ਇਹ ਪਿੰਡ ਦਾ ਡੇਰਾ-ਨੁਮਾ ਗੁਰਦੁਆਰਾ ਸੀ। ਗੁਰਦੁਆਰੇ ਦੇ ਗ੍ਰੰਥੀ ਨੂੰ ਭਾਈ,
ਮਹੰਤ, ਬਾਬਾ ਜੀ ਆਦਿਕ ਨਾਵਾਂ ਨਾਲ਼ ਬੁਲਾਇਆ ਜਾਂਦਾ ਸੀ। ਗ੍ਰੰਥੀ ਦਾ ਨਾਮ ਤਾਂ ਨੌਰੰਗ ਸਿੰਘ ਸੀ,
ਪਰ ਉਸ ਦੇ ਨਾਂ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਸੀ। ਹੁਣ ਉਹ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ
ਦੇ ਗੁਰਦੁਆਰੇ ‘ਚ ਟਿਕਿਆ ਹੋਇਆ ਸੀ। ਪਹਿਲਾਂ ਉਹ ਪਿੰਡਾਂ ਵਿਚ ਫੇਰੀ ਲਾ ਕੇ ਕੱਪੜਾ ਵੇਚਿਆ ਕਰਦਾ
ਸੀ। ਬਚਪਨ ਵਿਚ ਹੀ ਉਸ ਦੇ ਬਾਪ ਨੇ ਉਸ ਨੂੰ ਪੰਜ ਗ੍ਰੰਥੀ ਉੱਤੋਂ ਪਾਠ ਕਰਨਾ ਸਿਖਾ ਦਿੱਤਾ ਸੀ।
ਉਹਨਾਂ ਦਿਨਾਂ ਵਿਚ ਅੱਜ ਵਾਂਗ ਅਖੰਡ ਪਾਠਾਂ ਦਾ ਰਿਵਾਜ ਨਹੀਂ ਸੀ। ਕਿਸੇ ਕਿਸੇ ਪਿੰਡ ਕਦੇ ਵਰ੍ਹੇ
ਛਿਮਾਹੀ ਅਖੰਡ ਪਾਠ ਹੁੰਦਾ ਸੀ, ਜਾਂ ਗੁਰਪੁਰਬਾਂ ਉੱਪਰ ਗੁਰਦੁਆਰਿਆਂ ਵਿਚ ਅਖੰਡ ਪਾਠ ਹੋਇਆ ਕਰਦੇ
ਸਨ। ਅਜਿਹੇ ਸਮਿਆਂ ‘ਤੇ ਨੌਰੰਗ ਸਿੰਘ ਨੂੰ ਅਖੰਡ ਪਾਠ ਦੀਆਂ ਰੌਲ਼ਾਂ ਵੀ ਮਿਲ਼ ਜਾਂਦੀਆਂ। ਪਰ ਉਸ
ਦੀ ਆਮਦਨ ਦਾ ਮੁੱਖ ਸਾਧਨ ਕੱਪੜੇ ਦੀ ਫੇਰੀ ਹੀ ਸੀ। ਉਸ ਨੇ ਪਿੰਡਾਂ ਵਿਚ ਘੁੰਮਦੇ ਫਿਰਦੇ ਨੇ ਹੀ
ਹੱਥ ਹੌਲ਼ੇ ਕਰਨੇ, ਬੱਚਿਆਂ ਦੀਆਂ ਨਜ਼ਰਾਂ ਉਤਾਰਨੀਆਂ, ਦੁੱਧ ਨਾ ਉਤਾਰਨ ਵਾਲ਼ੀਆਂ ਮੱਝਾਂ ਗਾਈਆਂ ਲਈ
