*
ਚੌਪਈ ਸਾਹਿਬ ਦੇ ਪਾਠ ਦਾ ਮਾਮਲਾ ਅਕਾਲ ਤਖ਼ਤ ਹਵਾਲੇ
ਅੰਮ੍ਰਿਤਸਰ, 15 ਨਵੰਬਰ (ਬਹੋੜੂ, ਹਰਮਿੰਦਰ ਸਿੰਘ) - ਸੱਚਖੰਡ
ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ ਮਰਿਆਦਾ ਮੁਤਾਬਕ ਹੋਣ ਵਾਲੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ
ਦੌਰਾਨ ਸ੍ਰੀ ਚੌਪਈ ਸਾਹਿਬ ਦਾ ਪਾਠ ਨਾ ਕੀਤੇ ਜਾਣ ਦਾ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ:
ਅਵਤਾਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਧਿਆਨ 'ਚ ਲਿਆਂਦਾ
ਹੈ।
ਜ਼ਿਕਰਯੋਗ ਹੈ ਕਿ ਰੋਜ਼ ਦੀ ਤਰ੍ਹਾਂ ਸ਼ਾਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ
ਸਾਹਿਬ ਵਿਖੇ ਮਰਿਆਦਾ ਅਨੁਸਾਰ ਸ੍ਰੀ ਰਹਿਰਾਸ ਦਾ ਪਾਠ ਹੋ ਰਿਹਾ ਸੀ। ਇਹ ਸੇਵਾ ਸ੍ਰੀ ਹਰਿਮੰਦਰ
ਸਾਹਿਬ ਦੇ ਹੈਡ ਗ੍ਰੰਥੀ ਗਿ: ਜਸਵਿੰਦਰ ਸਿੰਘ ਵੱਲੋਂ ਨਿਭਾਈ ਜਾ ਰਹੀ ਸੀ। ਇਸ ਦੌਰਾਨ ਗਿ:
ਜਸਵਿੰਦਰ ਸਿੰਘ ਨੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰਨ ਸਮੇਂ ਸ੍ਰੀ ਚੌਪਈ ਸਾਹਿਬ ਦਾ ਪਾਠ ਨਾ
ਕੀਤਾ, ਜਿਸ ਉਪਰੰਤ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਤੱਕ ਪਹੁੰਚ ਗਿਆ,
ਜਿਨ੍ਹਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਦੇ
ਧਿਆਨ 'ਚ ਲਿਆਂਦਾ ਹੈ।
ਟਿੱਪਣੀ:
ਚਲੋ ਪਹਿਲੀ ਵਾਰ ਹੀ ਸਹੀ, ਗਿਆਨੀ ਜਸਵਿੰਦਰ ਸਿੰਘ ਨੇ ਕੋਈ ਕੰਮ ਤਾਂ ਅਕਲ ਵਾਲਾ ਕੀਤਾ। ਜਿਹੜੀ
ਚੌਪਈ ਦੀ ਗਲ ਕੀਤੀ ਹੈ, ਉਹ ਮਹਾਕਾਲ, ਸ਼ਿਵਜੀ ਆਦਿ ਨੂੰ ਹੀ ਸਮਰਪਿਤ ਹੈ, ਅਤੇ ਹੈ ਵੀ ਅਸ਼ਲੀਲ ਰਚਨਾ
"ਚਰਿਤ੍ਰੋਪਾਖਿਆਨ" ਦੇ ਵਿੱਚੋਂ। ਸੋ, ਇਹ ਗੱਲ ਤਾਂ ਵਧੀਆ ਕੀਤੀ ਹੈ, ਗਿਆਨੀ ਜਸਵਿੰਦਰ ਸਿੰਘ ਨੇ।
ਸ਼ਾਬਾਸ਼ੇ!!!
ਸੰਪਾਦਕ ਖ਼ਾਲਸਾ ਨਿਊਜ਼