Share on Facebook

Main News Page

ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਹੋਈ ਭੁੱਲ ਦਾ ਮਾਮਲਾ
ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਦਿੱਤੀ ਸਫ਼ਾਈ, ਵਧਾ ਸਕਦੀ ਹੈ ਗਿਆਨੀ ਜਸਵਿੰਦਰ ਸਿੰਘ ਦੀਆਂ ਮੁਸ਼ਕਲਾਂ

ਅੰਮ੍ਰਿਤਸਰ,( ਨਰਿੰਦਰ ਪਾਲ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹਿਰਾਸ ਦਾ ਪਾਠ ਕਰਦਿਆਂ ਹੋਈ ਭੁੱਲ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤੀ ਸਫਾਈ ਗਿਆਨੀ ਜਸਵਿੰਦਰ ਸਿੰਘ ਲਈ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਬੀਤੀ 15 ਨਵੰਬਰ ਨੂੰ ਸ਼ਾਮ ਵੇਲੇ ਰਹਿਰਾਸ ਕਰਦਿਆਂ ਚੌਪਈ ਸਾਹਿਬ ਦਾ ਪਾਠ ਭੁੱਲ ਜਾਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਂਦਿਆਂ ਗ੍ਰੰਥੀ ਲਗਾ ਦਿੱਤਾ ਸੀ ਜਦਕਿ ਉਨ੍ਹਾਂ ਦੀ ਜਗ੍ਹਾ ਗਿਆਨੀ ਮੱਲ ਸਿੰਘ ਨੂੰ ਮੁੱਖ ਗ੍ਰੰਥੀ ਅਤੇ ਗਿਆਨੀ ਜਗਤਾਰ ਸਿੰਘ ਨੂੰ ਐਡੀਸ਼ਨਲ ਗ੍ਰੰਥੀ ਲਗਾ ਦਿੱਤਾ। ਪੈਦਾ ਹੋਏ ਹਾਲਾਤਾਂ ਦੇ ਚਲਦਿਆਂ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਬੀਤੇ ਐਤਵਾਰ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨਾਲ ਮੁਲਾਕਾਤ ਕਰਕੇ ਸਮੁੱਚੀ ਘਟਨਾ ਬਾਰੇ ਆਪਣੀ ਸਫਾਈ ਪੇਸ਼ ਕੀਤੀ ਸੀ, ਜਿਸਦੇ ਚਲਦਿਆਂ ਕਮੇਟੀ ਪ੍ਰਧਾਨ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਇਕ ਚੌਰ ਬਰਦਾਰ ਭਾਈ ਅਮਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ।

ਗਿਆਨੀ ਜਸਵਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਹੀ ਬੀਤੇ ਕੁਝ ਹਫਤੇ ਪਹਿਲਾਂ ਵਾਪਰੀ ਇਕ ਹੋਰ ਘਟਨਾ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਆ ਭਾਈ ਧਰਮ ਸਿੰਘ ਅਤੇ ਸਵੇਰੇ ਸਵਈਏ ਪੜ੍ਹਨ ਵਾਲੇ ਦੋ ਪ੍ਰੇਮੀਆਂ ਨੂੰ ਦੋਸ਼ੀ ਠਹਿਰਾ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਹੋਏ ਹੁਕਮਾਂ ਅਨੁਸਾਰ ਕਮੇਟੀ ਪ੍ਰਬੰਧਨ ਨੇ ਅਰਦਾਸੀਆ ਧਰਮ ਸਿੰਘ ਨੂੰ ਵੀ ਸੇਵਾਮੁਕਤ ਕਰ ਦਿੱਤਾ ਤੇ ਦੋ ਪ੍ਰੇਮੀਆਂ ਵਲੋਂ ਸਵਈਏ ਪੜ੍ਹਨ ’ਤੇ ਰੋਕ ਲਗਾ ਦਿੱਤੀ। ਭਾਈ ਅਮਰਜੀਤ ਸਿੰਘ ਨੂੰ ਮੁਅੱਤਲ ਕੀਤੇ ਜਾਣ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਦਰਮਿਆਨ ਘੁਸਰ ਮੁਸਰ ਸ਼ੁਰੂ ਹੋ ਗਈ। ਇਨ੍ਹਾਂ ਮੁਲਾਜ਼ਮਾਂ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵੇਲੇ ਗਿਆਨੀ ਜਸਵਿੰਦਰ ਸਿੰਘ ਰਹਿਰਾਸ ਕਰ ਰਹੇ ਸਨ ਤਾਂ ਭਾਈ ਅਮਰਜੀਤ ਸਿੰਘ ਸਚਖੰਡ ਅੰਦਰ ਮੌਜੂਦ ਹੀ ਨਹੀਂ ਸਨ।

