Share on Facebook

Main News Page

ਭਾਈ ! ਸੱਚਾ ਤੇ ਪੱਕਾ ਅਕਾਲੀ ਦਸਤਾਰ ਲੁਹਾਉਣ ਤੇ ਛਿੱਤਰ ਪੋਲੇ ਤੋਂ ਬਾਅਦ ਹੀ ਬਣਦਾ ਹੈ
- ਜਸਬੀਰ ਸਿੰਘ ਪੱਟੀ  09356024684

ਦਿੱਲੀ ਸਥਿਤ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਿਤ ਗੁਰੂਦੁਆਰਾ ਰਕਾਬ ਗੰਜ ਕੰਪਲੈਕਸ ਵਿੱਚ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਬਾਹਰ ਦੋ ਅਕਾਲੀ ਗਰੁੱਪਾ ਦਿੱਲੀ ਸ੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚਕਾਰ ਹੋਏ ਝਗੜੇ ਅਤੇ ਖਿਲਰੀਆਂ ਦਸਤਾਰਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੜਾ ਨੋਟਿਸ ਲੈਦਿਆਂ ਜਾਂਚ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਹੜੀ ਮਾਮਲੇ ਦੀ ਪੜਤਾਲ ਕਰਕੇ ਸ੍ਰੀ ਅਕਾਲ ਤਖਤ ਨੂੰ ਰੀਪੋਰਟ ਸੌਂਪੇਗੀ ਤਾਂ ਕਿ ਦੋਸ਼ੀ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।

