Share on Facebook

Main News Page

ਚੰਗੇਰੀ ਮਾਂ
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸੰਸਾਰ ਦਾ ਹਰ ਇਕ ਧਾਰਮਕ ਅਤੇ ਵਿਗਿਆਨਿਕ ਵਿਅਕਤੀ ਇਕ ਗੱਲ ਮੰਨਦਾ ਹੈ, ਕਿ ਹਰ ਇਕ ਜੀਵ ਦੀ ਪਦਾਇਸ਼ ਦਾ ਸਾਧਨ ਮਾ ਬਾਪ {ਨਰ ਮਦੀਨ} ਦਾ ਜੋੜਾ ਹੈ, ਗੁਰੂ ਜੀ ਕੁਛ ਹੋਰ ਗਹਿਰਾਈ ਵਿਚ ਸੋਚ ਕੇ ਆਖਦੇ ਹਨ ਫਿਰ ਰੱਬ ਕਰਤਾ ਪੁਰਖ ਕਿਵੇਂ ਹੋਇਆ? ਗੁਰੂ ਜੀ ਕਹਿਂਦੇ ਹਨ ਮਾਤਾ ਪਿਤਾ ਦੇ ਮਿਲਾਪ ਤੋਂ ਸਰੀਰ ਰੂਪ ਬਰਤਨ ਹੋਂਦ ਵਿਚ ਆਉਂਦਾ ਹੈ, ਉਸ ਵਿਚ ਜੀਵਨ ਜੋਤ ਰੱਖਕੇ ਪ੍ਰਭੂ ਸੰਪੂਰਣ ਜੀਵ ਦੀ ਸਿਰਜਨਾ ਕਰਦਾ ਹੈ। ਮਿਲ ਮਾਤ ਪਿਤਾ ਪਿੰਡ ਕਮਾਇਆ ॥ ਤਿਨ ਕਰਤੇ ਲੇਖ ਲਿਖਾਇਆ ॥ ਫਿਰ ਪ੍ਰਮਾਤਮਾ ਸਰਬ ਬਿਆਪੀ ਹੋਣ ਕਰਕੇ ਮਾਤਾ ਪਿਤਾ ਵਿਚ ਬੈਠਾ ਭੀ ਓਹੋ ਵਰਤ ਰਿਹਾ ਹੈ।

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥ ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥ ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥33॥

ਖੈਰ ਜੋ ਭੀ ਹੈ ਜੀਵ ਦੀ ਪਦਾਇਸ਼ ਦਾ ਮੁੱਖ ਸਾਧਨ ਮਾਂ ਬਾਪ ਹੀ ਮੰਨਿਆ ਜਾਂਦਾ ਹੈ।

ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ॥ ਬਿੰਬ ਬਿਨਾ ਕੈਸੇ ਕਪਰੇ ਧੋਈ ॥

ਹਾਲਾਂ ਕੇ ਗੁਰੂ ਜੀਨੇ ਆਪ ਹੀ ਇਕ ਸਵਾਲ ਖੜਾ ਕਰ ਦਿਤਾ ਹੈ ਕੇ ਜਦੋਂ ਅਜੇ ਕੁਛ ਭੀ ਨਹੀਂ ਸੀ, ਤਾਂ ਉਦੋਂ ਮਾਤਾ ਪਿਤਾ ਭੀ ਨਹੀਂ ਸੀ ਤਾਂ ਫਿਰ ਪਹਿਲਾ ਜੀਵ ਕਿਥੋਂ ਤੇ ਕਿਵੇਂ ਪੈਦਾ ਹੋਇਆ।

ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ ॥3॥ ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥ ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥

ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥ ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ॥

ਏਥੋਂ ਸਾਬਤ ਹੋਂਦਾ ਹੈ ਕੇ ਮੂਲ ਰੂਪ ਵਿਚ ਕਰਤਾ ਪੁਰਖ, ਅਕਾਲ ਪੁਰਖ ਹੀ ਹੈ ਅਤੇ ਉਸਨੇ ਹੀ ਜੀਵ ਨੂੰ ਸਿਰਜਨ ਸਵਾਰਨ ਅਤੇ ਸੰਭਾਲਨ ਲਈ ਮਾ ਬਾਪ ਇਕ ਸੁਚੱਜਾ ਸਾਧਨ ਰੂਪ ਸਿਰਜਿਆ ਹੈ ।

