Share on Facebook

Main News Page

ਜਹਾਂਗੀਰ ਨੇ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਨਜ਼ਰਬੰਦ ਕੀਤਾ ਸੀ, ਪਰ ਅਸੀਂ ਸਿੱਖਾਂ ਨੇ ਨੇ ਗੁਰੂ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ
-
ਪਰਮਜੀਤ ਸਿੰਘ ਉਤਰਾਖੰਡ

* ਬੰਦੀਛੋੜ ਦਿਵਸ ਮਨਾ ਰਹੇ ਸਿੱਖੋ ਤੁਸੀਂ ਕਰਮਕਾਂਡਾਂ ਦੇ ਬੰਧਨਾ 'ਚੋਂ ਮੁਕਤ ਕਦੋਂ ਹੋਣਾ ਹੈ
* ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਖੁਸ਼ੀ ਵਿੱਚ ਦੀਵੇ ਨਹੀਂ ਸੀ ਜਗਾਏ ਬਲਕਿ ਉਹ ਸਮੇਂ ਦੀ ਲੋੜ ਸੀ

 

ਬਠਿੰਡਾ,੧੪ ਨਵੰਬਰ (ਕਿਰਪਾਲ ਸਿੰਘ): ਜਹਾਂਗੀਰ ਨੇ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸਰੀਰਕ ਤੌਰ 'ਤੇ ਨਜ਼ਰਬੰਦ ਕੀਤਾ ਸੀ ਪਰ ਅਸੀਂ ਸਿੱਖਾਂ ਨੇ ਗੁਰੂ ਦੀ ਸਿਖਿਆ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਇਹ ਸ਼ਬਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਬੀਤੀ ਰਾਤ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਤੌਰ 'ਤੇ ਸਜਾਏ ਗਏ ਦੀਵਾਨ ਵਿੱਚ ਬੋਲਦਿਆਂ ਨੌਜਵਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਸਮੇਂ ਦੀ ਸਰਕਾਰ ਭਾਵੇਂ ਕੋਈ ਵੀ ਹੋਵੇ, ਧਰਮ 'ਤੇ ਕਾਬਜ਼ ਪੁਜਾਰੀ ਜਮਾਤ ਭਾਵੇਂ ਕੋਈ ਵੀ ਹੋਵੇ; ਉਹ ਕਦੀ ਵੀ ਗੁਰੂ ਦਾ ਸਿੱਖਾਂ ਨਾਲ ਸਿੱਧੇ ਮਿਲਾਪ ਨੂੰ ਪਾਸੰਦ ਨਹੀਂ ਕਰਦੇ।  ਇਸ ਸਿੱਧੇ ਮਿਲਾਪ ਨੂੰ ਤੋੜਨ ਲਈ ਹੀ ਕੱਟੜ ਸ਼ਰਈ ਨੇਤਾ ਸ਼ੇਖ ਅਹਿਮਦ ਸਰਹੰਦੀ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਸਖ਼ਤ ਤਸੀਹੇ ਦੇ ਕੇ ਸ਼ਹੀਦ ਕਰਨ ਲਈ ਹੁਕਮ ਦਿੱਤਾ। ਇਸ ਸਿੱਧੇ ਮਿਲਾਪ ਨੂੰ ਤੋੜਨ ਲਈ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ।

ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ ੫੨ ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪ੍ਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਾਲੇ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਦਾ ਨਾਮ ਦੇ ਕੇ ਹਰ ਸਾਲ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ੫੨ ਰਾਜਿਆਂ ਨੂੰ ਜੇਲ੍ਹ 'ਚੋਂ ਮੁਕਤੀ ਦਿਵਾਉਣ ਵਾਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਤੇ ਉਸ ਦਿਨ ਨੂੰ ਬੰਦੀਛੋੜ ਦਿਵਸ ਮਨਾਇਆ ਜਾਂਦਾ ਹੈ। ਪਰ ਬੰਦੀਛੋੜ ਦਿਵਸ ਮਨਾ ਰਹੇ ਸਿੱਖੋ ਯਾਦ ਰੱਖੋ ਗੁਰੂ ਸਾਹਿਬ ਨੇ ਸਿਰਫ ੫੨ ਰਾਜੇ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋਂ ਹੀ ਮੁਕਤ ਨਹੀ ਸਨ ਕਰਵਾਏ ਬਲਕਿ ਆਪਣੇ ਹਰ ਸਿੱਖ ਨੂੰ ਸ਼ਬਦ ਗੁਰੂ ਦਾ ਗਿਆਨ ਦੇ ਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਕੈਦ ਵਿੱਚੋਂ ਵੀ ਮੁਕਤ ਕਰਵਾਇਆ ਸੀ, ਤਾਂ ਕੀ ਤੁਸੀਂ ਨਹੀ ਚਾਹੁੰਦੇ ਕਿ ਗੁਰੂ ਦੇ ਗਿਆਨ ਦੀ ਵਰਤੋਂ ਕਰਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਇਸ ਕੈਦ ਵਿੱਚੋਂ ਵੀ ਮੁਕਤ ਹੋਣਾ ਹੈ।