ਆਟੇ ਦੇ ਪੇੜੇ ਕਰਨੇ ਆਦਿ ਸ਼ੋਸ਼ੇ ਵੀ ਸਿੱਖ ਲਏ ਸਨ। ਕੱਪੜੇ ਦੇ ਨਾਲ਼ ਨਾਲ਼ ਇਨ੍ਹਾਂ ਓਹੜਾਂ ਪੋਹੜਾਂ
ਲਈ ਵੀ ਆਲ਼ੇ ਦੁਆਲ਼ੇ ਦੇ ਪਿੰਡਾਂ ‘ਚ ਉਸ ਦੀ ਉਡੀਕ ਹੁੰਦੀ ਰਹਿੰਦੀ।
ਫੇਰ ਨੌਰੰਗ ਸਿੰਘ ਦੀ ਸੱਜੀ ਲੱਤ ਵਿਚ ਦਰਦ ਰਹਿਣ ਲੱਗ ਪਿਆ। ਸਾਈਕਲ ‘ਤੇ
ਏਨੀ ਭਾਰੀ ਡੱਗੀ ਲੈ ਕੇ ਤੁਰਨਾ ਉਸ ਲਈ ਮੁਸੀਬਤ ਬਣ ਗਿਆ। ਉਸ ਨੇ ਬਹੁਤ ਸਾਰੇ ਦੇਸੀ ਟੋਟਕੇ ਵਰਤ
ਵਰਤ ਕੇ ਦੇਖੇ ਪਰ ਕੋਈ ਫਰਕ ਨਾ ਪਿਆ। ਕਿਸੇ ਦੀ ਸਲਾਹ ‘ਤੇ ਉਸ ਨੇ ਸ਼ਹਿਰ ਜਾ ਕੇ ਇਕ ਵੱਡੇ ਡਾਕਟਰ
ਨੂੰ ਆਪਣੀ ਲੱਤ ਦਿਖਾਈ ਤਾਂ ਉਸ ਨੇ ਸਭ ਤੋਂ ਪਹਿਲਾਂ ਕੰਮ ਵਿਚ ਤਬਦੀਲੀ ਕਰਨ ਦਾ ਸੁਝਾਉ ਦਿਤਾ।
ਪਰ ਉਸ ਨੂੰ ਕੁਝ ਨਾ ਸੁੱਝਦਾ ਕਿ ਉਹ ਕੱਪੜੇ ਦੀ ਫੇਰੀ ਲਾਉਣੀ ਛੱਡ ਕੇ ਹੋਰ ਕਿਹੜਾ ਕੰਮ ਕਰੇ।
ਇਕ ਦਿਨ ਉਹ ਨੰਬਰਦਾਰਾਂ ਦੇ ਵਿਹੜੇ ਆਂਢ-ਗੁਆਂਢ ਦੀਆਂ ਮਾਈਆਂ ਬੀਬੀਆਂ ਨੂੰ ਕੱਪੜੇ ਦਿਖਾ ਰਿਹਾ
ਸੀ ਤੇ ਨਾਲ਼ ਨਾਲ਼ ਆਪਣੀ ਲੱਤ ਦਾ ਰੋਣਾ ਰੋ ਰਿਹਾ ਸੀ। ਨੰਬਰਦਾਰ ਦੀ ਘਰ ਵਾਲੀ ਪ੍ਰਸਿੰਨੀ ਨੂੰ ਉਸ
‘ਤੇ ਵਾਹਵਾ ਹੀ ਤਰਸ ਆਇਆ।
ਸ਼ਾਮ ਨੂੰ ਨੰਬਰਦਾਰ ਬੰਤਾ ਸਿੰਘ ਤਹਿਸੀਲੋਂ ਮੁੜਿਆ ਤਾਂ ਪ੍ਰਸਿੰਨੀ ਨੇ ਨੌਰੰਗ ਸਿੰਘ ਦੀ ਹਾਲਤ
ਬਾਰੇ ਉਸ ਨੂੰ ਦੱਸਿਆ ਤੇ ਸੁਝਾਅ ਦਿੱਤਾ ਕਿ ਕਿਉਂ ਨਾ ਉਸ ਨੂੰ ਗੁਰਦੁਆਰੇ ‘ਚ ਭਾਈ ਰੱਖ ਲਿਆ ਜਾਵੇ।
ਨੌਰੰਗ ਸਿੰਘ ਇਸ ਪਿੰਡ ਦੇ ਗੁਰਦੁਆਰੇ ਵੀ ਗੁਰਪੁਰਬਾਂ ‘ਤੇ ਕਈ ਵਾਰੀ ਪਾਠ ਕਰ ਗਿਆ ਸੀ। ਮੌਜੂਦਾ