ਜੀਵਾਂ ਵਿਚੋਂ ਖਾਸ ਕਰ ਮਨੁਖ ਪ੍ਰਮਾਤਮਾ ਦੀ ਸਭ ਤੋਂ ਸ੍ਰੇਸ਼ਟ ਸਿਰਜਨਾ ਹੈ ਇਸ ਲਈ ਇਸ ਨੂੰ ਸੰਭਾਲਨ ਅਤੇ ਸਵਾਰਨ ਦੀ ਜ਼ੁਮੇਵਾਰੀ ਕਿਸੇ ਗ਼ੈਰ ਜ਼ੁਮੇਵਾਰ ਨੂੰ ਨਹੀਂ ਦਿਤੀ ਜਾ ਸਕਦੀ ਸੀ। ਸੋ ਪ੍ਰਭੂ ਨੇ ਦੇਖਿਆ ਕੇ ਮਾਂ ਭਗਤੀ ਹੈ, ਮਾਂ ਕੋਮਲਤਾ ਹੈ, ਮਾਂ ਕੁਰਬਾਨੀ ਹੈ, ਮਾਂ ਵਿਚ ਮਮਤਾ ਹੈ ਇਸ ਲਈ ਮੂਲ ਰੂਪ ਵਿਚ ਜੀਵ ਨੂੰ ਸੰਭਾਲਨ ਪਾਲਨ ਤੇ ਸਵਾਰਨ ਦੀ ਜੁਮੇਵਾਰੀ ਮਾਂ ਨੂੰ ਸੌਂਪ ਦਿਤੀ ਅਤੇ ਪਿਤਾ ਨਾਲ ਇਕ ਮੁਖ ਸਹਾਇਕ ਕਰ ਦਿਤਾ ਇਉਂ ਸ੍ਰਿਸ਼ਟੀ ਦੇ ਰਚਨ ਹਾਰ ਨੇ ਅਪਣੀ ਖੇਡ ਹਮੇਸ਼ਾਂ ਲਈ ਚਲਦੀ {Continue} ਕਰ ਲਈ ।

ਅਪੁਨੇ ਜੀਅ ਜੰਤ ਪ੍ਰਤਿਪਾਰੇ ॥ ਜਿਉ ਬਾਰਿਕ ਮਾਤਾ ਸੰਮਾਰੇ ॥ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥2
ਜਿਉ ਮਾਤਾ ਬਾਲਿ ਲਪਟਾਵੈ ॥ਤਿਉ ਗਿਆਨੀ ਨਾਮੁ ਕਮਾਵੈ ॥3॥ਗੁਰ ਪੂਰੇ ਤੇ ਪਾਵੈ ॥ਜਨ ਨਾਨਕ ਨਾਮੁ ਧਿਆਵੈ ॥4


ਦੀਨ ਦੈਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿਪਾਲਾ॥ ਓਤਿ ਪੋਤਿ ਨਾਨਕ ਸੰਗਿ ਰਵਿਆ ਜਿਉ ਮਾਤਾ ਬਾਲ ਗੁਪਾਲਾ

ਗੁਰੂ ਜੀ ਕਹਿਂਦੇ ਹਨ, ਮਾਂ ਰੱਬ ਦਾ ਹੀ ਰੂਪ ਹੈ, ਪ੍ਰਭੂ ਨੇ ਅਪਣੀ ਮੁਖ ਸਿਰਜਨਾ ਸੰਭਾਲਨ ਲਈ ਅਪਣਾ ਸਾਰਾ ਸੁਭਾ ਦਇਆਲਤਾ ਕਿਰਪਾਲਤਾ ਪ੍ਰਤਿਪਾਲਤਾ ਭੀ ਮਾਂ ਨੂੰ ਦੇ ਦਿਤੀ, ਬੱਸ ਏਸੇ ਲਈ ਹਰ ਇਸਤਰੀ ਧੀਅ ਭੈਣ ਪਤਨੀ ਬਣ ਜਾਣ ਤੇ ਭੀ ਸੰਪੂਰਣ ਨਹੀਂ ਹੋਂਦੀ ਅਤੇ ਆਖਰ ਮਾਂ ਬਨਣਾ ਲੋਚਦੀ ਹੈ ਕਿਉਂਕੇ ਮਾਂ ਔਰਤ ਦੀ ਸੰਪੂਰਣਤਾ ਦਾ ਪ੍ਰਤੀਕ ਹੈ। ਬੱਸ ਮਾਂ ਦਾ ਰੱਬ ਵਰਗਾ ਹੋਣਾ ਅਤੇ ਰੱਬ ਦਾ ਮਾਂ ਵਰਗਾ ਹੋਣਾ ਜ਼ਰੂਰੀ ਹੈ। ਇਸੇ ਲਈ ਗੁਰਬਾਣੀ ਵਿਚ ਰੱਬ ਕੋਲੋਂ ਰਹਿਮਤ ਮੰਗਨ ਲੱਗਿਆਂ ਮਾਂ ਦੀ ਉਦਹਾਰਣ ਦਿਤੀ ਗਈ ਹੈ।

