Share on Facebook

Main News Page

ਮੇਰੀ ਨਜ਼ਰ 'ਚ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ਦੇ ਸਹੀ ਮਾਅਨੇ
-
ਡਾ. ਹਰਜਿੰਦਰ ਸਿੰਘ ਦਿਲਗੀਰ
  hsdilgeer@yahoo.com

(1) ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
(2) ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
(3) ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥1॥
(4) ਕਰਤਾ ਤੂੰ ਸਭਨਾ ਕਾ ਸੋਈ॥
(5) ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥1॥ ਰਹਾਉ॥
(6) ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ...
(7) ਰਤਨ ਵਿਗਾੜਿ ਵਿਗੋਏ ਕੁਤˆØੀ ਮੁਇਆ ਸਾਰ ਨ ਕਾਈ ॥
(8) ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥2॥
(9) ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
(10) ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
(11) ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥3॥5॥39॥ {ਗੁਰੂ ਗ੍ਰੰਥ ਸਾਹਿਬ, ਸਫ਼ਾ 360}

ਕੁਝ ਲੋਕ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਦੀ ਇਕ ਤੁਕ ਦੇ ਮਾਅਨੇ ਸਹੀ ਨਹੀਂ ਕਰਦੇ। ਇਸ ਸ਼ਬਦ ਦਾ ਮਾਅਨਾ ਹੈ:

  1. ਖੁਰਾਸਾਨ ਕਿਸੇ ਹੋਰ ਦੇ ਸਪੁਰਦ ਕਰ (ਸੌਂਪ) ਕੇ (ਮੁਗ਼ਲ ਜਰਨੈਲ ਬਾਬਰ ਨੇ) ਹਿੰਦੁਸਤਾਨ ਨੂੰ ਆ ਡਰਾਇਆ
  2. ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। ਉਸ ਨੇ ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਪੰਜਾਬ ‘ਤੇ) ਚੜ੍ਹਾ ਦਿੱਤਾ
  3. ਇਤਨੀ ਮਾਰ ਪਈ ਕਿ ਉਹ (ਸਾਰੇ ਹੀ) ਕਰਲਾ (ਹਾਇ ਹਾਇ ਪੁਕਾਰ) ਉਠੇਇਹ ਸਭ ਕੁਝ ਵੇਖ ਕੇ ਕੀ ਤੈਨੂੰ ਉਹਨਾਂ (ਮਾਰੇ ਗਏ ਲੋਕਾਂ) ਉਤੇ ਤਰਸ ਨਹੀਂ ਆਇਆ?
  4. ਹੇ ਕਰਤਾ (ਦੁਨੀਆਂ ਬਣਾਉਣ ਵਾਲੇ ਕਰਤਾਰ) ਤੂੰ ਸਭਨਾਂ ਹੀ ਜੀਵਾਂ ਦੀ ਸੋਈ (ਸਾਰ ਲੈਣ) ਵਾਲਾ ਹੈਂ।
  5. ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਕਿਸੇ ਦੇ ਵੀ) ਮਨ ਵਿਚ ਰੋਸ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਬਰਾਬਰ ਦੇ ਤਗੜੇ ਹੱਥ ਵਿਖਾ ਲੈਂਦੇ ਹਨ)।
  6. ਪਰ ਜੇ ਕੋਈ ਜ਼ੋਰਾਵਰ ਸ਼ੇਰ ਗਾਵਾਂ ਦੇ ਵੱਗ ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ ਖਸਮ ਨੂੰ ਹੀ ਹੁੰਦੀ ਹੈ।(ਜੇ ਸ਼ੇਰ ਵਰਗਾ ਜਰਵਾਣਾ, ਗਊਆਂ ਵਰਗੇ ਕਮਜ਼ੋਰ ਨਿਹੱਥਿਆਂ ‘ਤੇ, ਹਮਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਜਿਵੇਂ ਵੱਗ ਦੇ ਮਾਲਕ ਨੇ ਗਊਆਂ ਦੀ ਰੱਖਿਆ ਕਰਨੀ ਹੁੰਦੀ ਹੈ ਉਵੇਂ ਹੀ ਰੱਬ ਨੇ ਵੀ ਕਮਜ਼ੋਰਾਂ ਦੀ ਰੱਖਿਆ ਕਰਨੀ ਹੁੰਦੀ ਹੈ)।
  7. ਕੁੱਤਿਆਂ (ਜ਼ਾਲਮ ਹਮਲਾਵਰਾਂ) ਨੇ ਕੀਮਤੀ (ਰਤਨ ਜਵਾਹਰ ਵਰਗੀ ਕੀਮਤ ਵਾਲਿਆਂ) ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, (ਏਨੀ ਤਬਾਹੀ ਹੋ ਗਈ ਹੈ ਕਿ) ਮਰ ਚੁਕੇ ਬੰਦਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।
  8. ਤੂੰ ਆਪੇ ਹੀ ਜੋੜ ਜੋੜ ਕੇ (ਯਾਨਿ ਬਹਾਨਾ ਬਣਾ ਕੇ) ਆਪ ਹੀ (ਇਨ੍ਹਾਂ ਨੂੰ ਜ਼ਿੰਦਗੀ ਤੋਂ) ਵਿਛੋੜ ਦਿੱਤਾ ਹੈ। ਵੇਖ! ਵਾਹਿਗੁਰੂ! ਇਹ ਤੇਰੀ ਵਡਿਆਈ (ਤੇਰਾ ਹੁਕਮ) ਹੈ ।2।
  9. ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਮਨ-ਮਰਜ਼ੀ ਦੀਆਂ ਰੰਗ-ਰਲੀਆਂ ਮਾਣੇ (ਅਤੇ ਦੂਜਿਆਂ ਨੂੰ ਕੀੜੇ ਮਕੌੜੇ ਸਮਝੇ ਤੇ ਆਪਣਾ ਹੁਕਮ ਚਲਾਉਂਦਾ ਹੈ); {ਯਾਨਿ, ਹਕੂਮਤ ਦੇ ਨਸ਼ੇ ਵਿਚ ਬੰਦਾ ਖ਼ੁਦ ਨੂੰ ਦੁਨੀਆਂ ਤੋਂ ਉਪਰ ਮੰਨਦਾ ਹੈ; ਇਨਸਾਨੀਅਤ ਨੂੰ ਭੁੱਲ ਜਾਂਦਾ ਹੈ}
  10. ਪਰ ਉਹ (ਦੁਨੀਆਂ ਦੇ) ਖਸਮ (ਰੱਬ) ਦੀਆਂ ਨਜ਼ਰਾਂ ਵਿਚ ਇਕ (ਨਿੱਕਾ ਜਿਹਾ) ਕੀੜਾ ਹੀ ਹੁੰਦਾ ਹੈ ਜੋ (ਜ਼ਮੀਨ ‘ਤੇ ਡਿੱਗੇ ਹੋਏ) ਦਾਣੇ ਚੁਗ-ਚੁਗ ਖਾਂਦਾ ਹੈ।
  11. (ਗੁਰੂ) ਨਾਨਕ (ਜੀ ਕਹਿੰਦੇ ਹਨ): ਜੋ ਸ਼ਖ਼ਸ ਆਪਣੀ ਹਉਮੈ ਵੱਲੋਂ ਮਰ ਕੇ ਜੀਊਂਦਾ ਹੈ, ਤੇ ਰੱਬ ਦਾ ਨਾਂ ਜਪਦਾ ਹੈ ਉਹੀ ਨਾਮਣਾ ਖੱਟਦਾ ਹੈ ।3।5।39।

{ਨੋਟ: ਉਪਰ ਜਿਹੜੇ Bold (ਯਾਨਿ ਗੂੜ੍ਹੇ ਲਫ਼ਜ਼) ਹਨ ਉਹ ਲਫ਼ਜ਼ਾਂ ਦੇ ਮਾਅਨੇ ਹਨ ਤੇ ਬਾਕੀ ਗੱਲ ਸਪਸ਼ਟ ਕਰਨ ਵਾਸਤੇ ਸ਼ਾਮਿਲ ਕੀਤੇ ਗਏ ਹਨ।}

---- 2 ----

ਇਸ ਸ਼ਬਦ ਵਿਚ ਇਕ ਤੁਕ ਹੈ ਜਿਸ ਦੇ ਮਾਅਨਿਆਂ ਤੋਂ ਭੇਲੇਖਾ ਪੈਂਦਾ ਹੈ; ਉਹ ਤੁਕ ਹੈ:

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥

ਕਈ ਸੱਜਣਾਂ ਵੱਲੋਂ ਇਸ ਦਾ ਮਾਅਨਾ ਇਹ ਕੀਤਾ ਗਿਆ ਹੈ: (ਗੁਰੂ ਨਾਨਕ ਸਾਹਿਬ ਕਹਿੰਦੇ ਹਨ): ਇਤਨੀ ਮਾਰ ਪਈ ਕਿ ਉਹ ਕੁਰਲਾ ਉਠੇ ਕਿ ਇਹ ਸਭ ਕੁਝ ਵੇਖ ਕੇ ਕੀ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ?
ਜੇ ਇਨ੍ਹਾਂ ਮਾਅਨਿਆਂ ਨੂੰ ਮੰਨ ਲਈਏ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ:

ਗੁਰੂ ਨਾਨਕ ਸਾਹਿਬ ਨੇ ਰੱਬ ਨੂੰ ਉਲਾਂਭਾ ਦਿੱਤਾ ਹੈ,
ਉਨ੍ਹਾਂ ਨੇ ਰੱਬ ‘ਤੇ ਇਤਰਾਜ਼ ਕੀਤਾ ਹੈ;
ਉਸ ਦਾ ਭਾਣਾ ਮੰਨਣ ਤੋਂ ਇਨਕਾਰ ਕੀਤਾ ਹੈ;
ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਨਹੀਂ ਮੰਨਿਆ।
ਅਤੇ, ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਦੀ ਆਪਣੀ ਫ਼ਿਲਾਸਫ਼ੀ ਦੇ ਉਲਟ ਹਨ।

---- 3 ----

ਇਕ ਹੋਰ ਸੋਚ ਮੁਤਾਬਿਕ ਇਸ ਤੁਕ ਦੇ ਮਾਅਨੇ ਹਨ: “ਰੱਬ ਨੂੰ ਉਨ੍ਹਾਂ (ਪਠਾਣ ਹਾਕਮਾਂ) ‘ਤੇ ਤਰਸ ਇਸ ਕਰ ਕੇ ਨਹੀਂ ਆਇਆ ਕਿਉਂਕਿ ਉਹ ਰੱਬ ਨੂੰ ਭੁੱਲ ਬੈਠੇ ਸਨ; ਉਹ ਜ਼ਾਲਮ ਹਾਕਮ ਸਨ।”

ਮੈਂ ਵੀ ਪਹਿਲਾਂ ਇਹੀ ਦੂਜੇ ਮਾਅਨੇ ਮੰਨਦਾ ਸੀ ਕਿਉਂ ਕਿ ਗੁਰੂ ਨਾਨਕ ਸਾਹਿਬ ਰੱਬ ਨੂੰ ਉਲਾਂਭਾ ਨਹੀਂ ਦੇ ਸਕਦੇ; ਸ਼ਿਕਾਇਤ ਨਹੀਂ ਕਰ ਸਕਦੇ (ਕੋਈ ਸਿੱਖ ਵੀ ਅਜਿਹਾ ਨਹੀਂ ਕਰ ਸਕਦਾ)। ਇਸ ਕਰ ਕੇ ਉਲਝਣ ਬਣੀ ਰਹੀ।

