ਗਰਮੀਆਂ ਦੀ ਰੁੱਤੇ ਪਿੰਡਾਂ-ਥਾਂਵਾਂ ਵਿੱਚ ਜਦੋਂ ਕਦੇ ਅਸਮਾਨ ਗਹਿਰਾ-ਗਹਿਰਾ
ਹੋ ਜਾਂਦਾ ਸੀ ਅਤੇ ਹਨੇਰੀ ਚੜ ਆਉਣ ਦੇ ਇਮਕਾਨ ਬਣਦੇ ਨਜ਼ਰ ਆਉਂਦੇ ਸਨ ਤਾਂ ਸੁਆਣੀਆਂ ਸਭ ਤੋਂ
ਪਹਿਲਾਂ ਨੱਠ-ਭੱਜ ਕਰ ਕੇ ਚੁੱਲਿਆਂ ਦੀ ਅੱਗ ’ਤੇ ਪਾਣੀ ਸੁਟਿਆ ਕਰਦੀਆਂ ਸਨ, ਕਿਉਂਕਿ ਬਿਨ ਬੂਹੇ
ਰਸੋਈਆਂ ਜਾਂ ਖੁੱਲੇ ਵਿਹੜਿਆਂ ਦੇ ਇੱਕ ਖੂੰਜੇ ਬਣੇ ਚੁੱਲਿਆਂ ’ਚੋਂ ਹਨੇਰੀ ਕਾਰਨ ਉੱਡੀ ਕੋਈ
ਚਿੰਗਾਰੀ ਸਾੜ-ਸਤੀ ਮਚਾ ਦਿੰਦੀ ਸੀ। ਕਿਤੇ ਭੁੱਲ-ਭੁਲੇਖੇ ਕਿਸੇ ਘਰ ਚੁੱਲੇ ਵਿੱਚ ਧੁਖਦੀ ਰਹਿ ਗਈ
ਅੱਗ ਅੱਧ-ਪਚੱਧੇ ਪਿੰਡ ਦਾ ਹੁਲੀਆ ਵਿਗਾੜ ਦਿੰਦੀ ਹੁੰਦੀ ਸੀ।
ਚੌਗਿਰਦੇ ਵਿੱਚ ਆਈਆਂ ਢੇਰ ਸਾਰੀਆਂ ਤਬਦੀਲੀਆਂ ਕਾਰਨ ਹੁਣ ਪੰਜਾਬ ਵਿੱਚ ਉਹੋ
ਜਿਹੀਆਂ ਕਾਲੀਆਂ ਬੋਲੀਆਂ ਹਨੇਰੀਆਂ ਤਾਂ ਨਹੀਂ ਚੜਦੀਆਂ, ਪਰ ਅੱਜ ਅਸ਼ਲੀਲਤਾ ਅਤੇ ਲੱਚਰਪੁਣੇ ਦੀਆਂ
ਕਾਮੁਕ ਹਨੇਰੀਆਂ ਨੇ ਪੰਜਾਬ ਦਾ ਅਸਮਾਨ ਕਾਲ਼ਾ-ਪੀਲ਼ਾ ਕੀਤਾ ਹੋਇਆ ਹੈ। ਸਦੀਆਂ ਪੁਰਾਣੇ ਵਿਰਸੇ ਦੀਆਂ
ਰਵਾਇਤਾਂ, ਨੈਤਿਕ ਕਦਰਾਂ-ਕੀਮਤਾਂ ਨੂੰ ਉਡਾ ਲੈ ਜਾਣ ਵਾਲੀਆਂ ਇਹਨਾਂ ਸ਼ੂਕਦੀਆਂ ਹਨੇਰੀਆਂ ਨੂੰ
ਰੋਕਣ ਦਾ ਓਹੜ-ਪੋਹੜ ਵਿਰਲੇ-ਟਾਵੇਂ ਹੱਥ ਕਰ ਤਾਂ ਰਹੇ ਹਨ, ਪਰ ਉਹ ਬੇਵੱਸ ਹੋਏ ਜਾਪਦੇ ਹਨ,
ਕਿਉਂਕਿ ਇਹ ਹਨੇਰੀਆਂ ਵਗਾਉਣ ਵਾਲਿਆਂ ਦਾ ‘ਬਿਜ਼ਨੈੱਸ’ ਇਹਨਾਂ ਦੇ ਆਸਰੇ ਹੀ ਵਧਦਾ-ਫੁੱਲਦਾ ਹੈ।