ਭਾਈ ਬਹੁਤ ਬਿਰਧ ਹੋ ਚੁੱਕਾ ਸੀ ਤੇ ਹੁਣ ਬਹੁਤਾ ਕਰ ਕੇ ਬਿਮਾਰ ਹੀ ਰਹਿੰਦਾ ਸੀ। ਨਦੀ ਕਿਨਾਰੇ
ਰੁੱਖੜਾ ਸੀ। ਨੰਬਰਦਾਰ ਦੇ ਮਨ ਨੂੰ ਵੀ ਗੱਲ ਜਚ ਗਈ। ਉਸਨੇ ਪ੍ਰਸਿੰਨੀ ਨੂੰ ਕਹਿ ਦਿਤਾ ਜਦੋਂ ਅਗਲੀ
ਵਾਰੀ ਨੌਰੰਗ ਸਿੰਘ ਫੇਰੀ ‘ਤੇ ਆਵੇ ਤਾਂ ਉਹਦੇ ਨਾਲ਼ ਗੱਲ ਕਰ ਲਵੇ। ਨੰਬਰਦਾਰ ਪਿਛਲੇ ਕਈ ਸਾਲਾਂ
ਤੋਂ ਗੁਰਦੁਆਰੇ ਦਾ ਪ੍ਰਧਾਨ ਚਲਿਆ ਆ ਰਿਹਾ ਸੀ। ਜਿਹੜੇ ਹੋਰ ਚਾਰ ਪੰਜ ਬੰਦੇ ਕਮੇਟੀ ਦੇ ਮੈਂਬਰ
ਸਨ ਉਨ੍ਹਾਂ ਨੇ ਕਦੀ ਵੀ ਬੰਤਾ ਸਿੰਘ ਦੇ ਕਿਸੇ ਕੰਮ ਵਿਚ ਦਖ਼ਲ ਨਹੀਂ ਸੀ ਦਿੱਤਾ। ਬੰਤਾ ਸਿੰਘ ਜੋ
ਕਰਦਾ ਸਭ ਨੂੰ ਪ੍ਰਵਾਨ ਹੁੰਦਾ।
ਨੌਰੰਗ ਸਿੰਘ ਤਾਂ ਆਪ ਚਾਹੁੰਦਾ ਸੀ ਕਿ ਹੁਣ ਉਹ ਕਿਧਰੇ ਟਿਕ ਕੇ ਬੈਠ ਜਾਵੇ। ਉਸ ਨੇ ਕੱਪੜੇ ਦੀ
ਹੱਟੀ ਪਾਉਣ ਬਾਰੇ ਵੀ ਸੋਚਿਆ ਸੀ, ਪਰ ਉਸ ਪਾਸ ਏਨੇ ਪੈਸੇ ਨਹੀਂ ਸਨ ਕਿ ਇਹ ਕਾਰੋਬਾਰ ਕਰ ਸਕਦਾ।
ਅੱਜ ਜਦੋਂ ਨੌਰੰਗ ਸਿੰਘ ਲੱਤ ਘੜੀਸਦਾ ਨੰਬਰਦਾਰਾਂ ਦੀ ਬੀਹੀ ਵਿਚ ਵੜਿਆ ਤਾਂ ਕੁਦਰਤੀ ਨੰਬਰਦਾਰ
ਵੀ ਘਰੇ ਹੀ ਸੀ। ਬੰਤਾ ਸਿੰਘ ਨੇ ਨੌਰੰਗ ਸਿੰਘ ਨਾਲ਼ ਗੱਲ ਛੇੜੀ ਤਾਂ ਉਸ ਨੇ ਮਨ ਹੀ ਮਨ ਵਿਚ ਰੱਬ
ਦਾ ਸ਼ੁਕਰ ਕੀਤਾ, ਪਰ ਉਸ ਨੇ ਫ਼ੈਸਲਾ ਕਰਨ ਲਈ ਕੁਝ ਦਿਨਾਂ ਦੀ ਮੁਹਲਤ ਮੰਗੀ।