ਅਕਾਲੀ ਦਲ ਵਿੱਚ ਦਸਤਾਰਾਂ ਖਿਲਾਰਨ ਤੇ ਲਾਹੁਣ ਦਾ ਦਸਤੂਰ ਕੋਈ ਨਵਾ ਨਹੀਂ ਸਗੋਂ ਜਦੋਂ ਤੋ ਹੀ ਅਕਾਲੀ ਦਲ ਨੇ ਸੁਰਤ ਸੰਭਾਲੀ ਹੈ ਉਦੋਂ ਤੋ ਹੀ ਦਸਤਾਰਾਂ ਲੱਥਣ ਦਾ ਸਿਲਸਿਲਾ ਨਾਲ ਹੀ ਸ਼ੁਰੂ ਹੋ ਗਿਆਂ ਸੀ। ਅਕਾਲੀ ਦਲ ਵਿੱਚ ਇਹ ਮੰਨਿਆਂ ਜਾਂਦਾ ਹੈ ਕਿ ਪੱਕਾ ਸੱਚਾ ਅਕਾਲੀ ਉਦੋਂ ਹੀ ਬਣਦਾ ਹੈ ਜਦੋਂ ਇੱਕ ਦੋ ਵਾਰੀ ਦਸਤਾਰ ਲੱਥ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪਰਧਾਨ ਸੰਤ ਫਤਹਿ ਸਿੰਘ ਪੰਜਾਬ ਵਿੱਚ ਜਦੋਂ ਪਹਿਲੀ ਅਕਾਲੀ ਦਲ ਸਰਕਾਰ ਬਣੀ ਸੀ ਤਾਂ ਉਸ ਵਿੱਚ ਆਤਮਾ ਸਿੰਘ ਮੰਤਰੀ ਸਨ। ਉਸ ਕੋਲੋ ਜਦੋਂ ਕੁਝ ਅਕਾਲੀ ਵਰਕਰ ਤੱਤਕਾਲੀ ਅਕਾਲੀ ਦਲ ਦੇ ਜਨਰਲ ਸਕੱਤਰ ਅਰਜਨ ਸਿੰਘ ਬੁੱਧੀਰਾਜਾ (ਭਾਪਾ ਭਾਈਚਾਰਾ) ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਕੰਮ ਕਰਾਉਣ ਗਏ, ਤਾਂ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿੱਚਕਾਰ ਤੱਤਕਾਰ ਹੋ ਗਿਆਂ ਤਾਂ ਆਤਮਾ ਸਿੰਘ ਨੇ ਪੁਲੀਸ ਕੋਲੋ ਅਕਾਲੀ ਵਰਕਰਾਂ ਦੀ ਡਾਂਗਾ ਨਾਲ ਗਿੱਦੜ ਕੁੱਟ ਕਰਵਾਈ ਸੀ। ਅਕਾਲੀ ਵਰਕਰਾਂ ਨੇ ਇਹ ਕਿੜ੍ਹ ਦਿਲ ਵਿੱਚ ਰੱਖੀ ਤੇ ਜਦੋਂ ਆਤਮਾ ਸਿੰਘ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਕੰਪਲੈਕਸ ਵਿੱਚ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਆਂਏ ਤਾਂ ਅੰਮ੍ਰਿਤਸਰੀਆਂ ਨੇ ਵੀ ਉਹਨਾਂ ਦਾ ਸੁਆਗਤ ਜੁੱਤੀਆਂ ਨਾਲ ਕੀਤਾ। ਆਤਮਾ ਸਿੰਘ ਧੱਕਾ ਮੁੱਕੀ ਵਿੱਚੋਂ ਭੱਜ ਗਿਆ, ਪਰ ਉਸਦਾ ਇੱਕ ਸਾਥੀ ਕਾਬੂ ਆ ਗਿਆ ਜਿਸ ਨੂੰ ਪੂਰੀ ਤਰਾਂ ਚੌਕੜੀ ਮਾਰ ਕੇ ਬੈਠਾਇਆਂ ਗਿਆ ਤੇ ਫਿਰ ਉਸ ਦੇ ਸਿਰ ਵਿੱਚ ਜੁੱਤੀਆਂ ਮਾਰਨ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਪਿੱਛੋ ਇੱਕ ਵਿਅਕਤੀ ਬੋਲਿਆਂ "ਛਿੱਤਰ ਨਾ ਮਾਰਸੀ, ਦਸਤਾਰ ਲਾਹ ਲੈਸੇ।" ਦਸਤਾਰ ਲਾਹ ਕੇ ਸਤਿਕਾਰ ਨਾਲ ਪਾਸੇ ਕਰ ਦਿੱਤੀ ਗਈ ਤੇ ਵਾਲ ਖਿਲਾਰ ਕੇ ਜਦੋਂ ਫਿਰ ਛਿੱਤਰ ਮਾਰਨ ਲੱਗੇ ਤਾਂ ਪਿੱਛੋ ਫਿਰ ਅਵਾਜ ਆਂਈ "ਤੈ ਕੇਸਾ ਦੀ ਬੇਅਦਬੀ ਨਾ ਕਰਸੇ।" ਇਸ ਤੋਂ ਬਾਅਦ ਸਿਰ ਤੇ ਅਖਬਾਰ ਰੱਖੀ ਗਈ ਤਾਂ ਛਿੱਤਰ ਮਾਰਨ ਲੱਗੇ ਤਾਂ ਫਿਰ ਪਿੱਛੋ ਅਵਾਜ ਆਈ "ਛਿੱਤਰ ਨਾ ਮਾਰਸੀ"। ਖਿੱਝੇ ਹੋਏ ਛਿੱਤਰ ਮਾਰਨ ਵਾਲੇ ਨੇ ਕਿਹਾ ਕਿ "ਹੁਣ ਕੇ ਹੋਸੀ" ਤਾਂ ਦੂਸਰੇ ਨੇ ਕਿਹਾ ਕਿ "ਅਖਬਾਰ ਗੁਰੁਮੱਖੀ (ਅਕਾਲੀ ਪੱਤਰਕਾ)  ਹੈ।" ਫਿਰ ਉਸ ਦੇ ਸਿਰ ਤੋ ਅਖਬਾਰ ਚੁੱਕੀ ਤੇ ਉਰਦੂ ਦੀ ਹਿੰਦ ਸਮਾਚਾਰ ਅਖਬਾਰ ਉਸ ਦੇ ਸਿਰ ਤੇ ਰੱਖ ਕੇ ਕਰੀਬ 11 ਛਿੱਤਰਾਂ ਦਾ ਉਸ ਨੂੰ ਪਰਸ਼ਾਦ ਦਿੱਤਾ ਗਿਆਂ ਤੇ ਨਾਲ ਕਿਹਾ ਕਿ, "ਤੇ ਹੁਣ ਠੀਕ ਐ।"

