Share on Facebook

Main News Page

ਦੀਵਾਲੀ ਨੂੰ ਅਖੌਤੀ ਬੰਦੀ-ਛੋੜ ਦਿਨ ਦੇ ਨਾਂ ‘ਤੇ ਮਨਾਉਣਾ ਵੀ ਗ਼ਲਤ ਹੈ
-
ਡਾ. ਹਰਜਿੰਦਰ ਸਿੰਘ ਦਿਲਗੀਰ

ਮੈਂ 1993 ਵਿਚ ‘ਸਿੱਖ ਕਲਚਰ’ (ਮਗਰੋਂ ਇਹ ‘ਸਿੱਖ ਫ਼ਿਲਾਸਫ਼ੀ ਕੀ ਹੈ ਤੇ ਹੋਰ ਲੇਖ’ ਦੇ ਨਾਂ ਹੇਠ ਵੀ ਛਪੀ) ਕਿਤਾਬ ਲਿਖੀ ਸੀ; ਇਸ ਦੀਆਂ ਦਰਜਨ ਕੂ ਐਡੀਸ਼ਨਾਂ ਛਪ ਚੁਕੀਆਂ ਹਨ। ਉਸ ਵਿਚ ਇਕ ਲੇਖ ਸੀ ‘ਸਿੱਖਾਂ ਦੇ ਤਿਓਹਾਰ’। ਉਸ ਵਿਚ ਦੱਸਿਆਂ ਸੀ ਕਿ ਦੀਵਾਲੀ ਸਿੱਖਾਂ ਦਾ ਤਿਓਹਾਰ ਨਹੀਂ ਹੈ। ਹੌਲੌ-ਹੌਲੀ ਇਸ ਦਾ ਅਸਰ ਹੋਣਾ ਸ਼ੁਰੂ ਹੋਇਆ।

ਹੁਣ ਉਸ ਦੇ 19 ਸਾਲ ਮਗਰੋਂ ਬਹੁਤ ਸਾਰੇ ਜਾਗਰੂਕ ਸਿੱਖਾਂ ਨੇ ਬੇਸ਼ਕ ਹਿੰਦੂ ਦੀਵਾਲੀ ਨੂੰ ਤਾਂ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਨਵਾਂ ਬਹਾਨਾ ਘੜ ਕੇ ਇਸ ਨੂੰ ਅਖੋਤੀ ‘ਬੰਦੀ ਛੋੜ’ ਦਿਨ ਦੇ ਨਾਂ ਹੇਠ ਮਨਾਉਣ ਦਾ ਪਾਖੰਡ ਵੀ ਸ਼ੁਰੂ ਕਰ ਲਿਆ ਹੈ। ਪਰ ਇਸ ਦਿਨ ਨੂੰ ਬੰਦੀ-ਛੋੜ ਦਿਨ ਦੇ ਨਾਂ ‘ਤੇ ਮਨਾਉਣਾ ਵੀ ਗ਼ਲਤ ਹੈ। ਬੰਦੀ ਛੋੜ ਦਿਨ ਦੇ ਨਾਂ ‘ਤੇ ਤਾਂ ਉਨ੍ਹਾਂ ਨੂੰ ਮਨਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਗੁਰੁ ਜੀ ਨੇ ਰਿਹਾਈ ਦਿਵਾਈ ਸੀ (ਯਾਨਿ ਪਹਾੜੀ ਤੇ ਰਾਜਿਸਥਾਨੀ ਰਿਆਸਤਾਂ ਦੇ ਰਾਜਿਆਂ ਨੂੰ)। ਕੀ ਕੋਈ ਕਿਸੇ ਨੂੰ ਰਿਹਾ ਕਰਵਾ ਕੇ ਉਨ੍ਹਾਂ ਨੂੰ ਰਿਹਾ ਕਰਵਾਉਣ ਦੀ ਖ਼ੁਸ਼ੀ ਮਨਾਉਂਦਾ ਹੈ।

