Share on Facebook

Main News Page

ਕਦੋਂ ਤੱਕ ਆਪਸ ’ਚ ਲੜ੍ਹਦੇ ਰਹਾਂਗੇ…?
-
ਜਸਪਾਲ ਸਿੰਘ ਹੇਰਾਂ

ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਹਮੇਸ਼ਾ ਜਾਹਲ, ਜਾਂਗਲੀ ਤੇ ਮੂਰਖ ਸਿੱਧ ਕਰਨ ਲਈ ਭੰਡੀ ਪ੍ਰਚਾਰ ਦਾ ਹਰ ਹੀਲਾ ਵਸੀਲਾ ਵਰਤਦੀਆਂ ਆ ਰਹੀਆਂ ਹਨ ਅਤੇ ਵਰਤ ਰਹੀਆਂ ਹਨ।

ਅੱਜ ਜਦੋਂ ਸਿੱਖਾਂ ਨੇ ਆਪਣੀ ਸਿਆਣਪ, ਮਿਹਨਤ, ਲਗਨ, ਬਹਾਦਰੀ ਤੇ ਦ੍ਰਿੜ੍ਹਤਾ ਨਾਲ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੋਈ ਹੈ ਅਤੇ ਸਿੱਖਾਂ ਨੂੰ ਬੁੱਧੀਹੀਣ ਦੱਸਣ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਮਿਲਣਾ ਸ਼ੁਰੂ ਹੋ ਗਿਆ ਹੈ, ਉਸ ਸਮੇਂ ਜਦੋਂ ਸੱਤਾ ਲਾਲਸਾ ਅਤੇ ਚਾਪਲੂਸੀ ਦੀ ਅੰਨ੍ਹੀ ਦੌੜ ’ਚ ਅੰਨ੍ਹੇ ਹੋਏ ਸਿੱਖ ਆਗੂ ਇਕ ਦੂਜੇ ਦੀਆਂ ਪੱਗਾਂ ਲਾਹੁੰਦੇ ਹਨ, ਤਲਵਾਰਾਂ ਚਲਾਉਂਦੇ ਹਨ, ਉਸ ਸਮੇਂ ਪੂਰੀ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰੰਤੂ ਕਿਉਂਕਿ ਅਜਿਹਾ ਮੂਰਖਾਨਾ ਵਤੀਰਾ ਕਰਨ ਵਾਲਿਆਂ ਨੂੰ ਕੌਮ ਨੇ ਕਦੇ ਮਸ਼ਾਲੀ ਸਜ਼ਾ ਨਹੀਂ ਦਿੱਤੀ, ਇਸ ਕਾਰਣ ਇਕ ਦੂਜੇ ਦੀਆਂ ਪੱਗਾਂ ਲਾਹੁੰਣ ਦਾ ਇਹ ‘ਤਮਾਸ਼ਾ’ ਨਿਰੰਤਰ ਜਾਰੀ ਹੈ।

ਪੱਗ, ਸਿੱਖ ਸੱਭਿਆਚਾਰ ’ਚ ਇੱਜ਼ਤ, ਅਣਖ਼, ਸ਼ਾਨ ਅਤੇ ਸਨਮਾਨ ਦਾ ਚਿੰਨ੍ਹ ਹੈ। 