ਇਕ ਸੱਜਣ ਨੇ ਦਲੀਲ ਦਿੱਤੀ ਕਿ ਇਸ ਨੂੰ ਰਹਾਉ ਦੀ ਤੁਕ ਸਾਹਮਣੇ ਰੱਖ ਕੇ ਪੜ੍ਹਨਾ ਚਾਹੀਦਾ ਹੈ; ਉਸ ਸੱਜਣ ਨੇ ‘ਗੁਰਬਾਣੀ ਵਿਆਕਰਣ’ ਦੇ ਨਾਂ ‘ਤੇ ਆਪਣੀ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਪ੍ਰੋ. ਸਾਹਿਬ ਸਿੰਘ ਅਤੇ ਜੋਗਿੰਦਰ ਸਿੰਘ ਤਲਵਾੜਾ ਦੋਹਾਂ ਦੀਆਂ ਗੁਰਬਾਣੀ ਵਿਆਕਰਣ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਨ। ਵਿਆਕਰਣ ਨੂੰ ਸਾਹਵੇਂ ਰੱਖ ਕੇ ਮੈਂ ਇਕ ਵਾਰ ਫਿਰ ਵਿਚਾਰ ਕੀਤੀ ਤਾਂ ਜੋ ਵੇਖ ਸਕਾਂ ਕਿ ਰਹਾਉ ਦੀ ਤੁਕ ਨੂੰ ਸਾਹਵੇਂ ਰੱਖ ਕੇ ਕਿਸੇ ਹੋਰ ਤੁਕ ਦੇ ਮਾਅਨੇ ਬਦਲ ਵੀ ਸਕਦੇ ਹਨ। ਮੈਂ ਕਈ ਸ਼ਬਦ ਪੜ੍ਹੇ; ਖ਼ਾਸ ਕਰ ਕੇ ਧੰਨੇ ਦੇ, ਕਬੀਰ ਦੇ ਤੇ ਨਾਮਦਵ ਦੇ (ਜਿਨ੍ਹਾਂ ਨੂੰ ਬਹੁਤ ਸੋਚ ਸਮਝ ਕੇ ਪੜ੍ਹਨਾ ਪੈਂਦਾ ਹੈ) ਪਰ ਮੈਨੂੰ ਕਿਤੇ ਨਾ ਲੱਭਾ ਜਿਸ ਤੋਂ ਪਤਾ ਲੱਗੇ ਕਿ ਰਹਾਉ ਦੀ ਤੁਕ ਨੂੰ ਸਾਹਵੇਂ ਰੱਖ ਕੇ ਕਿਸੇ ਹੋਰ ਤੁਕ ਦੇ ਮਾਅਨੇ ਬਦਲ ਵੀ ਸਕਦੇ ਹਨ।

---- 4 ----

ਖ਼ੈਰ ਸੋਚਦਿਆਂ-ਸੋਚਦਿਆਂ ਕਈ ਦਿਨ ਲੰਘ ਗਏ। ਮੈਂ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਤਰਜਮਾ ਕਰ ਰਿਹਾ ਸੀ; ਉਸ ਵਿਚ ਵੀ ਰੁਕਾਵਟ ਆ ਗਈ ਕਿਉਂ ਕਿ ਇਹ ਸ਼ਬਦ ਵਾਰ-ਵਾਰ ਮੇਰੇ ਮਨ ਵਿਚ ਆ ਖੜੋਂਦਾ ਸੀ। ਅਖ਼ੀਰ ਇਹ ਅੜਾਉਣੀ ਹੱਲ ਹੋਈ। ਮੇਰੇ ਯਕੀਨ ਫਿਰ ਪੱਕਾ ਹੋਇਆ ਕਿ ਗੁਰੂ ਨਾਨਕ ਸਾਹਿਬ ਰੱਬ ਨੂੰ ਸ਼ਿਕਾਇਤ ਨਹੀਂ ਕਰ ਸਕਦੇ; ਉਲਾਂਭਾ ਨਹੀਂ ਦੇ ਸਕਦੇ।

ਤਾਂ ਫਿਰ ਅਸਲ ਗੱਲ ਕੀ ਹੈ?: ਅਖ਼ੀਰ ਮੈਨੂੰ ਸਮਝ ਆਇਆ ਕਿ ਗੁਰੂ ਜੀ ਨੇ ਰਹਾਉ ਤੋਂ ਪਹਿਲੀਆਂ ਤਿੰਨ ਲਾਈਨਾਂ ਵਿਚ ਏਮਨਾਬਾਦ ਦੇ ਲੋਕਾਂ ਦਾ ਬਿਆਨ ਪੇਸ਼ ਕੀਤਾ ਹੈ ਕਿ

ਲੋਕ ਕਹਿੰਦੇ ਹਨ ਕਿ:

“ਖੁਰਾਸਾਨ ਕਿਸੇ ਹੋਰ ਦੇ ਸਪੁਰਦ ਕਰ ਕੇ (ਮੁਗ਼ਲ ਜਰਨੈਲ ਬਾਬਰ ਨੇ) ਹਿੰਦੁਸਤਾਨ ਨੂੰ ਆ ਡਰਾਇਆ। ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। ਉਸ ਨੇ ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ ਚੜ੍ਹਾ ਦਿੱਤਾ। ਏਨੀ ਮਾਰ ਪਈ ਕਿ ਸਾਰੇ ਕਰਲਾ ਉਠੇ: (ਹੇ ਅੱਲ੍ਹਾ) ਕੀ ਇਹ ਸਭ ਕੁਝ ਵੇਖ ਕੇ ਤੈਨੂੰ ਕੋਈ ਤਰਸ ਨਹੀਂ ਆਇਆ?”

