Share on Facebook

Main News Page

ਬੀਬੀ ਬਾਦਲ ਨੇ ਕਾਨੂੰਨ ਨੂੰ ਲੋੜੀਂਦਾ ਵਿਅਕਤੀ ਸਿਰੋਪਾ ਦੇ ਕੇ ਅਕਾਲੀ ਦਲ ’ਚ ਸ਼ਾਮਿਲ ਕੀਤਾ

ਬਠਿੰਡਾ/15 ਨਵੰਬਰ/ ਬੀ ਐਸ ਭੁੱਲਰ
ਗੰਭੀਰ ਅਪਰਾਧਿਕ ਮਾਮਲੇ ਵਿੱਚ ਲੋੜੀਂਦਾ ਕੋਈ ਵਿਅਕਤੀ ਰਾਜ ਦੇ ਸਰਬ ਸਕਤੀਮਾਨ ਪਰਿਵਾਰ ਦੀ ਪਾਰਲੀਮੈਂਟ ਮੈਂਬਰ ਨੂੰਹ ਵੱਲੋਂ ਸਿਰੋਪਾ ਪਾਉਣ ਨਾਲ ਕੀ ਪੁਲਿਸ ਦੀ ਗ੍ਰਿਫਤ ਚੋਂ ਬਚ ਸਕਦੈ, ਸੰਤੁਲਤ ਸੋਚ ਵਾਲੇ ਹਰ ਸਖ਼ਸ ਦਾ ਜਵਾਬ ਤਾਂ ਨਾਂਹ ਵਿੱਚ ਹੀ ਹੋਵੇਗਾ, ਲੇਕਿਨ ਇਸ ਵੀ ਵੀ ਆਈ ਪੀ ਪਾਰਲੀਮਾਨੀ ਹਲਕੇ ਵਿੱਚ ਅੱਜ ਅਜਿਹਾ ਹੁੰਦਾ ਵੀ ਦੇਖਿਆ ਗਿਆ। ਕਾਂਗਰਸ ਪਾਰਟੀ ਨੇ ਅਜਿਹੇ ਵਰਤਾਰੇ ਨੂੰ ਪਾਰਲੀਮੈਂਟ ਦੀਆਂ ਚੋਣਾਂ ਲਈ ਅਕਾਲੀ ਦਲ ਦੀ ਯੁੱਧਨੀਤੀ ਵਜੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਾਰ ਦਿੱਤਾ।

ਮਾਮਲਾ ਕੁਝ ਇਸ ਤਰ੍ਹਾਂ ਹੈ, ਕਿ ਥਾਨਾ ਸੰਗਤ ਦੀ ਪੁਲਿਸ ਨੇ ਪਿੰਡ ਮਛਾਣਾ ਦੇ ਉਸ ਵੇਲੇ ਦੇ ਸਰਪੰਚ ਤਸਮਿੰਦਰ ਸਿੰਘ ਵਿਰੁੱਧ ਇਸ ਵਰ੍ਹੇ ਦੇ 18 ਅਕਤੂਬਰ ਨੂੰ ਇਸ ਦੋਸ ਤਹਿਤ ਭਾਰਤੀ ਦੰਡਾਵਲੀ ਦੀ ਧਾਰਾ 420, 467 ਅਤੇ 471 ਅਧੀਨ ਮੁਕੱਦਮਾ ਨੰਬਰ 56 ਦਰਜ ਕੀਤਾ ਸੀ, ਕਿ ਉਸਨੇ ਜਾਲਸਾਜੀ ਨਾਲ 67835 ਰੁਪਏ ਦੇ ਗਬਨ ਨੂੰ ਅੰਜਾਮ ਦਿੱਤਾ ਹੈ। ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਨੇ ਇਸ ਸਰਪੰਚ ਨੂੰ ਮੁਅੱਤਲ ਕਰਨ ਉਪਰੰਤ ਲੇਡੀ ਪੰਚ ਸ੍ਰੀਮਤੀ ਪਰਮਿੰਦਰ ਕੌਰ ਨੂੰ ਕਾਰਜਕਾਰੀ ਸਰਪੰਚ ਨਾਮਜਦ ਕਰ ਦਿੱਤਾ।