ਤੇ ਹੁਣ ਨੌਰੰਗ ਸਿੰਘ ਕਈ ਸਾਲਾਂ ਤੋਂ ਇਸ ਪਿੰਡ ਦੇ ਗੁਰਦੁਆਰੇ ਵਿਚ ਟਿਕਿਆ ਹੋਇਆ ਸੀ। ਉਸ ਦਾ ਇਕ
ਸੁਨਹਿਰੀ ਅਸੂਲ ਸੀ ਕਿ ਪਿੰਡ ਦੇ ਮੋਹਤਬਰ ਬੰਦਿਆਂ ਨਾਲ਼ ਬਣਾ ਕੇ ਰੱਖੋ, ਜਿਸ ਤਰ੍ਹਾਂ ਉਹ ਕਹਿਣ
ਉਸੇ ਤਰ੍ਹਾਂ ਕਰੋ। ਹਾਥੀ ਦੀ ਪੈੜ ਵਿਚ ਸਭ ਦੀ ਪੈੜ। ਕੋਈ ਆਮ ਬੰਦਾ ਕਿਸੇ ਗੱਲੋਂ ਨਾਰਾਜ਼ ਹੋ ਜਾਵੇ
ਤਾਂ ਵੀਹ ਵਾਰੀ ਹੋ ਜਾਵੇ ਪਰ ਪਿੰਡ ਦੇ ਖ਼ਾਸ ਬੰਦੇ ਨਾਰਾਜ਼ ਨਹੀਂ ਹੋਣੇ ਚਾਹੀਦੇ। ਨੰਬਰਦਾਰ ਬੰਤਾ
ਸਿੰਘ ਤਾਂ ਮੋਹਤਬਰ ਬੰਦਿਆਂ ਵਿਚੋਂ ਵੀ ਖ਼ਾਸ ਹਸਤੀ ਸੀ। ਉਸ ਦੀ ਕੀਤੀ ਪਿੰਡ ਦਾ ਕੋਈ ਵੀ ਬੰਦਾ ਨਹੀਂ
ਸੀ ਮੋੜਦਾ। ਵੈਸੇ ਵੀ ਉਸ ਦੀ ਮਿਹਰਬਾਨੀ ਨਾਲ਼ ਹੀ ਤਾਂ ਉਹ ਇੱਥੇ ਰਾਜ ਕਰ ਰਿਹਾ ਸੀ।
ਥੋੜ੍ਹੇ ਕੁ ਚਿਰਾਂ ਤੋਂ ਇਕ ਸਿਧ-ਪੱਧਰਾ ਜਿਹਾ ਨੌਜੁਆਨ ਲੜਕਾ ਪਤਾ ਨਹੀਂ ਕਿੱਧਰੋਂ ਆ ਕੇ
ਗੁਰਦੁਆਰੇ ਵਿਚ ਟਿਕ ਗਿਆ ਸੀ। ਉਹ ਆਪਣਾ ਸਹੀ ਅਤਾ-ਪਤਾ ਕਿਸੇ ਨੂੰ ਵੀ ਨਹੀਂ ਸੀ ਦੱਸਦਾ। ਉਸ ਨੇ
ਆਪਣਾ ਨਾਮ ਚਰਨਾ ਦੱਸਿਆ ਸੀ ਤੇ ਹੁਣ ਸਾਰੇ ਹੀ ਉਸ ਨੂੰ ਚਰਨੇ ਦੇ ਨਾਂ ਨਾਲ਼ ਜਾਣਦੇ ਸਨ। ਨੰਬਰਦਾਰ
ਨੇ ਠਾਣੇ ਵਿਚੋਂ ਵੀ ਪਤਾ ਕੀਤਾ ਸੀ ਕਿ ਉਹ ਕਿਤੇ ਕੋਈ ਚੋਰ ਉਚੱਕਾ ਹੀ ਨਾ ਹੋਵੇ ਜਾਂ ਕੋਈ ਗੰਭੀਰ
ਅਪਰਾਧ ਕਰ ਕੇ ਭੱਜਿਆ ਹੋਇਆ ਦੋਸ਼ੀ ਨਾ ਹੋਵੇ। ਪਰ ਕੋਈ ਸੁਰਾਗ ਨਹੀਂ ਸੀ ਮਿਲਿਆ। ਚਰਨੇ ਦੀਆਂ
