Share on Facebook

Main News Page

ਕੰਜਕਾਂ
- ਹਰਪ੍ਰੀਤ ਸਿੰਘ  ਮੋ: 099924-14888, 094670-40888

ਵਹੁਟੀਏ, ਅਜੇ ਉਠੀ ਨਹੀਂ, ਤੈਨੂੰ ਰਾਤੀਂ ਵੀ ਕਿਹਾ ਸੀ ਕਿ ਸਵੇਰੇ ਜਰਾ ਛੇਤੀ ਉਠ ਜਾਵੀਂ ਆਪਾਂ ਅਜ ਦੇਵੀਆਂ ਪੁਜਨੀਆਂ ਨੇ, ਪਤਾ ਨੀ ਕਿਉਂ ਪਿਛਲੇ 10-12 ਦਿਨਾਂ ਤੋਂ ਮੈਥੋਂ ਉਖੱੜੀ-ਉਖੱੜੀ ਪਈਂ ਵੇਂ, ਜਰਾ ਦਸ ਤਾਂ ਸਹੀ ਤੈਨੂੰ ਹੋਇਆ ਕੀ ਏ।

ਕੁਝ ਨਹੀਂ ਬੇਬੇ ਜੀ, ਤੁਸੀ ਜਾਉ, ਮੈਂ ਨਹਾ ਕੇ ਆ ਰਹੀ ਹਾਂ।

ਚੰਗਾ ਫੇਰ ਗਲ ਕਰਦੇ ਆਂ, ਮੈਂ ਪਹਿਲਾ 7 ਬਾਲੜੀਆਂ ਕਠੀਆਂ ਕਰ ਲਵਾਂ, ਕੰਜਕਾਂ ਲਈ।

ਨੀ ਬਚਿੰਤੀਏ, ਅੱਜ ਸਵੇਰੇ ਸਾਂਝਰੇ ਕਿੱਥੇ ਤੁਰੀ ਜਾਂਦੀ ਏਂ, ਸੁੱਖ ਤਾਂ ਹੈ।

ਆਹੋ ਚਾਚੀ, ਸੁੱਖ ਹੀ ਏ ਨਾਲੇ ਪੈਰੀਂ ਪੈਂਦੀ ਆਂ, ਆਹ ਕੰਜਕਾਂ ਜਿਹੀਆਂ ਕਰਣੀਆਂ ਸੀ, ਕੁੜੀਆਂ ਦਾ ਤਾਂ ਕਾਲ ਹੀ ਪੈ ਗਿਆ, ਸਮਝ ਨਹੀਂ ਆਉਂਦੀ ਰਬ ਜਿਧਰ ਵੇਖੋ ਮੁੰਡੇ ਹੀ ਦੇਈ ਜਾਂਦਾ ਵੇ, ਲਗਦੈ ਉਤਾਂਹ ਵੀ ਕੁੜੀਆਂ ਦਾ ਘਾਟਾ ਪੈ ਗਿਆ ਏ।

ਨਹੀਂ ਬਚਿੰਤੀਏ, ਅਜਿਹੀ ਗਲ ਨਹੀਂ, ਮਨੁੱਖ ਹੀ ਕਮੀਨਗੀ ਤੇ ਉਤਰ ਆਇਆ ਵੇ, ਆਹ ਵੇਖ ਲੈ ਸਾਡੇ ਟੈਮ ਇਕ-ਇਕ ਘਰ ਵਿੱਚ 4-4, 5-5 ਕੁੜੀਆਂ ਹੁੰਦੀਆਂ ਸੀ, ਪਰ ਹੁਣ ਜਦੋ ਦੀ ਆਹ ਮੁੰਡਾ-ਕੁੜੀ ਵੇਖਣ ਵਾਲੀ ਮਸ਼ੀਨ ਜਿਹੀ ਆਈ ਹੈ, ਓਦੋਂ ਦੀ ਹਨੇਰੀ ਹੀ ਆਈ ਪਈ ਵੇ, ਕੋਈ ਰੱਬ ਦੀ ਇਸ ਰਹਿਮਤ ਨੂੰ ਅਪਨਾਉਨ ਲਈ ਤਿਆਰ ਨਹੀਂ, ਆਖਦੈ ਸਾਨੂੰ ਤਾਂ ਸਿਰਫ ਮੁੰਡਾ ਹੀ ਚਾਹੀਦੈ, ਭਾਂਵੇ ਵੱਡਾ ਹੋ ਸਿਰ ਸੁਆਹ ਪਾਵੇ।