ਇਲਾਕੇ ਦੇ ਸਿਆਸੀ ਹਲਕਿਆਂ ਵਿੱਚ ਅੱਜ ਉਸ ਵੇਲੇ ਤਰਥੱਲੀ ਮੱਚ ਗਈ, ਕਾਂਗਰਸ ਨਾਲ ਸਬੰਧਤ ਮੁਅੱਤਲਸੁਦਾ ਤੇ ਗਿਰਫਤਾਰੀ ਤੋਂ ਬਚਦੇ ਆ ਰਹੇ ਇਸ ਸਰਪੰਚ ਨੂੰ ਪਿੰਡ ਗਹਿਰੀ ਬੁੱਟਰ ਵਿਖੇ ਸਿਰੋਪਾ ਪਾ ਕੇ ਜਦ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਵਿੱਚ ਸਾਮਲ ਕਰ ਲਿਆ। ਇਸ ਸਮਾਗਮ ਦੌਰਾਨ ਥਾਨੇ ਤੋਂ ਲੈ ਕੇ ਜਿਲ੍ਹਾ ਪੱਧਰ ਤੱਕ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਸਨ, ਪਰੰਤੂ ਕਾਨੂੰਨ ਨੂੰ ਲੋੜੀਂਦੇ ਇਸ ਸਖ਼ਸ ਨੂੰ ਕਿਸੇ ਨੇ ਵੀ ਕਾਬੂ ਕਰਨ ਦੀ ਹਿੰਮਤ ਨਾ ਦਿਖਾਈ, ਕਿਉਂਕਿ ਉਹ ਇੱਕ ਸਕਤੀਸ਼ਾਲੀ ਰਾਜਸੀ ਪਰਿਵਾਰ ਦੀ ਸ੍ਰਪਰਸਤੀ ਹਾਸਲ ਕਰ ਚੁੱਕਾ ਸੀ।

ਦਲ ਬਦਲੀ ਕਰਵਾ ਕੇ ਵਿਰੋਧੀ ਧਿਰ ਦੇ ਵਰਕਰਾਂ ਤੇ ਆਗੂਆਂ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਸਾਮਲ ਕਰਵਾਉਣ ਦੇ ਸਮੁੱਚੇ ਵਰਤਾਰੇ ਤੇ ਟਿੱਪਣੀ ਕਰਦਿਆਂ ਸਾਬਕਾ ਵਿਧਾਇਕ ਤੇ ਕਾਂਗਰਸ ਦੀ ਸੁਬਾਈ ਕਾਰਜਕਰਨੀ ਦੇ ਮੈਂਬਰ ਮੱਖਣ ਸਿੰਘ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਹਾਲਾਂਕਿ ਕਰੀਬ ਡੇਢ ਸਾਲ ਦਾ ਸਮਾਂ ਬਾਕੀ ਹੈ, ਪਰੰਤੂ ਇਉਂ ਲਗਦੈ ਕਿ ਲੋਕ ਵਿਰੋਧੀ ਨੀਤੀਆਂ ਦੀ ਬਦੌਲਤ ਪੈਦਾ ਹੋਏ ਜਨਤਕ ਰੋਹ ਤੋਂ ਮੈਂਬਰ ਪਾਰਲੀਮੈਂਟ ਬੀਬੀ ਲੋੜ ਤੋਂ ਕੁਝ ਜਿਆਦਾ ਹੀ ਘਬਰਾਹਟ ਵਿੱਚ ਹੈ।