ਸੁਤੁ ਅਪਰਾਧ ਕਰਤ ਹੈ ਜੇਤੇ ॥ ਜਨਨੀ ਚੀਤਿ ਨ ਰਾਖਸਿ ਤੇਤੇ ॥1॥ ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥1॥ ਰਹਾਉ ॥ ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥ ਤਾ ਭੀ ਚੀਤਿ ਨ ਰਾਖਸਿ ਮਾਇਆ ॥2

ਹੇ ਪ੍ਰਭੂ ਮਾਂ ਵਲ ਦੇਖ ਪੁਤਰ ਜਿਨੇ ਭੀ ਗੁਨਾਹ ਕਰ ਲਏ ਮਾਂ ਚਿਤ ਵਿਚ ਨਹੀਂ ਰਖਦੀ, ਬਖਸ਼ ਦੇਂਦੀ ਹੈ, ਤਾਂ ਫਿਰ ਮੈ ਭੀ ਤੇਰਾ ਪੁਤਰ ਹਾਂ ਤੂੰ ਮੈਨੂੰ ਕਿਉਂ ਨਹੀਂ ਬਖਸ਼ੇਂਗਾ।

ਬੇਸ਼ਕ ਮਨੁਖ ਦੇ ਸਰੀਰ ਦੀ ਮੁਢਲੀ ਸਿਰਜਨਾ ਮਾਤਾ ਪਿਤਾ ਦੇ ਮਿਲਾਪ ਤੋਂ ਹੋਈ ਪਰ ਇਸ ਸਿਰਜਨਾ ਦੀ ਮੁਢਲੀ ਸੰਭਾਲ ਦੀ ਜ਼ੁਮੇਵਾਰੀ ਅਪਣੇ ਗਰਭ ਵਿਚ ਦਸ ਮਹੀਨੇ ਤਕ ਰੱਖ ਕੇ ਹਰ ਤਰਾਂ ਦੀਆਂ ਔਕੜਾਂ ਝਾਗ ਕੇ ਰਸ ਕਸ ਤਿਆਗ ਕੇ ਭੀ ਬੜੀ ਖੁਸ਼ੀ ਨਾਲ ਕੇਵਲ ਮਾਂ ਨੇ ਹੀ ਨਿਭਾਈ ਗੁਰੂ ਜੀਨੇ ਬਚਨ ਕੀਤਾ “ਉਦਰੇ ਮਾਹਿ ਆਇ ਕੀਆ ਨਿਵਾਸ ॥ ਮਾਤਾ ਕੈ ਮਨ ਬਹੁਤ ਬਿਗਾਸ ॥” ਫਿਰ ਜੀਵਨ ਮੌਤ ਦੀ ਪ੍ਰਵਾਹ ਨਾ ਕਰਦਿਆਂ ਅੱਤ ਪੀੜਾ ਸਹਿਨ ਕਰਕੇ ਮਾਂ ਨੇ ਬੱਚੇ ਨੂੰ ਜਨਮ ਦਿਤਾ, ਮਾਂ ਦੀ ਪਹਿਲੀ ਜ਼ੁਮੇਵਾਰੀ ਸੰਪੂਰਣ ਹੋਈ।

ਹੁਣ ਅਗਲੀ ਜ਼ੁਮੇਵਾਰੀ ਵਿਚ ਮਾਂ ਸੇਵਾ ਸੰਭਾਲ ਕੁਰਬਾਨੀ ਦੀ ਤਸਵੀਰ ਬਨ ਜਾਂਦੀ ਹੈ ਬੱਚੇ ਦੀ ਸੰਭਾਲ ਲਈ ਮਾਂ ਨੀਂਦ ਅਰਾਮ ਖਾਣ ਪਹਿਨਣ ਸਭ ਭੁਲ ਜਾਂਦੀ ਹੈ, ਰਾਤਾਂ ਜਾਗਦੀ, ਮਲ ਮੂਤਰ ਸੰਭਾਲਦੀ ਭੀ ਖੁਸ਼ ਰਹਿਂਦੀ ਹੈ। ਬੱਚੇ ਦੀ ਉਹ ਭਾਵਨਾਤਮਕ ਭਾਸ਼ਾ ਜਿਸਦਾ ਸ਼ਬਦ ਕੋਸ਼ ਅਜ ਤਕ ਕਿਸੇ ਭਾਸ਼ਾ ਵਿਭਾਗ ਨੇ ਨਹੀਂ ਬਨਾਇਆ, ਉਹ ਬੱਚੇ ਦੀ ਭਾਸ਼ਾ ਸਭ ਤੋ ਪਹਿਲੇ ਮਾਂ ਸਮਝਦੀ ਹੈ, ਲੋਕ ਆਖਦੇ ਹਨ “ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਜਾਣੇ”, ਫਿਰ ਮਾਂ ਅਪਣਾ ਜੋਬਨ ਜੁਆਨੀ ਸੁੰਦਰਤਾ ਸਭ ਕੁਛ ਘੋਲ ਕੇ ਦੁਧ ਦੇ ਰੂਪ ਵਿਚ ਬੱਚੇ ਨੂੰ ਪਿਆਕੇ ਪਾਲਦੀ ਵੱਡਾ ਕਰਦੀ ਹੈ, ਮਾਨੋ ਬੱਚੇ ਦੀ ਜੁਆਨੀ ਮਾਂ ਦੇ ਜੋਬਨ ਦੀ ਪ੍ਰਤੀਕ ਹੈ ਇਸੇ ਲਈ ਜਦੋਂ ਕਿਸੇ ਨੂੰ ਕੋਈ ਵੰਗਾਰਦਾ ਹੈ ਤਾਂ ਕਹਿਂਦਾ ਹੈ “ਜਿਸਨੇ ਮਾਂ ਦਾ ਦੁਧ ਪੀਤਾ ਹੈ ਸਾਹਮਣੇ ਆਵੇ”।

ਅੱਜ ਸਮਾਜ ਵਿਚ ਮਨੁਖੀ ਭਾਈ ਚਾਰੇ ਦਾ ਬਿਖਰਾਓ ਪ੍ਰਵਾਰਕ ਸਾਂਝਾਂ ਦਾ ਟੁਟਣਾ ਅਤੇ ਸਮਾਜਕ ਆਚਰਨ ਦੇ ਨੀਵੇ ਹੋਣ ਦਾ ਕਾਰਨ ਕੇਵਲ ਇਹ ਹੈ ਕੇ ਮਾਂ ਅਪਣੀ ਜੁਮੇਵਾਰੀ ਭੁਲ ਗਈ ਹੈ ਅਤੇ ਬੱਚੇ ਦਾ ਸਬੰਧ ਮਾਂ ਨਾਲੋਂ ਟੁਟ ਗਿਆ ਹੈ। ਬੱਚਾ ਮਾਂ ਦਾ ਦੁਧ ਪੀਂਦਾ ਸੀ ਤਾਂ ਦੁਧ ਵਿਚ ਮਾਂ ਦੀ ਮਮਤਾ ਘੁਲ ਘੁਲ ਕੇ ਬੱਚੇ ਦੇ ਅੰਦਰ ਜਾਂਦੀ ਸੀ ਜੇਹੜੀ ਬੱਚੇ ਵਿਚ ਮਾਂ ਦਾ ਸਤਕਾਰ ਬਣ ਕੇ ਟਿਕ ਜਾਂਦੀ ਸੀ, ਇਕੋ ਮਾਂ ਦੇ ਪੀਤੇ ਦੁਧ ਦੀ ਸਾਂਝ ਭੈਣਾ ਭਰਾਵਾਂ ਦੇ ਆਪਸੀ ਪਿਆਰ ਦੀ ਸ਼ਕਤੀ ਬਣ ਜਾਂਦੀ ਸੀ, ਪਰ ਅਜ ਇਕ ਮਾਂ ਨੇ ਅਪਣੇ ਹੀ ਜੱਮੇ ਬਚੇ ਨੂੰ ਦੁਧ ਪਿਲਾਣ ਤੋਂ ਜੁਆਬ ਦੇ ਦਿਤਾ ਅਤੇ ਪਾਲਣ ਸੰਭਾਲਣ ਲਈ ਆਯਿਆ ਰੱਖ ਲਈਆਂ ਮਾਂ ਦਾ ਦੁਧ ਭੀ ਨਸੀਬ ਨਾ ਹੋਇਆ, ਮਾਂ ਦੀ ਗੋਦ ਭੀ ਨਸੀਬ ਨਾ ਹੋਈ ਬੱਚਾ ਮਾਂ ਦੇ ਹੋਂਦਿਆਂ ਮਾਂ ਮ੍ਹਿਟਰ ਹੋ ਗਿਆ। ਹੁਣ ਆਯਿਆ ਦੀ ਸੰਭਾਲ ਵਿਚ ਰਹਿਕੇ ਵੱਖ ਵੱਖ ਡਬਿਆ ਅਤੇ ਬੋਤਲਾਂ ਦਾ ਦੁਧ ਪੀ ਕੇ ਪਲਣ ਵਾਲੇ ਬੱਚੇ ਵੱਡੇ ਹੋਕੇ ਮਾਂ ਦਾ ਸਤਕਾਰ ਕੀ ਕਰਨਗੇ, ਭੈਣਾ ਭਰਾਵਾਂ ਦੀ ਸਾਂਝ ਕਿਵੇਂ ਬਣੇਗੀ? ਬਸ ਇਓਂ ਪਰਵਾਰਕ ਸਾਂਝਾਂ ਟੁਟਣ ਦਾ ਕਾਰਨ ਇਕ ਗ਼ੈਰਜ਼ੁਮੇਵਾਰ ਮਾਂ ਹੀ ਬਣ ਰਹੀ ਹੈ ।

ਮਾਂ ਦੀਆਂ ਭਾਵਨਾਵਾਂ ਵਿਚ ਅਥਾਹ ਸ਼ਕਤੀ ਹੈ ਮਾਂ ਦੀਆਂ ਉਹ ਭਾਵਨਾਵਾਂ ਹੀ ਅਸੀਸਾਂ ਅਤੇ ਸਿਖਿਆ ਬਣਕੇ ਬੱਚੇ ਦੀ ਮੱਤ ਵਿਚ ਪ੍ਰਵੇਸ਼ ਕਰਦੀਆਂ ਹਨ ਅਤੇ ਉਸ ਤੋਂ ਮੁੜ ਵਿਚਾਰ, ਵਿਹਾਰ ਬਣਦੇ ਹਨ ਇਸੇ ਲਈ ਜਦੋਂ ਗੁਰੂ ਅਰਜਨ ਸਾਹਿਬ ਨੇ ਅਸੀਸ ਦਾ ਸ਼ਬਦ ਉਚਾਰਨ ਕੀਤਾ ਤਾਂ ਮਾਂ {ਮਾਤਾ} ਦੇ ਨਾਮ ਨਾਲ ਹੀ ਅਸੀਸ ਦਿਤੀ।

ਪੂਤਾ ਮਾਤਾ ਕੀ ਅਸੀਸ ॥ ਨਿਮਖ ਨਾ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥

ਮਾਂ ਬੱਚੇ ਨੂੰ ਜਿਸਤਰਾਂ ਦਾ ਭੀ ਚਾਹੇ ਬਣਾ ਸਕਦੀ ਹੈ ਮਾਂ ਦੀ ਸੋਚ ਹੀ ਬੱਚੇ ਦੇ ਜੀਵਨ ਦੀ ਬੁਨਿਆਦ ਹੈ ਮਾਂ ਬੱਚੇ ਦੀ ਮੁਢਲੀ ਬੋਲੀ ਹੈ, ਗੁਰਬਾਣੀ ਵਿਚ ਇਕ ਥਾਵੇਂ ਆਏ ਦੋ ਲਫਜ਼ਾਂ ਵਿਚੋ ਬੱਚੇ ਦੇ ਜੀਵਨ ਦੀ ਉਸਾਰੀ ਵਿਚ ਮਾਤਾ ਪਿਤਾ ਵਲੋਂ ਪਾਏ ਯੋਗ ਦਾਨ ਦੀ ਤਸਵੀਰ ਝਲਕਦੀ ਹੈ, ਗੁਰੂ ਜੀ ਕਹਿਂਦੇ ਹਨ।

{ਮਾਤਾ ਮੱਤ ਪਿਤਾ ਸੰਤੋਖ} ਮਾਂ ਮੱਤ ਬਣਜਾਂਦੀ ਹੈ ਅਤੇ ਪਿਤਾ ਰੋਜ਼ੀ ਰੱਜ ਬਣ ਜਾਂਦਾ ਹੈ, ਬਸ ਮੱਤ ਹੀ ਜੀਵਨ ਦੀ ਇਨਕਲਾਬੀ ਸ਼ਕਤੀ ਹੈ ਜੀਵਨ ਮੱਤ ਤੇ ਅਧਾਰਤ ਹੈ, ਅਤੇ ਮਾਂ ਮੱਤ ਹੈ ਮਾਂ ਚਾਹੇ ਤਾਂ ਸਮਾਜ ਵਿਚ ਚੋਰ, ਡਾਕੂ, ਜ਼ਾਲਮ, ਅਧਰਮੀ ਮਨਮੁਖ ਪੈਦਾ ਕਰ ਸਕਦੀ ਹੈ ਅਤੇ ਚਾਹੇ ਤਾਂ ਇਮਾਨਦਾਰ ਪਰਉਪਕਾਰੀ, ਦਇਆਵਾਨ, ਧਰਮੀ ਗੁਰਮੁਖ ਗੁਰਸਿਖ ਵਿਦਵਾਨ, ਸਾਇਂਸਦਾਨ ਪੈਦਾ ਕਰ ਸਕਦੀ ਹੈ ਐਸੀਆਂ ਅਨੇਕਾਂ ਉਧਾਰਣਾ ਸੰਸਾਰ ਦੇ ਇਤਹਾਸ ਵਿਚ ਮੳਜੂਦ ਹਨ।