ਜਾਣਕਾਰਾਂ ਦਾ ਕਹਿਣਾ ਹੈ ਕਿ 15 ਨਵੰਬਰ ਦੀ ਸ਼ਾਮ ਗਿਆਨੀ ਜਸਵਿੰਦਰ ਸਿੰਘ ਬੜੀ ਕਾਹਲੀ ਨਾਲ ਡਿਊਟੀ ’ਤੇ ਆਏ ਸਨ ਤੇ ਕਾਫੀ ਉਖੜੇ ਹੋਏ ਸਨ। ਡਿਊਟੀ ’ਤੇ ਬੈਠਦਿਆਂ ਹੀ ਉਨ੍ਹਾਂ ਡਿਊਟੀ ’ਤੇ ਹਾਜ਼ਰ ਭਾਈ ਅਮਰਜੀਤ ਸਿੰਘ ਨੂੰ ਕਿਹਾ ਕਿ ਉਹ ਕਿਸੇ ਸਿੰਘ ਸਾਹਿਬ ਜਾਂ ਗ੍ਰੰਥੀ ਪਾਸੋਂ ਪਤਾ ਕਰਕੇ ਦੱਸੇ ਕਿ ਸਚਖੰਡ ਅੰਦਰਲੇ ਸਰੂਪ ਦੇ ਕਿਸ ਅੰਗ ’ਤੇ ਬਾਰਹ ਮਾਹ ਅੰਕਿਤ ਹੈ। ਭਾਈ ਅਮਰਜੀਤ ਸਿੰਘ ਹੁਕਮ ਪਾ ਕੇ ਸਚਖੰਡ ’ਚੋਂ ਬਾਹਰ ਆ ਗਿਆ ਤੇ ਡਿਊਟੀ ਭਾਈ ਸੁਖਦੇਵ ਸਿੰਘ ਚੌਰ ਬਰਦਾਰ ਨੂੰ ਸੌਂਪ ਆਇਆ। ਭਾਈ ਅਮਰਜੀਤ ਸਿੰਘ ਦੀ ਗੈਰ ਹਾਜ਼ਰੀ ਵਿਚ ਹੀ ਗਿਆਨੀ ਜਸਵਿੰਦਰ ਸਿੰਘ ਨੇ ਰਹਿਰਾਸ ਦਾ ਪਾਠ ਆਰੰਭ ਕੀਤਾ ਜਿਸ ਦੇ ਚਲਦਿਆਂ ਉਨ੍ਹਾਂ ਪਾਸੋਂ ਚੌਪਈ ਸਾਹਿਬ ਦਾ ਪਾਠ ਛੱਡ ਜਾਣ ਦੀ ਭੱਲ ਹੋਈ।