ਉਹ ਪੂਰਾ ਤਾਣ ਲਾ ਕੇ ਆਪਣੇ ਇਸ ਮਾਰੂ ਬਿਜ਼ਨੈੱਸ ਦਾ ਘੇਰਾ ਵਧਾਉਂਦੇ ਚਲੇ ਜਾ ਰਹੇ ਹਨ। ਇਹਨਾਂ
ਵਪਾਰੀਆਂ ਦਾ ਮਨ-ਭਾਉਂਦਾ ਸ਼ਿਕਾਰ ਹੈ ਨੌਜਵਾਨ ਪੀੜੀ। ਵਿਰਲਿਆਂ ਨੂੰ ਛੱਡ ਕੇ ਬਹੁਤੇ
ਮੁੰਡੇ-ਕੁੜੀਆਂ ਨੂੰ ਇਹ ਅਸ਼ਲੀਲ ਹਨੇਰੀਆਂ ਬਹੁਤ ਜਲਦੀ ਆਪਣੇ ਨਾਲ ਉਡਾ ਲੈਂਦੀਆਂ ਹਨ। ਮਾਪੇ
ਪਿੱਟਦੇ ਹਨ ਤਾਂ ਪਿੱਟਦੇ ਰਹਿਣ। ਸਮਾਜ ਸ਼ਾਸਤਰੀ ਅੰਧੇਰ-ਮਈ ਭਵਿੱਖ ਦੀਆਂ ਚਿਤਾਵਨੀਆਂ ਦਿੰਦੇ ਹਨ
ਤਾਂ ਦੇਈ ਜਾਣ।
ਬੇਰੁਜ਼ਗਾਰੀ ਦੇ ਭੰਨੇ ਹੋਏ ਪੰਜਾਬ ਵਿੱਚ ਖੁੰਬਾਂ ਵਾਂਗ ਪੈਦਾ ਹੋਈ ਜਾ ਰਹੇ
ਗਾਇਕਾਂ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਰਹੇ ਹਨ ਅਣਗਿਣਤ ਚੈਨਲ। ਮੋਬਾਈਲ ਫੋਨਾਂ ਰਾਹੀਂ ਹੁਣ
‘ਯੂ-ਟਿਊਬ’ ਅਤੇ ‘ਫੇਸ-ਬੁੱਕ’ ਰੂਪੀ ਮਾਚਿਸ ਦੀਆਂ ਡਬੀਆਂ ਹਰ ਮੁੰਡੇ-ਕੁੜੀ ਦੀ ਜੇਬ ਵਿੱਚ ਮੌਜੂਦ
ਰਹਿੰਦੀਆਂ ਹਨ। ਜਦ ‘ਚਿੱਤ ਕਰਿਆ’ ਡੱਬੀ ’ਚੋਂ ਤੀਲ ਕੱਢੀ ਤੇ ਝੁੱਗਾ ਚੌੜ ਕਰ ਲਿਆ। ਚੇਤੇ
ਆਉਂਦੀਆਂ ਹਨ ਮਾਣਕ ਦੇ ਇੱਕ ਗੀਤ ਦੀਆਂ ਕੁਝ ਸਤਰਾਂ। ਕਹਿੰਦੇ ਹਨ ਕਿ ਚੂਚਕ ਵੱਲੋਂ ਰਾਂਝੇ ਜਿਹਾ
ਮੁਸ਼ਟੰਡਾ ਮੱਝਾਂ ਦਾ ਪਾਲ਼ੀ ਰੱਖਣ ਵਿਰੁੱਧ, ਆਪਣੀ ਜਵਾਨ ਭਤੀਜੀ ਦਾ ਖ਼ਿਆਲ ਕਰਦਿਆਂ, ਕੈਦੋ ਆਪਣੇ
ਭਰਾ ਨੂੰ ਨਸੀਹਤ ਦਿੰਦਾ ਹੈ :
‘ਘਿਉ ਦੇ ਕੋਲ ਚੂਚਕਾ ਰਖੀਏ ਨਾ ਅੰਗਿਆਰੀ...!’
