Share on Facebook

Main News Page

ਸਿੱਖ ਧਰਮ ਦੇ ਨਿਆਰੇਪਨ ਦੇ ਉਲਟ ਹੈ ਸਿੱਖਾਂ ਵਿਚ ਵਿਸ਼ਵਕਰਮਾ ਦੀ ਮਾਨਤਾ
-
ਮਨਜੀਤ ਸਿੰਘ ਖਾਲਸਾ, ਮੋਹਾਲੀ, ਮੋਬਾਈਲ: 09417440779

ਸਿੱਖਾਂ ਦੇ ਇਕ ਤੱਬਕੇ ਨਾਲ ਜੁੜੇ ਸੱਜਣ ਅਗਿਆਨਤਾ ਵੱਸ ਹੀ ਵਿਸ਼ਵਕਰਮਾ ਨਾਮੀ ਦੇਵਤੇ ਨੂੰ ਇਸ਼ਟ ਮੰਨਦੇ ਹੋਏ, ਉਸਦਾ ਦਿਨ ਮਨਾਉਦਿਆਂ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੀ ਉਲੱਘਣਾ ਕਰਨ ਦੇ ਨਾਲ-ਨਾਲ ਸਿਖ ਰਹਿਤ ਮਰਿਆਦਾ ਦੇ ਸਿਰਲੇਖ ਗੁਰਮਤਿ ਦੀ ਰਹਿਣੀ ਦੇ ਭਾਗ ‘ੳ’ ਵਿੱਚ ਅੰਕਿਤ “ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ” ਮੱਦ ਦਾ ਵੀ ਖੁੱਲੇ ਆਮ ਉਲੰਘਣ ਕਰਦੇ ਹਨ। ਪਰ ਕਦੇ ਵੀ ਮੇਰੇ ਕਿਸੇ ਕੋਮੀ ਪ੍ਰਬੰਧਕ / ਆਗੂ ਨੇ ਇਨ੍ਹਾਂ ਭੁੱਲੇ ਹੋਏ ਵੀਰਾਂ ਨੂੰ ਸਮਝਾ ਕੇ ਗੁਰਮਤਿ ਅਨੁਸਾਰੀ ਸੇਧ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਬਲਕਿ ਅਜੋਕੇ ਕੋਮੀ ਪ੍ਰਬਧੰਕ ਤਾਂ ਉਨ੍ਹਾਂ ਭੋਲੇ ਭਾਲੇ ਅਗਿਆਨੀ ਵੀਰਾਂ ਦੇ ਸੱਦੇ ਤੇ ਬੜੇ ਫਖਰ ਨਾਲ ਐਸੇ ਸਮਾਗਮਾਂ ਵਿੱਚ ਸ਼ਿਰੱਕਤ ਕਰਦੇ ਹਨ। ਆਉ ਵਿਚਾਰੀਏ ਕਿ ਵਿਸ਼ਵਕਰਮਾਂ ਨਾਮੀ ਦੇਵਤੇ ਬਾਰੇ ਹਿੰਦੂ ਗ੍ਰੰਥ ਕੀ ਲਿਖਦੇ ਹਨ?