ਇਸੇ ਤਰ੍ਹਾਂ ਇੱਕ ਵਾਰੀ ਦਿੱਲੀ ਵਿੱਚ ਅਕਾਲੀ ਆਂਗੂ ਸੰਤੋਖ ਸਿੰਘ ਨੇ ਮਨਜੀਤ ਸਿੰਘ ਕਲਕੱਤਾ ਦੀ ਦਸਤਾਰ ਲਾਹੀ ਤੇ ਉਸ ਦਾ ਜੁੱਤ ਪਤਾਨ ਕਰਵਾਇਆ ਸੀ, ਅਤੇ ਜਦੋਂ ਸੰਤੋਖ ਸਿੰਘ ਅੰਮ੍ਰਿਤਸਰ ਆਇਆ ਤੇ ਉਸ ਨੇ ਤਿੰਨ ਫੁੱਟੀ ਗੱਲ ਵਿੱਚ ਕਿਰਪਾਨ ਪਾਈ ਹੋਈ ਸੀ, ਤੇ ਇੱਕ ਪਾਸੇ ਪਿਸਤੌਲ ਟੰਗਿਆਂ ਹੋਇਆਂ ਸੀ, ਤਾਂ ਇਸ ਦਰਸ਼ਨੀ ਸਿੱਖ ਦੀ ਸ੍ਰੀ ਕਲਕੱਤਾ ਨੇ ਵੀ ਆਪਣਾ ਬਦਲਾ ਲੈਦਿਆਂ ਸੰਤੋਖ ਸਿੰਘ ਦੀ ਦਸਤਾਰ ਲਾਹ ਕੇ, ਉਸ ਦੀ ਗਿੱਦੜ ਕੁੱਟ ਕਰਵਾਈ ਸੀ, ਜਿਹੜੀ ਉਸ ਨੂੰ ਆਖਰੀ ਦਮ ਤੱਕ ਯਾਦ ਰਹੀ ਤੇ ਉਹ ਹਮੇਸ਼ਾਂ ਹੀ ਕਹਿੰਦਾ ਰਹਿੰਦਾ ਸੀ ਕਿ ਉਸ ਨੂੰ ਜੁੱਤੀਆਂ ਅੰਮ੍ਰਿਤਸਰ ਵਿੱਚ ਕਲਕੱਤੇ ਨੇ ਪਵਾਈਆਂ ਸਨ।

