Share on Facebook

Main News Page

ਨਾਨਕ ਗੁਰੂ ਨਹੀਂ ਤਾਂ ਸਿੱਖ ਕੌਣ ਹੈ ?
- ਹਰਦੇਵ ਸਿੰਘ, ਜੰਮੂ

ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਸਿਧ ਗੋਸ਼ਟਿ, ਪੰਨਾ 943, ਗੁਰੂ ਗ੍ਰੰਥ ਸਾਹਿਬ ਜੀ)

ਸਿਧ ਗੋਸ਼ਟਿ ਦਾ ਉਪਰੋਕਤ ਹਵਾਲਾ ਬੜਾ ਮਹੱਤਵਪੁਰਣ ਹੋਣ ਕਰਕੇ, ‘ਸ਼ਬਦ ਗੁਰੂ’ ਬਾਰੇ, ਚਰਚਾਵਾਂ ਦੇ ਕੇਂਦਰ ਬਿੰਦੂ ਦੇ ਰੂਪ ਵਿੱਚ ਚਰਚਿਤ ਰਹਿੰਦਾ ਹੈ। ਆਖ਼ਰ ਇਹ ਕੋਈ ਮਾਮੂਲੀ ਹਵਾਲਾ ਨਹੀਂ। ਇਹ ਸ਼ਬਦ, ਇੱਕ ਦਾਰਸ਼ਨਕ ਗੋਸ਼ਟਿ ਵਿੱਚ ੳੱਠੇ, ਇੱਕ ‘ਅਹਿਮ ਸਵਾਲ’ ਤੇ, ਗੁਰੂ ਨਾਨਕ ਜੀ ਦੇ ਉੱਤਰ ਦਾ ਪ੍ਰਗਟਾਵਾ ਹਨ।

‘ਸ਼ਬਦ ਗੁਰੂ’ ਬਾਰੇ ਵਰਤੇ ਜਾਣ ਵਾਲੇ ਇਸ ਹਵਾਲੇ ਵਿੱਚ ਛੁੱਪੇ ਹਏ ‘ਚੇਲਾ’ ਪੱਖ ਦੀ ਵਿਚਾਰ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ। ਗੁਰੂ ਕੌਣ ਹੈ? ਇਹ ਸਵਾਲ ਤਾਂ ਚਰਚਾ ਦਾ ਵਿਸ਼ਾ ਰਹਿੰਦਾ ਹੀ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀਂ ਗੁਰੁਤਾ ਨਿਰਵਿਵਾਦ ਰੂਪ ਵਿੱਚ ਸਥਾਪਤ ਹੁੰਦੀ ਹੈ। ਪਰ ਇਸਦੇ ਨਾਲ ਹੀ ਇਸ ਗੱਲ ਨੂੰ ਵੀ ਸਮਝਣਾ ਜ਼ਰੂਰੀ ਹੈ ਕਿ ‘ਚੇਲਾ’ (ਸਿੱਖ) ਕੌਣ ਹੈ?

ਜੇਕਰ ਸਰੀਰ ਗੁਰੂ ਨਹੀਂ ਹੋ ਸਕਦਾ, ਤਾਂ ਕੀ ਸਰੀਰ ਚੇਲਾ (ਸਿੱਖ) ਹੋ ਸਕਦਾ ਹੈ? ਇਹ ਸਵਾਲ ਮਹੱਤਵਪੁਰਣ ਹੈ ਜਿਸ ਨੂੰ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ਦੇ ਸੰਧਰਭ ਵਿੱਚ ਹੀ ਵਿਚਾਰਨਾ ਪਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਪੰਗਤੀ ਵਿਚ ‘ਸ਼ਬਦ ਗੁਰੂ’ ਹੈ, ਪਰ ਨਾਲ ਹੀ ਗੁਰੂ ਨਾਨਕ ਨੇ ਸਰੀਰ ਨੂੰ ਨਹੀਂ ਬਲਕਿ ‘ਸੁਰਤ’ ਨੂੰ ਚੇਲਾ ਕਿਹਾ ਹੈ! ਗੁਰੂ ਨਾਨਕ ਨੂੰ ਗੁਰੂ ਨਾ ਕਹਿਣ ਲਈ, ਇਸ ਪੰਗਤੀ ਨੂੰ ਵਰਤਣ ਵਾਲੇ ਸੱਜਣ ਇਸ ਪੰਗਤੀ ਮੁਤਾਬਕ ‘ਸਿੱਖ’ ਕਿਸ ਨੂੰ ਕਹਿਣਗੇ? ਜੇ ਕਰ ਗੁਰੂ ਨਾਨਕ ਸਰੀਰ ਕਾਰਨ ਗੁਰੂ ਨਾ ਸਵੀਕਾਰਿਆ ਜਾਏ ਤਾਂ ਚੇਲਾ ਵੀ ਸਰੀਰ ਕਰਕੇ ਚੇਲਾ ਸਵੀਕਾਰ ਨਹੀਂ ਹੁੰਦਾ।