ਡੰਡੇ ਦੇ ਜੋਰ ਨਾਲ ਕਰਵਾਈਆਂ ਅਜਿਹੀਆਂ ਦਲ ਬਦਲੀਆਂ ਨੂੰ ਸਰਕਾਰੀ ਮਸ਼ੀਨਰੀ ਦੀ ਅੰਨ੍ਹੀ ਦੁਰਵਰਤੋਂ ਕਰਾਰ ਦਿੰਦਿਆਂ ਸਾਬਕਾ ਵਿਧਾਇਕ ਨੇ ਵਿਚਾਰ ਪ੍ਰਗਟ ਕੀਤਾ ਕਿ ਅਗਰ ਲੋਕ ਪ੍ਰਿਅਤਾ ਵਾਸਤੇ ਇਸੇ ਪੈਮਾਨੇ ਨੂੰ ਕਾਰਗਾਰ ਮੰਨਿਆਂ ਜਾਵੇ ਤਾਂ ਕਾਂਗਰਸ ਪਾਰਟੀ ਕਿਤੇ ਵੱਧ ਮਜਬੂਤ ਹੈ ਕਿਉਂਕਿ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਅਕਾਲੀ ਦਲ ਦੇ ਚਾਰ ਸਾਬਕਾ ਮੰਤਰੀ ਸਰਵ ਸ੍ਰੀ ਤੇਜਾ ਸਿੰਘ ਢਿੱਲੋਂ, ਸੁਖਦੇਵ ਸਿੰਘ ਢਿੱਲੋਂ, ਬਲਦੇਵ ਸਿੰਘ ਖਿਆਲਾ, ਚਰੰਜੀ ਲਾਲ ਗਰਗ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ, ਸਾਬਕਾ ਐਮ ਪੀ ਤੇਜਾ ਸਿੰਘ ਦਰਦੀ ਤੋਂ ਇਲਾਵਾ ਉਹਨਾਂ ਸਮੇਤ ਜਸਮੇਲ ਸਿੰਘ ਹਰਰਾਏਪੁਰ, ਗੁਰਪ੍ਰੀਤ ਸਿੰਘ ਕਾਂਗੜ, ਹਰਬੰਸ ਸਿੰਘ ਜਲਾਲ, ਜੀਤ ਮੁਹਿੰਦਰ ਸਿੰਘ ਸਿੱਧੂ ਅਤੇ ਗੁਰਾ ਸਿੰਘ ਤੁੰਗਵਾਲੀ ਸਾਰੇ ਸਾਬਕਾ ਵਿਧਾਇਕ ਸਵੈ ਇੱਛਾ ਨਾਲ ਕਾਂਗਰਸ ਵਿੱਚ ਸਾਮਲ ਹੋ ਚੁੱਕੇ ਹਨ।

ਇਹ ਜਾਣਨ ਲਈ ਕਿ ਪੁਲਿਸ ਦੀ ਮੌਜੂਦਗੀ ’ਚ ਸਰੇਆਮ ਸਿਰੋਪਾ ਪੁਆਉਣ ਵਾਲੇ ਕਾਨੂੰਨ ਨੂੰ ਲੋੜੀਂਦੇ ਸਾਬਕਾ ਸਰਪੰਚ ਦੀ ਗਿਰਫਤਾਰੀ ਨੂੰ ਅਮਲ ਵਿੱਚ ਕਿਉਂ ਨਹੀਂ ਲਿਆਂਦਾ ਜਾ ਸਕਿਆ, ਜਦ ਐਸ ਐਚ ਓ ਸੰਗਤ ਹਰਬੰਸ ਸਿੰਘ ਨਾਲ ਵਾਰ ਵਾਰ ਸੰਪਰਕ ਕੀਤਾ ਤਾਂ ਉਹਨਾਂ ਫੋਨ ਸੁਣਨ ਦੀ ਜਹਿਮਤ ਨਾ ਉਠਾਈ। ਡੀ ਐਸ ਪੀ ਦਿਹਾਤੀ ਸ੍ਰੀ ਮਨਜੀਤ ਸਿੰਘ ਗਿੱਲ ਇਹ ਕਹਿ ਕੇ ਸੁਰਖਰੂ ਹੋ ਗਏ ਕਿ ਅਮਨ ਕਾਨੂੰਨ ਦੀ ਡਿਉਟੀ ਲਈ ਬਾਹਰ ਤਾਇਨਾਤ ਹੋਣ ਦੀ ਵਜਾਹ ਕਾਰਨ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਕਿ ਕਿਸ ਕਿਸ ਨੇ ਅਕਾਲੀ ਦਲ ਵਿੱਚ ਸਮੂਲੀਅਤ ਕੀਤੀ ਹੈ। ਅੰਤ ਵਿੱਚ ਸੰਪਰਕ ਵਿੱਚ ਆਏ ਥਾਨਾ ਸੰਗਤ ਦੇ ਮੁਨਸੀ ਨੇ ਇਹ ਕਹਿੰਦਿਆਂ ਗੇਂਦ ਉਪਰਲੇ ਅਧਿਕਾਰੀਆਂ ਦੇ ਪਾਲੇ ਵੱਲ ਧੱਕ ਦਿੱਤੀ ਕਿ ਇਸ ਕੇਸ ਦੀ ਤਫ਼ਤੀਸ ਬਠਿੰਡਾ ਤਬਦੀਲ ਹੋ ਚੁੱਕੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top