ਮਾਹੌਲ ਐਸਾ ਬਣ ਗਿਆ (ਜਾਂ ਬਣਾ ਦਿੱਤਾ ਗਿਆ) ਹੈ ਕਿ ਫੁੱਲਝੜੀਆਂ ਵਾਂਗ
ਆਲੇ-ਦੁਆਲੇ ਨੂੰ ਮਾਰੂ ਫਲੂਹੇ ਸੁੱਟਣ ਵਾਲੀਆਂ ਦਗ-ਦਗ ਕਰਦੀਆਂ ਅੰਗਿਆਰੀਆਂ ਦੀ ਚੁਤਰਫੀਂ
ਬੱਲੇ-ਬੱਲੇ ਹੋਈ ਪਈ ਹੈ। ਜਵਾਨੀ ਨੂੰ ਅੰਨੀ ਸੁਰੰਗ ਵਿੱਚ ਧੱਕ ਦੇਣ ਵਾਲੀ ਇਸ ਕੁਲੱਛਣੀ ਵਬਾ ਦਾ
ਹਰ ਹੀਲੇ ਵਿਰੋਧ ਕਰਨ ਦੀ ਥਾਂ ਇਸ ਨੂੰ ਸਨਮਾਨਿਆ ਜਾ ਰਿਹਾ ਹੈ। ਇਸ ਨੂੰ ‘ਹੁਨਰ’ ਦਾ ਨਾਂਅ ਦੇ
ਕੇ ਥਾਂ-ਥਾਂ ਵਡਿਆਇਆ ਜਾ ਰਿਹਾ ਹੈ :
‘ਜਿਨ ਕੇ ਆਂਗਨ ਮੇਂ ਹਰ ਸ਼ਾਮ ਅਮੀਰੀ ਕਾ ਛਜ਼ਰ
ਲਗਤਾ ਹੈ, ਉਨਕਾ ਹਰ ਐਬ ਜ਼ਮਾਨੇ ਕੋ ਹੁਨਰ ਲਗਦਾ ਹੈ।’
ਦੋ-ਤਿੰਨ
ਕੁ ਦਹਾਕੇ ਪਹਿਲਾਂ ਸਕੂਲਾਂ-ਕਾਲਜਾਂ ਦੇ ਕੰਪਲੈਕਸ ਇਸ ਹਨੇਰੀ ਦੀ ਤੁਫ਼ਾਨੀ ਮਾਰ ਤੋਂ ਬਚੇ ਹੋਏ ਸਨ,
ਪ੍ਰੰਤੂ ਹੁਣ ਇਹ ਵਿ¤ਦਿਅਕ ਅਦਾਰੇ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ। ਵਿਦਿਆ ਦੇ ਮੰਦਰਾਂ ਵਿੱਚ
ਕਾਮ-ਭੜਕਾਊ ਗੀਤ ਗਾਉਣ ਵਾਲਿਆਂ ਨੂੰ ਵਿਦਿਆਰਥੀਆਂ ਸਾਹਮਣੇ ਇਉਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ
ਕਿਤੇ ਇਹ ਅਰਸ਼ੋਂ ਉੱਤਰੇ ਹੋਏ ਫ਼ਰਿਸ਼ਤੇ ਹੋਣ। ਇਹਨਾਂ ਦੀ ਉਪਮਾ ਵਿੱਚ ਇਉਂ ਕਸੀਦੇ ਪੜੇ ਜਾਂਦੇ ਹਨ
ਕਿ ਜੇ ਇਹ ਪੈਦਾ ਨਾ ਹੋਏ ਹੁੰਦੇ ਤਾਂ ਪੰਜਾਬੀ ਸਭਿਆਚਾਰ ਧਰਤੀ ਤੋਂ ਅਲੋਪ ਹੀ ਹੋ ਜਾਣਾ ਸੀ।