ਰਮਾਇਣ ਨਾਮੀ ਹਿੰਦੂ ਗ੍ਰੰਥ ਵਿਚ ਅੰਕਿਤ ਹੈ ਕਿ ਵਿਸ਼ਵਕਰਮਾ ਅੱਠਵੇਂ ਵਸੁ ਪ੍ਰਭਾਸ ਦਾ ਪੁੱਤਰ ਲਾਵਨਯਮਤੀ ਯੋਗ ਸਿੱਧਾ ਤੋਂ ਪੈਦਾ ਹੋਇਆ, ਇਸ ਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਜ ਨਾਮੀ ਦੇਵਤੇ (ਜੋ ਸਮੁੱਚੇ ਬ੍ਰਹਮੰਡ ਨੂੰ ਰੁਸ਼ਨਾਉਂਦਾ ਹੈ) ਨਾਲ ਹੋਇਆ ਪਰ ਜਦੋਂ ਸੰਜਨਾ ਸੂਰਜ ਦਾ ਤੇਜ ਨਾ ਸਹਾਰ ਸਕੀ, ਤਾਂ ਵਿਸ਼ਵਕਰਮਾ ਨੇ ਸੂਰਜ ਦੇਵਤੇ ਨੂੰ ਆਪਣੀ ਖਰਾਦ ਤੇ ਬੰਨ ਕੇ, ਸੂਰਜ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਕਰਕੇ ਸੂਰਜ ਦੀ ਤਪਸ਼ ਘਟ ਗਈ, ਸੂਰਜ ਦੇ ਇਸ ਛਿੱਲੇ ਹੋਏ ਛਿੱਲੜ ਨਾਲ ਵਿਸ਼ਵਕਰਮਾ ਜੀ ਨੇ, ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਕਈ ਹੋਰ ਦੇਵਤਿਆਂ ਦੇ ਸ਼ਸਤ੍ਰ ਵੀ ਬਣਾਏ।

ਪਰ ਕੀ ਕਾਰਣ ਹੈ? ਕਿ ਹਿੰਦੂ ਸਮਾਜ ਵਿੱਚ ਵਿਸ਼ਵਕਰਮਾ ਨਾਮੀ ਦੇਵਤੇ ਨੂੰ ਇਤਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਕੋਈ ਖਾਸ ਮਹੱਤਤਾ ਨਹੀਂ ਦਿੱਤੀ ਗਈ ਜਦੋਂ ਕਿ ਇਨ੍ਹਾਂ ਦੇ ਆਪਣੇ ਗ੍ਰੰਥਾਂ ਵਿੱਚ ਹੀ ਵਿੱਚ ਵਿਸ਼ਵਕਰਮਾ ਨੂੰ ਬੜਾ ਹੀ ਮਹਾਨ ਦੇਵਤਾ ਦਰਸਾਇਆ ਗਿਆ ਹੈ। ਜੇਕਰ ਹਿੰਦੂ ਸਮਾਜ ਇਸ ਮਹਾਨ ਦੇਵਤੇ ਨੂੰ ਮਾਨਤਾ ਦਿੰਦਾ ਤਾਂ ਹਰ ਗਲੀ ਮੁੱਹਲੇ ਵਿੱਚ ਇਸ ਸ਼ਕਤੀਸ਼ਾਲੀ ਦੇਵਤੇ ਦੇ ਮੰਦਰ ਜਰੂਰ ਉਸਾਰੇ ਜਾਂਦੇ ਅਤੇ ਇਹ ਦੇਵਤਾ ਕੇਵਲ ਰਾਮਗੜ੍ਹੀਆਂ ਦੇ ਗੁਰਦੁਆਰਿਆਂ ਤੱਕ ਹੀ ਸੀਮਤ ਹੋਕੇ ਕਿਉਂ ਰਹਿ ਜਾਂਦਾ? ਜਦੋਂ ਕਿ ਹਿੰਦੂ ਸਮਾਜ ਨੇ ਰਾਮ, ਕ੍ਰਿਸ਼ਨ, ਸ਼ਿਵ, ਹਨੂਮਾਨ ਆਦਿ ਦੇਵਤਿਆਂ ਨੂੰ ਤਾਂ ਮਾਨਤਾ ਦਿੱਤੀ ਪਰ ਸੂਰਜ ਵਰਗੇ ਸ਼ਕਤੀਸ਼ਾਲੀ ਦੇਵਤੇ ਨੂੰ ਆਪਣੀ ਖਰਾਦ ਤੇ ਬੰਨ ਕੇ, ਉਸਦਾ ਅੱਠਵਾਂ ਹਿੱਸਾ ਛਿੱਲ ਦੇਣ ਵਾਲੇ ਅਤੇ ਛਿੱਲੇ ਹੋਏ ਛਿੱਲੜ ਨਾਲ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਕਈ ਹੋਰ ਦੇਵਤਿਆਂ ਦੀ ਸ਼ਸਤ੍ਰਾਂ ਰਾਹੀਂ ਸੇਵਾ ਕਰਨ ਵਾਲੇ ਇਸ ਸ਼ਕਤੀਸ਼ਾਲੀ ਦੇਵਤੇ ਦਾ ਮੰਦਿਰ ਨਾ ਬਣ੍ਹਾ ਕੇ ਉਸ ਨੂੰ ਰਾਮਗੜ੍ਹੀਆ ਬਰਾਦਰੀ ਤੱਕ ਸੀਮਤ ਕਰ ਦੇਣ ਪਿੱਛੇ ਕੀ ਰਾਜ਼ ਹੈ? ਉਸ ਨੇ ਇਸ ਸ਼ਕਤੀ ਸ਼ਾਲੀ ਦੇਵਤੇ ਦੀ ਯਾਦਗਾਰਾਂ ਬਣਾਉਂਣ ਵਿੱਚ ਇਤਨੀ ਤੰਗਦਿਲੀ ਕਿਉਂ ਵਰਤੀ? ਮੈਂ ਆਪਣੇ ਰਾਮਗੜ੍ਹੀਆ ਬਰਾਦਰੀ ਦੇ ਬਜੁਰਗਾਂ ਅਤੇ ਭਰਾਂਵਾਂ ਦਾ ਧਿਆਨ ਇਸ ਪਾਸੇ ਵੱਲ ਦਿਵਾਉਂਣਾ ਚਾਹੁੰਦਾ ਹਾਂ ਜੋ ਕਿ ਵਿਚਾਰਣ ਲਈ ਮਹੱਤਵਪੂਰਨ ਵਿਸ਼ਾ ਹੈ।

ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਉਤੱਰੀ ਭਾਰਤ ਵਿੱਚ ਹਿੰਦੂ ਦੇਵਤੇ ਵਿਸ਼ਕਰਮਾ, ਜਿਸਨੂੰ ਹਿੰਦੂ ਸਮਾਜ ਆਪ ਕੋਈ ਮਾਨਤਾ ਨਹੀਂ ਦਿੰਦਾ, ਉਸ ਦੇਵਤੇ ਦਾ ਪੁੱਰਬ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ ਹੈ, ਸਾਡੇ ਅਨਪੜ੍ਹ ਪ੍ਰਚਾਰਕਾਂ ਅਤੇ ਪਖੰਡੀ ਸਾਧਾਂ ਸੰਤਾਂ ਦੀ ਅਗਿਆਨਤਾ ਨੂੰ ਵਰਤ ਕੇ, ਸਿਖ ਧਰਮ ਦੇ ਨਿਆਰੇਪਨ ਨੂੰ ਖਤਮ ਕਰਨ ਦੀ ਮਨਸ਼ਾ ਕਾਰਣ, ਜੇਕਰ ਸਿਖ ਧਰਮ ਹਿੰਦੂ ਮਨਮਤਿ ਵਿਚ ਜਜ਼ਬ ਹੋ ਜਾਏ ਤਾਂ ਇਸ ਵਿੱਚ ਕਿਸ ਦੀ ਨਾ ਸਮਝੀ ਹੈ? ਇਸਦੇ ਨਤੀਜੇ ਵਜੋਂ ਹੀ ਕੁੱਝ ਭੋਲੇ ਭਾਲੇ ਸਿਖ ਬੜੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਉਸ ਵਿਸ਼ਵਕਰਮਾ ਨਾਮੀ ਦੇਵਤੇ ਦੀ ਉਸਤਤੀ ਕਰਦੇ ਨਹੀਂ ਥੱਕਦੇ, ਜੋ ਸੂਰਜ ਦੇਵਤੇ ਨੂੰ ਆਪਣੀ ਖਰਾਦ ਤੇ ਬੰਨ ਕੇ, ਛਿੱਲ ਸਕਦਾ ਹੈ, ਉਸ ਸੂਰਜ ਦੀ ਤਪਸ਼ ਘਟਾ ਸਕਣ ਦੀ ਸਮਰੱਥਾ ਰੱਖਦਾ ਹੈ। ਸੂਰਜ ਦੇ ਛਿੱਲੇ ਹੋਏ ਛਿੱਲੜਾਂ ਨਾਲ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਕਈ ਹੋਰ ਦੇਵਤਿਆਂ ਦੇ ਸ਼ਸਤ੍ਰ ਵੀ ਬਣਾਉਂਦਾ ਹੈ।
ਇਥੇ ਇੱਕ ਗੱਲ ਵਿਚਾਰਨ ਯੋਗ ਹੈ ਕਿ:-

