Share on Facebook

Main News Page

ਸਿੱਖਾਂ ਦੀ ਦੀਵਾਲੀ ਤੇ ਨੇਰ੍ਹੇ ਦਾ ਕਹਿਰ
- ਕੁਲਵੰਤ ਸਿੰਘ  kulwantsinghdhesi@hotmail.com

ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ !
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ !!”

ਅੱਜ ਜਦੋਂ ਸਾਰੀ ਦੁਨੀਆਂ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਹਨ ਤਾਂ ਇੰਗਲੈਂਡ ਦੇ ਇਹ ਜਸ਼ਨ ਲੰਡਨ ਦੇ ਗੁਰਦੁਆਰਿਆਂ ਵਿਚ ਹੋਈ ਹੁਲੜਬਾਜੀ ਕਾਰਨ ਗ੍ਰਹਿਣੇ ਗਏ ਹਨ । ਅੱਜ ਸਾਡੇ ਧਰਮ ਵਿਚ ਰਿਵਾਇਤ ਅਤੇ ਹਿਦਾਇਤ ਦਾ ਝਗੜਾ ਸਿਰ ਚੜ੍ਹ ਕੇ ਬੋਲ ਰਿਹਾ ਹੈ । ਪਿਛਲੇ ਕੁਝ ਅਰਸੇ ਤੋਂ ਅਸੀਂ ਸੰਗਤਾਂ ਨੂੰ ਸੁਚੇਤ ਕਰ ਰਹੇ ਸਾਂ ਕਿ ਸਿੱਖ ਧਰਮ ਦੀ ਧੜੇਬੰਦਕ ਕਤਾਰਬੰਦੀ ਬੜੇ ਖਤਰਨਾਕ ਪਾਸੇ ਵਲ ਨੂੰ ਵਧ ਰਹੀ ਹੈ ਜੋ ਕਿ ਸਾਡੀ ਏਕਤਾ ਨੂੰ ਤਹਿਸ ਨਹਿਸ ਕਰ ਦੇਵੇਗੀ । ਸਿੱਖ ਮਿਸ਼ਨਰੀ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਮੁੱਦੇ ਤੇ ਸਲੋਅ ਅਤੇ ਸਾਊਥਾਲ ਵਿਚ ਸਿੱਖਾਂ ਦਰਮਿਆਨ ਹੋਏ ਟਕਰਾਅ ਨਾਲ ਅੱਜ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ । ਅੱਜ ਹਰ ਸਿੱਖ ਦੇ ਮਨ ਵਿਚ ਇਹ ਵਿਚਾਰ ਦੁਹਾਈ ਦੇ ਰਿਹਾ ਹੈ ਕਿ ਕੀ ਸਾਡੇ ਗੁਰਦੁਆਰੇ ਹਮੇਸ਼ਾਂ ਹੀ ਲੜਾਈ ਦਾ ਮੈਦਾਨ ਬਣੇ ਰਹਿਣਗੇ ? ਕੀ ਅਮਨ ਪਸੰਦ ਅਖਵਾਉਣ ਵਾਲਾ ਸਿੱਖ ਭਾਈਚਾਰਾ ਹੁਣ ਦੁਨੀਆਂ ਦੀ ਨਿਗ੍ਹਾ ਵਿਚ ਸਥਾਈ ਤੌਰ ਤੇ ਅੱਤਵਾਦੀ ਬਣਨ ਜਾ ਰਿਹਾ ਹੈ ? ਕੀ ਸਾਡੇ ਧਰਮ ਦੇ ਸਾਰੇ ਹੀ ਫੈਸਲੇ ਹੁਣ ਡਾਂਗ ਦੇ ਜ਼ੋਰ ਨਾਲ ਹੋਇਆ ਕਰਨਗੇ ?

