Share on Facebook

Main News Page

ਗਿਆਨੀ ਜਸਵਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕੀਤਾ

- ਗਿਆਨੀ ਮੱਲ ਸਿੰਘ ਬਣੇ ਨਵੇਂ ਹੈਡ ਗ੍ਰੰਥੀ
- ਸੂਤਰਾਂ ਮੁਤਾਬਕ ਉਹ ਆਪਣੇ ਰਸੂਖ ਕਾਰਣ ਸ੍ਰੀ ਦਰਬਾਰ ਸਾਹਿਬ ਵਿੱਚ ਹੀ ਗ੍ਰੰਥੀ ਵਜੋਂ ਕਾਇਮ ਰਹਿ ਗਏ ਹਨ

ਅੰਮ੍ਰਿਤਸਰ 17 ਨਵੰਬਰ -ਇਥੋਂ ਨੇੜਲੇ ਇਤਿਹਾਸਕ ਅਸਥਾਨ ਗੁਰਦੁਆਰਾ ਦੇਗਸਰ ਸਾਹਿਬ (ਕਟਾਣਾ ਸਾਹਿਬ) ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਕਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਜਸਵਿੰਦਰ ਸਿੰਘ ਨੂੰ ਇਸ ਅਹਿਮ ਅਹੁਦੇ ਤੋਂ ਲਾਂਭੇ ਕਰਨ ਦਾ ਫੈਸਲਾ ਕੀਤਾ ਗਿਆ। ਇਹ ਮੀਟਿੰਗ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ। ਗਿਆਨੀ ਜਸਵਿੰਦਰ ਸਿੰਘ 15 ਨਵੰਬਰ ਨੂੰ ਚੌਪਈ ਸਾਹਿਬ ਦਾ ਪਾਠ ਕਰਦੇ ਸਮੇਂ ਪਾਠ ਭੁੱਲ ਗਏ ਸਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਉਸ ਬਾਰੇ ਪੜਤਾਲ ਕੀਤੇ ਜਾਣ ਉਪਰੰਤ ਇਹ ਫੈਸਲਾ ਲਿਆ ਗਿਆ। ਇਥੇ ਜ਼ਿਕਰਯੋਗ ਹੈ ਕਿ ਜਦੋਂ ਗਿਆਨੀ ਜਸਵਿੰਦਰ ਸਿੰਘ ਪਾਠ ਕਰ ਰਹੇ ਸਨ ਤਾਂ ਉਦੋਂ ਇਸ ਦਾ ਪੀ.ਟੀ.ਸੀ ਚੈਨਲ ‘ਤੇ ਸਿੱਧਾ ਪ੍ਰਸਾਰਨ ਚੱਲ ਰਿਹਾ ਸੀ, ਜੋ ਭਾਰਤ ਸਮੇਤ 100 ਤੋਂ ਵੱਧ ਮੁਲਕਾਂ ਵਿਚ ਸਿੱਖ ਭਾਈਚਾਰੇ ਵੱਲੋਂ ਦੇਖਿਆ ਜਾਂਦਾ ਹੈ। ਗਿਆਨੀ ਜਸਵਿੰਦਰ ਸਿੰਘ ਨੇ ਆਪਣੀ ਗਲਤੀ ਮੰਨ ਲਈ ਸੀ। ਅੱਜ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਵੱਲੋਂ ਇਸ ਮਾਮਲੇ ਸਬੰਧੀ ਸਖ਼ਤ ਫੈਸਲਾ ਲਿਆ ਗਿਆ। ਇਸ ਫੈਸਲੇ ਤਹਿਤ ਗਿਆਨੀ ਜਸਵਿੰਦਰ ਸਿੰਘ ਦੀ ਥਾਂ ਗਿਆਨੀ ਮੱਲ ਸਿੰਘ ਨੂੰ ਕਾਰਜਕਾਰੀ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ ਅਤੇ ਗਿਆਨੀ ਜਗਤਾਰ ਸਿੰਘ ਜੋ ਪਹਿਲਾਂ ਬਤੌਰ ਗ੍ਰੰਥੀ ਸੇਵਾ ਨਿਭਾਉਂਦੇ ਹਨ, ਨੂੰ ਐਡੀਸ਼ਨਲ ਮੁੱਖ ਗ੍ਰੰਥੀ ਲਾਇਆ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਹਟਾਏ ਗਏ ਗਿਆਨੀ ਜਸਵਿੰਦਰ ਸਿੰਘ ਬਤੌਰ ਗ੍ਰੰਥੀ ਸੇਵਾ ਕਰਦੇ ਰਹਿਣਗੇ, ਪਰ ਅਗਲੇ ਛੇ ਮਹੀਨੇ ਤੱਕ ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਸਿੱਧੇ ਪ੍ਰਸਾਰਨ ਸਮੇਂ ਸੇਵਾ ਨਹੀਂ ਨਿਭਾਉਣਗੇ।