ਜੇਕਰ ‘ਸਬੁਦ ਗੁਰੂ ਸੁਰਤਿ ਧੁਨਿ ਚੇਲਾ’ ਦੇ ਅਰਥਾਂ ਅਨੁਸਾਰ, ਹਰ ਸੰਧਰਭ ਵਿਚ ਇਹ ਭਾਵ ਕੱਢ ਲਿਆ ਜਾਏ ਕਿ ਗੁਰੂ, ਗੁਰੂ ਨਹੀਂ ਸਨ ਤਾਂ ਇਹ ਵੀ ਸਵੀਕਾਰ ਕਰਨਾ ਪਵੇਗਾ ਕਿ ਸਰੀਰ ਚੇਲੇ ਵੀ ਨਹੀਂ ਹਨ। ਜੇ ਕਰ ਸਰੀਰ ਚੇਲਾ ਨਹੀਂ ਹੁੰਦਾ ਤਾਂ ਚੇਲਾ ਕੌਣ ਹੈ? ਸਿੱਖ ਕੌਣ ਹਨ? ਇਸ ਹਿਸਾਬ ਨਾਲ ਤਾਂ ਨਾ ਸਰੀਰ ਗੁਰੂ ਹੈ ਨਾ ਸਰੀਰ ਚੇਲਾ। ਕਾਵਿਯ ਰੂਪ ਅਭਵਿਯਤਕਤੀਆਂ (ਐਕਸਪ੍ਰੇਸ਼ਨਸ) ਨੂੰ ਜੇਕਰ ਰੂੜੀਵਾਦਤਾ ਦੇ ਕਠੋਰ ਅਰਥਾਂ ਵਿਚ ਬੰਨ ਲਿਆ ਜਾਏ ਤਾਂ ਸੱਮਸਿਆਵਾਂ ਵੀ ਖੜੀਆਂ ਹੁੰਦੀਆਂ ਹਨ। ਫ਼ਿਰ ਤਾਂ ਸਰੀਰ ਸਿੱਖ ਵੀ ਸਾਬਤ ਨਹੀਂ ਹੁੰਦਾ।

ਸ਼ਬਦਾਂ ਦੇ ਭਾਵ ਅਰਥ ਨੂੰ ਜੇਕਰ ਨਾ ਸਮਝਿਆ ਜਾਵੇ ਤਾਂ ਗੁਰੂ ਨਾਨਕ ਨੇ ਆਪਣੇ ਆਪ ਨੂੰ ਚੇਲਾ ਕਿਹਾ ਹੈ ਨਾ ਕਿ ‘ਪਾਤਿਸ਼ਾਹ’ ਜਾਂ ‘ਬਾਬਾ’। ਪਰ ਜੇ ਕਰ ਭਾਵ ਅਰਥ ਦੀ ਡੂੰਗੀ ਪੜਚੋਲ ਕਰੀਏ ਤਾਂ ਗੁਰੂ ਨਾਨਕ ਨੇ ਸਰੀਰ ਨੂੰ ਨਹੀਂ ਬਲਕਿ ਸੁਰਤ ਨੂੰ ਚੇਲਾ ਕਿਹਾ ਹੈ। ਵਾਸਤਵ ਵਿਚ ਸਰੀਰ ਗੁਰੂ ਨਹੀਂ ਹੁੰਦਾ ਸ਼ਖ਼ਸੀਅਤ ਗੁਰੂ ਹੁੰਦੀ ਹੈ, ਜਿਸ ਵਿੱਚ ‘ਕੁਲ ਵਿਚਾਰ’ਅਤੇ ‘ਕੁਲ ਵਿਵਹਾਰ’ ਦਾ ਸੁਮੇਲ ਹੁੰਦਾ ਹੈ। ਸਰੀਰ ਤਾਂ ਕੁਲ ਸ਼ਖਸੀਅਤ ਦਾ ਇਕ ਹਿੱਸਾ ਮਾਤਰ ਹੁੰਦਾ ਹੈ। ਠੀਕ ਇਸੇ ਤਰ੍ਹਾਂ ਸਰੀਰ ਚੇਲਾ ਨਹੀਂ ਹੁੰਦਾ ਸ਼ਖ਼ਸੀਅਤ ਚੇਲਾ ਹੁੰਦੀ ਹੈ, ਜਿਸ ਵਿੱਚ ਵਿਚਾਰ ਅਤੇ ਵਿਵਹਾਰ (ਸੁਰਤ ਅਤੇ ਸੀਰਤ) ਦਾ ਸੁਮੇਲ ਹੁੰਦਾ ਹੈ। ਸ਼ਬਦ ,ਪਰਮਾਤਮਾ ਰਾਹੀਂ ਬਖ਼ਸੀ ਹੋਈ ਗੁਰੂ ਨਾਨਕ ਦੀ ਸੁਰਤ ਵਿਚ ਉਤਰੇ ‘ਰੱਬੀ ਵਿਚਾਰ’ ਸਨ ਜਿਨ੍ਹਾਂ ਦਾ ਪਾਲਨ ਵੀ ਗੁਰੂ ਨਾਨਕ ਦੀ ਸੁਰਤ ਨੇ ਹੀ ਕੀਤਾ ਸੀ। ਗੁਰੂ ਨਾਨਕ ਜੀ ਆਪਣੇ ਰੱਬੀ ਵਿਚਾਰਾਂ ਦੇ ਹੀ ਚੇਲੇ ਸਨ ਅਤੇ ਸਿੱਖਾਂ ਦੇ ਪਹਿਲੇ ਗੁਰੂ।