ਦੂਸਰੇ ਪਾਸੇ ਇਕ ਪਤਿਤ ਵਲੋਂ ਸਵਈਏ ਪੜ੍ਹਨ ਬਾਰੇ ਗਿਆਨੀ ਜਸਵਿੰਦਰ ਸਿੰਘ ਵਲੋਂ ਦਿੱਤੇ ਸਪੱਸ਼ਟੀ ਕਰਨ ਨੂੰ ਲੈ ਕੇ ਸਵਈਏ ਪੜ੍ਹਨ ਵਾਲੇ ਪ੍ਰੇਮੀਆਂ ਵਿਚ ਵੀ ਨਿਰਾਸ਼ਾ ਉਪਜੀ ਹੈ। ਜਿਥੇ ਉਹ ਸਬੰਧਤ ਘਟਨਾਕ੍ਰਮ ਬਾਰੇ ਸ੍ਰੀ ਹਰਿਮੰਦਰ ਸਾਹਿਬ ਦੇ ਦੂਸਰੇ ਗ੍ਰੰਥੀ ਸਾਹਿਬਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵਿਚਾਰ ਕਰ ਰਹੇ ਹਨ, ਉਥੇ ਸ਼੍ਰੋਮਣੀ ਕਮੇਟੀ ਅਧਿਕਾਰੀ ਵੀ ਗਿਆਨੀ ਜਸਵਿੰਦਰ ਸਿੰਘ ਵਲੋਂ ਦਿੱਤੇ ਗਏ ਸਪੱਸ਼ਟੀਕਰਨ ਦੀ ਗੁਪਤ ਢੰਗ ਨਾਲ ਜਾਂਚ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਘਟਨਾ ਵਾਲੀ ਸ਼ਾਮ ਹੀ ਜਾਂਚ ਕਰਨ ਪੁੱਜੀ ਸ਼੍ਰੋਮਣੀ ਕਮੇਟੀ ਦੀ ਫਲਾਇੰਗ ਸਕੂਐਡ ਨਾਲ ਗਿਆਨੀ ਜਸਵਿੰਦਰ ਸਿੰਘ ਦੀ ਤਲਖ ਕਲਾਮੀ ਹੋਈ ਸੀ, ਜਿਸਦਾ ਮੌਕੇ ਤੇ ਮੌਜੂਦ ਅੰਤ੍ਰਿਗ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂਵਾਲ ਨੇ ਵੀ ਗੰਭੀਰ ਨੋਟਿਸ ਲਿਆ ਸੀ। ਉਧਰ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮ ਤੇ ਅਧਿਕਾਰੀ, ਗਿਆਨੀ ਜਸਵਿੰਦਰ ਸਿੰਘ ਦੇ ਮੁੱਖ ਗ੍ਰੰਥੀ ਕਾਰਜਕਾਲ ਦੀਆਂ ਸਾਰੀਆਂ ਹੀ ਗੁਰਮਤਿ ਵਿਰੋਧੀ ਕਾਰਵਾਈਆਂ ਦੀ ਜਾਂਚ ਕੀਤੇ ਜਾਣ ਬਾਰੇ ਆਵਾਜ਼ ਉਠਾਉਣ ਲੱਗ ਪਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਗਿਆਨੀ ਜਸਵਿੰਦਰ ਸਿੰਘ ਉਪਰ ਕਿਸੇ ਕਰੀਬੀ ਵਾਕਫ਼ਕਾਰ ਦੇ ਪਤਿਤ ਲੜਕੇ ਦੇ ਵਿਆਹ ਦੀਆਂ ਰਸਮਾਂ ਵਿਚ ਸ਼ਾਮਲ ਹੋ ਕੇ ਭੰਗੜਾ ਪਾਉਣ ਤੱਕ ਦੇ ਦੋਸ਼ ਲੱਗੇ ਸਨ, ਜਿਸਦੇ ਚਲਦਿਆਂ ਗਿਆਨੀ ਜਸਵਿੰਦਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਪਾਸ ਆਪਣੀ ਭੁੱਲ ਸਵੀਕਾਰ ਲਈ ਸੀ ਪਰ ਇਸ ਵਾਰ ਦੀ ਭੁੱਲ ਨੂੰ ਲੈ ਕੇ ਉਨ੍ਹਾਂ ਦਾ ਜਾਂਚ ਕਮੇਟੀ ਨਾਲ ਹੀ ਉਲਝ ਜਾਣਾ ਭਾਰੀ ਪਿਆ ਹੈ। ਗਿਆਨੀ ਜਸਵਿੰਦਰ ਸਿੰਘ ਵਲੋਂ ਦਿੱਤੇ ਗਏ ਸਪੱਸ਼ਟੀਕਰਨ ਨਾਲ ਕੁਝ ਮੁਲਾਜ਼ਮਾਂ ਦੀ ਬਲੀ ਤਾਂ ਜ਼ਰੂਰ ਦਿੱਤੀ ਗਈ ਹੈ, ਅੱਜ ਸਵੇਰੇ ਹੀ ਸਾਰੇ ਚੌਰ ਬਰਦਾਰਾਂ ਦਾ ਇਕ ਵਾਰ ਫਿਰ ਯੋਗਤਾ ਟੈਸਟ ਵੀ ਲਿਆ ਗਿਆ ਪਰ ਗਿਆਨੀ ਜਸਵਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਿਚ ਵਾਧਾ ਜ਼ਰੂਰ ਹੋ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top