ਅੱਜ ਦੀ ਇਸ ਮੀਟਿੰਗ ਵਿਚ ਇਸ ਫੈਸਲੇ ਤੋਂ ਇਲਾਵਾ ਭਾਈ ਘਨੱਈਆ ਜੀ ਦੇ ਨਾਂ ‘ਤੇ ਆਨੰਦਪੁਰ ਸਾਹਿਬ ਵਿਖੇ ਨਰਸਿੰਗ ਕਾਲਜ ਅਤੇ ਭਗਤਾ ਭਾਈ ਕੇ (ਬਠਿੰਡਾ) ਵਿਖੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਖੋਲ੍ਹੇ ਜਾਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਅਧੀਨ ਆਉਂਦੀਆਂ ਖੇਤੀਯੋਗ ਜ਼ਮੀਨਾਂ ਵਿਖੇ ਪੁਰਾਤਨ ਰਵਾਇਤਾਂ ਅਨੁਸਾਰ ਬਾਗ਼ ਲਾਏ ਜਾਣ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਦਾ ਫੈਸਲਾ ਲਿਆ ਗਿਆ। ਮਾਛੀਵਾੜੇ ਦੇ ਇਤਿਹਾਸਕ ਅਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਾਲਾ ਜੰਗਲ ਲਾਉਣ ਅਤੇ ਅਮਰੀਕਾ ਵਾਸੀ ਸਿੱਖ ਦੀਦਾਰ ਸਿੰਘ ਬੈਂਸ ਵੱਲੋਂ ਅਮਰੀਕਾ ਦੇ ਸ਼ਹਿਰ ਅਯੂਬਾ ਸਿਟੀ ਵਿਖੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਕਰੀਬ 14 ਏਕੜ ਜ਼ਮੀਨ ਦੀ ਕਾਗਜ਼ੀ ਕਾਰਵਾਈ ਮੁਕੰਮਲ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਕੈਂਸਰ ਪੀੜਤਾਂ ਨੂੰ ਸਹਾਇਤਾ ਦੇਣ, ਗੂੰਗੇ-ਬਹਿਰੇ ਬੱਚਿਆਂ ਦੀ ਪੜ੍ਹਾਈ ਲਈ ਲੁਧਿਆਣਾ ਵਿਖੇ ਸਕੂਲ ਖੋਲ੍ਹਣ ਅਤੇ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦਿੱਤੇ ਜਾਣ ਦਾ ਫੈਸਲਾ ਵੀ ਕੀਤਾ ਗਿਆ।