ਆਹੋ ਚਾਚੀ ਤੇਰੀ ਇਹ ਗਲ ਤਾਂ ਸੋਲ਼ਾਂ ਆਨੇ ਸੱਚ ਆ। ਆਹ ਵੇਖ ਲੈ ਮੈਂ ਸਵੇਰ ਦੀ ਭੋਉਂਦੀ ਫਿਰਦੀ ਆਂ ਪਰ ਅਜੇ 2 ਹੀ ਕੁੜੀਆਂ ਮਿਲੀਆਂ ਨੇ ਤੇ ਉਹ ਵੀ 10 ਤੇ 12 ਸਾਲ ਦੀਆਂ, ਅਤੇ ਉਹਨਾਂ ਵੀ ਸਕੂਲ ਜਾਣਾ ਵੇ, ਕਹਿੰਦੀਆਂ ਸੀ ਆਂਟੀ ਛੇਤੀ ਕਰਿਉ, ਨਾਲੇ ਸਾਨੂੰ ਨਕਦ ਪੈਸੇ ਦੇ ਦਿਓ ਅਸੀ ਆਪੇ ਹੀ ਸਕੂਲੇ ਕੁਝ ਖਾ ਲਵਾਂਗੀਆਂ।

ਆਹੋ ਬਚਿੰਤੀਏ, ਇਹ ਵੀ ਕੀ ਕਰਣ, ਅੱਜ ਕੱਲ ਤਾਂ ਹਵਾ ਹੀ ਅਜੇਹੀ ਆ, ਸਾਰੇ ਬਾਹਰਲੇ ਮੁਲਕਾਂ ਨੂੰ ਤੁਰੀ ਜਾਂਦੇ ਹਾ ਅਤੇ ਓਹੋ ਜਿਹੇ ਬਨਣ ਲਈ ਉਸ ਜਿਹਾ ਕੰਜਰਖਾਨਾ ਕਰਨਾ ਲੋਚਦੇ ਹਾ। ਉੱਥੇ ਦੀਆਂ ਚੰਗੀਆਂ ਆਦਤਾਂ ਤਾਂ ਅਪਨਾਉਂਦੇ ਨਹੀਂ ਅਤੇ ਆਪਣੀਆਂ ਚੰਗੀਆਂ ਆਦਤਾਂ ਉਹਣਾਂ ਨੂੰ ਸਿਖਾ, ਆਪ ਉਹਨਾਂ ਵਾਂਗ ਬਨਣਾਂ ਲੋਚਦੇ ਹਾ।

ਹਾਂਜੀ ਚਾਚੀ ਤੁਹਾਡੀ ਇਹ ਗਲ ਤਾਂ ਠੀਕ ਆਂ, ਚੰਗਾ ਫਿਰ ਮੈਂ ਚਲਦੀ ਹਾਂ।

ਗਲ ਸੁਣ ਬਚਿੰਤੀਏ, ਮੈਂ ਤਾਂ ਭੁਲ ਹੀ ਗਈ , ਹੁਣ ਤੂੰ ਦਾਦੀ ਬਨਣ ਦੇ ਲੱਡੂ ਕਦੋਂ ਖੁਆਣੇ ਆ।

(ਗਲ ਅਣਸੁਣੀ ਕਰ) ਬਸ ਚਾਚੀ, ਚੰਗਾ ਫਿਰ ਮੈਂ ਚਲਦੀ ਹਾਂ।

ਨੀ ਬਚਿੰਤੀਏ, ਤੂੰ ਮੇਰੀ ਗਲ ਦਾ ਜੁਆਬ ਤਾਂ ਦੇ, ਨੀ ਦਸਦੀ ਨਹੀਂ.. .., ਚੰਗਾ ਮੁੰਹ ਮਿੱਠਾ ਨਾ ਕਰਵਾਈ, ਅੜੀਏ ਚੁੱਪ ਕਿਉਂ ਏਂ ਕੁਝ ਤਾਂ ਦੱਸ ਖਾਂ।