ਯਾਨਿ ਇਹ ਬੋਲ ਗੁਰੂ ਨਾਨਕ ਸਾਹਿਬ ਦੇ ਨਹੀਂ ਹਨ। ਉਹ ਤਾਂ ਆਪਣੀ ਗੱਲ ਰਹਾਉ ਦੀ ਤੁਕ ਵਿਚ ਕਹਿੰਦੇ ਹਨ: “ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥1॥ ਰਹਾਉ॥” {ਅਰਥ: ਹੇ ਕਰਤਾ (ਦੁਨੀਆਂ ਬਣਾਉਣ ਵਾਲੇ ਕਰਤਾਰ) ਤੂੰ ਸਭਨਾਂ ਹੀ ਜੀਵਾਂ ਦੀ ਸੋਈ (ਸਾਰ ਲੈਣ) ਵਾਲਾ ਹੈਂ। ਜੇ ਕੋਈ ਜ਼ੋਰਾਵਰ (ਕਿਸੇ ਦੂਜੇ) ਜ਼ੋਰਾਵਰ ਨੂੰ ਮਾਰੇ ਤਾਂ (ਕਿਸੇ ਦੇ ਵੀ) ਮਨ ਵਿਚ ਰੋਸ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਬਰਾਬਰ ਦੇ ਤਗੜੇ ਹੱਥ ਵਿਖਾ ਲੈਂਦੇ ਹਨ)।}

ਸਿੱਟਾ:

ਸੋ ਗੁਰੂ ਨਾਨਕ ਸਾਹਿਬ ਨੇ ਇਸ ਤੁਕ ਵਿਚ ਰੱਬ ਨੂੰ ਉਲਾਂਭਾ ਨਹੀਂ ਦਿੱਤਾ, ਸ਼ਿਕਾਇਤ ਨਹੀਂ ਕੀਤੀ ਬਲਕਿ ਏਮਨਾਬਾਦ ਦੇ ਲੋਕਾਂ ਦੇ ਬੋਲ ਪੇਸ਼ ਕੀਤੇ ਹਨ। ਇਹ ਵੀ ਸਪਸ਼ਟ ਹੈ ਕਿ ਰਹਾਉ ਦੀ ਤੁਕ ਕਿਤੇ ਹੋਰ ਤੁਕ ਦੇ ਮਾਅਨੇ ਨਹੀਂ ਬਦਲਦੀ; ਹਾਂ ਹੋਰ ਤੁਕ ਦਾ ਮੌਜੂਅ, ਉਸ ਦੀ ਵਜਹ, ਉਸ ਦਾ ਨੁਕਤਾ ਵਖਰਾ ਹੋ ਸਕਦਾ ਹੈ।

ਇਕ ਗੱਲ, ਪਰ, ਫਿਰ ਵੀ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਰੱਬ ਨੂੰ ਉਲਾਂਭਾ ਨਹੀਂ ਦੇ ਸਕਦਾ, ਸ਼ਿਕਾਇਤ ਨਹੀਂ ਕਰ ਸਕਦਾ; ਸੋ ਇਹ ਤੁਕ ਕਿਸੇ ਕਤਲੇਆਮ ‘ਤੇ ਸ਼ਿਕਵਾ ਕਰਨ ਵਾਸਤੇ ਨਹੀਂ ਵਰਤੀ ਜਾ ਸਕਦੀ, ਕਿਸੇ ਘੱਲੂਘਾਰੇ ਦੇ ਵਾਸਤੇ ਵੀ ਨਹੀਂ, ਭਾਵੇਂ ਉਹ 1746 ਦਾ ਹੈ ਜਾਂ 1762 ਦਾ, ਜੂਨ 1984 ਦਾ ਹੈ ਜਾਂ ‘ਖ਼ੂਨੀ ਨਵੰਬਰ’ 1984 ਦਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top