ਅੱਜ ਦੀ ਇਸ ਮੀਟਿੰਗ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਕਰਨਾਲ, ਸੁਖਦੇਵ ਸਿੰਘ ਜਨਰਲ ਸਕੱਤਰ, ਰਾਜਿੰਦਰ ਸਿੰਘ ਮਹਿਤਾ, ਨਿਰਮੈਲ ਸਿੰਘ, ਕਰਨੈਲ ਸਿੰਘ ਪੰਜੋਲੀ, ਗੁਰਬਚਨ ਸਿੰਘ ਕਰਮੂੰਵਾਲਾ, ਮੰਗਲ ਸਿੰਘ, ਰਾਮਪਾਲ ਸਿੰਘ ਬਹਿਣੀਵਾਲ, ਮੋਹਣ ਸਿੰਘ ਬੰਗੀ, ਭਜਨ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਗੜ੍ਹੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਖੱਟੜਾ, ਤਰਲੋਚਨ ਸਿੰਘ ਸਕੱਤਰ, ਮਨਜੀਤ ਸਿੰਘ, ਮਹਿੰਦਰ ਸਿੰਘ ਆਹਲੀ ਐਡੀਸ਼ਨਲ ਸਕੱਤਰ, ਦਿਲਜੀਤ ਸਿੰਘ ਬੇਦੀ, ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਦੇ ਮੈਨੇਜਰ ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਤਜਿੰਦਰ ਸਿੰਘ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

ਬੀਤੇ ਦਿਨੀਂ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰਹਿਰਾਸ ਦੌਰਾਨ ਚੌਪਈ ਸਾਹਿਬ ਦਾ ਪਾਠ ਭੁਲਣ ਕਾਰਣ ਅਤੇ ਆਪਣੀਆਂ ਨਿਵੇਕਲੀਆਂ ਹਰਕਤਾਂ ਦੇ ਕਾਰਣ ਚਰਚਾ ਵਿੱਚ ਰਹੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੂੰ ਸ੍ਰੋਮਣੀ ਕਮੇਟੀ ਨੇ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ। ਉਨਾਂ ਦੀ ਜਗਾ ਗਿਆਨੀ ਮੱਲ ਸਿੰਘ ਨੂੰ ਮੁੱਖ ਗ੍ਰੰਥੀ ਅਤੇ ਗਿਆਨੀ ਜਗਤਾਰ ਸਿੰਘ ਨੂੰ ਐਡੀਸ਼ਨਲ ਹੈਡ ਗ੍ਰੰਥੀ ਦੀਆਂ ਸੇਵਾਵਾਂ ਨਿਭਾਉਣ ਵਾਸਤੇ ਨਿਯੁਕਤ ਕੀਤਾ ਗਿਆ ਹੈ। ਬੀਤੇ ਕਲ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਸਿੰਘ ਸਾਹਿਬਾਨ ਦੌਰਾਨ ਗਿਆਨੀ ਜਸਵਿੰਦਰ ਸਿੰਘ ਨੂੰ ਮਰਿਯਾਦਾ ਭੰਗ ਕਰਨ ਸਬੰਧੀ ਤਲਬ ਕੀਤਾ ਗਿਆ ਸੀ। ਜਿੱਥੇ ਉਨਾਂ ਨੇ ਆਪਣਾ ਪੱਖ ਦਿੱਤਾ ਅਤੇ ਪੱਖ ਦੇਣ ਤੋਂ ਬਾਅਦ ਬੜੀ ਤੇਜੀ ਨਾਲ ਹੂਟਰ ਮਾਰਦੀ ਗੱਡੀ ਵਿੱਚ ਬੈਠ ਕੇ ਚਲੇ ਗਏ ਸਨ। ਜਿਕਰਯੋਗ ਹੈ ਕਿ ਨਵੇਂ ਨਿਯੁਕਤ ਕੀਤੇ ਗਏ ਹੈਡ ਗ੍ਰੰਥੀ ਅਤੇ ਵਧੀਕ ਹੈਡ ਗ੍ਰੰਥੀ ਸਿੱਖਾਂ ਦੀ ਚਲਦੀ ਫਿਰਦੀ ਯੂਨੀਵਰਸਿਟੀ ਦਮਦਮੀ ਟਕਸਾਲ ਦੇ ਵਿਦਿਆਰਥੀ ਰਹਿ ਚੁੱਕੇ ਹਨ। ਇਨਾਂ ਦੋਵਾਂ ਨੇ ਹੀ ਤਤਕਾਲੀ ਮੁੱਖੀ ਗਿਆਨੀ ਕਰਤਾਰ ਸਿੰਘ ਪਾਸੋਂ ਸੰਥਿਆਂ ਹਾਸਲ ਕੀਤੀ ਹੈ। ਜਦ ਗਿਆਨੀ ਮੱਲ ਸਿੰਘ ਦੀ ਹੈਡ ਗ੍ਰੰਥੀ ਵਜੋਂ ਨਿਯੁਕਤੀ ਦੀ ਖਬਰ ਮਿਲਣ ਤੇ ਪਹਿਰੇਦਾਰ ਦੀ ਟੀਮ ਉਨਾਂ ਨਾਲ ਗੱਲ ਕਰਨ ਵਾਸਤੇ ਗਈ ਤਾਂ ਪਤਾ ਲੱਗਾ ਕਿ ਉਹ ਅਮਰੀਕਾ ਦੇ ਦੌਰੇ ਤੇ ਹਨ। ਵਧੀਕ ਮੁੱਖ ਗ੍ਰੰਥੀ ਨਿਯੁਕਤ ਹੋਏ ਗਿਆਨੀ ਜਗਤਾਰ ਸਿੰਘ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮ ਦਾਸ ਦੀ ਕ੍ਰਿਪਾ ਨਾਲ ਜਿਹੜੇ ਵਿਸ਼ਵਾਸ਼ ਨਾਲ ਸ੍ਰੋਮਣੀ ਕਮੇਟੀ ਅਤੇ ਸਿੱਖ ਪੰਥ ਨੇ ਉਨਾਂ ਨੂੰ ਗੁਰੂ ਘਰ ਦੀ ਸੇਵਾ ਸੌਂਪੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਗੁਰੂ ਘਰ ਦੀ ਮਰਿਯਾਦਾ ਅਤੇ ਗੁਰਬਾਣੀ ਦੇ ਸਤਿਕਾਰ ਨੂੰ ਕਾਇਮ ਰੱਖਿਆ ਜਾਵੇਗਾ।

ਜਿਕਰਯੋਗ ਹੈ ਕਿ ਭਾਂਵੇ ਗਿਆਨੀ ਜਸਵਿੰਦਰ ਸਿੰਘ ਨੂੰ ਸ੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ, ਪਰ ਸੂਤਰਾਂ ਮੁਤਾਬਕ ਉਹ ਆਪਣੇ ਰਸੂਖ ਕਾਰਣ ਸ੍ਰੀ ਦਰਬਾਰ ਸਾਹਿਬ ਵਿੱਚ ਹੀ ਗ੍ਰੰਥੀ ਵਜੋਂ ਕਾਇਮ ਰਹਿ ਗਏ ਹਨ। ਅਟਕਲਾਂ ਤਾਂ ਇੱਥੋਂ ਤੱਕ ਲਾਈਆਂ ਜਾ ਰਹੀਆਂ ਸਨ ਕਿ ਉਨਾਂ ਨੂੰ ਸੇਵਾ ਤੋਂ ਵਿਹਲਿਆਂ ਕੀਤਾ ਜਾ ਸਕਦਾ ਹੈ। ਸੂਤਰ ਤਾਂ ਇਹ ਵੀ ਦਸਦੇ ਹਨ ਕਿ ਉਨਾਂ ਨੇ ਬੀਤੇ ਕਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਪੱਖ ਦੇਣ ਮੌਕੇ ਵੀ ਆਪਣੀ ਪਹੁੰਚ ਦਾ ਅਹਿਸਾਸ ਕਰਵਾਇਆ ਸੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top