ਜੋ ਸੱਜਣ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਦੇ ਤਰਕ ਤੇ ਗੁਰੂਆਂ ਨੂੰ ਗੁਰੂ ਦੀ ਪਦਵੀ ਤੋਂ ਹਟਾਉਣ ਦੇ ਜਤਨਸ਼ੀਲ ਹਨ, ਉਹ ਤਾਂ ਸਿੱਖ ਦੀ ਪਰਿਭਾਸ਼ਾ ਲਿਖਣ ਦੇ ਕਾਬਲ ਹੀ ਨਹੀਂ ਕਿਉਂਕਿ ‘ਸਬਦੁ ਗੁਰੂ ਸੁਰਤਿ ਧੁਨਿ ਵੇਲਾ’ ਦੇ ਅਰਥ ਅਨੁਸਾਰ ਸਰੀਰ ਸਿੱਖ ਨਹੀਂ ਹੋ ਸਕਦਾ। ਤਾਂ ਫਿਰ ਸਿੱਖ ਦੀ ਪਰਿਭਾਸ਼ਾ ਮਨੁੱਖਾ ਸਰੀਰ ਨਾਲ ਸਬੰਧਤ ਕਰਕੇ ਕਿਵੇਂ ਲਿਖੀ ਜਾ ਸਕਦੀ ਹੈ? ਇਸ ਨੁੱਕਤੇ ਤੇ ਉਨ੍ਹਾਂ ਸੱਜਣਾਂ ਦੇ ਚਿੰਤਨ ਦੇ ਹਲਕੇ ਸਤਰ ਦਾ ਪਤਾ ਚਲਦਾ ਹੈ, ਜੋ ਕਿ ਸਿੱਖ ਦੀ ਪਰਿਭਾਸ਼ਾ ਤਾਂ ਲਿਖਦੇ ਹਨ, ਪਰ ਗੁਰੂਆਂ ਨੂੰ ਗੁਰੂ ਦੀ ਪਦਵੀ ਤੋਂ ਹਟਾਉਂਣ ਦੇ ਯਤਨਸ਼ੀਲ ਹਨ। ਇਹ ਇਕ ਅਕ੍ਰਿਤਘਣ ਅਤੇ ਘਟਿਆ ਕਿਸਮ ਦਾ ਨਾਸਮਝ ਵਿਚਾਰ ਹੈ! ਇਸ ਵਿਚਾਰ ਦੇ ਧਾਰਨੀ ਇਤਨਾ ਵੀ ਨਹੀਂ ਸਮਝਦੇ ਕਿ ਗੁਰੂ ਸਰੀਰ ਕਰਕੇ ਨਹੀਂ ਬਲਕਿ ਸ਼ਖਸੀਅਤ ਕਰਕੇ ਗੁਰੂ ਸਨ। ਉਨ੍ਹਾਂ ਨੂੰ ਸਰੀਰ ਅਤੇ ਸ਼ਖ਼ਸੀਅਤ ਵਿਚਲਾ ਸਬੰਧ ਅਤੇ ਅੰਤਰ ਵੀ ਨਹੀਂ ਪਤਾ। ਉਹ ‘ਸਬੁਦ ਗੁਰੂ ਸੁਰਤਿ ਧੁਨਿ ਚੇਲਾ’ ਪੰਗਤੀ ਦੀ ਵਰਤੋਂ ਕਰਕੇ ਸਰੀਰ ਦੇ ਗੁਰੂ ਹੋਂਣ ਤੋਂ ਇਨਕਾਰੀ ਹਨ, ਪਰ ਸਿੱਖ ਦੀ ਪਰਿਭਾਸ਼ਾ ਲਿਖਣ ਵਿਚ ਉਹ ਸਿੱਖ ਨੂੰ ਸਰੀਰ ਕਰਕੇ ਪਰਿਭਾਸ਼ਤ ਕਰਦੇ ਹਨ।