ਅੱਲ-ਵਲੱਲੀਆਂ ਸੁਣ ਕੇ ਹਰ ਕੋਈ ਉਸ ‘ਤੇ ਤਰਸ ਕਰਦਾ। ਬੰਤਾ ਸਿੰਘ ਨੇ ਨੌਰੰਗ ਸਿੰਘ ਨੂੰ ਚਰਨੇ
‘ਤੇ ਪੂਰੀ ਅੱਖ ਰੱਖਣ ਲਈ ਕਿਹਾ ਹੋਇਆ ਸੀ। ਨੌਰੰਗ ਸਿੰਘ ਨੇ ਉਹਦੀਆਂ ਕੁਝ ਪਰਖਾਂ ਵੀ ਕੀਤੀਆਂ ਸਨ
ਜਿਹਨਾਂ ਵਿਚੋਂ ਚਰਨਾ ਪਾਸ ਹੋ ਗਿਆ ਸੀ। ਹੁਣ ਉਹ ਨੌਰੰਗ ਸਿੰਘ ਦਾ ਪੂਰਾ ਵਿਸ਼ਵਾਸ ਪਾਤਰ ਬਣ ਗਿਆ
ਸੀ ਤੇ ਉਸਦੀ ਆਗਿਆ ਵਿਚ ਰਹਿੰਦਾ ਸੀ। ਦੌੜ ਦੌੜ ਕੇ ਸਾਰੇ ਕੰਮ ਕਰਦਾ ਤੇ ਰਾਤ ਨੂੰ ਨੌਰੰਗ ਸਿੰਘ
ਦੀਆਂ ਲੱਤਾਂ ਵੀ ਘੁੱਟਦਾ।
ਪਹਿਲਾਂ ਵੀ ਦੋ ਕੁ ਬੰਦਿਆਂ ਨੇ ਇੱਥੇ ਟਿਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਲਦੀ ਹੀ ਪੱਤਰਾ ਵਾਚ
ਗਏ ਸਨ, ਕਿਉਂਕਿ ਉਹ ਪੈਸਾ-ਧੇਲਾ ਚਾਹੁੰਦੇ ਸਨ ਪਰ ਨੌਰੰਗ ਸਿੰਘ ਨੇ ਗੰਢ ਢਿੱਲੀ ਕਰਨੀ ਸਿੱਖੀ ਹੀ
ਨਹੀਂ ਸੀ। ਚਰਨੇ ਵਿਚਾਰੇ ਨੂੰ ਅਜਿਹਾ ਕੋਈ ਲਾਲਚ ਨਹੀਂ ਸੀ। ਉਸ ਦੀ ਲੋੜ ਰੋਟੀ ਕੱਪੜਾ ਹੀ ਸੀ ਜੋ
ਬਿਨਾਂ ਕਿਸੇ ਹੀਲ-ਹੁੱਜਤ ਪੂਰੀ ਹੋ ਰਹੀ ਸੀ।
ਨੌਰੰਗ ਸਿੰਘ ਨੇ ਕਿਸੇ ਭਲੇ ਸਮੇਂ ਹਰਮੋਨੀਅਮ ਵਾਜੇ ਦੀਆਂ ਦੋ ਕੁ ਸੁਰਾਂ ‘ਤੇ ਉਂਗਲਾਂ ਮਾਰਨੀਆਂ
ਤੇ ਢੋਲਕੀ ‘ਤੇ ਥੱਪ ਥੱਪ ਕਰਨੀ ਸਿੱਖ ਲਈ ਸੀ। ਬਸ ਦੋ ਕੁ ਸੁਰਾਂ ਨਾਲ਼ ਹੀ ਉਹ ਪਿੰਡ ਦੀਆਂ ਖ਼ੁਸ਼ੀਆਂ
ਗ਼ਮੀਆਂ ਦੇ ਕਾਰਜਾਂ ਦਾ ਬੁੱਤਾ ਸਾਰੀ ਜਾਂਦਾ ਸੀ। ਚਰਨੇ ਦੇ ਆਉਣ ਤੋਂ ਪਹਿਲਾਂ ਕਿਸੇ ਪ੍ਰੋਗਰਾਮ