ਪੰਜ ਨਵੰਬਰ 2012 ਦੀ ਇੱਕ ਰੋਜ਼ਾਨਾ ਪੰਜਾਬੀ ਅਖ਼ਬਾਰ ਪੜ ਰਿਹਾ ਸਾਂ।
ਚੰਡੀਗੜ ਦੇ ਨਜ਼ਦੀਕ ‘ਚੰਡੀਗੜ ਗਰੁੱਪ ਆਫ਼ ਕਾਲਜਿਜ਼ ਲਾਂਡਰਾ’ ਨਾਂਅ ਦੀ ਸੰਸਥਾ ਵਿੱਚ ਹੋਏ ਸਮਾਗਮ
ਦੀ ਰਿਪੋਰਟ ਵਾਲੇ ਸਿਰਲੇਖ ਵਿੱਚ ਲਿਖਿਆ ਹੋਇਆ ਸੀ :
‘...ਕਾਲਜ ਵਿੱਚ ਹੋਏ ਸਮਾਗਮ ਦੇ ਆਖ਼ਰੀ ਦਿਨ
ਗਾਇਕ ਦਿਲਜੀਤ ਨੇ ਮੇਲਾ ਲੁਟਿਆ।’
ਖ਼ਬਰ ਵਿੱਚ ਅੱਗੇ ਉਸ ਗਾਇਕ ਵੱਲੋਂ ਗਾਏ ਗਏ ਗੀਤਾਂ ਦੇ ਬੇਹੂਦਾ ਜਿਹੇ
‘ਮੁਖੜੇ’ ਲਿਖੇ ਹੋਏ ਸਨ। ਅਖੇ; ‘ਦਿਲ ਸਾਡੇ ਨਾਲ ਲਾ ਲੈ’ ਗੀਤ ਸੁਣ ਕੇ ਵਿਦਿਆਰਥੀ ਨੱਚਣ ਲਈ
ਮਜਬੂਰ ਹੋ ਗਏ।
ਕਾਲਜੀ ਮੇਲੇ ਦੀ ਇਸ ਰਿਪੋਰਟ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ
ਸੰਸਥਾ ਦੇ ਪ੍ਰਧਾਨ ਸਾਹਿਬ ਨੇ ਗਾਇਕ ਦਿਲਜੀਤ ਨੂੰ ਸਨਮਾਨਤ ਕਰਨ ਵੇਲੇ ਉਸ ਦੀ ਰੱਜ ਕੇ ਉਸਤਤਿ
ਕੀਤੀ। ਪ੍ਰਧਾਨ ‘ਸ੍ਰੀਮਾਨ’ ਦੇ ਸ਼ਬਦ ਸਨ : ‘‘...ਸਾਡਾ ਇਹ ਗਾਇਕ ਮਿਆਰੀ ਗਾਇਕੀ ਦਾ ਮੁਦੱਈ ਅਤੇ
ਪੰਜਾਬੀ ਸਭਿਆਚਾਰ ਦਾ ਸਭ ਤੋਂ ਵੱਡਾ ਸੇਵਾਦਾਰ ਹੈ।’’
ਖ਼ਬਰ ਦੱਸਦੀ ਹੈ ਕਿ ਪ੍ਰਧਾਨ ਜੀ ਨੇ ਇਸ ਸਮੇਂ ‘ਗੋਬਲਜ਼’ ਨੂੰ ਵੀ ਮਾਤ
ਪਾਉਂਦਿਆਂ ਦਿਲਜੀਤ ਦੀ ਗਾਇਕੀ ਨਾਲ ਸੰਪੂਰਨ ਹੋਏ ਸਮਾਗਮ ਨੂੰ ‘ਸਮਾਜਕ ਬੁਰਾਈਆਂ ਵਿਰੁੱਧ
ਜਾਗਰੂਕਤਾ ਮੁਹਿੰਮ ਦਾ ਆਗਾਜ਼’ ਦਸਿਆ। ਇਸ ਨੂੰ ਕੁਫ਼ਰ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ?