  1. ਕੀ ਕਦੇ ਕੋਈ ਅੱਗ ਦੇ ਗੋਲੇ ਸੂਰਜ ਨੂੰ ਆਪਣੀ ਖਰਾਦ ਤੇ ਬੰਨ ਸਕਦਾ ਹੈ?
  2. ਜੇਕਰ ਬੰਨ ਸਕਦਾ ਹੈ ਤਾਂ ਕੀ ਸੂਰਜ ਦੀ ਤਪਸ਼ ਨਾਲ ਖਰਾਦ ਪਿਘੱਲ ਕੇ ਖਤੱਮ ਨਹੀ ਹੋ ਜਾਏਗੀ?
  3. ਕੀ ਸੂਰਜ ਨੂੰ ਦੁਨੀਆਂ ਦੀ ਕਿਸੇ ਖਰਾਦ ਤੇ ਬੰਨ ਕੇ ਕੱਟਿਆ (ਛਿਲਿਆ) ਵੀ ਜਾ ਸਕਦਾ ਹੈ?

ਇਹ ਸੱਭ ਕੁੱਝ ਇਕ ਝੂਠੀ ਕੱਲਪਣਾ ਤੋਂ ਵੱਧ ਕੁੱਝ ਵੀ ਨਹੀਂ ਇਸ ਲਈ ਏਡੀ ਵੱਡੀ ਝੂਠੀ ਕੱਲਪਨਾ ਦੇ ਸਹਾਰੇ ਘੜੇ ਗਏ ਝੂਠ ਦਾ ਦਿਨ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਨਾਉਣਾ, ਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਤੋਹੀਨ ਕਰਨ ਦੇ ਬਰਾਬਰ ਨਹੀਂ? ਜਿਹੜੇ ਸਿਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਦੇ ਹਨ ਉਹ ਚੰਗੀ ਤਰ੍ਹਾਂ ਬਾਣੀ ਦੇ ਇਸ ਸਿਧਾਂਤ ਨੂੰ ਸਮਝਦੇ ਹਨ ਕਿ “ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥” ਭਾਵ ਉਸ ਰੱਬ ਦਾ ਨਾਮ ਅਤੇ ਗਿਆਨ ਗੁਰੂ ਦੀ ਰਾਂਹੀਂ ਪ੍ਰਾਪਤ ਹੁੰਦਾ ਹੈ। ਗੁਰੂ ਦੀ ਰਾਂਹੀਂ ਹੀ ਇਹ ਪ੍ਰਰਤੀਤ ਆਉਂਦੀ ਹੈ ਕਿ ਉਹ ਹਰੀ ਸਭ ਥਾਂਈ ਵਿਆਪਕ ਹੈ। ਗੁਰੂ ਹੀ ਸਾਡੇ ਲਈ ਸ਼ਿਵ ਹੈ, ਗੁਰੂ ਹੀ ਸਾਡੇ ਲਈ ਗੋਰਖ ਤੇ ਬ੍ਰਹਮਾ ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ।ਪਰ ਜਿਹੜੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਗਿਆਨ ਨੂੰ ਸਮਝਦੇ ਹਨ ਉਹ ਇਕ ਅਕਾਲ ਪੁੱਰਖ ਤੋਂ ਸਿਵਾਏ ਕਿਸੇ ਹੋਰ ਦੇਵਤੇ ਜਾਂ ਉਸ ਵਲੋਂ ਬਣਾਏ ਔਜਾਰਾਂ ਨੂੰ ਮੱਥੇ ਨਹੀਂ ਟੇਕਦੇ।