ਪਰਮਾਤਮਾ ਨਾਲ ਸਾਂਝ ਕਿਸੇ ਅਧਿਆਤਮਕ ਜ਼ਹਿਨ ਦੀ ਤਲਬ ਹੋ ਸਕਦੀ ਹੈ, ਪਰ ਜਿੱਥੋਂ ਤਕ ਸਿੱਖ ਦਾ ਸਬੰਧ ਹੈ, ਤਾਂ ਉਸਨੂੰ ਆਪਣੀ ਇਸ ਤਲਬ ਤੇ ਤੁਰਨ ਲਈ ਗੁਰੂ ਨਾਨਕ ਨਾਲ ਸਾਂਝ ਪਾਉਂਣੀ ਪਵੇਗੀ। ਇਕ ਨਾਸਤਕ ਵੀਰ ਨੇ ਜਿਸ ਵੇਲੇ ਮੈਂਨੂੰ ਇਹ ਸਵਾਲ ਕੀਤਾ ਕਿ; ਤੁਸੀ ਕਦੇ ਪਰਮਾਤਮਾ ਨੂੰ ਵੇਖਿਆ ਹੈ? ਜੇ ਨਹੀਂ ਤਾਂ ਉਸ ਤਕ ਕਿਵੇਂ ਪਹੁੰਚੋਗੇ? ਤਾਂ ਦਾਸ ਦਾ ਜਵਾਬ ਸੀ ਕਿ; ਵੀਰ ਜੀ ਮੇਰੀ ਤਲਬ ਤਾਂ ਗੁਰੂ ਨਾਨਕ ਤਕ ਹੈ। ਉਸ ‘ਜਗਤ ਗੁਰੂ’ ਤਕ ਪਹੁੰਚ ਸਕੀਏ, ਤਾਂ ਜਿੱਥੇ ਉਹ ਲੈ ਜਾਏ, ਉਹੀ ਮੰਜਿਲ ਹੈ। ਬਾਕੀ ਇਹ ਮੇਰਾ ਸਾਮਰਥ ਹੈ ਕਿ ਮੰਜ਼ਿਲ ਤੋਂ ਕਿਤਨਾ ਕੁ ਨੇੜੇ ਅਤੇ ਕਿਤਨਾ ਕੁ ਦੂਰ, ਕਿਸੇ ਪੜਾਅ ਤਕ ਪਹੁੰਚ ਪਾਵਾਂਗਾ!

ਜੋ ਗੁਰੂ ਨਾਨਕ ਨੂੰ ਨਹੀਂ ਸਮਝਿਆ ਉਹ ਉਸਦੇ ਰੱਬੀ ਗਿਆਨ ਨੂੰ ਵੀ ਨਹੀਂ ਸਮਝ ਸਕਦਾ। ਗੁਰੂ ਨਾਨਕ ਮਾਤਰ ਇੱਕ ਫ਼ਿਲਾਸਫ਼ਰ ਨਹੀਂ ਸਨ, ਉਹ ‘ਲੌਕਿਕਤਾ’ ਵਿਚ ਉਤਰੀ ‘ਆਲੌਕਿਕਤਾ’ ਸਨ। ਉਹ ਗੁਰੂ ਸਨ! ਸਿੱਖਾਂ ਲਈ ਪੁਰੇ ਜਗਤ ਵਿਚ ਪਹਿਲੇ ਗੁਰੂ! ਜਗਤ ਗੁਰੂ! ਜਿਹੜੇ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦੇ, ਉਹ ਨਾ ਤਾਂ ਗੁਰੂ ਨਾਨਕ ਨੂੰ ਸਮਝ ਸਕਦੇ ਹਨ, ਅਤੇ ਨਾ ਹੀ ਸਿੱਖ ਦੀ ਪਰਿਭਾਸ਼ਾ ਲਿਖਣ ਦੇ ਕਾਬਲ ਹੋ ਸਕਦੇ ਹਨ। ਹਾਂ ਉਹ ਕੇਵਲ ਆਪ ਹਦੂਰੇ ਫ਼ਤਵੇ ਜਾਰੀ ਕਰਕੇ ਦੂਜਿਆਂ ਤੇ ਫ਼ਤਵੇ ਜਾਰੀ ਕਰਨ ਦਾ ਰੌਲਾ ਪਾ ਸਕਦੇ ਹਨ।