ਇਸ ਸਬੰਧੀ ਇਕ ਸੱਜਣ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਿੱਖ ਦੀਵਾਲੀ ਨੂੰ 52 ਰਾਜਿਆਂ ਦੀ ਰਿਹਾਈ ਨਾ ਸਹੀ ਪਰ ਗੁਰੂ ਹਰਗੋਬਿੰਦ ਸਾਿਹਬ ਦੀ ਰਿਹਾਈ ਨੂੰ ‘ਬੰਦੀ ਛੋੜ’ ਦਿਨ ਦੇ ਨਾਂ ‘ਤੇ ਮਨਾਉਣ। ਯਾਨਿ ਹਿੰਦੂ ਦੀਵਾਲੀ ਨੂੰ ਇਕ ਜਾਂ ਦੂਜੇ ਬਹਾਨੇ ਨਾਲ ਮਨਾਉਣ ਜ਼ਰੂਰ।

ਇਸ ‘ਤੇ ਸਵਾਲ ਉਠਦਾ ਹੈ ਕਿ ਕੀ ਇਹੋ ਜਿਹੀਆਂ ਰਿਹਾਈਆਂ ਨੂੰ 'ਕੌਮੀ ਤਿਓਹਾਰ' ਵਜੋਂ ਮਨਾਉਣਾ ਸਿੱਖ ਸਿਧਾਂਤਾਂ ਮੁਤਾਬਿਕ ਜਾਇਜ਼ ਹੈ? ਫਿਰ ਸਿੱਖ ਗੁਰੂ ਤੇਗ਼ ਬਹਾਦਰ ਜੀ ਦੀ ਦਸੰਬਰ 1665 ਵਾਲੀ ਰਿਹਾਈ ਦਾ ਦਿਨ ਕਿਉਂ ਨਹੀਂ ਮਨਾਉਂਦੇ? ਸਿੱਖ ਤਾਂ “ਹਰਖ ਸੋਗ 'ਤੇ ਰਹੈ ਨਿਆਰਉ (ਗੁਰੁ ਗ੍ਰੰਥ ਸਾਹਿਬ, ਸਫ਼ਾ 633)” ਦੀ ਗੱਲ ਕਰਦਾ ਹੈ। ਇਕ ਰਿਹਾਈ 'ਤੇ ਕੌਮੀ ਪੱਧਰ 'ਤੇ ਇੰਞ ਖ਼ੁਸ਼ੀਆਂ ਮਨਾਉਣਾ (ਤੇ ਉਹ ਵੀ ਦੂਜੇ ਧਰਮ ਦੇ ਦਿਨ ‘ਤੇ) ਕਿਹੜੀ ਸਿੱਖੀ ਹੈ। ਸਿੱਖਾਂ ਨੇ ਤਾਂ ਪੈਂਦੇ ਖ਼ਾਂ ਨੂੰ ਮਾਰਨਾ (28 ਅਪ੍ਰੈਲ 1635), ਜ਼ਾਲਮ ਚੰਦੂ ਨੂੰ ਸਜ਼ਾ ਦੇਣਾ (ਫ਼ਰਵਰੀ 1620), ਛੇਵੇਂ ਅਤੇ ਦਸਵੇਂ ਗੁਰੂ ਸਾਹਿਬ ਦੀਆਂ ਲੜਾਈਆਂ ਵਿਚ ਜਿੱਤਾਂ (ਅਗਸਤ 1621 ਤੋਂ ਮਾਰਚ 1704 ਤਕ, 15-16 ਲੜਾਈਆਂ), ਸਿੱਖਾਂ ਵੱਲੋਂ ਸਰਹੰਦ ਦੀ ਜਿੱਤ (12 ਮਈ 1710 ਤੇ ਫਿਰ 14 ਜਨਵਰੀ 1764), ਬੰਦਾ ਸਿੰਘ ਬਹਾਦਰ ਦਾ ਲੋਹਗੜ੍ਹ ਕਿਲੈ ਵਿਚੋਂ ਬਚ ਕੇ ਨਿਕਲ ਜਾਣਾ (30 ਨਵੰਬਰ 1710), ਜਸਪਤ ਰਾਏ ਤੇ ਲਖਪਤ ਰਾਏ ਨੂੰ ਮਾਰਨਾ (1746 ਤੇ 1747), ਅੰਮ੍ਰਿਤਸਰ ਨੂੰ ਅਜ਼ਾਦ ਕਰਵਾਉਣਾ (1765) ਤੇ ਹੋਰ ਜਿੱਤਾਂ ਕਦੇ ਮਨਾਈਆਂ ਸਨ? ਕੀ ਕਦੇ ਕਿਸੇ ਨੇ ਲਾਲ ਕਿਲ੍ਹੇ 'ਤੇ ਨੀਲਾ ਨਿਸ਼ਾਨ ਸਾਹਿਬ ਫਹਿਰਾਉਣਾ (11 ਮਾਰਚ 1783) ਵੀ ਮਨਾਇਆ ਹੈ? ਸਵਾਲ ਹੈ ਕਿ ਸਿੱਖ ਨੇ ਕਿਸ ਖ਼ੁਸ਼ੀ ਨੂੰ ਮਨਾਉਣਾ ਹੈ ਤੇ ਕਿਵੇਂ ਮਨਾਉਣਾ ਹੈ?