ਗਾਇਕ ਹੋਵੇ ਦਿਲਜੀਤ, ਜਿਹੜਾ ਕੁੜੀਆਂ ਦੇ ਲੱਕ ਮਿਣਨ ਦੇ ਨਾਲ-ਨਾਲ ਉਹਨਾਂ
ਦੇ ‘ਵੇਟ’ ਵੀ ਦੱਸਦਾ ਹੋਵੇ, ਉਹ ਨੌਜਵਾਨ ਮੁੰਡੇ-ਕੁੜੀਆਂ ਦੇ ਮੋਹਰੇ ਟਪੂਸੀਆਂ ਮਾਰਦਾ ਗਾ ਰਿਹਾ
ਹੋਵੇ : ‘ਦਿਲ ਸਾਡੇ ਨਾਲ ਲਾ ਲੈ।’...ਛੋਕਰ-ਖੇਲ ਉਸ ਦੇ ਨਾਲ ਨੱਚਣ ਲਈ ਮਜਬੂਰ ਹੋ ਚੁੱਕੀ ਹੋਵੇ।
ਇਸ ਸਾਰੇ ਲੁੱਚ-ਪੌ ਨੂੰ ਦੇਖਦਿਆਂ ਵਿਦਿਅਕ ਅਦਾਰੇ ਦਾ ਮੁਖੀ ਕਹੇ ਕਿ ਸਮਾਜਕ ਬੁਰਾਈਆਂ ਵਿਰੁੱਧ
ਜਾਗਰੂਕਤਾ ਆਰੰਭ ਹੋ ਗਈ ਹੈ, ਕੁਰਬਾਨ ਜਾਈਏ ਪ੍ਰਧਾਨ ਜੀ ਦੀ ‘ਇਨਕਲਾਬੀ’ ਸੋਚ ਦੇ!
ਪੰਜਾਬ
ਦੇ ਅਣਖੀਲੇ ਸਭਿਆਚਾਰ ਨੂੰ ਕੈਂਸਰ ਵਾਂਗ ਚਿੰਬੜੀ ਲੱਚਰ ਗਾਇਕੀ ਵਿਰੁੱਧ ਆਵਾਜ਼ ਬੁਲੰਦ ਕਰ ਰਹੀਆਂ
ਚਿੰਤਾਵਾਨ ਅਤੇ ਚੇਤੰਨ ਕਲਮਾਂ-ਸ਼ਖਸੀਅਤਾਂ ਨੇ ਉਕਤ ਫੁਕਰੇ ਗਾਇਕ ਦੀ ਕਈ ਥਾਈਂ ‘ਤੋਏ ਤੋਏ’ ਕਰਵਾਈ
ਹੈ। ਕਈ ਸਟੇਜਾਂ ਉੱਤੇ ਉਸ ਦੇ ਨਾਲ ‘ਕੁੱਤੇ ਖਾਣੀ’ ਹੋਣ ਦੀਆਂ ਖ਼ਬਰਾਂ ਵੀ ਛਪੀਆਂ।
ਪੰਜਾਬ ਵਿੱਚ ‘ਇਸਤਰੀ ਜਾਗ੍ਰਿਤੀ ਮੰਚ’ ਵਾਲੀਆਂ ਬੀਬੀਆਂ ਨੇ ਨਵਾਂ
ਸ਼ਹਿਰ ਦੀ ਬੀਬੀ ਗੁਰਬਖਸ਼ ਕੌਰ ਸੰਘਾ ਦੀ ਅਗਵਾਈ ਥੱਲੇ ਇਹੋ ਜਿਹੇ ਕਈ ਫੂਹੜ ਗਾਇਕਾਂ ਨੂੰ
ਫਿੱਟ-ਲਾਹਣਤਾਂ ਪਾਉਣ ਲਈ ਥਾਂ-ਥਾਂ ਰੋਸ ਮੁਜ਼ਾਹਰੇ ਕੀਤੇ ਅਤੇ ਕਾਮਯਾਬ ਧਰਨੇ ਮਾਰੇ। ਖ਼ਾਸ
ਕਰ ਕੇ ਉਨਾਂ ਦਿਲਜੀਤ ਦਾ ਨਾਂਅ ਲੈ ਕੇ ਉਸ ਨੂੰ ਸਮਾਜਿਕ ਤਾਣੇ-ਬਾਣੇ ਦੀਆਂ ਫਿਜ਼ਾਵਾਂ ’ਚ ਜ਼ਹਿਰ
ਘੋਲਣ ਤੋਂ ਵਰਜਿਆ।
ਪਰ ਪੰਜਾਬ ਦੀ ਰਾਜਧਾਨੀ ਦੇ ਨੱਕ ਹੇਠ ਬੈਠੇ ਉਕਤ ਕਾਲਜ ਦੇ ਪ੍ਰਬੰਧਕਾਂ