ਸੰਨ 1983 ਵਿੱਚ ਜਦੋਂ ਅਕਾਲੀ ਆਗੂ ਹਰਭਜਨ ਸਿੰਘ ਸੰਧੂ ਤੇ ਹਰੀ ਸਿੰਘ ਆਰੇਵਾਲੇ ਦੇ ਵਿਚਕਾਰ ਜਿਲੇ ਦੀ ਪ੍ਰਧਾਨਗੀ ਨੂੰ ਲੈ ਕੇ ਰੱਫੜ ਚੱਲ ਰਿਹਾ ਸੀ, ਤਾਂ ਸ਼੍ਰੋਮਣੀ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਕਾਲੀ ਦਲ ਦੀ ਮੀਟਿੰਗ ਸੀ, ਤਾਂ ਉਸ ਸਮੇਂ ਉਪਰ ਪੌੜੀਆਂ ਚੜ੍ਹਤੇ ਜਦੋਂ ਹਾਲ ਵਿੱਚ ਜਾਣ ਲਈ ਹਰੀ ਸਿੰਘ ਆਰੇਵਾਲਾ ਜੁੱਤੀ ਲਾਹ ਕੇ ਹਾਲ ਦੇ ਅੰਦਰ ਜਾਣ ਲੱਗਾ ਸੀ, ਤਾਂ ਸੰਧੂ ਧੜੇ ਦੇ ਬਦਮਾਸ਼ ਟੋਲੇ ਨੇ ਉਸ ਨੂੰ ਜੁੱਤੀਆਂ ਵਿੱਚ ਹੀ ਬਿਠਾ ਕੇ ਛਿੱਤਰ ਫੇਰਿਆ ਤੇ ਉਸ ਦੀ ਦਸਤਾਰ ਵੀ ਪੈਰਾਂ ਵਿੱਚੋਂ ਰੋਲੀ ਸੀ। ਥੱਲੇ ਬੈਠਾ ਹਰੀ ਸਿੰਘ ਆਰੇਵਾਲਾ ਮੋਟੀਆਂ ਮੋਟੀਆਂ ਗਾਲ਼ਾਂ ਕੱਢਦਾ ਹੋਇਆ ਕਹਿ ਰਿਹਾ ਸੀ, "ਹੋਰ ਮਾਰੋ ਛਿੱਤਰ ਪੰਥ ਦੇ ਸਿਰ ਵਿੱਚ, ਇਹ ਸਿਰ ਮੇਰਾ ਨਹੀਂ ਪੰਥ ਦੀ ਅਮਾਨਤ ਹੈ।"

ਇਸ ਤੋਂ ਬਾਅਦ ਵੀ ਦਸਤਾਰ ਲਾਹੁਣ ਦਾ ਸਿਲਸਿਲਾ ਜਾਰੀ ਰਿਹਾ, ਤੇ 1986 ਵਿੱਚੋ ਜਦੋ ਸ੍ਰ. ਕਾਬਲ ਸਿੰਘ ਟੌਹੜੇ ਨੂੰ ਲਾਹ ਕੇ ਸ਼੍ਰੋਮਣੀ ਕਮੇਟੀ ਦੇ ਇੱਕ ਸਾਲ ਲਈ ਪ੍ਰਧਾਨ ਬਣੇ ਸਨ, ਤਾਂ ਇੱਕ ਸਾਲ ਤੋਂ ਬਾਅਦ, ਜਦੋਂ ਦੂਸਰੀ ਵਾਰੀ ਚੋਣ ਹੋਣ ਲੱਗੀ ਤਾਂ ਸ਼੍ਰੋਮਣੀ ਕਮੇਟੀ ਕਮੇਟੀ ਪ੍ਰਧਾਨ ਕਾਬਲ ਸਿੰਘ ਨਾਲ ਵੀ ਬਾਦਲਕੇ ਤੇ ਟੌਹੜਕਿਆਂ ਜੁੱਤੀ ਪਤਾਨ ਕੀਤਾ ਉਸ ਦੀ ਦਸਤਾਰ ਖਿਲਾਰੀ ਸੀ।