ਕੀ 7, 8, 9, 10 ਗੁਰੂ ਨੇ ਇਸ ਦਿਨ ਨੂੰ ਕਦੇ ਇਕ ਵਾਰ ਵੀ ਦੀਵਾਲੀ ਨੂੰ ਅਖੌਤੀ ‘ਬੰਦੀ ਛੋੜ ਦਿਨ’ ਦੇ ਨਾਂ 'ਤੇ ਮਨਾਇਆ ਸੀ?

ਇਹ ਸਭ ਬਹਾਨੇ ਹਨ ਹਿੰਦੂ ਦੀਵਾਲੀ ਨੂੰ ਇਕ ਜਾਂ ਦੂਜੇ ਬਹਾਨੇ ਨਾਲ ਮਨਾਉਣ ਦੇ। ਦਰਅਸਲ ਇਹ ਗੱਲਾਂ ਗ਼ੁਲਾਮੀ ਦੀ ਨਿਸ਼ਾਨੀ ਹਨ। ਮੈਂ ਵੇਖਿਆ ਹੈ ਕਿ ਇਹ ਬਹਾਨੇ ਘੜਨ ਵਾਲੇ ਤਿੰਨ ਕਿਸਮ ਦੇ ਲੋਕ ਹਨ:

  1. ਜੋ ਕੇਸ ਦਾੜ੍ਹੀ ਤੇ ਦਸਤਾਰ ਤਾਂ ਰਖਦੇ ਹਨ ਪਰ ਅੰਦਰੋਂ ਬ੍ਰਾਹਮਣਾਂ, ਉਦਾਸੀਆਂ, ਨਿਰਮਲੇ ਸਾਧਾਂ ਅਤੇ ਉਨ੍ਹਾਂ ਦੇ ਡੇਰਿਆਂ ਦੇ ਸਿੱਖ ਹਨ; ਉਹ ਗੁਰੁ ਦੇ ਸਿੱਖ ਨਹੀਂ ਹਨ।
  2. ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਹਿੰਦੂਆਂ ਨਾਲ ਹਨ। ਇਨ੍ਹਾਂ ਵਿਚੋਂ ਕਿਸੇ ਦੀ ਧੀ, ਭੈਣ ਜਾਂ ਹੋਰ ਰਿਸ਼ਤੇਦਾਰ ਨੇ ਕਿਸੇ ਹਿੰਦੂ ਨਾਲ (ਘਰੋਂ ਭੱਜ ਕੇ ਜਾਂ ਇਨ੍ਹਾਂ ਦੀ ਰਜ਼ਾਮੰਦੀ ਨਾਲ) ਸ਼ਾਦੀ ਕੀਤੀ ਹੈ।
  3. ਜਿਨ੍ਹਾਂ ਦੀ ਜ਼ਹਿਨੀਅਤ ਗ਼ੁਲਾਮ ਹੁੰਦੀ ਹੈ। ਅਜਿਹੇ ਲੋਕ ਆਪਣੇ ‘ਆਕਾ’, ‘ਮਾਲਿਕ’ ਤੋਂ ਸਹੂਲਤਾਂ, ਅਹੁਦੇ ਅਤੇ ਫ਼ਾਇਦਾ ਲੈਣ ਵਾਸਤੇ ਉਸ ਦੇ ਪੈਰ ਚੱਟਣ ਤਕ ਜਾਂਦੇ ਹਨ। ਕਾਂਗਰਸ ਤੇ ਭਾਜਪਾ ਵਿਚ ਅਜਿਹੇ ਬਹੁਤ ਸਾਰੇ ਓਂਕਾਰ ਥਾਪਰ, ਤਰਲੋਚਨ, ਬੂਟੇ, ਮਨਮੋਹਨ, ਬਾਦਲ ਬੈਠੇ ਹਨ।

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top