ਨੂੰ ਇਹ ਸਾਰਾ ਕੁਝ ਖੌਰੇ ਦਿਖਾਈ ਹੀ ਨਹੀਂ ਦਿੱਤਾ। ਪਤਾ ਨਹੀਂ ਉਨਾਂ ਕਿਹੜੇ ‘ਵਿਸ਼ੇਸ਼ ਗੁਣਾਂ’
ਸਦਕਾ ਇਸ ਅਸ਼ਲੀਲ ਗਾਣੇ ਗਾਉਣ ਵਾਲੇ ਗਾਇਕ ਨੂੰ ਆਪਣੇ ਸਮਾਗਮ ਦਾ ਸ਼ਿੰਗਾਰ ਬਣਾਇਆ ਹੋਵੇਗਾ। ਸਿਤਮ
ਦੀ ਗੱਲ ਇਹ ਵੀ ਹੈ ਕਿ ਇਸ ਸਮਾਗਮ ਦੇ ਸਰੋਤੇ ਨੌਜਵਾਨ ਮੁੰਡੇ-ਕੁੜੀਆਂ ’ਚੋਂ ਕੋਈ ਇੱਕ ਜਣਾ ਵੀ
ਜੁਰਅੱਤ ਨਾਲ ਇਹ ਨਾ ਉੱਠ ਕੇ ਕਹਿ ਸਕਿਆ :
‘ਤੁਸੀਂ ਕਾਵਾਂ ਨੂੰ ਬਗਲੇ, ਬਗਲਿਆਂ ਨੂੰ ਹੰਸ
ਕਹਿ ਕੇ, ਅਸਾਡੇ ਰਾਹਨੁਮਾਉ ਸਾਨੂੰ ਉੱਲੂ ਨਾ ਬਣਾਉ।’
ਅਜੋਕੇ ਮਾਹੌਲ ਵਿੱਚ ਚਾਰੇ ਪਾਸੇ ਦੁਹਾਈ ਪੈ ਰਹੀ ਹੈ ਕਿ ਪੰਜਾਬੀ ਸ¤ਭਿਆਚਾਰ
ਨੂੰ ਗਰਕ ਹੋਣੋਂ ਬਚਾਉ। ਫ਼ਰੀਦਕੋਟ ਵਾਲੇ ਸ਼ਰੂਤੀ ਕਾਂਡ ਨੇ ਸਮੂਹ ਪੰਜਾਬੀਆਂ ਦਾ ਸਿਰ ਸ਼ਰਮ ਨਾਲ
ਨੀਵਾਂ ਕਰ ਦਿੱਤਾ ਹੈ। ਪੰਜਾਬ ਵਾਸੀਆਂ ਦੀ ਚਿਰੋਕਣੀ ਮੰਗ ਮੂਜਬ ਟਰਾਂਸਪੋਰਟ ਮੰਤਰੀ ਨੇ ਬੱਸ
ਵਿੱਚ ਫੁਕਰੇ ਗੀਤ ਵਜਾਉਣ ’ਤੇ ਪਾਬੰਦੀ ਆਇਦ ਕਰ ਦਿੱਤੀ ਹੈ। ਮਸਾਂ-ਮਸੇਂਦਰੇ ਦੀ ਇਸ ਭੋਰਾ ਕੁ
ਜਿੰਨੀ ਹੋਈ ਤਬਦੀਲੀ ਦੇ ਹੱਕ ਵਿੱਚ ਖੜਦਿਆਂ ਹੁਣ ਵਿ¤ਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਸਮਾਗਮ
ਕਰਾਉਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਸੁਕਰਾਤ ਦਾ ਕਥਨ ਹੈ :
‘ਤੁਸੀਂ ਕਿਸੇ ਦੇ ਸਰੀਰ ਨੂੰ ਜ਼ਹਿਰ ਦਾ ਟੀਕਾ
ਬੇਸ਼ੱਕ ਲਾ ਦਿਉ, ਪਰ ਕਿਸੇ ਦੇ ਵਿਚਾਰ ਮਲੀਨ ਨਾ ਕਰੋ।’