ਇਕ ਮਿਥਿਹਾਸ ਮੁਤਾਬਕ ਮਾਂ ਨੇ ਹੀ ਬਾਲਮੀਕ ਨੂੰ ਰਾਹ ਮਾਰ ਬਟਵਾਰਾ ਕਾਤਲ ਬਨਾਇਆ ਅਤੇ ਮਾਂ ਨੇ ਹੀ ਫਰੀਦ ਨੂੰ ਪ੍ਰਭੂ ਭਗਤੀ ਨਾਲ ਜੋੜਿਆ, ਇਸੇ ਲਈ ਜਿਥੇ ਧਰਮੀ ਗੁਰਸਿਖ ਪੈਦਾ ਕਰਨ ਵਾਲੀ ਮਾਂ ਨੂੰ ਸਤਿਗੁਰੂ ਨੇ “ਧੰਨ ਸੋ ਜਨਣੀ ਜਿਨ ਜਨ ਜਣੇ” ਆਖਿਆ, ਓਥੇ ਅਧਰਮੀ ਮਨਮੁਖ ਪੈਦਾ ਕਰਨ ਵਾਲੀ ਮਾਂ ਨੂੰ ਹੀ ਇਹ ਕਹਿਕੇ ਉਲਾਂਭਾ ਦਿਤਾ “ਜਹਿ ਕੁਲ ਪੂਤ ਨਾ ਗਿਆਨ ਬੀਚਾਰੀ ॥ ਬਿਧਵਾ ਕਸ ਨਾ ਭਈ ਮਹਤਾਰੀ” ਕੇ ਜੇਹੜੀ ਮਾਂ ਕੁਲ ਨੂੰ ਗਿਆਨ ਵਾਨ ਗੁਰਸਿਖ ਬੱਚਾ ਨਹੀਂ ਦੇ ਸੱਕੀ ਉਹ ਬਚੇ ਨੂੰ ਜਨਮ ਦੇਣ ਤੋਂ ਪਹਿਲਾਂ ਵਿਧਵਾ ਹੀ ਕਿਉਂ ਨਾ ਹੋ ਗਈ।