1986 ਵਿੱਚ ਜਦੋਂ ਅਕਾਲੀ ਦਲ ਦੀ ਮੀਟਿੰਗ ਅਨੰਦਪੁਰ ਸਾਹਿਬ ਵਿਖੇ ਹੋਈ ਸੀ, ਤਾਂ ਅਕਾਲੀ ਦਲ ਬਰਨਾਲਾ ਦੇ ਸਕੱਤਰ ਮਨਜੀਤ ਸਿੰਘ ਖਹਿਰਾ ਦੀ ਦਸਤਾਰ ਲਾਹ ਕੇ ਉਸ ਦੀ ਕੁੱਟਮਾਰ ਕੀਤੀ ਗਈ ਸੀ, ਤਾਂ ਉਹ ਰੋਦਾ ਹੋਇਆਂ ਉਸ ਵੇਲੇ ਦੇ ਮਾਲ ਮੰਤਰੀ ਸ੍ਰੀ ਮੇਜਰ ਸਿੰਘ ਉਬੋਕੇ ਕੋਲ ਗਿਆ ਕਿ ਉਸ ਦੀ ਦਸਤਾਰ ਖਿਲਾਰੀ ਗਈ ,ਹੈ ਤਾਂ ਉਸ ਨੇ ਕਿਹਾ ਸੀ ਕਿ, "ਕਾਕਾ ਸ਼ਾਇਦ ਤੈਨੂੰ ਪਤਾ ਨਹੀਂ, ਅਕਾਲੀ ਦਲ ਵਿੱਚ ਪੱਕਾ ਤੇ ਸੱਚਾ ਅਕਾਲੀ ਉਦੋਂ ਹੀ ਬਣਦਾ ਹੈ, ਜਦੋਂ ਇੱਕ ਦੋ ਵਾਰੀ ਦਸਤਾਰ ਲੁਹਾ ਕੇ ਛਿੱਤਰ ਛੁੱਤਰ ਖਾ ਲਵੇ, ਤੇ ਤੂੰ ਵੀ ਤਾਂ ਹੁਣ ਅੱਜ ਹੀ ਅਕਾਲੀ ਬਣਿਆ ਹੈ, ਚਿੰਤਾ ਨਾ ਕਰ।"

1987 ਵਿੱਚ ਬਰਨਾਲਾ ਸਰਕਾਰ ਸਮੇਂ ਜਦੋਂ ਗਗਨਦੀਪ ਸਿੰਘ ਬਰਨਾਲਾ ਆਪਣੇ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਥਿਆਰਾਂ ਨਾਲ ਲੈਸ ਹੋ ਕੇ ਆਇਆ ਸੀ ਤਾਂ ਉਸ ਸਮੇਂ ਉਸ ਦਾ ਟਾਕਰਾ ਦਮਦਮੀ ਟਕਸਾਲ ਵਾਲਿਆਂ ਨਾਲ ਹੋ ਗਿਆ ਸੀ। ਦੋਹਾਂ ਧਿਰਾਂ ਵਿੱਚ ਗੋਲੀ ਚੱਲੀ ਸੀ ਅਤੇ ਕਈ ਦਸਤਾਰਾਂ ਵੀ ਪ੍ਰਕਰਮਾ ਵਿੱਚ ਖਿਲਰੀਆਂ ਪਈਆਂ ਵੇਖੀਆਂ ਗਈਆਂ ਸਨ। ਇਸ ਸਮੇਂ ਦੌਰਾਨ ਸਰਕਾਰ ਨੇ ਕਈ ਨੌਜਵਾਨਾਂ ਨੂੰ ਜੇਲ ਵਿੱਚ ਵੀ ਡੱਕ ਦਿੱਤਾ ਸੀ।

ਇਸੇ ਤਰਾ 1994 ਜਦੋਂ ਸਮੁੱਚੇ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਅੰਮਿਤਸਰ ਐਲਾਨਨਾਮਾ ਤਿਆਰ ਕੀਤਾ ਗਿਆਂ ਸੀ, ਤਾਂ ਤੱਤਕਾਲੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਮਨਜੀਤ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਬਾਦਲ ਸਮੱਰਥਕਾਂ ਤੇ ਰਣਜੀਤ ਸਿੰਘ ਨੇ ਬ੍ਰਹਮਪੁਰੇ ਨੇ ਗਾਲੀ ਗਲੋਚ ਵੀ ਕੀਤਾ ਸੀ, ਤੇ ਬ੍ਰਹਮਪੁਰੇ ਨੇ ਤਾਂ ਪ੍ਰੋ.ਮਨਜੀਤ ਸਿੰਘ ਦੀ ਬਾਂਹ ਤੱਕ ਮਰੋੜ ਸੁੱਟੀ ਸੀ ਅਤੇ ਉਸ ਦੇ ਦਰਵਾਜੇ ਨੂੰ ਠੁੱਡੇ ਵੀ ਮਾਰੇ ਸਨ, ਪਰ ਜਥੇਦਾਰ ਭਿੱਜੀ ਬਿੱਲੀ ਬਣਿਆ ਰਿਹਾ ਤੇ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸੇ ਸਮੇਂ ਦਸਤਾਰ ਤਾਂ ਭਾਂਵੇ ਨਹੀਂ ਲੱਥੀ ਸੀ, ਪਰ ਦਸਤਾਰ ਲੱਥਣ ਤੋਂ ਘੱਟ ਵੀ ਕੁਝ ਨਹੀਂ ਰਹਿ ਗਿਆਂ ਸੀ।