‘ਤੇ ਕੀਰਤਨ ਕਰਨ ਸਮੇਂ ਨੌਰੰਗ ਸਿੰਘ ਨੂੰ ਕਿਸੇ ਢੋਲਕੀ ਵਜਾਉਣ ਵਾਲ਼ੇ ਦਾ ਮਿੰਨਤ ਤਰਲਾ ਕਰਨਾ
ਪੈਂਦਾ ਸੀ। ਹੁਣ ਨੌਰੰਗ ਸਿੰਘ ਨੇ ਢੋਲਕੀ ‘ਤੇ ਥੱਪ ਥੱਪ ਕਰਨੀ ਚਰਨੇ ਨੂੰ ਸਿਖਾ ਦਿੱਤੀ ਸੀ। ਨਾ
ਤੋੜਾ ਮਾਰਨਾ ਉਹਨੂੰ ਆਪੂੰ ਨੂੰ ਆਉਂਦਾ ਸੀ ਤੇ ਨਾ ਹੀ ਉਹ ਚਰਨੇ ਨੂੰ ਸਿਖਾ ਸਕਦਾ ਸੀ। ਇਸ ਸਭ
ਕੁਝ ਦੇ ਬਾਵਜੂਦ ਉਹ ਪਿੰਡ ਦੀਆਂ ਧਾਰਮਿਕ ਲੋੜਾਂ ਪੂਰੀਆਂ ਕਰੀ ਜਾਂਦੇ ਸਨ।
ਚਰਨਾ ਹੁਣ ਗੁਰਦੁਆਰੇ ਦੀਆਂ ਨਿੱਕੀਆਂ ਮੋਟੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਸਿੱਖ ਗਿਆ ਸੀ।
ਨੌਰੰਗ ਸਿੰਘ ਦੀ ਗ਼ੈਰਹਾਜ਼ਰੀ ਵਿਚ ਉਹ ਕਿਸੇ ਦੀ ਅਰਦਾਸ ਕਰ ਦਿੰਦਾ, ਨੌਰੰਗ ਸਿੰਘ ਵਲੋਂ ਤਿਆਰ ਕੀਤੇ
ਹੋਏ ਆਟੇ ਦੇ ਪੇੜੇ, ਤਵੀਤ, ਮੰਤਰਿਆ ਹੋਇਆ ਜਲ ਦੇ ਕੇ ਗਾਹਕ ਭੁਗਤਾ ਦਿੰਦਾ ਤੇ ਪੈਸੇ ਪੈਸੇ ਦਾ
ਹਿਸਾਬ ਨੌਰੰਗ ਸਿੰਘ ਨੂੰ ਦਿੰਦਾ। ਹੁਣ ਉਹ ਚਰਨੇ ਤੋਂ ਗਿਆਨੀ ਚਰਨ ਸਿੰਘ ਬਣ ਗਿਆ ਸੀ ਤੇ ਕਈ ਲੋਕ
ਉਸ ਨੂੰ ਛੋਟਾ ਭਾਈ ਵੀ ਕਹਿਣ ਲੱਗ ਪਏ ਸਨ।
ਅੱਜ ਨੰਬਰਦਾਰ ਬੰਤਾ ਸਿੰਘ ਦੇ ਪੋਤਰੇ ਦੀ ਕੁੜਮਾਈ ਸੀ। ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ
ਵੀ ਪਾਇਆ ਜਾਣਾ ਸੀ। ਕਾਫ਼ੀ ਕੋੜਮਾ ਇਕੱਠਾ ਹੋਣਾ ਸੀ। ਸੁਣਨ ਵਿਚ ਤਾਂ ਇਹ ਵੀ ਆ ਰਿਹਾ ਸੀ ਕਿ
