ਸਵੇਰੇ ਸਵੇਰੇ ਹੀ ਪੰਜਾਬ ਵਿਚ ਮੈਂ ਆਪਣੇ ਰਿਸ਼ਤੇਦਾਰਾਂ ਨੂੰ
ਫੋਨ ਕੀਤਾ ਜੋ ਕਿ ਆਪਣੇ ਗੁਜ਼ਰ ਚੁੱਕੇ ਬਜ਼ੁਰਗ਼ ਦੀ ਯਾਦ ਵਿਚ ਸਹਿਜ ਪਾਠ ਕਰਵਾ ਰਹੇ ਸਨ।ਭੋਗ ਦੇ
ਸਲੋਕ ਅਜੇ ਘੰਟੇ ਕੁ ਤਾਈਂ ਸ਼ੁਰੂ ਹੋਣੇ ਸਨ। ਆਏ ਹੋਏ ਮਹਿਮਾਨਾਂ ਨੂੰ ਚਾਹ-ਪਾਣੀ ਛਕਾਇਆ ਜਾ ਰਿਹਾ
ਸੀ। ਅੱਜ ਦੇ ਸਮਾਗਮ ਬਾਰੇ ਕੁਝ ਗੱਲਾਂ ਬਾਤਾਂ ਕਰਨ ਤੋਂ ਬਾਅਦ ਮੇਰੇ ਰਿਸ਼ਤੇਦਾਰ ਨੇ ਆਪਣੇ ਇਕ ਨਵੇਂ
ਬਣੇ ਸੰਬੰਧੀ, ਜੋ ਕਿ ਦਿੱਲੀ ਤੋਂ ਆਏ ਹੋਏ ਸਨ, ਬਾਰੇ ਦੱਸਿਆ ਕਿ ਉਹ ਬੜੇ ਗੁਰਮੁਖ, ਗੁਰਬਾਣੀ ਅਤੇ
ਸਿੱਖ ਇਤਿਹਾਸ ਦੇ ਗਿਆਤਾ ਅਤੇ ਸਿੱਖੀ ਦੇ ਪ੍ਰਚਾਰ, ਪ੍ਰਸਾਰ ਹਿੱਤ ਹਮੇਸ਼ਾ ਹੀ ਤਤਪਰ ਰਹਿਣ ਵਾਲ਼ੇ
ਹਨ। ਏਨੀ ਕੁ ਜਾਣਕਾਰੀ ਦੇ ਕੇ ਮੇਰੇ ਰਿਸ਼ਤੇਦਾਰ ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਨਾਲ ਵੀ ਫ਼ਤਿਹ
ਸਾਂਝੀ ਕਰ ਲਵਾਂ। ਤਕਰੀਬਨ ਦਸ ਬਾਰਾਂ ਮਿੰਟ ਦਿੱਲੀ ਵਾਲ਼ੇ ਸਰਦਾਰ ਸਾਹਿਬ ਨਾਲ ਬਚਨ ਬਿਲਾਸ ਹੋਏ।
ਸੱਚ ਮੁੱਚ ਹੀ ਉਨ੍ਹਾਂ ਨਾਲ ਗੱਲਬਾਤ ਕਰਕੇ ਬੜੀ ਖ਼ੁਸ਼ੀ ਹੋਈ। ਮੌਜੂਦਾ ਸਮੇਂ ਵਿਚ ਸਿੱਖੀ ਉੱਪਰ ਹੋ
ਰਹੇ ਹਮਲਿਆਂ ਦਾ ਜ਼ਿਕਰ ਉਨ੍ਹਾਂ ਬੜੇ ਵਿਸਥਾਰ ਨਾਲ ਕੀਤਾ। ਉਹਨਾਂ ਦੀਆਂ ਗਹਿਰੀਆਂ ਗੱਲਾਂ ਵਾਕਈ
ਕਾਬਲੇ-ਤਾਰੀਫ਼ ਸਨ। ਪੱਛਮੀ ਦੇਸ਼ਾਂ ਵਿਚ ਸਿੱਖੀ ਦੀ ਚੜ੍ਹਤ ਦੀਆਂ ਉਹ ਵਾਰ ਵਾਰ ਸਿਫ਼ਤਾਂ ਕਰ ਰਹੇ