ਜਨਣੀ ਜਨੇ ਤਾ ਭਗਤ ਜਨ ਕੈ ਦਾਤਾ ਕੈ ਸੂਰ ॥ ਨਹੀਂ ਤਾਂ ਜਨਣੀ ਬਾਂਝ ਰਹਿ ਕਾਹੇ ਗਵਾਵੈ ਨੂਰ ॥

ਅਪਣੇ ਧਰਮ ਵਿਚ ਦ੍ਰਿੜ ਵਿਸ਼ਵਾਸ਼ ਰੱਖਨ ਵਾਲੀ ਮਾਂ ਦੀ ਸੰਗਤ ਵਿਚ ਹੀ ਬੱਚਾ ਸਥਿਰ ਸੋਚ ਦਾ ਧਾਰਨੀ ਹੋ ਸਕਦਾ ਹੈ, ਸਿੱਖ ਇਤਹਾਸ ਦੀ ਇਕ ਕਹਾਣੀ ਦਾ ਸੰਖੇਪ ਵਿਚ ਇਸ ਗਲ ਦੀ ਗਵਾਹੀ ਲਈ ਜ਼ਿਕਰ ਕਰਨਾ ਜ਼ਰੂਰੀ ਹੈ ਕੇ ਮਾਹਰਾਜਾ ਰਣਜੀਤ ਸਿੰਘ ਦੇ ਚਲੇ ਜਾਣ ਅਤੇ ਖਾਲਸਾ ਰਾਜ ਦੇ ਅੰਤਲੇ ਸਮੇ ਵਿਚ ਸਿਖ ਰਾਜ ਦੇ ਗ਼ੱਦਾਰ ਟੋਲੇ ਨੇ ਮਕਾਰ ਅੰਗਰੇਜ਼ ਨਾਲ ਮਿਲਕੇ ਆਖਰੀ ਮਾਹਰਾਜਾ ਦਲੀਪ ਸਿੰਘ {ਜਿਸਦੀ ੳਮਰ ਉਸ ਵੇਲੇ ਲਗ ਭਗ ਸੱਤ ਸਾਲ ਦੀ ਸੀ} ਨੂੰ ਰਾਜ ਤਿਲਕ ਤਾਂ ਦੇ ਦਿਤਾ ਪਰ ਹਕੂਮਤ ਅਪਣੇ ਹੱਥ ਕਰ ਲਈ ਅਤੇ ਨਾਲ ਹੀ ਇਹ ਫੈਸਲਾ ਕੀਤਾ ਕੇ ਦਲ਼ੀਪ ਨੂੰ ਪੜ੍ਹਾਨ, ਪਾਲਣ ਦੇ ਬਹਾਨੇ ਰਾਜ ਸਿੰਘਾਸਣ ਅਤੇ ਸਿਖੀ ਵਿਰਸੇ ਤੋਂ ਦੂਰ ਰੱਖਕੇ ਈਸਾਈ ਬਣਾ ਦਿਤਾ ਜਾਵੇ ਤਾਂਕੇ ਸਿਖੀ ਅਤੇ ਰਾਜ ਕਰੇਗਾ ਖਾਲਸਾ ਦਾ ਜਜ਼ਬਾ ਇਸਦੇ ਅੰਦਰੋਂ ਸਮਾਪਤ ਹੋ ਜਾਵੇ। ਅੰਗਰੇਜ਼ ਭੀ ਸਮਝਦਾ ਸੀ ਕੇ ਸਿਖੀ ਜਜ਼ਬੇ ਵਾਲੀ ਮਾਂ ਦੀ ਮੳਜੂਦਗੀ ਵਿਚ ਦਲੀਪ ਨੂੰ ਈਸਾਈ ਨਹੀਂ ਬਨਾਇਆ ਜਾ ਸਕੇਗਾ ਇਸ ਲਈ ਪਹਿਲਾਂ ਦਲੀਪ ਨੂੰ ਮਾਹਰਾਣੀ ਜਿੰਦਾਂ ਤੋਂ ਵੱਖ ਕਰਨਾ ਹੋਵੇਗਾ ਬਸ ਇਹ ਸੋਚਕੇ ਬੜੀ ਮਕਾਰੀ ਨਾਲ ਮਾਹਰਾਣੀ ਜਿੰਦਾਂ ਨੂੰ ਕੈਦ ਕਰਕੇ ਦੂਰ ਭੇਜ ਦਿਤਾ ਗਿਆ ਅਤੇ ਦਲੀਪ ਸਿੰਘ ਨੂੰ ਇਕ ਈਸਾਈ ਦੀ ਦੇਖ ਰੇਖ ਹੇਠ ਪੜ੍ਹਾਨ ਪਾਲਣ ਲਈ ਮਾਂ ਤੋਂ ਵੱਖ ਕਰਕੇ ਪਹਿਲੇ ਮਨਸੂਰੀ ਅਤੇ ਫਿਰ ਵਲਾਇਤ ਭੇਜ ਦਿਤਾ ਗਿਆ ਇਉਂ ਮਾਂ ਤੋਂ ਵੱਖ ਕਰਕੇ ਹੀ ਦਲੀਪ ਨੂੰ ਈਸਾਈ ਬਨਾਇਆ ਗਿਆ।

