Share on Facebook

Main News Page

ਰੱਜ ਦੀ ਲੜਾਈ
-
ਇੰਦਰਜੀਤ ਸਿੰਘ, ਕਾਨਪੁਰ

ਸਾਡੇ ਦਾਰਜੀ ਸਾਨੂੰ ਕਹਿਆ ਕਰਦੇ ਸਨ, ਮਨੁਖਾਂ ਵਿੱਚ ਲੜਾਈ ਵੀ ਦੋ ਕਿਸਮ ਦੀ ਹੁੰਦੀ ਹੈ। ਇਕ ਹੁੰਦੀ ਹੈ "ਰੱਜ ਦੀ ਲੜਾਈ" ਦੂਜੀ ਹੁੰਦੀ ਹੈ "ਭੂੱਖ ਦੀ ਲੜਾਈ" । ਬੰਦਾ ਜਦੋਂ ਬਹੁਤਾ ਰਜਿਆ ਹੋਵੇ ਤਾਂ ਵੀ ਲੜਦਾ ਹੈ ਜਾਂ ਜਦੋਂ ਬਹੁਤਾ ਭੁਖਾ ਹੋਵੇ ਤਾਂ ਵੀ ਲੜਦਾ ਹੈ।

ਜੇ ਉਨਾਂ ਕੋਲੋਂ ਇਹ ਪੁੱਛੀ ਦਾ ਸੀ ਕਿ ਦਾਰਜੀ, ਫਿਰ ਇਹ ਲੜਾਈ ਕਿਸ ਤਰ੍ਹਾਂ ਮੁੱਕ ਸਕਦੀ ਹੈ ? ਤਾਂ ਉਹ ਬਹੁਤ ਹੀ ਸਹਿਜ ਨਾਲ ਜਵਾਬ ਦੇਂਦੇ ਸਨ । ਰੱਜੇ ਅਗੋਂ "ਰਿਜਕ" ਚੁਕ ਲਵੋ "ਰੱਜ ਦੀ ਲੜਾਈ" ਮੁੱਕ ਜਾਵੇਗੀ । ਭੁਖੇ ਅੱਗੇ ਰਿਜਕ ਰੱਖ ਦਿਉ , ਭੁਖ ਦੀ ਲੜਾਈ ਮੁਕ ਜਾਵੇਗੀ।

ਇਸ ਦਾ ਉਦਾਹਰਣ ਦੇਂਦਿਆ ਉਹ ਕਹਿੰਦੇ ਸਨ ਕਿ ਸਾਡੇ ਗੁਰਦੁਆਰਿਆਂ ਦੇ ਪ੍ਰਧਾਨ ਬਹੁਤ ਰੱਜੇ ਹੋਏ ਅਤੇ ਧਨਾਡ ਹੁੰਦੇ ਹਨ , ਫਿਰ ਵੀ ਉਹ ਗੋਲਕਾਂ ਵਿੱਚ ਪਏ "ਰਿਜ਼ਕ" ਲਈ ਲੜਦੇ ਹਨ। ਕੁਝ ਪਰਿਵਾਰ, ਕਬੀਲੇ ਇਹੋ ਜਹੇ ਵੀ ਹਨ ਜੋ ਹਰ ਵੇਲੇ ਇਕ ਦੂਜਿਆਂ ਨਾਲ ਲੜਦੇ, ਗਾਲ੍ਹਾਂ ਕਡ੍ਹਦੇ ਅਤੇ ਸਿਰ ਪਾੜਦੇ ਵੇਖੇ ਜਾਂਦੇ ਹਨ, ਕਿਉਂਕਿ ਉਹ ਭੁਖੇ, ਮੁਫਲਿਸ ਜਾਂ ਗਰੀਬ ਹੁੰਦੇ ਹਨ।

ਪਿਛਲੇ ਦਿਨੀਂ ਦਿੱਲੀ ਦੇ ਰਾਕਾਬ ਗੰਜ ਗੁਰਦੁਆਰੇ ਵਿੱਚ ਜੋ ਲੜਾਈ ਹੋਈ, ਉਹ ਸੁਣ ਕੇ ਮੈਨੂੰ, ਮੇਰੇ ਦਾਰਜੀ ਦੀ ਕਹੀ ਇਹ ਗਲ ਯਾਦ ਆ ਗਈ। ਇਹ ਤਾਂ "ਰੱਜ ਦੀ ਲੜਾਈ" ਸੀ। ਇਹ ਤਾਂ ਸਾਰੇ ਰੱਜੇ ਹੋਏ ਨੇ, ਬਲਕਿ ਖਾ ਖਾ ਕੇ ਆਫਰੇ ਹੋਏ ਨੇ, ਸਾਰਿਆਂ ਦੇ ਢਿੱਡ ਜੇ ਨਾਪੇ ਜਾਣ ਤਾ ਇਕ ਨੂੰ ਦੂਜਾ ਮਾਤ ਦੇਂਦਾ ਹੋਇਆ ਦਿਖਾਈ ਦੇਂਦਾ ਹੇ। ਪੈਂਟਾਂ, ਕੁੜਤਿਆਂ ਵਿੱਚ ਇਨਾਂ ਦੀਆਂ ਗੋਗੜਾ ਟਿਕਦੀਆਂ ਨਹੀਂ। ਗੁਰਦੁਆਰਿਆਂ ਦੀਆਂ ਭਰੀਆਂ ਗੋਲਕਾਂ, ਟੱਨਾਂ ਮੂਹੀਂ ਸੋਨਾ ਅਤੇ ਸੁੱਖ ਸਾਧਨ ਇਨਾਂ ਦੇ ਹਾਜਮੇ ਨੂੰ ਵਿਗਾੜ ਚੁਕੇ ਹਨ।

ਹੁਣ ਨਾਲ ਹੀ ਦਾਰਜੀ ਕੋਲੋਂ ਪੁੱਛੀ ਗਲ ਦਾ ਉਹ ਜਵਾਬ ਵੀ ਯਾਦ ਆ ਗਇਆ ਕਿ "ਰੱਜੇ ਅਗੋਂ ਰਿਜਕ ਚੁਕ ਲਵੋ, ਰੱਜਿਆ ਸ਼ਾਂਤ ਹੋ ਜਾਵੇਗਾ।" "ਰੱਜ ਦੀ ਲੜਾਈ ਮੁੱਕ ਜਾਵੇਗੀ" । ਬਜੁਰਗਾਂ ਦੀ ਗਲ ਤੋਂ ਵੀ ਬਹੁਤ ਸੇਧ ਮਿਲਦੀ ਹੈ, ਮੇਰੇ ਵੀਰੋ ! ਜੇ ਉਨਾਂ ਨੂੰ ਪੱਲੇ ਬੰਨ੍ਹਿਆ ਹੋਵੇ। ਅੱਜ ਤੋਂ ਇਹ ਸੰਕਲਪ ਕਰ ਲਇਆ, ਅਪਣੇ ਮਨ ਨੂੰ ਦ੍ਰਿੜ ਕਰ ਲਇਆ ਕਿ ਗੁਰਦੁਆਰੇ ਜਾ ਕੇ ਇਕ ਪੈਸਾ ਵੀ ਮੱਥਾ ਨਹੀਂ ਟੇਕਣਾ। ਗੁਰੂ ਸਾਡੇ 5 -10-100 ਰੁਪਏ ਦਾ ਤਲਬਗਾਰ ਨਹੀਂ ਹੈ । ਜੋ ਸਾਰੀ ਦੁਨੀਆਂ ਨੂੰ ਦੇਣ ਵਾਲਾ "ਦਾਤਾ" ਹੈ, ਉਸ ਨੂੰ ਅਸਾਂ ਕੀ ਦੇਣਾ ਹੈ? ਇਨਾਂ ਦੀਆਂ ਗੋਲਕਾਂ ਖਾਲੀ ਕਰ ਦਿਉ, ਇਨਾਂ "ਰੱਜਿਆ " ਅਗੋਂ "ਰਿਜਕ" ਚੁਕ ਲਵੋ, ਇਨਾਂ ਦੀ ਲੜਾਈ ਮੁੱਕ ਜਾਵੇਗੀ। ਸਾਰੀ ਲੜਾਈ ਦੀ ਜੱੜ ਤੁਹਡਾ ਦਿਤਾ ਦਸਵੰਧ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਅਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਣਾ ਹੀ ਬੰਦ ਕਰ ਦੇਈਏ। ਹਾਂ ਉਸ ਨੂੰ ਇਨਾਂ ਦੀਆਂ ਗੋਲਕਾਂ ਭਰਣ ਨਾਲੋਂ ਕਿਸੇ ਚੰਗੇ ਪਾਸੇ ਲਾਈਏ। ਗੁਰੂ ਸਾਹਿਬ ਵੀ ਫੁਰਮਾਉਦੇ ਹਨ।

ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰ ਗਲਾਂ ਸ਼ੈਤਾਨੁ ॥ ਅੰਕ 1245

ਮੇਰੇ ਵਿਰੋ ! ਗੁੜ, ਖੰਡ ਅਤੇ ਮਿੱਠਾ, ਆਦਿਕ ਚੁਕ ਲਈਏ ਤਾਂ ਮੱਖੀਆਂ ਅਤੇ ਭੂੰਡ ਭਜ ਜਾਂਦੇ ਹਨ। ਕਿਉਂਕਿ ਉਨਾਂ ਦਾ ਖਾਣਾ, ਉਨ੍ਹਾਂ ਦਾ 'ਰਿਜ਼ਕ' ਮਿੱਠਾ ਹੀ ਹੁੰਦਾ ਹੈ। ਕੂੜਾ, ਗੰਦ ਚੁਕ ਲਵੋ ਕਾਂਅ, ਸੂਰ, ਕੂਕਰ ਆਦਿਕ ਭੱਜ ਜਾਣਗੇ, ਉਥੇ ਟਿਕਣਗੇ ਹੀ ਨਹੀਂ, ਕਿਉ ਕੇ ਉਨਾਂ ਦਾ 'ਰਿਜਕ' ਹੀ ਗੰਦ ਹੁੰਦਾ ਹੈ। ਇਸੇ ਤਰ੍ਹਾਂ ਇਹ ਦੌਲਤ ਅਤੇ ਸ਼ੋਹਰਤ ਦੇ ਭੁਖੇ ਲੀਡਰ ਵੀ ਭੱਜ ਜਾਣਗੇ, ਜਦੋਂ ਗੁਰਦੁਆਰਿਆਂ ਵਿਚ ਪੈਸਾ ਅਤੇ ਸ਼ੌਹਰਤ ਦਾ "ਗਲੈਮਰ" ਹਟਾ ਕੇ ਉਥੇ "ਸੇਵਾ ਅਤੇ ਗੁਰਮਤਿ" ਦਾ ਪ੍ਰਕਾਸ਼ ਕਰ ਦਿਉਗੇ। ਬਹੁਤੇ ਪ੍ਰਬੰਧਕ, ਚੌਧਰੀ ਅਤੇ ਲੀਡਰ ਗਿਆਨ ਵਿਹੂਣੇ ਅਤੇ ਗੁਰਮਤਿ ਤੋਂ ਸਖਣੇ ਹੁੰਦੇ ਨੇ। ਇਹ ਉੱਥੇ ਹੀ ਇਕੱਠੇ ਹੁੰਦੇ ਨੇ ਜਿੱਥੇ ਦੌਲਤ ਅਤੇ ਸ਼ੌਹਰਤ ਹੋਵੇ। ਇਹ ਦੌਲਤ ਅਤੇ ਸ਼ੌਹਰਤ ਹੀ ਇਨਾਂ ਦੀ ਹਉਮੈ ਅਤੇ ਚੌਧਰ ਨੂੰ ਲਲਚਾਂਦੀ ਅਤੇ ਚੰਗੀ ਲਗਦੀ ਹੈ।

ਗੁਰੂ ਸਾਹਿਬ ਦਾ ਵੀ ਹੁਕਮ ਹੈ-

ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ॥ ਉਨਾਂ ਰਿਜਕੁ ਨ ਪਇਉ ਉਥੈ ਉਨ੍ਹਾ ਹੋਰ੍ਹੋ ਖਾਣਾ॥
ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੈ ਪੈਯਾ ਪਰਵਾਣਾ॥
ਅੰਕ 956

ਗੁਰੂ ਪਿਆਰ ਵਾਲਿਉ ! ਇਹ ਲੀਡਰ, ਇਹ ਚੌਧਰੀ ਅਤੇ ਇਹ ਅਖੌਤੀ ਆਗੂ ਵੀ ਉਨਾਂ ਕਾਵਾਂ ਅਤੇ ਬਗਲਿਆਂ ਵਾਂਗੂ ਹਨ। ਇਹ ਬਹੁਤ ਸਿਆਣੇ ਹਨ, ਬਹੁਤ ਵੱਡੇ ਵਾਪਾਰੀ ਭੀ ਹਨ, ਧਨਾਡ ਵੀ ਹਨ, ਲੇਕਿਨ ਇਨਾਂ ਨੂੰ ਪੰਥ ਦੀ ਚੜ੍ਹਦੀ ਕਲਾ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਕੌਮ ਡੁਬਦੀ ਹੈ, ਡੁੱਬ ਜਾਵੇ, ਬਦਨਾਮ ਹੁੰਦੀ ਹੈ, ਹੋ ਜਾਵੇ, ਕੋਈ ਦੂਜਾ ਉਸ ਤੇ ਕਬਜਾ ਕਰਦਾ ਹੈ, ਤਾਂ ਕਰ ਲਵੇ। ਇਨਾਂ ਦੀ ਹਉਮੈ ਨੂੰ ਤਾਂ "ਰਿਜਕ" ਉਸ ਝੂਠੇ ਚੌਧਰਪੁਣੇ ਤੋਂ ਹੀ ਮਿਲਦੀ ਹੈ। ਇਹ ਆਪਸ ਵਿੱਚ ਲੜਦੇ, ਇਕ ਦੂਜੇ ਦੀਆਂ ਪੱਗਾ ਲਾਉਂਦੇ ਨੇ, ਸਿਰਫ ਦੌਲਤ ਅਤੇ ਚੌਧਰ ਦੇ "ਰਿਜਕ" ਨੂੰ ਹਾਸਿਲ ਕਰਣ ਲਈ । ਇਨਾਂ ਨੂੰ ਕੌਮ ਨਾਲ ਕੁਝ ਵੀ ਲੈਨਾਂ ਦੇਣਾਂ ਨਹੀਂ ਹੈ।