ਉਨ੍ਹਾਂ ਦਾ ਫ਼ਤਵਾ ਵੀ ਬੜਾ ਅਜੀਬ ਹੈ। ਯਾਨਿ ਕਿ ਜਿਹੜਾ ਸਿੱਖ, ਦੱਸ ਗੁਰੂ ਸਾਹਿਬਾਨ ਦੀ ਗੁਰਤਾ ਪਦਵੀ ਤੇ ਨਿਸ਼ਚਾ ਰੱਖਦਾ ਹੈ ਉਹ ਸਿੱਖ ਨਹੀਂ!!! ਜੇ ਕਰ ਉਹ ਇਹ ਨਹੀਂ ਕਹਿੰਦੇ ਤਾਂ ਸਿੱਖ ਦੀ ਪਰਿਭਾਸ਼ਾ ਵਿਚ ਦੱਸ ਗੁਰੂਆਂ ਤੇ ਸਿੱਖ ਦੇ ਨਿਸ਼ਚੇ ਨੂੰ ਹਟਾਉਣ ਦੀ ਕੋਸ਼ਿਸ਼ ਕਿਉਂ? ਸਰੀਰ ਦੇ ਤਰਕ ਤੇ ਗੁਰੂਆਂ ਨੂੰ ਗੁਰੂ ਦੀ ਪਦਵੀ ਤੋਂ ਹਟਾ ਕੇ ‘ਸਰੀਰ’ ਸਿੱਖ ਕਰਕੇ ਕਿਵੇਂ ਪਰਿਭਾਸ਼ਤ ਹੋ ਸਕਦਾ ਹੈ? ‘ਸਬੁਦ ਗੁਰੂ ਸੁਰਤਿ ਧੁਨਿ ਚੇਲਾ’ ਪੰਗਤੀ ਅਨੁਸਾਰ, ਤਾਂ ਉਨ੍ਹਾਂ ਨੂੰ ‘ਜਿਹੜਾ ਮਨੁੱਖ’ ਸ਼ਬਦਾਂ ਸਿੱਖ ਦੀ ਪਰਿਭਾਸ਼ਾ ਵਿਚੋਂ ਬਾਹਰ ਕੱਡ ਕੇ ‘ਜਿਹੜੀ ਸੁਰਤਿ’ ਸ਼ਬਦਾਂ ਸ਼ਾਮਲ ਕਰਨਾ ਪਵੇਗਾ।

ਜੇ ਕਰ ਗੁਰੂ ਨਾਨਕ ਗੁਰੂ ਨਹੀਂ ਤਾਂ ਸੰਸਾਰ ਵਿਚ ਕੋਈ ਵੀ ਮਨੁੱਖਾ ਸਿੱਖ ਕਰਕੇ ਪਰਿਭਾਸ਼ਤ ਨਹੀਂ ਹੋ ਸਕਦਾ! ਅਫ਼ਸੋਸ ਕਿ ਇਹ ਬਾਰੀਕ ਨੁਕਤਾ ‘ਨਾਸਮਝੀ’ ਦੀ ਸਮਝ ਵਿਚ ਨਹੀਂ! ਕੁੱਝ ਸੱਜਣ ਉਤਨਾ ਵਜ਼ਨ ਚੁੱਕਣ ਦੇ ਜਤਨ ਵਿਚ ਹਨ ਜਿਤਨਾ ਚੁੱਕਣ ਦੀ ਸਮਰਥਾ / ਕਾਬਲੀਅਤ ਉਨ੍ਹਾਂ ਵਿਚ ਨਹੀਂ ਹੈ! ‘ਸਬੁਦ ਗੁਰੂ ਸੁਰਤਿ ਧੁਨਿ ਚੇਲਾ’ ਪੰਗਤੀ ਅਨੁਸਾਰ, ਗੁਰੂਆਂ ਨੂੰ ਗੁਰਤਾ ਦੀ ਪਦਵੀ ਤੋਂ ਹਟਾ ਕੇ, ਕੋਈ ਵੀ ਮਨੁੱਖਾ ਸਰੀਰ ਸਿੱਖ ਕਰਕੇ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ।

21.11.2012


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top