Share on Facebook

Main News Page

ਲੁਧਿਆਣਾ ਬੈਂਕ ਡਕੈਤੀ ਕੇਸ ’ਚ ਭਾਈ ਬਿੱਟੂ, ਭਾਈ ਗਾਮਾ ਸਮੇਤ 12 ਨੂੰ 10-10 ਸਾਲ ਦੀ ਸਜ਼ਾ

- ਸਜ਼ਾ ਪ੍ਰਾਪਤ ਕਰਨ ਵਾਲਿਆਂ ’ਚ 93 ਤੇ 83 ਸਾਲ ਦੇ ਬਜ਼ੁਰਗ ਵੀ ਸ਼ਾਮਲ

ਲੁਧਿਆਣਾ, (ਵਿਜੇ ਸ਼ਰਮਾ, ਰਾਜ ਜੋਸ਼ੀ): -ਖਾੜਕੂਵਾਦ ਸਮੇਂ ਅੱਜ ਤੋਂ ਲਗਭਗ 25 ਵਰ੍ਹੇ ਪਹਿਲਾਂ ਹੋਈ, ਉਸ ਸਮੇਂ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਦਾ ਫੈਸਲਾ ਸੁਣਾਉਂਦਿਆਂ ਅੱਜ ਸਪੈਸ਼ਲ ਕੋਰਟ ਨੇ ਇਸ ਬੈਂਕ ਡਕੈਤੀ ’ਚ ਨਾਮਜ਼ਦ ਕੀਤਾ। ਪੰਚ ਪ੍ਰਧਾਨੀ ਦੇ ਮੁੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਸਮੇਤ 12 ਸਿੱਖ ਆਗੂਆਂ ਨੂੰ 10-10 ਸਾਲ ਦੀ ਕੈਦ ਸੁਣਾਈ ਹੈ।

ਸਜ਼ਾ ਪ੍ਰਾਪਤ ਕਰਨ ਵਾਲਿਆਂ ’ਚ ਇੱਕ 93 ਸਾਲਾ ਸਿੱਖ ਬਜ਼ੁਰਗ ਵੀ ਸ਼ਾਮਲ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬੈਂਕ ਡਕੈਤੀ ਦੇ ਕੇਸਾਂ ’ਚ ਨਾਮਜ਼ਦ ਮੁੱਖ ਦੋਸ਼ੀ ਭਾਈ ਦਲਜੀਤ ਸਿੰਘ ਬਿੱਟੂ ਪਹਿਲਾਂ ਹੀ 11 ਸਾਲ 9 ਮਹੀਨੇ ਇਸ ਕੇਸ ਸਬੰਧੀ ਜ਼ਮਾਨਤ ਮਿਲਣ ਤੋਂ ਪਹਿਲਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੱਟ ਚੁੱਕੇ ਹਨ। ਜਦਕਿ ਉਨ੍ਹਾਂ ਦੇ ਦੂਜੇ ਸਾਥੀ ਗੁਰਨਾਮ ਸਿੰਘ ਗਾਮਾ 9 ਸਾਲ 2 ਮਹੀਨੇ ਜੇਲ੍ਹ ’ਚ ਬਿਤਾ ਚੁੱਕੇ ਹਨ।