ਭਾਈ ਪਰਮਜੀਤ ਸਿੰਘ ਨੇ ਕਿਹਾ ਬੇਸ਼ੱਕ ਅੱਜ ਅਸੀਂ ਬੰਦੀ ਛੋੜ ਦਿਵਸ ਨੂੰ ਦੀਵਾਲੀ ਨਾਲ ਜੋੜ ਕੇ ਇਸੇ ਦਿਨ ਮਨਾ ਰਹੇ ਹੈਂ ਪਰ ਇਤਿਹਾਸ ਵਾਚਣ ਤੋਂ ਪਤਾ ਚਲਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਨਹੀ ਸਗੋਂ ਦੀਵਾਲੀ ਲੰਘਣ ਤੋਂ ਕਾਫੀ ਸਮਾਂ ਪਿੱਛੋਂ ਅੰਮ੍ਰਿਤਸਰ ਪਹੁੰਚੇ ਸਨ। ਸਿੱਖਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਖੁਸ਼ੀ ਵਿੱਚ ਦੀਵੇ ਨਹੀਂ ਸੀ ਜਗਾਏ ਬਲਕਿ ਉਹ ਸਮੇਂ ਦੀ ਲੋੜ ਸੀ ਕਿਉਂਕਿ ਗੁਰੂ ਸਾਹਿਬ ਦੀ ਆਮਦ ਸੁਣ ਕੇ ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਪਹੁੰਚ ਰਹੀਆਂ ਸਨ ਤੇ ਕਈ ਦੂਰੋਂ ਆਉਣ ਵਾਲੀਆਂ ਸੰਗਤਾਂ ਰਾਤ ਨੂੰ ਪਹੁੰਚਦੀਆਂ ਸਨ। ਰਾਤ ਨੂੰ ਹਨੇਰਾ ਹੋਣ ਕਰਕੇ ਸੰਗਤਾਂ ਦੀ ਸਹੂਲਤ ਲਈ ਦੀਵੇ ਜਗਾ ਕੇ ਚਾਨਣ ਕੀਤਾ ਜਾਂਦਾ ਸੀ ਤੇ ਇਹ ਕੇਵਲ ਇੱਕ ਰਾਤ ਲਈ ਨਹੀਂ ਸੀ ਬਲਕਿ ਕਈ ਦਿਨਾਂ ਤੱਕ ਭਾਵ ਜਦੋਂ ਤੱਕ ਸੰਗਤਾਂ ਦੀ ਆਵਾਜਾਈ ਰਹੀ ਉਨੇ ਦਿਨਾਂ ਲਈ ਹੀ ਦੀਵੇ ਜਗਾਏ ਜਾਂਦੇ ਸਨ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਦੀਵੇ ਹੀ ਚਾਨਣ ਦਾ ਇੱਕੋ ਇੱਕ ਸਾਧਨ ਸੀ। ਪਰ ਅੱਜ ਅਸੀਂ ਇਸ ਦਿਵਸ ਨੂੰ ਦੀਵਾਲੀ ਨਾਲ ਜੋੜ ਕੇ ਦੀਪਮਾਲਾ ਤੇ ਆਤਸ਼ਬਾਜੀ ਕਰਕੇ ਪ੍ਰਦੂਸ਼ਣ ਫੈਲਾ ਰਹੇ ਹਾਂ।

ਭਾਈ ਪਰਮਜੀਤ ਸਿੰਘ ਨੇ ਕਿਹਾ ਗੁਰਬਾਣੀ ਦੇ ਪਾਵਨ ਸਿਧਾਂਤ ਹੈ:

'ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥'

(ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ (ਏਸੇ ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤ ਪਾਪਾਂ ਦਾ ਨਾਸ ਕਰ ਦੇਂਦੀ ਹੈ; ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ, (ਤਿਵੇਂ) ਜਿਥੇ ਗਿਆਨ ਦਾ ਪ੍ਰਕਾਸ਼ ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ। ਉਨ੍ਹਾਂ ਕਿਹਾ ਇਥੇ ਦੀਵਾ ਬਲਣ ਨਾਲ ਅੰਧੇਰਾ ਦੂਰ ਹੋਣ ਅਤੇ ਸੂਰਜ ਚੜ੍ਹਨ ਨਾਲ ਚੰਦਰਮਾਂ ਦੇ ਅਲੋਪ ਹੋਣ ਦੀਆਂ ਕੇਵਲ ਉਦਾਹਰਣਾਂ ਹਨ ਤੇ ਗੁਰੂ ਸਾਹਿਬ ਨੇ ਅਸਲੀ ਗੱਲ ਇਹ ਸਮਝਾਈ ਹੈ ਕਿ ਧਾਰਮਕ ਪੁਸਤਕਾਂ ਦੇ ਗਿਆਨ ਰਾਹੀਂ ਪਾਪ ਕਮਾਉਣ ਵਾਲੀ ਮੱਤ ਦਾ ਨਾਸ਼ ਹੋ ਜਾਂਦਾ ਹੈ ਤੇ ਗੁਰੂ ਦੇ ਗਿਆਨ ਦੁਆਰਾ ਅਗਿਆਨਤਾ ਮਿਟ ਜਾਂਦੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੀ ੧੯ਵੀਂ ਵਾਰ ਦੀ ੬ਵੀਂ ਪਾਉੜੀ ਦੀ ਪਹਿਲੀ ਤੁਕ : 'ਦੀਵਾਲੀ ਕੀ ਰਾਤਿ ਦੀਵੇ ਬਾਲੀਅਨ।' ਕੇਵਲ ਇੱਕ ਉਦਾਹਰਣ ਵਜੋਂ ਹੈ ਪਰ ਦਰਬਾਰ ਸਾਹਿਬ 'ਚ ਰਾਗੀਆਂ ਵਲੋਂ ਇਹ ਤੁੱਕ ਵਾਰ ਵਾਰ ਗਾ ਕੇ ਇਹ ਪ੍ਰਭਾਵ ਦੇਣ ਲਈ ਵਰਤੀ ਜਾਂਦੀ ਹੈ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੋ। ਪੂਰੀ ਪਾਉੜੀ ਦੀ ਵਿਆਖਿਆ ਭਾਈ ਪਰਮਜੀਤ ਸਿੰਘ ਨੇ ਇੰਝ ਕੀਤੀ:

'ਦੀਵਾਲੀ ਕੀ ਰਾਤਿ ਦੀਵੇ ਬਾਲੀਅਨ।'- ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੇ ਜਾਂਦੇ ਹਨ (ਪਰ ਥੋਹੜੇ ਹੀ ਚਿਰ ਵਿੱਚ ਉਨ੍ਹਾਂ ਵਿਚੋਂ ਤੇਲ ਖਤਮ ਹੋ ਜਾਣ ਕਾਰਣ ਉਹ ਬੁਝ ਜਾਂਦੇ ਹਨ)।
'ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨ।'- ਜਿਵੇਂ ਰਾਤ ਨੂੰ (ਸੂਰਜ ਛੁਪਣ ਪਿਛੋਂ) ਅਸਮਾਨ ਵਿੱਚ ਛੋਟੇ ਵੱਡੇ ਅਨੇਕਾਂ ਤਾਰੇ ਦਿਸਦੇ ਹਨ (ਪਰ ਸਵੇਰੇ ਸੂਰਜ ਚੜ੍ਹਨ ਸਮੇਂ ਉਹ ਸਾਰੇ ਹੀ ਦਿਸਣੇ ਬੰਦ ਹੋ ਜਾਂਦੇ ਹਨ)।
'ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨ।'- ਜਿਵੇਂ ਫੁੱਲਾਂ ਦੀ ਬਗੀਚੀ ਵਿੱਚ ਫੁੱਲ ਖਿੜ੍ਹਦੇ ਹਨ, ਥੋਹੜੇ ਹੀ ਚਿਰ ਪਿੱਛੋਂ ਚੁਣ ਚੁਣ ਕੇ ਖਿੜ੍ਹੇ ਫੁੱਲ ਤੋੜ ਕੇ ਉਨ੍ਹਾਂ ਦਾ ਹਾਰ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਵਿੱਚੋਂ ਸੁਗੰਧੀ ਲਈ ਜਾਂਦੀ ਹੈ (ਪਰ ਥੋਹੜੇ ਹੀ ਸਮੇਂ ਬਾਅਦ ਉਹ ਫੁੱਲ ਮੁਰਝਾ ਜਾਂਦੇ ਹਨ ਤੇ ਉਨ੍ਹਾਂ ਵਿੱਚੋਂ ਸੁਗੰਧੀ ਦੀ ਥਾਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ)।
'ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨ।'- ਜਿਵੇਂ ਮੇਲਿਆਂ ਸਮੇਂ ਯਾਤਰੀ ਤੀਰਥਾਂ 'ਤੇ ਵੱਡੀ ਗਿਣਤੀ ਵਿੱਚ ਜਾਂਦੇ ਹਨ ਜਿਨ੍ਹਾਂ ਸਦਕਾ ਮੇਲੇ ਵਿੱਚ ਅੱਖਾਂ ਲਈ ਬਹੁਤ ਰੌਣਕ ਵੇਖਣ ਨੂੰ ਮਿਲਦੀ ਹੈ (ਪਰ ਮੇਲਾ ਬਿਝੜਨ 'ਤੇ ਸਾਰੇ ਹੀ ਘਰ ਨੂੰ ਵਾਪਸ ਮੁੜ ਜਾਂਦੇ ਹਨ ਜਿਸ ਕਾਰਣ ਰੌਣਕ ਖਤਮ ਹੋ ਜਾਂਦੀ ਹੈ ਤੇ ਉਨ੍ਹਾਂ ਵਲੋਂ ਖਿਲਾਰਿਆ ਗੰਦ ਉਥੇ ਰਹਿ ਜਾਂਦਾ ਹੈ)।
'ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨ।'- ਹਰੀ ਚੰਦ ਦੀ ਖ਼ਿਆਲੀ ਨਗਰੀ ਚਿਤਵੀ ਜਾਂਦੀ ਹੈ (ਪਰ ਅਸਲੀਅਤ ਵਿੱਚ ਅਜਿਹੀ ਕੋਈ ਨਗਰੀ ਨਹੀਂ ਹੁੰਦੀ)।
ਪੰਜ ਉਦਾਹਰਣਾਂ ਦੇਣ ਪਿੱਛੋਂ ਅਖੀਰਲੀ ਤੁਕ ਵਿੱਚ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ:
'ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨ॥੬॥'- ਗੁਰੂ ਦੀ ਸ਼ਰਨ ਵਿੱਚ ਪੈ ਕੇ ਸ਼ਬਦ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣ ਨਾਲ ਗੁਰੂ ਪਾਸੋਂ ਸੁੱਖਾਂ ਦੀ ਦਾਤਿ ਮਿਲਦੀ ਹੈ ਜਿਹੜੀ ਹਮੇਸ਼ਾਂ ਵਾਸਤੇ ਅਨੰਦ ਵਿੱਚ ਰਖਦੀ ਹੈ।

ਸੋ, ਇਸ ਪਾਉੜੀ ਵਿਚ ਭਾਈ ਸਾਹਿਬ ਜੀ ਨੇ ਪ੍ਰੇਰਣਾ ਤਾਂ ਇਹ ਦਿੱਤੀ ਹੈ ਕਿ ਮਨ ਨੂੰ ਲੁਭਾਉਣ ਵਾਲੀਆਂ ਸਭ ਚਮਕਦਾਰ ਵਸਤੂਆਂ ਨਾਸ਼ਵੰਤ ਹਨ ਜਿਹੜੀਆਂ ਕਿ ਹਮੇਸ਼ਾਂ ਨਾਲ ਨਿਭਣ ਵਾਲੀਆਂ ਨਹੀਂ। ਇਸ ਲਈ ਹਮੇਸ਼ਾਂ ਨਿਭਣ ਵਾਲੀ ਗੁਰੂ ਦੀ ਸਿੱਖਿਆ ਹੀ ਗ੍ਰਹਿਣ ਕਰਨੀ ਚਾਹੀਦੀ ਹੈ ਜਿਸ ਨਾਲ ਹਮੇਸ਼ਾਂ ਹਮੇਸ਼ਾਂ ਲਈ ਅਨੰਦ ਬਣਿਆ ਰਹਿੰਦਾ ਹੈ।ਗੁਰਬਾਣੀ ਵਿੱਚ ਮਿੱਟੀ ਦੇ ਦੀਵਿਆਂ ਵਿੱਚ ਸਰੋਂ ਦਾ ਤੇਲ ਪਾ ਕੇ ਜਗਾਉਣ ਦਾ ਉਪਦੇਸ਼ ਨਹੀਂ ਬਲਕਿ ਸ਼ਬਦ ਗੁਰੂ ਦੇ ਗਿਆਨ ਦਾ ਦੀਵਾ ਜਗਾਉਣ ਦਾ ਉਪਦੇਸ਼ ਹੈ: 'ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ, ਰਤਨ ਕੋਠੜੀ ਖੁਲੀ ਅਨੂਪਾ ॥੧॥ ਰਹਾਉ ॥' (ਬਿਲਾਵਲੁ ਮ: ੫, ਗੁਰੂ ਗ੍ਰੰਥ ਸਾਹਿਬ - ਪੰਨਾ ੮੨੧) ਜਿਸ ਦੇ ਅਰਥ ਹਨ : ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਪੈਦਾ ਹੋ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ।੧।ਰਹਾਉ।

'ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ ॥ ਉਨਿ ਚਾਨਣਿ, ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ ॥੧॥' (ਪੰਨਾ ੩੫੮)

ਅਰਥ:- ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ।੧।

ਉਪ੍ਰੋਕਤ ਉਦਾਹਰਣਾਂ ਦਿੰਦੇ ਹੋਏ ਭਾਈ ਪਰਮਜੀਤ ਸਿੰਘ ਨੇ ਕਿਹਾ ਬਾਹਰੀ ਰੂਪ ਵਿੱਚ ਦੀਵੇ, ਮੋਮਬੱਤੀਆਂ ਜਾਂ ਬਿਜਲੀ ਦੀਆਂ ਲੜੀਆਂ ਜਗਾਉਣਾਂ, ਆਤਸ਼ਬਾਜ਼ੀ ਚਲਾਉਣੀ; ਵੇਖਾਵੇਖੀ ਦਾ ਇੱਕ ਕਰਮਕਾਂਡ ਤੇ ਇਨ੍ਹਾਂ ਕਰਮਕਾਂਡਾਂ ਤੋਂ ਮੁਕਤੀ ਸ਼ਬਦ ਗੁਰੂ ਦੇ ਗਿਆਨ ਰੂਪੀ ਦੀਵੇ ਦੇ ਚਾਨਣ ਨਾਲ ਹੋਣੀ ਹੈ ਤਾਂ ਅਸੀਂ ਕਰਮਕਾਂਡਾਂ ਦੇ ਇਨ੍ਹਾਂ ਬੰਧਨਾ 'ਚੋਂ ਮੁਕਤ ਕਦੋਂ ਹੋਣਾ ਹੈ। ਉਨ੍ਹਾਂ ਕਿਹਾ ਗੁਰੂ ਦੀ ਸਿੱਖਿਆ ਨੂੰ ਨਜ਼ਰਅੰਦਾਜ਼ ਕਰਕੇ ਅਸੀਂ ਅੱਜ ਵੀ ਕਰਮਕਾਂਡਾਂ, ਵਹਿਮਾਂ ਭਰਮਾਂ ਦੇ ਬੰਧਨਾਂ ਵਿੱਚ ਜਕੜੇ ਹੋਏ ਹਾਂ। ਉਨ੍ਹਾਂ ਕਿਹਾ ਗੁਰੂ ਸਾਹਿਬ ਜੀ ਨੇ ਸਾਨੂੰ ਕੜੇ ਦੀ ਬਖ਼ਸ਼ਿਸ਼ ਕਰਕੇ ਇਨ੍ਹਾਂ ਬੰਧਨਾ ਤੋਂ ਮੁਕਤ ਕੀਤਾ ਪਰ ਅੱਜ ਸਿੱਖ ਵੱਲੋਂ ਕੜੇ ਦੇ ਨਾਲ ਮੌਲ਼ੀ ਦਾ ਧਾਗਾ ਬੰਨ੍ਹਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਉਪ੍ਰੰਤ ਕਬਰਾਂ ਸਮਾਧਾਂ 'ਤੇ ਮੱਥੇ ਟੇਕਣੇ ਜੋਤਸ਼ੀ ਤੋਂ ਪੁੱਛ ਕੇ ਸੁਰੱਖਸ਼ਾ ਕਵਚ ਤੇ ਨਗ ਪਹਿਨਣੇ ਦਸਦੇ ਹਨ ਕਿ ਸਿੱਖ ਹਾਲੀ ਇਨ੍ਹਾਂ ਬੰਧਨਾਂ ਤੋਂ ਮੁਕਤ ਨਹੀਂ ਹੋਇਆ। ਇਨ੍ਹਾਂ ਬੰਧਨਾ ਦੀ ਕੈਦ ਵਿੱਚ ਜਕੜੇ ਰਹਿਣ ਦਾ ਇੱਕੋ ਇੱਕ ਕਾਰਣ ਹੈ ਕਿ ਸਿੱਖਾਂ ਨੇ ਗੁਰੂ ਦੀ ਸਿਖਿਆ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਭਾਈ ਪਰਮਜੀਤ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਕੇ ਉਸ ਨੂੰ ਗੁਰੂ ਵਾਂਗ ਸਤਿਕਾਰ ਦੇਣਾ ਗੁਰੂ ਨੂੰ ਨਜ਼ਰਅੰਦਾਜ਼ ਕਰਨਾ ਹੀ ਹੈ। ਸ਼ਬਦ ਦੀ ਵੀਚਾਰ ਕਰਨ ਦੀ ਥਾਂ ਪਾਠਾਂ ਦੀ ਗਿਣਤੀ ਮਿਣਤੀ ਦੇ ਚੱਕਰਾਂ ਵਿੱਚ ਪੈਣਾ ਗੁਰੂ ਨੂੰ ਨਜ਼ਰਅੰਦਾਜ਼ ਕਰਨਾ ਹੀ ਤਾਂ ਹੈ।

ਰਾਤ ਦੇ ਵਿਸ਼ੇਸ਼ ਦੀਵਾਨ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਣ ੧੨, ੧੩, ੧੪ ਨਵੰਬਰ ਨੂੰ ਲਗਾਤਰ ਤਿੰਨ ਦਿਨ ਸਵੇਰੇ ਸਾਢੇ ਸੱਤ ਵਜੇ ਤੋਂ ਸਾਢੇ ਅੱਠ ਵਜੇ ਤੱਕ ਗੁਰਸ਼ਬਦ ਦੀ ਵੀਚਾਰ ਕਰਦਿਆਂ ਗੁਰਮਤਿ ਸਿਧਾਂਤਾਂ ਨੂੰ ਬੜੇ ਸੋਹਣੇ ਢੰਗ ਨਾਲ ਸੰਗਤਾਂ ਅੱਗੇ ਪੇਸ਼ ਕੀਤਾ।

ਵਰਨਣਯੋਗ ਹੈ ਕਿ ਜਿਸ ਸਮੇਂ ਭਾਈ ਪਰਮਜੀਤ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਗੁਰਬਾਣੀ 'ਚੋਂ ਬੇਅੰਤ ਪ੍ਰਮਾਣ ਦੇ ਕੇ ਦੀਵੇ ਮੋਮਬੱਤੀਆਂ ਜਗਾਉਣ ਨੂੰ ਸਿੱਖਾਂ ਦਾ ਬੰਧਨਾ ਵਿੱਚ ਜਕੜੇ ਹੋਣ ਦੀ ਨਿਸ਼ਾਨੀ ਦੱਸ ਰਹੇ ਸਨ ਉਸ ਸਮੇ ਟੀਵੀ 'ਤੇ ਵਿਖਾਏ ਜਾ ਰਹੇ ਕਈ ਦ੍ਰਿਸ਼ਾਂ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਦੀਵੇ ਤੇ ਮੋਮਬੱਤੀਆਂ ਜਗਾ ਕੇ ਇਨ੍ਹਾਂ ਬੰਧਨਾ ਵਿੱਚ ਜਕੜੇ ਹੋਣ ਦਾ ਸਬੂਤ ਦੇ ਰਹੇ ਸਨ ਜਿਨ੍ਹਾਂ 'ਤੇ ਬਾਬਾ ਕਬੀਰ ਸਾਹਿਬ ਜੀ ਦਾ ਇਹ ਫ਼ੁਰਮਾਨ:

'ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ (ਗੁਰੂ ਗ੍ਰੰਥ ਸਾਹਿਬ - ਪੰਨਾ ੧੩੭੨) ਪੂਰਾ ਢੁਕਦਾ ਪ੍ਰਤੀਤ ਹੁੰਦਾ ਸੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top