ਸਨ ਅਤੇ ਵਿਸ਼ੇਸ਼ ਕਰ ਪੰਜਾਬ ਵਿਚ ਸਿੱਖ-ਸਿਧਾਂਤ ਨੂੰ ਲੱਗ ਰਹੇ ਖੋਰੇ ਤੋਂ ਉਹ ਬਹੁਤ ਚਿੰਤਤ ਸਨ।
ਉਨ੍ਹਾਂ ਨੇ ਬੜੀ ਅਪਣੱਤ ਨਾਲ ਮੈਨੂੰ ਸੱਦਾ ਦਿਤਾ ਕਿ ਮੈਂ ਆਪਣੀ
ਅਗਲੀ ਭਾਰਤ ਫੇਰੀ ਸਮੇਂ ਦਿੱਲੀ ਉਨ੍ਹਾਂ ਦੇ ਗ੍ਰਹਿ ਵਿਖੇ ਜ਼ਰੂਰ ਆਵਾਂ। ਮੈਂ ਵੀ ਮਨ ਹੀ ਮਨ ਫ਼ੈਸਲਾ
ਕਰ ਲਿਆ ਕਿ ਅਗਲੀ ਵਾਰੀ ਅੰਮ੍ਰਿਤਸਰ ਦੀ ਬਜਾਇ ਦਿੱਲੀ ਦੀ ਫਲਾਈਟ ਫੜਾਂਗਾ ਤੇ ਸਰਦਾਰ ਸਾਹਿਬ ਦੇ
ਦਰਸ਼ਨ ਜ਼ਰੂਰ ਕਰਾਂਗਾ।
ਗੱਲ ਬਾਤ ਦੀ ਸਮਾਪਤੀ ਵੇਲੇ ਮੈਂ ਸਹਿਵਨ ਹੀ ਪੁੱਛ ਲਿਆ ਕਿ
ਅੱਜ ਦੇ ਸਮਾਗਮ ਤੋਂ ਬਾਅਦ ਉਨ੍ਹਾਂ ਦਾ ਕੀ ਪ੍ਰੋਗਰਾਮ ਸੀ।
ਉਹ ਬੋਲੇ, “ਕੱਲ੍ਹ ਨੂੰ ਜੀ ਸਵੇਰੇ ਸਵੇਰੇ ਅਸੀਂ ਆਪਣੇ ਪਿੰਡ
ਜਾਵਾਂਗੇ, ਤੇ ਉੱਥੇ ਸੁੱਚੇ ਮੂੰਹ ਆਪਣੇ ਜਠੇਰਿਆਂ ਦੀ ਜਗ੍ਹਾ ‘ਤੇ ਮੱਥਾ ਟੇਕਾਂਗੇ ਤੇ ਫਿਰ
ਵਾਪਿਸ ਦਿੱਲੀ ਨੂੰ ਚਾਲੇ ਪਾ ਦਿਆਂਗੇ”।ਇੰਨਾ ਕਹਿ ਕੇ ਸਰਦਾਰ ਸਾਬ੍ਹ ਨੇ ਫ਼ਤਿਹ ਬੁਲਾ ਦਿੱਤੀ।
ਮੈਂ ਉਨ੍ਹਾਂ ਦੀ ਫ਼ਤਿਹ ਦਾ ਢਿੱਲਾ ਜਿਹਾ ਜਵਾਬ ਦੇ ਕੇ ਫ਼ੋਨ ਆਪਣੇ ਰਿਸ਼ਤੇਦਾਰ ਨੂੰ ਫੜਾ ਦਿਤਾ।
ਸਰਦਾਰ ਸਾਹਿਬ ਦੀ ਜਠੇਰਿਆਂ ਦੇ ਮੱਥਾ ਟੇਕਣ ਵਾਲੀ ਗੱਲ ਸੁਣ
ਕੇ ਮੈਨੂੰ ਇਉਂ ਲੱਗਿਆ ਜਿਵੇਂ ਕਿਸੇ ਨੇ ਖੀਰ ਦੀ ਪਲੇਟ ਭਰ ਕੇ ਉੱਪਰ ਸੁਆਹ ਦਾ ਬੁੱਕ ਪਾ ਦਿਤਾ
ਹੋਵੇ।