12 ਫਰਵਰੀ 1987 ਨੂੰ ਲੁਧਿਆਣਾ ਦੇ ਮਿਲਰਗੰਜ ਇਲਾਕੇ ’ਚ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ 5 ਕਰੋੜ 68 ਲੱਖ 91 ਹਜ਼ਾਰ 416 ਰੁਪਏ ਦੀ ਬੈਂਕ ਡਕੈਤੀ ਹੋਈ ਸੀ। ਇਹ ਬੈਂਕ ਡਕੈਤੀ ਉਸ ਸਮੇਂ ਤੱਕ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਸੀ ਅਤੇ ਇਸ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੀ.ਬੀ.ਆਈ. ਵੱਲੋਂ ਇਸ ਕੇਸ ’ਚ ਭਾਈ ਬਿੱਟੂ ਤੇ ਭਾਈ ਗਾਮਾ ਨੂੰ ਮੁੱਖ ਦੋਸ਼ੀ ਨਾਮਜ਼ਦ ਕਰਕੇ 43 ਵਿਰੁੱਧ 15 ਜੁਲਾਈ 1987 ਨੂੰ ਪਹਿਲਾ ਚਾਲਾਨ ਪੇਸ਼ ਕੀਤਾ ਸੀ ਅਤੇ ਆਖਰੀ ਚਲਾਨ 22 ਅਕਤੂਬਰ 1991 ’ਚ ਪੇਸ਼ ਕੀਤਾ ਗਿਆ। ਢਾਈ ਦਹਾਕੇ ਦੇ ਕਾਨੂੰਨੀ ਦਾਅ ਪੇਚ ’ਚ 6 ਜੱਜ ਬਦਲੇ ਅਤੇ 450 ਗਵਾਹਾਂ ਦੀ ਸੂਚੀ ’ਚ ਸਰਕਾਰੀ ਪੱਖ ’ਚ 196 ਗਵਾਹ ਭੁਗਤਾਏ ਗਏ ਅਤੇ ਆਖੀਰ ਸਪੈਸ਼ਲ ਜੱਜ ਸੁਵੀਨ ਕੁਮਾਰ ਅਰੋੜਾ ਨੇ ਬੈਂਕ ਡਕੈਤੀ ਦੇ ਇਸ ਅਹਿਮ ਕੇਸ ਦਾ ਅੱਜ ਫੈਸਲਾ ਸੁਣਾਉਂਦਿਆਂ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਗੁਰਨਾਮ ਸਿੰਘ ਗਾਮਾ ਨੂੰ ਵੱਖ-ਵੱਖ 8 ਧਾਰਾਵਾਂ ਅਧੀਨ 51 ਸਾਲ ਦੀ ਕੈਦ ਸੁਣਾਈ ਹੈ, ਪ੍ਰੰਤੂ ਸਜ਼ਾ ਇਕੱਠੀ ਚਲਣੀ ਹੈ, ਇਸ ਲਈ ਵੱਧ ਤੋਂ ਵੱਧ ਸੁਣਾਈ ਗਈ 16 ਸਾਲ ਦੀ ਸਜ਼ਾ ਹੀ ਕੱਟਣੀ ਪੈਣੀ ਹੈ। ਅਦਾਲਤ ਨੇ ਭਾਰਤੀ ਦੰਡਾਂਵਲੀ ਦੀ ਧਾਰਾ 342, 395, 397, 412, 506, 120-ਬੀ ਅਤੇ ਆਰਮਜ਼ ਐਕਟ ਦੀ 25-27 ਤੋਂ ਇਲਾਵਾ ਟਾਂਡਾ ਐਕਟ 1985 ਦੀ ਧਾਰਾ 3,4,6 ਅਤੇ ਰੂਲ 18 ਅਧੀਨ ਇਹ ਸਜ਼ਾਵਾਂ ਸੁਣਾਈਆਂ ਹਨ। ਜਿਨ੍ਹਾਂ ਸਿੱਖ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ’ਚ ਹਰਜਿੰਦਰ ਸਿੰਘ ਕਾਲੀ ਲਲਤੋਂ, ਭਾਈ ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ, ਬਲਵਿੰਦਰ ਸਿੰਘ, ਮੋਹਣ ਸਿੰਘ ਮੋਹਣੀ, ਸਰੂਪ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਸੇਵਾ ਸਿੰਘ, ਆਸਾ ਸਿੰਘ ਅਤੇ ਮਾਨ ਸਿੰਘ ਸ਼ਾਮਲ ਹਨ।

ਅਦਾਲਤ ਦੇ ਫੈਸਲੇ ’ਤੇ ਟਿੱਪਣੀ ਕਰਦਿਆਂ ਬਚਾਅ ਪੱਖੇ ਵਕੀਲਾਂ ਪੂਰਨ ਸਿੰਘ ਹੁੰਦਲ, ਗੁਰਮੀਤ ਸਿੰਘ ਰੱਤੂ ਅਤੇ ਜਸਪਾਲ ਸਿੰਘ ਮੰਝਪੁਰ ਨੇ ਆਖਿਆ ਕਿ ਅਦਾਲਤ ਨੇ ਫੈਸਲਾ ਕਰਦਿਆਂ ਕਈ ਪੱਖਾਂ ਨੂੰ ਵਿਚਾਰਿਆ ਹੀ ਨਹੀਂ। ਉਨ੍ਹਾਂ ਸਾਰੇ ਵਿਅਕਤੀਆਂ ਨੂੰ ਟਾਡਾ ਅਧੀਨ ਸਜ਼ਾ ਸੁਣਾਏ ਜਾਣ ਨੂੰ ਹੈਰਾਨੀ ਜਨਕ ਦੱਸਿਆ। ਵਕੀਲਾਂ ਨੇ ਆਖਿਆ ਕਿ ਸਪੈਸ਼ਲ ਅਦਾਲਤ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ’ਚ ਜਾਣਗੇ। ਉੱਧਰ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸਕੱਤਰ ਜਨਰਲ ਮਨਵੀਰ ਸਿੰਘ ਨੇ ਆਖਿਆ ਕਿ ਫੈਸਲਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਸਜ਼ਾ ਪ੍ਰਾਪਤ ਕਰਨ ਵਾਲੇ ਸਿੱਖਾਂ ਦੀ ਅਜ਼ਾਦੀ ਦੀ ਲੜਾਈ ਦੇ ਆਗੂ ਹਨ। ਅਜਿਹੇ ਫੈਸਲੇ ਸਿੱਖਾਂ ’ਚ ਦਹਿਸ਼ਤ ਪੈਦਾ ਕਰਨ ਲਈ ਦਿੱਤੇ ਜਾਂਦੇ ਹਨ। ਫੈਸਲੇ ਤੋਂ ਬਾਅਦ ਭਾਈ ਬਿੱਟੂ ਨੂੰ ਨਾਭਾ ਦੀ ਵਧੇਰੇ ਸੁਰੱਖਿਆ ਵਾਲੀ ਜੇਲ੍ਹ ’ਚ ਅਤੇ ਬਾਕੀਆਂ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਭੇਜ ਦਿੱਤਾ ਗਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top