ਬਸ ਚਾਚੀ, ਪਥੱਰ ਸੀ, ਕ..ਢ..ਵਾ.. ਦਿਤਾ।

ਨੀ ਆਹ ਕੀ ਆਖੀ ਜਾਂਦੀ ਏ, ਮਜਾਕ ਕਰ ਰਹੀ ਏ।

(ਬਚਿੰਤੀ ਕੋਈ ਜਵਾਬ ਨਹੀਂ ਦੇਂਦੀ, ਬਚਿੰਤੀ ਅਪਣੀ ਚਾਚੀ ਨਾਲ ਅੱਖਾਂ ਨਹੀਂ ਮਿਲਾ ਪਾ ਜਹੀ ਸੀ)

ਬਚਿੰਤੀ ਦੀ ਚੁੱਪ ਵੇਖ ਉਸਦੀ ਚਾਚੀ ਬੋਲੀ, ਬਚਿੰਤੀਏ, ਨੀ ਤੈਨੂੰ ਸ਼ਰਮ ਨਹੀਂ ਆਈ, ਰੱਬ ਦੀ ਰਹਿਮਤ ਨੂੰ ਠੋਕਰ ਮਾਰ ਤੂੰ ਦੇਵੀ ਦੇ ਨਮਿੱਤ ਕੰਜਕਾਂ ਕਰਣ ਚਲੀ ਸੈਂ, ਨੀ ਭਲੀਏ ਤੈਥੋਂ ਆਪਣਾ ਖੂਨ ਪੋਤਰੀ ਤਾਂ ਸਾਂਭੀ ਨਹੀਂ ਗਈ ਅਤੇ ਕੰਜਕਾਂ ਵਾਸਤੇ ਲੋਕਾਂ ਦੀਆਂ ਬਾਲੜੀਆਂ ਇਕਠੀਆਂ ਕਰਦੀ ਫਿਰਦੀ ਵੇਂ। ਨੀ ਉਸ ਪਾਲਨਹਾਰ ਪਰਮਾਤਮਾ ਤੋਂ ਡਰ, ਜਿਹੜਾ ਸਾਰੇ ਜੀਅ ਜੰਤੂਆਂ ਦੀ ਪਾਲਨਾ ਕਰਣ ਵਾਲਾ ਹੈ।

ਬਸ ਕਰ ਚਾਚੀ, ਬਸ ਕਰ...

ਨੀ ਤੂੰ ਕੀ ਕਰਨ ਲਗੀ ਸੈਂ। ਇੱਕ ਪਰਮਾਤਮਾ ਦੀ ਅੰਸ਼ ਨੂੰ ਖਤਮ ਕਰ ਦੇਵੀ ਨੂੰ ਖੁਸ਼ ਕਰਨ ਲਈ 7 ਦੇਵੀਆਂ ਭਾਲਦੀ ਸੈਂ, ਕਿਨਾਂ ਲੋਹੜਾ ਆ ਗਿਆ, ਪਤਾ ਨਹੀਂ ਲੋਕੀਂ ਅਪਣਾਂ ਪਾਪ ਲੁਕਾਉਣ ਲਈ ਲੋਕਾਂ ਨੂੰ ਮਤਾਂ ਦੇਂਦੇ ਫਿਰਦੇ ਨੇ, ਅਪਣੀ ਪੀੜੀ ਥੱਲੇ ਸੋਟਾ ਫੇਰ ਕੇ ਨਹੀਂ ਵੇਖਦੇ ਕਿ ਉਹ ਆਪ ਕੀ-ਕੀ ਕੁਕਰਮ ਕਰ ਰਹੇ ਹਨ।