ਇਤਹਾਸ ਦਾ ਦੂਜਾ ਪਾਸਾ ਕੇ ਰਾਜ ਭਾਗ ਗੁਆਕੇ ਕਈ ਵ੍ਹਰੇ ਪੁਤਰ ਦੇ ਵਿਯੋਗ ਵਿਚ ਵਿਲਕਦੀ ਅਤੇ ਪੁਤਰ ਨੂੰ ਵੇਖਨ ਲਈ ਤਰਸਦੀ ਮਾਹਰਾਣੀ ਜਿੰਦਾਂ ਅਪਣੇ ਨੈਣਾ ਦੀ ਜੋਤ ਭੀ ਗੁਆ ਬੈਠੀ ਸੀ, ਪਰ ਜਦੋਂ ਜੀਵਨ ਦੇ ਆਖਰੀ ਸਮੇ ਕਲਕੱਤੇ ਦੇ ਹੋਟਲ ਵਿਚ ਮਾਂ ਜਿੰਦਾਂ ਅਤੇ ਪੁਤਰ ਦਲੀਪ ਦੇ ਮਿਲਣ ਦੀ ਘੜੀ ਆਈ ਅਤੇ ਦਲੀਪ ਭਰੇ ਹੋਇ ਦਿਲ ਨਾਲ ਮਿਲਣ ਲਈ ਅੱਖਾਂ ਤੋਂ ਅੰਧੀ ਮਾਂ ਮਾਹਰਾਣੀ ਜਿੰਦਾਂ ਦੇ ਨੇੜੇ ਹੋਇਆ , ਚਿਰੀਂ ਵਿਛੜੇ ਪੁਤਰ ਨੂੰ ਘੁਟ ਕੇ ਗਲਵਕੜੀ ਵਿਚ ਲੈ ਸਿਰ ਤੇ ਪਿਆਰ ਦੇਣ ਲਈ ਜਦੋਂ ਮਾਂ ਦਾ ਹੱਥ ਕੇਸਾਂ ਅਤੇ ਦਸਤਾਰ ਤੋਂ ਖਾਲੀ ਸਿਰ ਤੇ ਛੋਹਿਆ, ਮਾਂ ਭੁਬਾਂ ਮਾਰ ਰੋਂਦੀ ਪਿਛੇ ਹਟ ਗਈ ਜਿਸਦੇ ਸਿਰ ਤੇ ਕੇਸ ਨਹੀਂ ਦਸਤਾਰ ਨਹੀਂ ਇਹ ਮੇਰਾ ਪੁਤਰ ਦਲੀਪ ਨਹੀਂ ਹੋ ਸਕਦਾ, ਲੋਕੋ ਮੈ ਓਹਨਾ ਕੇਸਾਂ ਦੀ ਛੋਹ ਨੂੰ ਪਛਾਣਦੀ ਹਾਂ ਜਿਹਨਾ ਨੂੰ ਮੈ ਆਪ ਪਿਆਰ ਨਾਲ ਸੰਵਾਰਦੀ ਗੁੰਦਦੀ ਤੇ ਸਜਾਂਦੀ ਰਹੀ ਹਾਂ, ਲੋਕੋ ਇਹ ਮੇਰਾ ਪੁਤ ਨਹੀਂ ਇਹ ਮੇਰਾ ਦਲੀਪ ਨਹੀਂ ਹੋ ਸਕਦਾ। ਤੇ ਭੁਬੀਂ ਰੋਂਦਾ ਦਲੀਪ ਆਖ ਰਿਹਾ ਸੀ ਮਾਂ ਮੈ ਤੇਰਾ ਪੁਤਰ ਹਾਂ, ਵਿਸ਼ਵਾਸ਼ ਕਰ ਮੈ ਤੇਰਾ ਦਲੀਪ ਹਾਂ, ਮਾਂ ਤੇਰੇ ਤੋਂ ਵਿਛੜ ਕੇ ਤੇਰੇ ਗੁੰਦੇ ਸੰਵਾਰੇ ਤੇਰੀ ਨਿਸ਼ਾਨੀ ਸੀਸ ਦੇ ਕੇਸ ਮੇਰੇ ਕੋਲੋਂ ਗੁਆਚ ਗਏ, ਤੂੰ ਰੋ ਨਾ ਮਾਂ ਮੈ ਤੇਰੇ ਨਾਲ ਬਚਨ ਕਰਦਾ ਹਾਂ ਮੈ ਮੁੜ ਕੇਸਾਂ ਵਾਲਾ ਦਸਤਾਰ ਵਾਲਾ ਬਣਾਂਗਾ।

ਆਹ, ਕੈਸਾ ਸੀ ਉਹ ਸਮਾਂ ਕੈਸਾ ਸੀ, ਉਹ ਦ੍ਰਿਸ਼ ਜਦੋਂ ਵਿਛੜੀ ਮਾਂ ਪੁਤਰ ਨੂੰ ਮਿਲੀ ਮਾਨੋ ਵਿਛੜੀ ਸਿੱਖੀ ਦਲੀਪ ਨੂੰ ਮਿਲੀ, ਦਲੀਪ ਸਿੰਘ ਮੁੜ ਕੇਸਾਧਾਰੀ, ਅੰਮ੍ਰਿਤਧਾਰੀ ਹੋਇਆ, ਇਹ ਇੱਕ ਸਿੱਖ ਮਾਂ ਸੀ।

ਧੰਨ ਹਨ ਉਹ ਮਾਵਾਂ ਜੇਹੜੀਆਂ ਅਪਣੀ ਜੁਮੇਵਾਰੀ ਪਛਾਣਦੀਆਂ ਹਨ, ਅਪਣੇ ਬਚਿਆਂ ਦੇ ਕੇਸਾਂ ਦੀ ਸੰਭਾਲ ਕਰਦੀਆਂ ਹਨ, ਬੱਚਿਆਂ ਨੂੰ ਉਤਮ ਮੱਤ ਗੁਰਬਾਣੀ ਗੁਰਮਤਿ ਨਾਲ ਜੋੜ ਸੰਵਾਰ ਕੇ ਸਿੱਖੀ ਵਿੱਚ ਪ੍ਰਪੱਕ ਕਰਦੀਆਂ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top