ਅੱਜ ਦਾ ਪੰਜਾਬ, ਜੋ ਧਕੇਸ਼ਾਹੀ, ਸੀਨਾਜ਼ੋਰੀ, ਨਸ਼ਾ-ਖੋਰੀ ਅਤੇ ਫੁਕਰੇ-ਪੁਣੇ
ਵਿੱਚ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ, ਇਹ ਸਭ ਵਿਚਾਰਾਂ ਦੀ ਮਲੀਨਤਾ ਦਾ ਹੀ ਸਿੱਟਾ ਹੈ। ਜਿਹੜੀ
ਫ਼ਸਲ ਅੱਜ ਪੰਜਾਬੀ ਵੱਢ ਰਹੇ ਹਨ, ਇਸ ਦੀ ਬਿਜਾਈ ਦੋ-ਤਿੰਨ ਦਹਾਕੇ ਪਹਿਲੋਂ ਕੀਤੀ ਜਾਂ ਕਰਵਾਈ ਗਈ
ਸੀ। ਅਸੀਂ ਗਲਤਾਨੀ ਨਸ਼ੇ ’ਚ ਗੜੁੱਚ ਹੋਏ ਤਾੜੀਆਂ ਮਾਰ-ਮਾਰ ਕੇ ਜ਼ਹਿਰ ਦੇ ਵਪਾਰੀਆਂ ਦੀ ਸ਼ਲਾਘਾ
ਕਰਦੇ ਰਹੇ। ਹੁਣ ਜਦੋਂ ਸਿਰੋਂ ਪਾਣੀ ਟੱਪਦਾ ਜਾ ਰਿਹਾ ਹੈ ਤਾਂ ਸਾਨੂੰ ਅਹੁੜਦਾ ਕੁਝ ਨਹੀਂ ਕਿ ਇਸ
ਮਹਾਂ-ਮਾਰੀ ਨੂੰ ਕਿਵੇਂ ਰੋਕੀਏ?
ਦੋਂਹ ਦਿਨਾਂ ਬਾਅਦ ਮੈਂ ਸੱਤ ਨਵੰਬਰ ਦੀ ਅਖ਼ਬਾਰ ਪੜੀ। ਉਸ ਵਿੱਚ ਮੋਟੀ
ਸੁਰਖੀ ਸੀ : ‘ਲਾਂਡਰਾ ਕਾਲਜ ’ਚ ਹੋਏ ਪ੍ਰੋਗਰਾਮ ਮੌਕੇ ਕੁੜੀਆਂ ਛੇੜਨ
ਵਾਲੇ ਤਿੰਨ ਮੁੰਡੇ ਜੇਲ ਭੇਜੇ।’ ਇਹ ਖ਼ਬਰ ਪੜ ਕੇ ਮੈਨੂੰ
ਕੋਈ ਹੈਰਾਨੀ ਨਹੀਂ ਹੋਈ। ਜਿਸ ਇਕੱਠ ਵਿੱਚ ਦਿਲਜੀਤ ਨੇ ਗੀਤਾਂ ਦੀ ‘ਛਹਿਬਰ’ ਲਾਈ ਹੋਵੇ, ਉੱਥੇ
ਭਲਾ ਭਗਤ ਸਿੰਘ ਜਾਂ ਊਧਮ ਸਿੰਘ ਸੁਨਾਮ ਥੋੜੇ ਪੈਦਾ ਹੋਣੇ ਸਨ। ਨਿੰਮ ਦੇ ਦਰੱਖਤ ਨੂੰ ਅੰਬ ਕਿਵੇਂ
ਲੱਗ ਸਕਦੇ ਹਨ?
ਸੁਕਰਾਤ ਦੇ ਹੀ ਇੱਕ ਹੋਰ ਕਥਨ ਨਾਲ ਲੇਖ ਸਮਾਪਤ ਕਰਦਾ ਹਾਂ : ‘ਜੇ
ਕਿਤੇ ਬੁਰੀਆਂ ਚੀਜ਼ਾਂ ਜ਼ਿਆਦਾ ਪ੍ਰਚੱਲਤ ਅਤੇ ਪ੍ਰਸਿੱਧ ਹੋ ਜਾਣ, ਤਾਂ ਉਹ ਚੰਗੀਆਂ ਤਾਂ ਨਹੀਂ ਨਾ
ਹੋ ਜਾਂਦੀਆਂ।’