400 ਕੁ ਵਰ੍ਹੇ ਪਹਿਲਾ ਜਦੋਂ ਢਾਡੀ ਅਬਦੁਲ ਅਤੇ ਨੱਥਮਲ ਨੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨਣ ਸਮੇਂ ਵਾਰ ਗਾਈ ਸੀ ਤਾਂ ਸਭ ਤੋਂ ਪਹਿਲਾ ਵੱਡੀ ਗੱਲ ਇਹੋ ਹੀ ਆਖੀ, ‘‘ਪੱਗ ਤੇਰੀ, ਕੀ ਜਹਾਂਗੀਰ ਦੀ’’, ਤੇ ਇਕ ਸਿੱਖ ਦੀ ਪੱਗ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਦੇਸ਼ ਤੋਂ ਬਾਹਰ ਪੱਗ ਦੇ ਮਸਲੇ ਤੇ ਸਿੱਖ ਲੰਬੇ ਸਮੇਂ ਤੋਂ ਜਦੋਂ ਜਹਿਦ ਕਰ ਰਹੇ ਹਨ ਅਤੇ ਕਈ ਦੇਸ਼ਾਂ ’ਚ ਆਪਣੀ ਪੱਗ ਲਈ ਸਿੱਖਾਂ ਨੂੰ ਵੱਡੀ ਕੁਰਬਾਨੀ ਵੀ ਦੇਣੀ ਪਈ ਹੈ। ਪ੍ਰੰਤੂ ਜਦੋਂ ਉਹ ਸਿੱਖ, ਜਿਨ੍ਹਾਂ ਨੂੰ ਦਸਮੇਸ਼ ਪਿਤਾ ਨੇ ਸਰਬੰਸ ਵਾਰ ਕੇ ‘ਸਿਰਦਾਰੀ’ ਬਖ਼ਸੀ ਸੀ, ਉਹ ਇਕ ਦੂਜੇ ਦੇ ਸਿਰੋਂ ਪੱਗਾਂ ਲਾਹੁੰਦੇ ਹਨ ਤਾਂ ਸਿੱਖੀ ਦੀ ਹੋਂਦ ਨੂੰ ਹੜੱਪਣ ਲਈ ਬੇਚੈਨ ਬੈਠੀਆਂ ਤਾਕਤਾਂ ਨੂੰ ਸਿੱਖਾਂ ਤੇ ਸਿੱਖੀ ਵਿਰੁੱਧ ਭੰਡੀ ਪ੍ਰਚਾਰ ਦਾ ਮੌਕਾ ਆਪਣੇ-ਆਪ ਮਿਲ ਜਾਂਦਾ ਹੈ। ਉਹ ਅਜਿਹੇ ਮੌਕੇ ਦਾ ਬਹਾਨਾ ਲੈ ਕੇ ਸਿੱਖਾਂ ਦੇ ਮੁੱਢਲੇ ਮੀਰੀ-ਪੀਰੀ ਦੇ ਸਿਧਾਂਤ ਤੇ ਹੀ ਹਮਲਾ ਕਰਦੇ ਹਨ ਅਤੇ ਰਾਜਨੀਤੀ ਤੇ ਧਰਮ ਨੂੰ ਵੱਖ-ਵੱਖ ਕਰਨ ਦੀ ਵਕਾਲਤ ਕਰਦੇ ਹਨ। ਗੁਰੂ ਦੀ ਗੋਲਕ ਲਈ ਸਿੱਖਾਂ ’ਚ ਹੁੰਦੀ ਲੜਾਈ, ਉਨ੍ਹਾਂ ਦੀ ਦਲੀਲ ਨੂੰ ਵਜ਼ਨਦਾਰ ਕਰਦੀ ਹੈ।

ਦੂਜਾ ਅਜਿਹੀ ਘਟਨਾ ਤੋਂ ਬਾਅਦ, ਇਸ ਘਟਨਾ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਸਿੱਖਾਂ ਦਾ ਤਾਂ ਕੰਮ ਹੀ ਲੜਨਾ ਹੈ। ਅਸੀਂ ਵਾਰ-ਵਾਰ ਲਿਖਿਆ ਹੈ ਕਿ ਸਿੱਖੀ ਦੀ ਨਿਆਰੀ ਤੇ ਵਿਲੱਖਣ ਹੋਂਦ ਦੀ ਰਾਖ਼ੀ ਸਿਰਫ਼ ਤੇ ਸਿਰਫ਼ ਸਿੱਖੀ ਸਿਧਾਂਤਾਂ ਤੇ ਮਾਰਗ ਤੇ ਚੱਲ ਕੇ ਹੀ ਕੀਤੀ ਜਾ ਸਕਦੀ ਹੈ। ਜਦੋਂ ਸਿੱਖ ਗੁਰੂ ਦੇ ਦਰਸਾਏ ਮਾਰਗ ਤੋਂ ਭਟਕ ਕੇ ਚੌਧਰ ਤੇ ਪਦਾਰਥ ਦੀ ਲਾਲਸਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ’ਚੋਂ ਸਿੱਖੀ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਅਤੇ ਉਹ ਫਿਰ ਮਨੁੱਖ ਦੀ ਥਾਂ ‘ਰਾਖ਼ਸ’ ਬਣ ਜਾਂਦਾ ਹੈ ਅਤੇ ਰਾਖ਼ਸੀ ਰੂਹ ਸਿਰਫ਼ ਤੇ ਸਿਰਫ਼ ਵਿਨਾਸ਼ ਕਰ ਸਕਦੀ ਹੈ। ਵਿਚਾਰਾਂ ’ਚ ਵਖਰੇਵਾਂ, ਧੜੇਬੰਦੀ ਤੇ ਹੋਰ ਵੱਡਾ ਆਦਮੀ ਬਣਨ ਦੀ ਲਾਲਸਾ, ਮਨੁੱਖੀ ਮਨ ਦੀ ਕੰਮਜ਼ੋਰੀ ਹੈ, ਪ੍ਰੰਤੂ ਇਸ ਲਾਲਸਾ ਦੀ ਪੂਰਤੀ, ਕ੍ਰਿਪਾਨਾਂ ਦੀ ਵਰਤੋਂ ਜਾਂ ਭਰਾਵਾਂ ਦੀ ਪੱਗਾਂ ਲਾਹੁੰਣ ਨਾਲ ਨਹੀਂ ਹੋ ਸਕਦੀ ਹੈ। ਸਿੱਖ ਪੰਥ ਨੇ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਭਾਈ ਕਪੂਰ ਸਿੰਘ ਨੂੰ ‘ਨਵਾਬੀ’ ਬਖ਼ਸ ਕੇ ਸਿੱਖੀ ’ਚ ਸੇਵਾ, ਤਿਆਗ ਤੇ ਨਿਮਰਤਾ ਦੀ ਮਹਾਨਤਾ ਤੇ ਹਕੀਕੀ ਮੋਹਰ ਲਾਈ ਸੀ।

ਅੱਜ ਜਦੋਂ ਕੌਮ ’ਚ ਗੁਣਾਤਮਕ ਪੱਖੋ ਵੱਡਾ ਨਿਘਾਰ ਆ ਚੁੱਕਾ ਹੈ, ਸਾਡੀ ਨੌਜਵਾਨ ਪੀੜ੍ਹੀ ਵੱਡਿਆਂ ਦੀਆਂ ਕਰਤੂਤਾਂ ਦਾ ਬਹਾਨਾ ਬਣਾ ਕੇ, ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ, ਉਸ ਸਮੇਂ ਆਪਣੇ ਆਪ ਨੂੰ ਕੌਮ ਦੇ ਆਗੂ ਅਖਵਾਉਂਦੇ ਲੋਕ, ਕੌਮ ਦਾ ਅਜਿਹਾ ਜਲੂਸ ਕੱਢਣਗੇ ਤਾਂ ਅਸੀਂ ਨਵੀਂ ਪੀੜ੍ਹੀ ਨੂੰ ਕੀ ਅਤੇ ਕਿਵੇਂ, ਕੋਈ ਨਸੀਹਤ ਦੇ ਸਕਾਂਗੇ? ਕੀ ਕੌਮ ਦੇ ਇਨ੍ਹਾਂ ਆਗੂ ਅਖਵਾਉਂਦੇ ਲੋਕਾਂ ਨੂੰ ਭਾਰਤੀ ਮੀਡੀਆ ਜਿਹੜਾ ਸਿੱਖ ਵਿਰੋਧੀ ਨਿੱਕੀ-ਨਿੱਕੀ ਗੱਲ ਨੂੰ ਉਛਾਲਣ ਦੀ ਤਾਕ ’ਚ ਰਹਿੰਦਾ ਹੈ, ਉਸ ਵੱਲੋਂ ਬੀਤੇ ਦਿਨ ਦਿੱਲੀ ’ਚ ਵਾਪਰੀ ਇਸ ਮੰਦਭਾਗੀ ਘਟਨਾ ਨੂੰ ਲੈ ਕੇ, ਸਿੱਖਾਂ ਦੇ ਕੱਢੇ ਜਲੂਸ ਤੇ ਭੋਰਾ-ਭਰ ਵੀ ਸ਼ਰਮ ਨਹੀਂ ਆਈ ਹੋਵੇਗੀ? ਸਿੱਖੀ ਦਾ ਵਿਰਸਾ ਕੀ ਹੈ, ਇਹ ਸੇਵਾ, ਸਿਮਰਨ ਦਾ ਮਾਰਗ ਹੈ, ਜਿਹੜਾ ਸਰਬੱਤ ਦਾ ਭਲਾ ਮੰਗਦਾ ਹੋਇਆ ਹਰ ਮਨੁੱਖ ਨੂੰ ਬਰਾਬਰੀ ਦੇ ਜਿਉਣ ਦੇ ਹੱਕ ਲਈ ਜੂਝਣਾ ਸਿਖਾਉਂਦਾ ਹੈ। ਨਿੱਜਵਾਦ, ਹਊਮੈ, ਈਰਖਾ, ਲਈ ਤਾਂ ਸਿੱਖੀ ’ਚ ਕੋਈ ਥਾਂ ਹੀ ਨਹੀਂ ਹੈ, ਪ੍ਰੰਤੂ ਅੱਜ ਦਾ ਸਿੱਖ ਕਿਉਂਕਿ ਗੁਰੂ ਤੋਂ ਬੇਮੁੱਖ ਹੋ ਚੁੱਕਾ ਹੈ, ਉਹ ਸਿੱਖੀ ਸਿਧਾਂਤਾਂ ਦੇ ਮਾਰਗ ਦਾ ਪਾਂਧੀ ਨਹੀਂ ਰਿਹਾ, ਇਸ ਕਾਰਣ ਸਿੱਖੀ ਦੇ ਸਾਰੇ ਮਾਨਵਤਾ ਭਰਪੂਰ ਗੁਣ ਉਸ ’ਚੋਂ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਅਸੀਂ ਕੌਮ ’ਚ ਏਕੇ ਦੇ ਸਭ ਤੋਂ ਵੱਡੇ ਮੁਦਈ ਹਾਂ, ਕਲਗੀਧਰ ਪਾਤਸ਼ਾਹ ਨੇ ਜੇ ਸਾਨੂੰ ‘ਸਿਰਦਾਰੀ’ ਬਖ਼ਸ਼ੀ ਹੈ ਤਾਂ ਉਸਦਾ ਕੋਈ ਵਿਸ਼ੇਸ਼ ਮਹੱਤਵ ਹੈ, ਜੇ ਸਾਡੇ ਪਾਸੇ ਸਮੁੱਚੀ ਮਾਨਵਤਾ ਨੂੰ ਸੇਧ ਦੇਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ’ਚ ‘ਰੂਹਾਨੀਅਤ ਦਾ ਚਾਨਣ ਮੁਨਾਰਾ’ ਹੈ ਤਾਂ ਉਸਦੇ ਵੀ ਵੱਡੇ ਅਰਥ ਹਨ, ਪ੍ਰੰਤੂ ਅਸੀਂ ਕੁਦਰਤ ਦੀ ਇਸ ਮਹਾਨ ਬਖ਼ਸ਼ਿਸ ਤੋਂ ਮੂੰਹ ਮੋੜ ਕੇ ਛੋਟੇ ਜਿਹੇ ਦਾਇਰੇ ਤੱਕ ਸੀਮਤ ਹੋਣ ਦੀ ਸੌੜੀ ਸੋਚ ਦਾ ਸ਼ਿਕਾਰ ਹੋ ਗਏ ਹਾਂ। ਨਿੱਕੀਆਂ ਮੋਟੀਆਂ ਚੌਧਰਾਂ, ਦੀ ਲੜਾਈ ’ਚ ਉਲਝ ਕੇ ਅਸੀਂ ਅਸਲ ਮਾਰਗ ਤੋਂ ਭਟਕ ਗਏ ਅਤੇ ਭਟਕਿਆਂ ਹੋਇਆ ਇਨਸਾਨ, ਇਸੇ ਤਰ੍ਹਾਂ ਟੱਕਰਾਂ ਮਾਰਕੇ ਹੀ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।

ਅਸੀਂ ਚਾਹੁੰਦੇ ਹਾਂ ਕਿ ਕੌਮ ਇਸ ਮੁੱਦੇ ਤੇ ਕੋਈ ਸਖ਼ਤ ਫੈਸਲਾ ਲਵੇ ਅਤੇ ਭਰਾ-ਮਾਰੂ ਜੰਗ ਤੇ ਸਖ਼ਤੀ ਨਾਲ ਰੋਕ ਲੱਗੇ। ਗਲਤੀ ਕਰਨ ਵਾਲੇ ਨੂੰ ਨਿਰਪੱਖਤਾ ਤੇ ਨਿੱਡਰਤਾ ਨਾਲ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਭਾਵੇਂ ਕਿ, ‘‘ਆਪੋ ਵਿੱਚ ਹੀ ਲ਼ੜ ਪੈਂਦੇ ਨੇ, ਵੇ ਆਖ਼ਰ ਲੋਕ ਗੁਲਾਮ, ਨਹੀਂ ਮੁਲਖ ਜਿਨ੍ਹਾਂ ਦਾ ਆਪਣਾ, ਉਹ ਹੁੰਦੇ ਰਹਿਣ ਬਦਨਾਮ’’ ਵਾਲੀ ਅਟੱਲ ਸਚਾਈ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਜਦੋਂ ਤੱਕ ਅਸੀਂ ਸਿੱਖ ਵਿਰੋਧੀ ਤਾਕਤਾਂ ਦੀਆਂ ਕੱਠਪੁਤਲੀਆਂ, ਬਣ ਕੇ ਨੱਚਦੇ ਰਹਾਂਗੇ, ਉਦੋਂ ਤੱਕ ਆਪਣਿਆਂ ਦੀਆਂ ਪੱਗਾਂ ਹੀ ਲਾਹੁੰਦੇ ਰਹਾਂਗੇ ਅਤੇ ਫਿਰ, ‘‘ਜੇ ਸਿੱਖ ਨੂੰ ਸਿੱਖ ਨਾ ਮਾਰੇ, ਤਾਂ ਸਿੱਖ ਕਦੇ ਨਾ ਕਿਸੇ ਤੋਂ ਹਾਰੇ’’, ਵਰਗੇ ਵਾਕ ਦੁਹਰਾ ਕੇ ਆਪਣੇ ਆਪ ਨੂੰ ਝੂਠੀਆਂ ਤਸੱਲੀਆਂ ਦਿੰਦੇ ਰਹਾਂਗੇ। ਕੌਮ ਦੇ ਦਾਨਿਸ਼ਨਵਰਾਂ ਨੂੰ ਅੱਗੇ ਆ ਕੇ, ਸਰਵਸੰਮਤੀ ਨਾਲ ਅਜਿਹਾ ਫੈਸਲਾ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਭਰਾ ਦੀ ਪੱਗ ਲਾਹੁੰਣ ਦੇ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top