ਸਾਡੇ ਗੁਰਦੁਆਰਿਆਂ ਦੇ ਸੋਨੇ ਅਤੇ, ਇਸ ਧੰਨ ਦੌਲਤ ਤੇ ਇਨਾਂ ਕਾਵਾਂ ਅਤੇ ਬਗਲਿਆਂ ਦੀ ਹੀ ਨਜਰ ਨਹੀਂ, ਕੌਮ ਦੇ ਦੁਸ਼ਮਨਾਂ ਦੀ ਬੁਰੀ ਨਜਰ ਵਿੱਚ ਵੀ ਤੁਹਾਡੀ ਇਸ ਸ਼ੋਹਰਤ ਅਤੇ ਦੌਲਤ ਅਟਕੀ ਪਈ ਹੈ। ਸਾਵਧਾਨ! ਵੀਰੋ! "300 ਸਾਲ ਗੁਰੂ ਦੇ ਨਾਲ" ਵਾਲੀ "ਜਾਗ੍ਰਤੀ ਯਾਤਰਾ" ਵਿੱਚ ਅਰਬਾਂ ਰੁਪਿਆ ਜੋ ਤੁਸਾਂ ਦਿਤਾ, ਉਹ ਕੌਮ ਦੇ ਕਿਸ ਕੰਮ ਆਇਆ? ਉਸ ਅਰਬਾਂ ਦੀ ਦੌਲਤ ਨਾਲ ਸਿੱਖੀ ਕਿੱਨੀ ਕੁ ਪ੍ਰਫੁਲਿਤ ਹੋ ਗਈ? ਇਹ ਸਾਰਾ ਧੰਨ ਸਿੱਖੀ ਨੂੰ ਉਜਾੜਨ ਅਤੇ ਹਿੰਦੂ ਮੱਤ ਵਿਚ, ਸਿੱਖੀ ਨੂੰ ਰੱਲ ਗਡ ਕਰਣ ਲਈ ਹੀ ਵਰਤਿਆ ਜਾ ਰਿਹਾ ਹੈ। ਸ਼ਰਧਾ ਨਾਲ ਦਿਤਾ ਗਇਆ ਤੁਹਾਡਾ ਦਸਵੰਦ ਸਿੱਖੀ ਨੂੰ ਉਜਾੜਨ ਲਈ ਵਰਤਿਆ ਜਾ ਰਿਹਾ ਹੈ। ਇਹ "ਬਗਲੇ" ਤੁਹਾਡੇ ਦਸਵੰਧ ਨਾਲ ਅਪਣੀ ਕਾਰ ਵਿੱਚ ਦੋ ਦੋ ਕਰੋੜ ਰੁਪਏ ਦਾ ਪੇਟ੍ਰੋਲ ਫੂੰਕ ਰਹੇ ਨੇ। ਨਾਨਕ ਸ਼ਾਹੀ ਕੈਲੰਡਰ ਦੇ ਖਿਲਾਫ ਗੁਰੂ ਪੁਰਬ ਮਨਾਉਣ ਵਾਲੀਆਂ ਸਿੰਘ ਸਭਾਵਾਂ ਨੂੰ 50- 50 ਲੱਖ ਰੁਪਿਆ ਵੰਡ ਰਹੇ ਨੇ। ਹੋਰ ਪਤਾ ਨਹੀਂ ਕਿਥੇ ਕਿਥੇ ਗੁਰੂ ਘਰ ਲਈ ਸ਼ਰਧਾ ਨਾਲ ਕਢਿਆ ਗਇਆ ਤੁਹਾਡਾ ਦਸਵੰਧ, ਇਹ ਸਿੱਖੀ ਨੂੰ ਉਜਾੜਨ ਲਈ ਵਰਤ ਰਹੇ ਨੇ।