ਵਿਸ਼ਵਕਰਮਾ ਦੇਵਤੇ ਦੀ ਤਸਵੀਰ ਸਬੰਧੀ ਸਿਆਣੇ ਹਿੰਦੂ ਵੀਰਾਂ ਦਾ ਮੰਨਣਾ ਹੈ ਕਿ ਖੱਬੀ ਲੱਤ ਨੂੰ ਸੱਜੀ ਲੱਤ ਉਪੱਰ ਰੱਖਣ ਵਾਲੀ ਤਸਵੀਰ ਵਿਸ਼ਵਕਰਮਾ ਦੀ ਹੈ ਪਰ ਸੱਜੀ ਲੱਤ ਨੂੰ ਖੱਬੀ ਲੱਤ ਉੱਪਰ ਰੱਖਣ ਵਾਲੀ ਤਸਵੀਰ ਵਿਸ਼ਵਕਰਮਾ ਦੇ ਭਰਾ ਦੀ ਹੈ। ਜਦੋਂ ਕਿ ਗੁਰਮਤਿ ਵਿੱਚ ਕਾਲਪਨਿਕ ਤਸਵੀਰਾਂ ਜਾਂ ਮੂਰਤੀ ਪੂਜਾ ਲਈ ਸਖੱਤ ਮਨਾਹੀ ਕੀਤੀ ਗਈ ਹੈ।

ਰਾਮਗੜ੍ਹੀਆ ਬਰਾਦਰੀ ਲਈ ਵਿਸ਼ਵਕਰਮਾ ਦੇਵਤੇ ਸਬੰਧੀ ਇਹ ਗੱਲ ਵੀ ਵਿਚਾਰਣ ਯੋਗ ਹੈ ਕਿ ਵਿਸ਼ਵਕਰਮਾ ਬ੍ਰਹਮਾ ਦੀ ਔਲਾਦ ਹੈ ਅਤੇ ਬ੍ਰਹਮਾ ਉਹ ਦੇਵਤਾ ਹੈ ਜਿਸ ਨਾਲ ਆਪਣੀ ਹੀ ਬੇਟੀ ਦਾ ਬਲਾਤਕਾਰ ਕਰਨ ਦੀ ਘਟਨਾ ਜੁੜੀ ਹੈ। ਜਿਸਦੇ ਫਲਸਰੂਪ ਸ਼ਿਵ ਨੇ ਬ੍ਰਹਮਾ ਨੂੰ ਸ਼ਰਾਪ ਦਿੱਤਾ ਸੀ ਕਿ ਅੱਜ ਤੋਂ ਬਾਦ ਬ੍ਰਹਮਾ ਦੀ ਇਸ ਧਰਤੀ ਤੇ ਪੂਜਾ ਨਹੀਂ ਹੋਵੇਗੀ। ਇਸ ਸਬੰਧੀ ਭਗਤ ਤਰਲੋਚਨ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਉਂ ਫਰਮਾਨ ਕੀਤਾ ਹੈ:-

ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥ ਕਰਮ ਕਰਿ ਕਪਾਲੁ ਮਫੀਟਸਿ ਰੀ॥

ਭਾਵ ਜਿਸ ਸ਼ਿਵ ਜੀ ਨੂੰ ਬਲੀ ਦੇਵ ਸਮਝ ਕੇ ਮੰਦਰਾਂ ਵਿਚ ਟਿਕਾਏ ਸ਼ਿਵ ਦੀ ਪੂਜਾ ਕਰਦੇ ਹੋ, ਉਸੇ ਬਾਬਤ ਇਹ ਭੀ ਆਖਦੇ ਹੋ ਕਿ ਜਦੋਂ ਬ੍ਰਹਮਾ ਆਪਣੀ ਹੀ ਲੜਕੀ ੳੁੱਤੇ ਮੋਹਿਤ ਹੋ ਗਿਆ, ਤਾਂ ਸ਼ਿਵ ਜੀ ਨੇ ਉਸ ਦਾ ਇਕ ਸਿਰ ਕੱਟ ਦਿੱਤਾ, ਤੇ, ਇਹ ਸਿਰ ਸ਼ਿਵ ਜੀ ਦੇ ਹੱਥ ਨਾਲ ਚਿਬੜ ਗਿਆ। ਸ਼ਿਵ ਕਈ ਤੀਰਥਾਂ ਤੇ ਭਟਕਦੇ ਫਿਰੇ, ਪਰ ਸਿਰ ਸ਼ਿਵ ਜੀ ਦੇ ਹੱਥ ਨਾਲੋਂ ਲਹਿੰਦਾ ਹੀ ਨਹੀਂ ਸੀ। ਦੱਸੋ, ਜੋ ਸ਼ਿਵ ਜੀ ਆਪਣੇ ਹੱਥ ਨਾਲੋਂ ਸਿਰ ਨਾ ਲੱਥਣ ਕਾਰਣ ਆਪ ਇਤਨੇ ਆਤੁਰ ਤੇ ਦੁਖੀ ਹੋਏ, ਉਹ ਭਲਾ ਤੁਹਾਡਾ ਕੀਹ ਸਵਾਰਨਗੇ? ਅਤੇ ਜੇਕਰ ਤੂੰ ਆਪਣਾ ਕੁੱਝ ਸਵਾਰਨਾ ਚਾਹੁੰਦਾ ਹੈ ਤਾਂ ਤੂੰ ਅਜੇਹੇ ਵਿਭਚਾਰੀ ਦੇ ਪੁੱਤਰ ਅੱਗੇ ਝੁਕਕੇ ਅਰਦਾਸਾਂ ਕਰਨੀਆਂ ਛੱਡ। ਉਸ ਪ੍ਰਮਾਤਮਾ ਅੱਗੇ ਅਰਦਾਸ ਕਰ ਜੋ ਸਰਬਸ਼ਕਤੀ ਮਾਨ ਹੈ ਜਿਸ ਸਬੰਧੀ ਭਗਤ ਰਵਿਦਾਸ ਜੀ ਬੜੀ ਦਿੜਤਾ ਨਾਲ ਉਪਦੇਸ਼ ਦਿੰਦੇ ਹਨ ਕਿ:

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜ਼ਕ ਜਾਹਿਗੇ ਸਤਿ ਭਾਖੈ ਰਵਿਦਾਸ

ਭਾਵ ਜਿਹੜੇ ਮਨੁੱਖ ਪਰਮਾਤਮਾ ਵਰਗੇ ਹੀਰੇ ਨੂੰ ਛੱਡ ਕੇ ਹੋਰ ਦੇਵਤਿਆਂ ਤੇ ਆਸ ਰੱਖਦੇ ਹਨ ਉਹ ਮਨੁੱਖ ਘੋਰ ਨਰਕਾਂ ਵਿੱਚ ਪੈਣਗੇ, ਇਹ ਸੱਚੀ ਗੱਲ ਰਵਿਦਾਸ ਦੱਸਦਾ ਹੈ। ਭਗਤ ਰਵਿਦਾਸ ਦੇ ਬਾਣੀ ਵਿੱਚ ਕਹੇ ਸੱਚੇ ਬਚਨਾਂ ਤੋਂ ਮੁੱਖ ਮੋੜਕੇ ਆਪਣੇ ਮਨ ਦੀ ਮਨਮੱਤ ਨੂੰ ਇਕ ਪਾਸੇ ਰੱਖਕੇ, ਕੀ ਅਜੇਹੀਆਂ ਹੁੰਦੀਆਂ ਮਨਮਤਾਂ ਦੇ ਸੁਧਾਰ ਲਈ ਰਾਮਗੜ੍ਹੀਆ ਬਰਾਦਰੀ ਦੇ ਸੂਝਵਾਨ ਵੀਰ, ਪ੍ਰਬੰਧਕ ਅਤੇ ਆਗੂ ਕੋਈ ਸਾਰਥੱਕ ਭੂਮਿਕਾ ਨਿਭਾਉਣ ਦਾ ਯੱਤਨ ਕਰਣਗੇ?


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top