ਬਾਹਰਲੀ ਹਵੇਲੀ ਉਸ ਨੇ ਬੱਕਰਾ ਝਟਕਾਉਣ ਲਈ ਦੋ ਬੰਦਿਆਂ ਦੀ ਡਿਊਟੀ ਲਾਈ ਹੋਈ ਸੀ ਤੇ ਜਾਗਰ ਸਾਂਹਸੀ
ਨੂੰ ਕਹਿ ਕੇ ਖ਼ਾਸ ਤੌਰ ‘ਤੇ ਦੇਸੀ ਦਾਰੂ ਵੀ ਕਢਵਾਈ ਸੀ।
ਨੰਬਰਦਾਰ ਨੇ ਨੌਰੰਗ ਸਿੰਘ ਨੂੰ ਖ਼ਾਸ ਹਿਦਾਇਤ ਕੀਤੀ ਸੀ ਕਿ ਉਹ ਸੁਖਮਨੀ ਸਾਹਿਬ ਦੇ ਪਾਠ ਤੋਂ
ਬਾਅਦ ਸਿਰਫ਼ ਇਕੋ ਹੀ ਸ਼ਬਦ ਪੜ੍ਹੇ ਕਿਉਂਕਿ ਛੁਹਾਰਾ ਲਗਦਿਆਂ ਸਾਰ ਹੀ ਪਾਰਟੀ ਦਾ ਦੌਰ ਸ਼ੁਰੂ ਹੋ
ਜਾਣਾ ਸੀ। ਨੌਰੰਗ ਸਿੰਘ ਨੂੰ ਭਲਾ ਕੀ ਉਜ਼ਰ ਹੋ ਸਕਦਾ ਸੀ?
ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਨੌਰੰਗ ਸਿੰਘ ਨੇ ਅਜੇ ਵਾਜੇ ‘ਤੇ ਹੱਥ ਰੱਖਿਆ ਹੀ ਸੀ ਕਿ ਘਰ
ਵਾਲ਼ਿਆਂ ਨੇ ਤੇ ਮਹਿਮਾਨਾਂ ਨੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ। ਸ਼ਬਦ ਮੁਕਾ ਕੇ ਉਸ ਨੇ ਬੰਤਾ
ਸਿੰਘ ਦੇ ਸੋਹਲਿਆਂ ਵਾਲ਼ੀ ਅਰਦਾਸ ਕੀਤੀ ਤੇ ਜਲਦੀ ਜਲਦੀ ਮਹਾਰਾਜ ਦੀ ਬੀੜ ਸੰਤੋਖੀ ਤੇ ਡੇਰੇ ਵਲ
ਚਾਲੇ ਪਾਏ।
ਡੇਰੇ ਪਹੁੰਚ ਕੇ ਸਭ ਤੋਂ ਪਹਿਲਾਂ ਨੌਰੰਗ ਸਿੰਘ ਨੇ ਮਾਇਆ ਗਿਣੀ ਜੋ ਕਿ ਉਸ ਦੀ ਉਮੀਦ ਨਾਲ਼ੋਂ ਕਿਤੇ
ਵਾਧੂ ਸੀ। ਚਰਨਾ ਵੀ ਨੇੜੇ ਹੀ ਬੈਠਾ ਸੀ ਉਹ ਬੋਲਿਆ, “ਬਾਬਾ ਜੀ, ਇਕ ਸ਼ਬਦ ਹੋਰ ਪੜ੍ਹ ਲੈਂਦੇ,
ਹੋਰ ਮਾਇਆ ਆ ਜਾਣੀ ਸੀ”।
“ਓਏ ਮੂਰਖਾ, ਓਏ ਕਮਲ਼ਿਆ! ਕਦੇ ਮਲ੍ਹਿਆਂ ਤੋਂ ਬੇਰ ਝਾੜੇ ਐ?” ਨੌਰੰਗ ਸਿੰਘ ਨੇ ਸਵਾਲੀਆ ਨਜ਼ਰਾਂ