ਚਾਚੀ ਜੀ, ਬਸ ਕਰੋ, ਤੁਸਾਂ ਮੇਰੀਆਂ ਅੱਖਾਂ ਖੋਲ ਦਿਤੀਆਂ ਹਨ, ਮੈਥੋਂ ਜਾਣੇ-ਅਨਜਾਣੇ ਕਿੰਨੀ ਵੱਡੀ ਭੁੱਲ ਹੋ ਗਈ ਸੀ, ਵੇ ਰੱਬਾ ਮੈਨੂੰ ਪਾਪਣ ਨੂੰ ਮਾਫ ਕਰੀਂ, ਮੈਂ ਵੀ ਸੋਚਾਂ, ਆਹ ਮੇਰੀ ਨੂੰਹ ਨੂੰ ਕੀ ਹੋ ਗਿਆ ਵੇ, ਜਦੋਂ ਨਵੀਂ ਵਿਆਹੀ ਆਈ ਸੀ ਤਾਂ ਮੂੰਹ ਤੋਂ ਮੰਮੀ ਜੀ-ਮੰਮੀ ਜੀ ਨਹੀਂ ਲਥਦਾ ਸੀ, ਤੇ ਆਹ ਜਿਸ ਦਿਨ ਤੋਂ ਉਸ ਨਾਲ ਕੁਕਰਮ ਕੀਤਾ ਏ, ਵਿਚਾਰੀ ਮੁਰਝਾਏ ਫੁੱਲ ਵਾਂਗੂੰ ਮੰਜੇ ਤੇ ਹੀ ਪਈ ਹੋਈ ਏ, ਮੈਨੂੰ ਉਸ ਬਾਲੜੀ ਦੀ ਪੀੜ ਸਮਝ ਕਿਉਂ ਨਹੀਂ ਪਈ, ਵੇ ਮੇਰੇ ਮਾਲਕਾਂ ਮੈਨੂੰ ਮਾਫ ਕਰੀਂ।

ਬਚਿੰਤੀਏ ਜਿਗਰਾ ਰੱਖ, ਕਹਿੰਦੇ ਨੇ ਜੇਕਰ ਸਵੇਰ ਦਾ ਭੁਲਿੱਆ ਸ਼ਾਮ ਨੂੰ ਘਰ ਮੁੜ ਆਵੇਂ ਉਸ ਨੂੰ ਭੁਲਿੱਆ ਨਹੀਂ ਕਹਿੰਦੇ, ਤੈਨੂੰ ਅਪਣੀ ਗਲਤੀ ਦਾ ਅਹਿਸਾਸ ਹੋ ਗਿਆ, ਸਮਝ ਤੈਨੂੰ ਰੱਬ ਨੇ ਮੁਆਫ ਕਰ ਦਿਤਾ। ਚੰਗਾ ਹੁਣ ਇਹ ਦਸ ਦਾਦੀ ਬਨਣ ਦੀ ਖੁਸ਼ੀ ਵਿੱਚ ਲੱਡੂ ਕਦੋਂ ਖੁਆਵੇਂਗੀ।

ਬਸ ਚਾਚੀ, ਪਹਿਲਾਂ ਤਾਂ ਮੈਂ ਅਪਣੇ ਕੀਤੇ ਦੇ ਪਛਤਾਵੇਂ ਲਈ ਅਪਣੀ ਨੂੰਹ ਨਹੀਂ ਧੀ ਤੋਂ ਮੁਆਫੀ ਮੰਗਾਂਗੀ ਅਤੇ ਫਿਰ ਉਸੇ ਨੂੰ ਕਹਾਂਗੀ ਕਿ ਚਾਚੀ ਨੂੰ ਛੇਤੀ ਕੋਈ ਖੁਸ਼ਖਬਰੀ ਸੁਣਾਂਵੇ। (ਅਜਿਹਾ ਕਹਿੰਦੀ ਬਚਿੰਤੀ ਅਪਣੇ ਕੀਤੇ ਦੇ ਪਛਤਾਵੇ ਤੋਂ ਸੁਰਖਰੂ ਹੋਣ ਲਈ ਘਰ ਵੱਲ ਤੁਰ ਪਈ)


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top