ਵਿੱਚੋਂ ਚੌਪਈ ਦੀ ਰਚਨਾ ਵੀ ਬਾਅਦ ਵਿੱਚ ਜੋੜੀ ਗਈ, ਔਰ ਚੌਪਈ ਦੀ ਰਚਨਾ ਜੋੜਨ ਲਗਿਆਂ ਜਿਹੜੀਆਂ ਉਕਾਈਆਂ ਸਨ ਉਹ ਵੀ ਛੋਈਆਂ ਗਈਆਂ, ਜਦੋਂ ਚੌਪਈ ਦੀ ਰਚਨਾ ਸੋਦਰ ਵਿੱਚ ਪਾਈ ਗਈ, ਤਾਂ ਪਤਾ ਨਹੀਂ ਕਿਸਨੇ ਸ਼ਾਜਿਸ਼ ਨਾਲ ਕੁੱਝ ਉਹ ਲਫਜ਼ ਵੀ ਪਾ ਦਿੱਤੇ ਜਿਹੜੇ ਆਪਾ ਵਿਰੋਧੀ ਸਨ, ਸੰਪਰਦਾਈ ਪੋਥੀਆਂ ਵਿੱਚ ਉਹ ਅੱਜ ਤੱਕ ਵੀ ਲਿਖੀ ਜਾਂਦੇ ਹਨ, ਜਿਹੜਾ ਥੋੜਾ ਜਿਹਾ ਇਕਤਲਤਫੀ ਮਾਹੌਲ ਅੱਜ ਪੰਥ ਵਿੱਚ ਬਣਿਆਂ ਹੈ, ਉਸ ਦਾ ਕਾਰਣ ਇਹ ਹੈ ਕਿ ਚੌਪਈ ਦੀ ਰਚਨਾ ਵਿੱਚ ਦੁਸਟ ਦੋਖ ਤੇ ਲੇਹੁ ਬਚਾਈ ਤੋਂ ਅੱਗੇ ਕੁੱਝ ਹਿੱਸਾ ਪਾ ਦਿੱਤਾ ਗਿਆ ਜੋ ਆਪਾ ਵਿਰੋਧੀ ਸੀ, ਲੇਕਿਨ ਉਸ ਵਿੱਚ ਆਪਾ ਵਿਰੋਧੀ ਹੈ ਕੀ ਸੀ?

ਇਕ ਲਫਜ ਮੈਂ ਦੁਹਰਾ ਦਿਆਂ, ਜਦੋਂ ਮਿਲਾਵਟ ਹੁੰਦੀ ਹੈ, ਉਸ ਵਿੱਚ ਸਾਰਾ ਗਲਤ ਨਹੀਂ ਹੁੰਦਾ, ਮਿਲਾਵਟ ਕਹਿੰਦੇ ਹੀ ਉਸ ਨੂੰ ਹੈ ਜਿਸ ਵਿੱਚ ਕੁੱਝ ਠੀਕ ਅਤੇ ਕੁੱਝ ਗਲਤ ਹੋਵੇ, ਅਸੀਂ ਕਈ ਵਾਰ ਕਹਿੰਦੇ ਹਾਂ ਕਿ ਦੁੱਧ ਵਿੱਚ ਮਿਲਾਵਟ ਹੈ, ਕਿਸੇ ਨੇ ਦੁੱਧ ਵਿੱਚ ਪਾਣੀ ਮਿਲਾ ਦਿੱਤਾ ਹੈ, ਪਾਣੀ ਦੀ ਮਿਲਾਵਟ ਨਾਲ ਦੁੱਧ ਦੀ ਵੈਲਯੂ ਘਟਦੀ ਹੈ, ਉਸਦੀ ਪੋਸ਼ਟਿਕਤਾ ਵੀ ਘਟਦੀ ਹੈ, ਦੁੱਧ ਵਿੱਚ ਪਾਣੀ ਪਾਉਣ ਦਾ ਮਤਲਬ, ਕੁੱਝ ਹਿੱਸਾ ਦੁੱਧ ਦਾ ਵੀ ਹੈ, ਮਿਲਾਵਟ ਨੂੰ ਸਾਰਾ ਪਾਣੀ ਤਾਂ ਨਹੀਂ ਨਾ ਕਹਿ ਸਕਦੇ, ਕਿ ਦੁੱਧ ਦੀ ਜਗਾਹ ਤੇ ਕੋਈ ਪਾਣੀ ਵੇਚ ਗਿਆ ਹੈ, ਇਸ ਤੋਂ ਸਾਬਿਤ ਹੁੰਦਾਂ ਹੈ ਕਿ ਕੁੱਝ ਦੁੱਧ ਵੀ ਹੈ, ਮਿਲਾਵਟ ਕਰਨ ਵਾਲੇ ਨੇ ਦੁੱਧ ਵਿੱਚ ਪਾਣੀ ਪਾਇਆ ਹੈ, ਤੇ ਕੰਮ ਸਿਰਫ ਐਨਾਂ ਹੈ ਭਾਈ ਸਾਹਿਬ ਕਹਿੰਦੇ ਨੇ, “ਗੁਰਸਿਖ ਵੰਸੀ ਪਰਮਹੰਸ ਖੀਰ ਨੀਰ ਨਿਰਨੋ ਚੁੱਝ ਵੀੜੀ”, ਕਹਿਣ ਲਗੇ ਗੁਰਸਿਖ ਉਹ ਪਰਮਹੰਸ ਹੈ, ਉਹ ਜਦੋਂ ਆਪਣੀ ਸੁਰਤੀ ਦੀ ਚੁੱਝ ਪਾਉਂਦਾ ਹੈ, ਤਾਂ ਉਹ ਖੀਰ(ਦੁੱਧ) ਨੀਰ (ਪਾਣੀ) ਨੂੰ ਵੱਖ ਕਰ ਲੈਂਦਾ ਹੈ, ਪਛਾਣ ਲੈਦਾ ਹੈ, ਲਉ ਆਹ ਗੱਲ ਹੈ, ਅੱਜ ਵੀ ਪੰਥਕ ਤੌਰ ਤੇ ਵਿਚਾਰਣ ਦੀ ਇਹ ਗੱਲ ਹੈ, ਕਿ ਖੀਰ ਕਿਹੜਾ ਤੇ ਨੀਰ ਕਿਹੜਾ ਹੈ, ਸਮੇਂ ਸਮੇਂ ਨਾਲ ਇਹੋ ਕੁੱਝ ਹੁੰਦਾ ਰਿਹਾ, ਉਨ੍ਹਾਂ ਉਕਾਈਆਂ ਨੂੰ ਛੋਹਿਆ ਗਿਆ, ਚੌਪਈ ਦੀ ਰਚਨਾ ਦੁਸਟ ਦੋਖ ਤੇ ਲੇਹੁ ਬਚਾਈ ਤੋਂ ਕੁੱਝ ਅੱਗੇ ਸੋਦਰ ਵਿੱਚ ਇਹ ਚੀਜਾਂ ਵੀ ਆ ਗਈਆਂ, ਰਾਮ ਕਥਾ ਜੁਗ ਜੁਗ ਅਟੱਲ ਸਭ ਕੋ ਭਾਖਤ ਨੇਤ, ਸੁਰਗ ਬਾਸ ਰਗੁਬਰ ਕਰਾ ਸਗਰੀ ਪੁਰੀ ਸਮੇਤ, ਜੋ ਇਹ ਕਥਾ ਸੁਣੇ ਅਰ ਗਾਵੈ ਦੂਖ ਪਾਪ ਤਹਿ ਨਿਕਟਿ ਨਾ ਆਵੈ, ਬਿਸ਼ਨ ਭਗਤ ਕੀਏ ਫਲ ਹੋਈ ਆਦਿ ਬਿਆਦ ਛਵੈ ਸਕੈ ਨਾ ਕੋਈ, ਵਿਸ਼ਨੂੰ ਭਗਤੀ ਦਾ ਇਹ ਫਲ ਹੈ ਆਦੀਆਂ ਬਿਆਦੀਆਂ ਮਿਟ ਜਾਂਦੀਆਂ ਨੇ, ਰਾਮ ਕਥਾ ਜਿਹੜਾ ਦਿਨ ਰਾਤ ਗਾਉਂਦਾ ਹੈ, ਉਸਨੂੰ ਕੋਈ ਦੁੱਖ ਨਹੀਂ ਆਉਂਦਾ, ਜੋ ਇਹ ਕਥਾ ਸੁਨੇ ਅਰ ਗਾਵੈ ਦੂਖ ਪਾਪ ਤਹਿ ਨਿਕਟਿ ਨਾ ਆਵੈ, ਇਹ ਕੁੱਝ ਵੀ ਸੋਦਰ ਵਿੱਚ ਰਲਾ ਦਿੱਤਾ ਗਿਆ, ਅੱਜ ਤੱਕ ਵੀ ਸੰਪਰਦਾਈ ਪੋਥੀਆਂ ਵਿੱਚ ਇਹ ਉਪਰੋਕਤ ਪੰਕਤੀਆਂ ਲਿਖੀਆਂ ਮਿਲਦੀਆਂ ਹਨ ਇਸੇ ਲਈ ਸੰਪਰਦਾਈ ਅੱਜ ਤੱਕ ਵੀ ਇਹ ਕੋਸ਼ਿਸ਼ ਕਰਦੇ ਨੇ ਕਿ ਇਹ ਕੁੱਝ ਦੁਬਾਰਾ ਸ਼ੁਰੂ ਕੀਤਾ ਜਾਏ।

ਪਿਛਲੇ ਦਿਨਾਂ ਵਿੱਚ ਉਨ੍ਹਾਂ ਵਲੋਂ ਦਰਬਾਰ ਸਾਹਿਬ ਵਿੱਚ ਪੁਰਾਣੀ ਰਹਿਰਾਸ ਦੇ ਨਾਂ ਥੱਲੇ ਦੁਬਾਰਾ ਇਸ ਰਲਾ ਨੂੰ ਸ਼ੁਰੂ ਕਰਨ ਦਾ ਉਦੱਮ ਕੀਤਾ ਗਿਆ, ਮਹੰਤਾਂ ਵੇਲੇ ਦਰਬਾਰ ਸਾਹਿਬ ਵਿੱਚ ਮਿਲਾਵਟ ਵਾਲਾ ਸੋਦਰ ਪੜਿਆ ਜਾਂਦਾ ਰਿਹਾ, ਪੰਥਕ ਤੌਰ ਤੇ ਇਸ ਗੱਲ ਨੂੰ ਸੋਧ ਕੇ ਰੋਕਿਆ ਗਿਆ, ਕਿ ਇਹ ਨਹੀਂ ਪੜਿਆ ਜਾ ਸਕਦਾ। ਗੁਰੂ ਤਾਂ ਬਾਰ ਬਾਰ ਪਿਤਾ ਦੀ ਗੱਲ ਕਰਦਾ ਹੋਇਆ ਕਹਿ ਰਿਹਾ ਹੈ “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ”, ਵਖਰਾ ਕੋਈ ਨਹੀਂ, ਪਰ ਚੋਪਈ ਵਿੱਚ ਕਿਰਪਾ ਕਰੀਂ ਹਮ ਪਰ ਜੱਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਦੇਵੀ ਦੀ ਉਪਾਸਨਾ ਹੈ, ਹੁਣ ਇਨ੍ਹਾਂ ਉਕਾਈਆਂ ਨੂੰ ਪੰਥ ਦੇ, ਵਿਦਵਾਨਾਂ ਨੇ ਵਿਚਾਰਿਆ, ਜਿਸਨੂੰ ਕੁੱਝ ਲੋਕ ਪੁਰਾਤਨ ਰਹਿਰਾਸ ਦਾ ਨਾਮ ਦਿੰਦੇ ਹਨ, ਜੋ ਸੰਪਰਦਾਈਆਂ ਵਲੋਂ ਪੜੀ ਅਤੇ ਪੜ੍ਹਾਈ ਜਾ ਰਹੀ ਸੀ, ਉਸਦੀ ਖੋਜ ਕਰਕੇ, ਉਸਦੀ ਕਾਂਟ ਛਾਂਟ ਕੀਤੀ, ਕਿਉਕਿ ਗੁਰੂ ਅਰਜਨ ਸਾਹਿਬ ਵਲੋਂ ਸੰਪਾਦਿਤ ਕੀਤੇ ਸੋਦਰ ਦੇ ਨੋ ਸ਼ਬਦਾਂ ਵਿੱਚ ਸੰਪਰਦਾਈ ਕੋਈ ਫੇਰ ਬਦਲ ਨਹੀਂ ਸਨ ਕਰ ਸਕਦੇ, ਨਾ ਹੀ ਕਿਸੇ ਨੂੰ ਅਧਿਕਾਰ ਹੈ।

ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਸੋਦਰ ਹੈ, ਪਰ ਜਿਹੜੀਆਂ ਰਚਨਾਵਾਂ ਬਾਅਦ ਵਿੱਚ ਨਾਲ ਨਾਲ ਜੋੜੀਆਂ ਗਈਆਂ ਉਨ੍ਹਾਂ ਤੇ ਵਿਚਾਰ ਹੋਈ ਉਸਦਾ ਨਤੀਜਾ ਇਹ ਨਿਕਲਿਆ ਕਿ ਅੱਜ ਜਿਹੜੀ ਪੰਥਕ ਰਹਿਰਾਸ ਹੈ, ਜਿਸਨੂੰ ਸਿੱਖ ਰਹਿਤ ਮਰਿਆਦਾ ਵਿੱਚ ਸ਼ਾਮਲ ਕੀਤਾ ਗਿਆ ਹੈ, ਉਸ ਵਿੱਚ ਰਹਿਰਾਸ ਦੀ ਰਚਨਾ ਨੂੰ ਬਕਾਇਦਾ ਖੁਲਾਸੇ ਨਾਲ ਸਮਝਾਇਆ ਗਿਆ ਹੈ, ਉਸ ਵਿੱਚ ਚੌਪਈ ਸਪਸ਼ਟ ਕੀਤੀ ਗਈ ਹੈ, ਕਿ “ਹਮਰੀ ਕਰੋ ਹਾਥ ਦੇ ਰੱਛਾ ਤੋਂ ਸ਼ੁਰੂ ਕਰਕੇ ਦੁਸਟ ਦੋਖ ਤੇ ਲੇਹੁ ਬਚਾਈ” ‘ਤੇ ਸਮਾਪਤੀ ਕਰਨੀ ਹੈ, ਇਸ ਤੋਂ ਅਗਲੀ "ਕਿਰਪਾ ਕਰੀ ਹਮ ਪਰ ਜੱਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ" ਇਨ੍ਹਾਂ ਦਾ ਸਿਖੀ ਨਾਲ ਕੋਈ ਸਬੰਧ ਨਹੀਂ, ਜੇ ਚੌਪਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਸੋਦਰ ਹੁੰਦਾ ਤਾਂ ਉਸ ਨੂੰ ਕੋਈ ਨਾ ਛੋਹ ਸਕਦਾ, ਇਥੋਂ ਇਹ ਸਾਬਿਤ ਹੁੰਦਾ ਹੈ ਕਿ ਬਾਅਦ ਵਿੱਚ ਸਮੇਂ ਸਮੇਂ ਸ਼ਾਮਿਲ ਹੋਇਆ ਬਦਲਾਅ ਪੰਥ ਸਾਮ੍ਹਣੇ ਆਉਂਦਾ ਰਿਹਾ ਤੇ ਇਸ ਬਦਲਾਅ ਕਾਰਨ ਹੀ ਪੰਥ ਨੂੰ ਕੁੱਝ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪਿਆ, ਅਤੇ ਉਨ੍ਹਾਂ ਨੂੰ ਪੰਥਕ ਤੌਰ ‘ਤੇ ਸੋਧਨਾ ਪਿਆ, ਤੇ ਸੋਧ ਕੇ ਉਸ ਵੱਡੀ ਚੌਪਈ ਵਾਲੀ ਰਹਿਰਾਸ ਨੂੰ ਛੋਟਾ ਕੀਤਾ ਗਿਆ ਤਾਂ ਕਿ ਦੋ ਚੀਜਾਂ ਇਕਠੀਆਂ ਨਾ ਹੋਣ, ਇਕ ਪਾਸੇ ਅਸੀਂ ਪੜ ਰਹੇ ਹੋਈਏ “ਕਿਸ਼ਨ ਬਿਸ਼ਨ ਕਬਹੂੰ ਨਾ ਧਿਆਊ” ਤੇ ਦੂਜੇ ਪਾਸੇ ਪੜ੍ਹ ਰਹੇ ਹੋਈਏ, “ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਦ ਛਵੈ ਸਕੇ ਨਾ ਕੋਈ”, ਜਿਸਦੀ ਭਗਤੀ ਨਾਲ ਆਦੀਆਂ ਬਿਆਦੀਆਂ ਉਪਾਧੀਆਂ ਮਿਟਦੀਆਂ ਨੇ ਉਸਨੂੰ ਧਿਆਵਾਂ ਕਿਉਂ ਨਾ, ਇਕ ਪਾਸੇ ਕਹਿ ਰਹੇ ਨੇ "ਕਿਸ਼ਨ ਬਿਸ਼ਨ ਕਬਹੁੰ ਨਾ ਧਿਆਂਊ", ਤੇ ਦੂਜੇ ਪਾਸੇ ਕਹਿ ਰਹੇ ਨੇ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਦ ਛਵੈ ਸਕੈ ਨਾ ਕੋਈ, ਸੋ ਇਹ ਵਿਰੋਧੀ ਤੱਤ ਵਿਚਾਰ ਗੋਚਰੇ ਹੋਏ ਪੰਥ ਦੇ, ਤਾਂ ਵਿਚਾਰ ਕੇ ਪੰਥਕ ਤੌਰ ‘ਤੇ ਚੌਪਈ ਨੂੰ ਸਿਮਤ ਕਰ ਦਿੱਤਾ ਗਿਆ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜੀ ਸੋਦਰ ਦੀ ਸੰਪਾਦਨਾ ਕੀਤੀ ਉਸ ਵਿੱਚ ਕੇਵਲ ਨੌਂ ਸ਼ਬਦ ਸਨ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਇਕੋ ਹੀ ਸੋਦਰ ਗਾਵਿਆ ਜਾਂਦਾ ਸੀ, ਇਸੇ ਲਈ ਏਸ ਹੈਡਿੰਗ ਥੱਲੇ ਇਸ ਬਾਣੀ ਦਾ ਨਾਮ ਸੋਦਰ ਪ੍ਰਚਲਿੱਤ ਹੋਇਆ, ਤੇ ਬਹੁੱਤ ਦੇਰ ਤੱਕ ਸੋਦਰ ਹੀ ਰਿਹਾ।

ਹੁਣ ਸਮਝਣਾ ਇਹ ਹੈ ਕਿ ਸੋਦਰ ਤੋਂ ਰਹਿਰਾਸ ਕਿਵੇਂ ਪ੍ਰਚਲਿੱਤ ਹੋਇਆ, ਕਿਉਕਿ ਜਿਸ ਰਚਨਾ ਨੂੰ ਅਸੀਂ ਵਿਚਾਰ ਰਹੇ ਹਾਂ ਉਸ ਦਾ ਬੇਸ ਪਹਿਲਾਂ ਸਮਝ ਲਈਏ, ਸੋਦਰ ਲਫਜ ਤੋਂ ਰਹਿਰਾਸ ਇਕ ਭਾਵਨਾ ਅਧੀਨ ਪੈਦਾ ਹੋਇਆ, ਸੋਦਰ ਦੀਆਂ ਭਾਵਨਾਵਾਂ ਵਿੱਚ ਇਹ ਸੀ, ਕਿ ਹੇ ਪ੍ਰਭੂ ਤੇਰਾ ਦਰਬਾਰ ਕਿਹੜਾ ਹੈ, ਕਿਹੋ ਜਿਹਾ ਹੈ? ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮ੍ਹਾਲੇ। ਜਿੱਥੇ ਬੈਠਕੇ ਤੂੰ ਸਾਰੀ ਸ੍ਰਿਸ਼ਟੀ ਦਾ ਨਿਜਾਮ ਚਲਾ ਰਿਹਾ ਹੈਂ, “ਪਉੜੀ ॥ ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ” ॥ ਏਨਾ ਵੱਡਾ ਨਿਜ਼ਾਮ ਤੂੰ ਸਾਰੀ ਸਿਰਜਨਾ ਕਰਕੇ ਤੂੰ ਆਪਣੀ ਮੁੱਠੀ ਵਿੱਚ ਚਲਾ ਰਿਹਾ ਹੈਂ ਜਿਨ੍ਹੇ ਦੇਵੀ ਦੇਵਤੇ ਆਖੇ ਜਾਂਦੇ ਨੇ ਜਿਨ੍ਹੇ ਪਉਣ ਪਾਣੀ ਬੈਸੰਤਰ ਆਖੇ ਜਾਂਦੇ ਨੇ ਜਿਨ੍ਹੀਆਂ ਸ਼ਕਤੀਆਂ ਆਖੀਆਂ ਜਾਦੀਆਂ ਨੇ, ਉਹ ਸਾਰੀਆਂ ਤੇਰੀਆਂ ਨੌਕਰ ਨੇ, ਏਨ੍ਹੇ ਵੱਡੇ ਨਿਜ਼ਾਮ ਨੂੰ ਤੂੰ ਜਿੱਥੇ ਬਹਿ ਕੇ ਚਲਾ ਰਿਹਾ ਹੈ, ਮੈਂ ਤੇਰਾ ਉਹ ਦਰ ਜਾਨਣਾ ਚਾਹੁੰਦਾ ਹਾਂ, ਪਰ ਜਾਣਾ ਕਿਵੇਂ? ਹੇ ਪ੍ਰਭੂ ਮੈਂ ਉਸ ਦਰ ਤੱਕ ਪਹੁੰਚਣਾ ਚਾਹੁੰਦਾ ਹਾਂ, ਮੇਰੇ ਮਨ ਦੀ ਇਛਾ ਹੈ ਕਿ ਮੈਂ ਤੈਨੂੰ ਉਸ ਦਰ ਤੇ ਪਹੁੰਚ ਕੇ ਵੇਖਾਂ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top