ਇਸ ਲਈ ਇਨਾਂ ਦੀਆਂ ਗੋਲਕਾਂ ਵਿੱਚ ਧੰਨ ਦੌਲਤ ਪਾਣੀ ਬੰਦ ਕਰ ਦਿਉ। ਸਿੱਖੀ ਨੂੰ ਹੁਣ ਗੁਰਦੁਆਰਿਆਂ ਦੀ ਨਹੀ ਨਿਡਰ ਪ੍ਰਚਾਰਕਾਂ ਦੀ ਜਰੂਰਤ ਹੈ, ਜੋ ਸਿੱਖੀ ਦੀ ਡੁਬਦੀ ਬੇੜੀ ਨੂੰ ਬਚਾ ਸਕਣ। ਪੰਜਾਬ ਦੇ ਇਕ ਪਿੰਡ ਵਿੱਚ 31 ਗੁਰਦੁਆਰੇ ਹਨ ਉਥੇ 40 ਸਿੱਖ ਇਸਾਈ ਬਣ ਗਏ ਹਨ। ਜੇ ਗੁਰਦੁਆਰੇ ਬਨਾਉਣ ਨਾਲ ਹੀ ਸਿੱਖੀ, ਪ੍ਰਰਫੁਲਿਤ ਹੂੰਦੀ, ਤਾਂ ਇਸ ਪਿੰਡ ਵਿੱਚ ਇਹ ਸਭ ਕੁਝ ਕਿਉਂ ਹੁੰਦਾ?

ਗੁਰਦੁਆਰਿਆਂ ਵਿੱਚ ਦੌਲਤ ਦਾ "ਗਲੈਮਰ" ਖਤਮ ਹੋ ਜਾਵੇਗਾ, ਤਾਂ ਇਹ ਬਗਲੇ, ਕਾਂਅ ਵੀ ਭੱਜ ਜਾਂਣਗੇ। ਉਥੇ ਰਹਿਣਗੇ ਸਿਰਫ ਭਾਈ ਕਨ੍ਹਈਆ ਜੀ ਵਰਗੇ ਸੇਵਾਦਾਰ, ਫਿਰ ਆਉਣਗੇ ਗਿਆਨੀ ਦਿੱਤ ਸਿੰਘ ਵਰਗੇ ਪ੍ਰਚਾਰਕ, ਫਿਰ ਗਰਜਣਗੇ ਜੱਸਾ ਸਿੰਘ ਆਲ੍ਹੂਵਾਲੀਆ ਵਰਗੇ ਜੱਥੇਦਾਰ, ਫਿਰ ਰਹਿਣਗੇ ਭਾਈ ਕਾਨ੍ਹ ਸਿੰਘ ਨਾਭਾ ਅਤੇ ਗਿਆਨੀ ਸਾਹਿਬ ਸਿੰਘ ਵਰਗੇ ਵਿਦਵਾਨ। ਇਨਾਂ ਸਾਰਿਆਂ ਨੇ ਅਪਣੀ ਸਾਰੀ ਉਮਰ ਧੰਨ ਅਤੇ ਦੌਲਤ ਦੀ ਪਰਵਾਹ ਨਹੀਂ ਕੀਤੀ, ਅਤੇ ਗੁਰਬਤ ਅਤੇ ਮੁਫਲਿਸੀ ਵਿੱਚ ਕੌਮ ਲਈ ਜੀਵੇ ਅਤੇ ਕੌਮ ਲਈ ਮਰ ਗਏ। ਮੇਰੇ ਵੀਰੋ! ਜੇ ਧੰਨ ਦੌਲਤ ਅਤੇ ਸੋਨੇ ਦਾ ਗਲੈਮਰ ਗੁਰਦੁਆਰਿਆਂ ਵਿੱਚ ਆਉਣਾਂ ਬੰਦ ਨਾ ਹੋਇਆ, ਤਾਂ ਇਹ ਕੁਝ ਹੀ ਹੁੰਦਾ ਰਹੇਗਾ, ਜੋ ਕੁਝ ਦਿਨ ਪਹਿਲਾਂ ਦਿੱਲੀ ਦੇ ਰਕਾਬ ਗੰਜ ਗੁਰਦੁਆਰੇ ਵਿੱਚ ਵਾਪਰਿਆ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top