ਇਸ ਤੋਂ ਬਾਅਦ ਤਾਂ ਅਕਾਲੀ ਲੀਡਰਾਂ ਦੀਆਂ ਦਸਤਾਰਾਂ ਆਪਸੀ ਲੜਾਈ ਵਿੱਚ ਨਹੀਂ, ਸਗੋਂ ਪੰਜਾਬ ਵਿੱਚ ਅੱਤਵਾਦ ਦਾ ਮਾਹੌਲ ਪਨਪਨ ਕਾਰਨ ਪੁਲੀਸ ਨੇ ਕਈ ਵਾਰੀ ਲਾਹੀਆਂ ਤੇ ਅਕਾਲੀਆਂ ਨੂੰ ਜੇਲ ਯਾਤਰਾਵਾਂ ਵੀ ਕਰਵਾਈਆਂ। 1997 ਵਿੱਚ ਜਦੋ ਅਕਾਲੀ ਦਲ (ਬਾਦਲ) ਦੀ ਸਰਕਾਰ ਹੋਂਦ ਵਿੱਚ ਆਈ ਤਾਂ ਸਿੱਖਾਂ ਦੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਖਡੂਰ ਸਾਹਿਬ ਵਿੱਖੇ ਅਕਾਲੀਆਂ ਦੀ ਰੈਲੀ ਹੋਈ ਸੀ, ਤਾਂ ਰਣਜੀਤ ਸਿੰਘ ਛੱਜਲਵੱਢੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਧੜੇ ਵਿੱਚ ਟੱਕਰਾ ਹੋ ਗਿਆ। ਉਸ ਵੇਲੇ ਦੇ ਅਕਾਲੀ ਵਿਧਾਇਕ ਰਣਜੀਤ ਸਿੰਘ ਛੱਜਲਵੱਢੀ ਦੀ ਦਸਤਾਰ ਬ੍ਰਹਮਪੁਰੇ ਦੇ ਸਮੱਰਥਕਾਂ ਨੇ ਖਿਲਾਰੀ ਸੀ ਤੇ ਕੁੱਟ ਕੁੱਟ ਕੇ ਸਿਰ ਵਿੱਚੋਂ ਲਹੂ ਕੱਢ ਦਿੱਤਾ ਸੀ, ਤਾਂ ਪੱਤਰਕਾਰਾਂ ਨੇ ਖਿੱਲਰੇ ਵਾਲਾ ਵਿੱਚ ਹੀ ਜਦੋਂ ਛੱਜਲਵੱਢੀ ਨੂੰ ਪੁੱਛਿਆ ਕਿ ਜਥੇਦਾਰ ਜੀ ਕੀ ਹਾਲ ਚਾਲ ਹੈ, ਤਾਂ ਉਸ ਨੇ ਮੇਜਰ ਸਿੰਘ ਉਬੋਕੇ ਦੇ ਕਹਿ ਸ਼ਬਦਾਂ ਪੁਸ਼ਟੀ ਕਰਦਿਆਂ ਜਵਾਬ ਦਿੱਤਾ ਸੀ ਕਿ ‘ਚੜਦੀ ਕਲਾ’ ਜਦ ਕਿ ਬ੍ਰਹਮਪੁਰੇ ਧੜੇ ਵਾਲੇ ਉਸ ਦੀ ਦਸਤਾਰ ਲਾਹ ਕੇ ਨਾਲ ਹੀ ਲੈ ਗਏ ਸਨ ਜਿਹੜੀ ਅੱਜ ਤੱਕ ਸ਼ਾਇਦ ਉਸ ਨੂੰ ਵਾਪਸ ਨਹੀਂ ਮਿਲੀ।