ਨਾਲ ਚਰਨੇ ਵਲ ਦੇਖਿਆ।
“ਬਾਬਾ ਜੀ, ਮੈਂ ਤਾਂ ਮਲ੍ਹੇ ਈ ਨਈਂ ਦੇਖੇ ਕਦੀ”
“ਓਏ ਤਾਂ ਈ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਈਂ, ਤੂੰ ਦੇਖਿਆ ਨਈਂ ਕਿਵੇਂ ਸੰਗਤਾਂ ਬੰਤਾ ਸਿੰਘ
ਨੂੰ ਦਿਖਾ ਦਿਖਾ ਕੇ ਵੱਡੇ ਵੱਡੇ ਨੋਟ ਦੇਣ ਲਈ ਉੱਠਦੀਆਂ ਸੀ। ਓਏ ਕਮਲ਼ਿਆ, ਲੋਕ ਕੀਰਤਨ ਨੂੰ ਮਾਇਆ
ਨਈਂ ਦਿੰਦੇ, ਘਰ ਵਾਲਿਆਂ ਦੇ ਮੂੰਹ-ਮੁਲਾਹਜ਼ੇ ਨੂੰ ਦਿੰਦੇ ਆ। ਮੈਨੂੰ ਕੁੱਤੇ ਨੇ ਵੱਢਿਆ ਸੀ ਮੈਂ
ਐਵੇਂ ਸੰਘ ਪਾੜੀ ਜਾਂਦਾ। ਬੇਰ ਤਾਂ ਜਿਹੜੇ ਝੜਨੇ ਸੀ ਪਹਿਲੇ ਹੱਲੇ ਈ ਝੜ ਗਏ ਸੀ, ਨਾਲ਼ੇ ਬੰਤਾ
ਸੂੰਹ ਦੀ ਗੱਲ ਨਾ ਮੰਨ ਕੇ ਮੈਂ ਲਾਹ-ਪਾਹ ਕਰਵਾਉਣੀ ਸੀ ਉਹਦੇ ਕੋਲੋਂ, ਤੇਲ ਦੇਖੀ ਦਾ ਤੇਲ ਦੀ
ਧਾਰ ਦੇਖੀ ਦੀ ਐ, ਬੁੱਧੂਆ। ਇਹਨੂੰ ਕਹਿੰਦੇ ਆ ਮਲ੍ਹਿਆਂ ਨਾਲੋਂ ਬੇਰ ਝਾੜਨੇ, ਜਿਹੜੇ ਪੱਕੇ ਪੱਕੇ
ਹੁੰਦੇ ਆ ਉਹ ਪਹਿਲੇ ਹੱਲੇ ਈ ਝੜ ਜਾਂਦੇ ਆ, ਕੋਈ ਨਾ ਸਮਝ ਜਾਏਂਗਾ ਸਾਰਾ ਕੁਸ਼ ਹੌਲ਼ੀ ਹੌਲ਼ੀ,” ਏਨਾ
ਕਹਿ ਕੇ ਨੌਰੰਗ ਸਿੰਘ ਨੇ ਨੋਟਾਂ ਦੀ ਥਹੀ ਨੂੰ ਚੋਲ਼ੇ ਦੀ ਵੱਡੀ ਸਾਰੀ ਜੇਬ ਵਿਚ ਪਾਇਆ ਤੇ ਚਰਨੇ
ਨੂੰ ਕੜੱਕ ਜਿਹੀ ਚਾਹ ਬਣਾਉਣ ਦਾ ਹੁਕਮ ਕੀਤਾ।
ਲੰਗਰ ਵਲ ਨੂੰ ਜਾਂਦਿਆਂ ਚਰਨੇ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਜ ਉਸ ਦੇ ਕਪਾਟ ਖੁੱਲ੍ਹ
ਗਏ ਹੋਣ।