ਸੰਨ 2004 ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਸ ਸਮੇਂ ਵੀ ਕੱਥੂ ਨੰਗਲ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਸ਼ਤਾਬਦੀ ਮਨਾਈ ਗਈ ਸੀ ਤਾਂ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਆਂਪਣੇ ਸਾਥੀਆਂ ਨਾਲ ਸਮਾਗਮ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਵੀ ਬਾਦਲਕਿਆਂ ਨੇ ਮਾਨ ਦੀ ਕੁੱਟਮਾਰ ਕਰਨ ਦੇ ਨਾਲ ਨਾਲ ਉਸ ਦੀ ਦਸਤਾਰ ਵੀ ਲਾਹੀ ਸੀ, ਜਿਹੜੀ ਮਾਨ ਦੇ ਢਿੱਡ ਵਿੱਚ ਸ਼ੂਲ ਵਾਂਗ ਰੜਕ ਰਹੀ ਸੀ, ਜਿਸ ਦਾ ਬਦਲਾ 2006 ਵਿੱਚ ਮਾਨ ਦਲੀਆਂ ਨੇ ਸ਼੍ਰੋਮਣੀ ਕਮੇਟੀ ਪਰਧਾਨ ਅਵਤਾਰ ਸਿੰਘ ਮੱਕੜ ਦੀ ਪੱਗ ਲਾਹ ਕੇ ਲਿਆ ਸੀ, ਜਦ ਕਿ ਕੋਸ਼ਿਸ਼ ਤਾਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਪੱਗ ਲਾਹੁਣ ਦੀ ਵੀ ਕੀਤੀ ਸੀ। ਮੱਕੜ ਦੀ ਪੱਗ ਅੱਜ ਤੱਕ ਨਹੀਂ ਮਿਲੀ, ਜਿਸ ਬਾਰੇ ਚਰਚਾ ਹੈ, ਕਿ ਉਹ ਇਤਿਹਾਸਕ ਪੱਗ ਮਾਨ ਨੇ ਸ਼ੀਸ਼ੇ ਵਿੱਚ ਮੜਾ ਕੇ ਆਪਣੇ ਘਰ ਰੱਖੀ ਹੋਈ ਹੈ।

ਇਸੇ ਤਰ੍ਹਾਂ ਹੀ ਬੀਤੇ ਦਿਨੀ ਦਿੱਲੀ ਵਿਖੇ ਅਕਾਲੀ ਦਲ ਦੇ ਦੋ ਧੜਿਆਂ ਵਿੱਚ ਹੋਈ ਖਾਨਜੰਗੀ ਨੂੰ ਲੈ ਕੇ ਦਸਤਾਰਾਂ ਦੋਹਾ ਧਿਰਾ ਵਾਲੇ ਪਾਸਿਉ ਖਿਲਰੀਆਂ ਸਨ ਤੇ ਪੈਰਾਂ ਵਿੱਚ ਵੀ ਰੁਲੀਆਂ, ਜਿਸ ਨੂੰ ਇਲੈਕਟੋਰਨਿਕ ਮੀਡੀਏ ਨੇ ਲਾਈਵ ਤੇ ਬਾਰ ਬਾਰ ਦਿਖਾਇਆਂ ਸੀ। ਅਕਾਲੀ ਦਲ ਬਾਦਲ ਦੇ ਦਿੱਲੀ ਐਸਟੇਟ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਗਿੱਦੜਕੁੱਟ ਸਰਨਿਆਂ ਨੇ ਕੀਤੀ ਉਹ ਸ਼ਾਇਦ ਉਸ ਨੂੰ ਯਾਦ ਰਹੇਗੀ। ਇਸ ਲੜਾਈ ਵਿੱਚ ਜੀ.ਕੇ ਦੀ ਦਸਤਾਰ ਲੱਥਣ ਦੇ ਨਾਲ ਨਾਲ ਕਿਰਪਾਨ ਦਾ ਫੱਟ ਵੀ ਉਸ ਦੇ ਵੱਜਾ ਤੇ ਕੇਸ ਵੀ ਖਿਲਰੇ ਹੋਏ ਸਨ। ਕੁਲ ਮਿਲਾ ਕੇ ਮੰਦਾ ਹਾਲ ਹੋਇਆਂ ਪਿਆਂ ਸੀ।

ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਿਹੜੇ ਹਮੇਸ਼ਾਂ ਕਹਿੰਦੇ ਹਨ ਕਿ ਸ਼ਕਾਇਤ ਮਿਲਣ ਤੇ ਕਾਰਵਾਈ ਕੀਤੀ ਜਾਵੇਗੀ ਨੇ ਖੁਦ ਹੀ ਨੋਟਿਸ ਲੈਦਿਆਂ ਕਿਹਾ ਕਿ ਇਸ ਘਟਨਾ ਦੀ ਸ੍ਰੀ ਅਕਾਲ ਤਖਤ ਤੋ ਕਾਰਵਾਈ ਕੀਤੀ ਜਾਵੇਗੀ, ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆਂ ਹੈ। ਇਸ ਤੋ ਪਹਿਲਾਂ ਵੀ ਕਈ ਵਾਰੀ ਜਥੇਦਾਰਾਂ ਦੀ ਹਾਜ਼ਰੀ ਵਿੱਚ ਦਸਤਾਰਾਂ ਲੱਥਦੀਆਂ ਰਹੀਆਂ ਹਨ, ਪਰ ਕਦੀ ਵੀ ਕਿਸੇ ਜਥੇਦਾਰ ਨੇ ਨੋਟਿਸ ਨਹੀਂ ਲਿਆਂ ਕਿਉਕਿ ਇਸ ਵੇਲੇ ਦਿੱਲੀ ਕਮੇਟੀ ਤੇ ਦਿੱਲੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੂੰ ਨੀਵਾਂ ਦਿਖਾਉਣਾ ਹੈ, ਜਿਸ ਲਈ ਜਥੇਦਾਰ ਵੱਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਥੇਦਾਰ ਜੀ ਨੂੰ ਚਾਹੀਦਾ ਹੈ, ਕਿ ਉਹ ਪਿਛਲੀਆਂ ਲੱਥੀਆਂ ਪੱਗਾਂ ਦਾ ਵੀ ਹਿਸਾਬ ਕਿਤਾਬ ਬਰਾਬਰ ਕਰਨ ਲਈ ਕਾਰਵਾਈ ਕਰਨ, ਨਹੀਂ ਤਾਂ ਫਿਰ ਇਤਿਹਾਸ ਦੇ ਪੰਨਿਆਂ ਤੇ ਇਹ ਹੀ ਲਿਖਿਆ ਜਾਵੇਗਾ ਕਿ ਜਥੇਦਾਰ ਨੇ ਆਪਣੇ ਆਕਾ ਬਾਦਲਕਿਆਂ ਨੂੰ ਖੁਸ਼ ਕਰਨ ਲਈ ਹੀ ਸਰਨਿਆਂ ਵਿਰੁੱਧ ਕਾਰਵਾਈ ਕੀਤੀ ਹੈ।

ਖੁਦਾ ਹਾਫਿਜ!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top