ਆਓ ਸਭ ਤੋਂ ਪਹਿਲਾਂ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ।

ਸਾਡੇ ਸਿੱਖ ਗੁਰੂ ਸਾਹਿਬਾਨ ਦੇ 31 ਗੁਰਪੁਰਬ ਹਨ, ਕਮਾਲਾਂ ਭਰਿਆ ਗੁਰ ਇਤਹਾਸ ਅਤੇ ਸਿੱਖ ਇਤਹਾਸ ਹੈ ਪਰ ਸਭ ਪਾਸਿਓ ਪਾਸਾ ਸੰਕੋਚ ਕੇ ਅਨੇਕਾਂ ਸੰਸਥਾਵਾਂ ਕਾਫੀ ਅਰਸੇ ਤੋਂ ਆਪੋ ਆਪਣੇ ਮਹਾਂਪੁਰਖਾਂ ਨੂੰ ਪ੍ਰਚਾਰ ਕੇ ਆਪੋ ਆਪਣੇ ਧੜੇ ਦੀ ਸ੍ਰੇਸ਼ਟਤਾ ਸਥਾਪਤ ਕਰਨ ਵਲ ਵਧ ਰਹੀਆਂ ਹਨ । ਇਹਨਾਂ ਸੰਸਥਾਵਾਂ ਨਾਲ ਸਬੰਧਤ ਗੁਰਦੁਆਰਿਆਂ ਵਿਚ ਕੇਵਲ ਉਹਨਾਂ ਹੀ ਪ੍ਰਚਾਰਕਾਂ ਨੂੰ ਬੁੱਕ ਕੀਤਾ ਜਾਂਦਾ ਹੈ ਜਿਹੜੇ ਕਿ ਉਹਨਾਂ ਦੇ ਮਹਾਂਪੁਰਖਾਂ ਦਾ ਪ੍ਰਚਾਰ ਕਰਨ । ਇਸ ਸ਼੍ਰੇਣੀ ਨੂੰ ਮੋਟੇ ਤੌਰ ਤੇ ਸੰਤ ਸਮਾਜ ਕਿਹਾ ਜਾਂਦਾ ਹੈ ਅਤੇ ਸਿੱਖ ਮਿਸ਼ਨਰੀ ਪ੍ਰਚਾਰਕ ਇਹਨਾਂ ਲਈ ਪ੍ਰਮੁਖ ਖਤਰਾ ਬਣੇ ਹੋਏ ਹਨ । ਕੋਈ ਸਮਾਂ ਸੀ ਸਿੱਖਾਂ ਦਾ ਸੰਤ ਸਮਾਜ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਅਮਲਾਂ ਵਿਚ ਮਸਤ ਰਹਿੰਦਾ ਸੀ, ਪਰ ਹੁਣ ਸਮੱਸਿਆ ਉਦੋਂ ਗੰਭੀਰ ਹੋ ਗਈ ਜਦੋਂ ਤੋਂ ਕੁਝ ਇੱਕ ਕਟੜਪੰਥੀ ਅਤੇ ਖੜਕੂ ਅਖਵਾਉਣ ਵਾਲੀਆਂ ਸੰਸਥਾਵਾਂ ਦੀ ਸੰਤ ਸਮਾਜ ਨੂੰ ਹਿਮਾਇਤ ਮਿਲਣ ਲੱਗ ਪਈ । ਅੱਜ ਸ਼ਾਂਤਮਈ ਅਖਵਾਉਣ ਵਾਲੇ ਸੰਤ ਸਮਾਜ ਦੇ ਅਨੇਕਾਂ ਪ੍ਰਚਾਰਕ ਨਾਂ ਕੇਵਲ ਸਿੱਖ ਮਿਸ਼ਨਰੀਆਂ ਨੂੰ ਸਟੇਜਾਂ ਤੇ ਜਵਾਬ ਵੀ ਦੇਣ ਲੱਗ ਪਏ ਹਨ ,ਸਗੋਂ ਉਹ ਮਿਸ਼ਨਰੀਆਂ ਨੂੰ ਮਸ਼ੀਨਰੀ ਕਹਿ ਕੇ ਮੂੰਹ ਵੀ ਚਿੜਾਉਂਦੇ ਹਨ।

ਮੈਂ ਇੱਕ ਦਿਨ ਪੰਜਾਬ ਤੋਂ ਪ੍ਰੌਡ ਹੋ ਕੇ ਆਏ ਇੱਕ ਗੁਰਸਿੱਖ ਤੋਂ ਸਿੱਖ ਮਿਸ਼ਨਰੀ ਸੰਸਥਾਵਾਂ ਦੀ ਸਾਡੇ ਧਰਮ ਨੂੰ ਦੇਣ ਸਬੰਧੀ ਪੁੱਛਿਆ ਤਾਂ ਉਸ ਦਾ ਦੋ ਟੁੱਕ ਜਵਾਬ ਸੀ ਕਿ ਪੰਜਾਬ ਦੇ ਪੜ੍ਹੇ ਲਿਖੇ ਤਬਕੇ ਵਿਚ ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨੇ ਬਹੁਤ ਕੰਮ ਕੀਤਾ ਹੈ, ਜਦ ਕਿ ਘੱਟ ਪੜ੍ਹੇ ਲਿਖੇ ਵਰਗ ਵਿਚ ਸੰਤ ਸਮਾਜ ਨੇ ਕੰਮ ਕੀਤਾ ਹੈ । ਮਸਲਾ ਸਿਰਫ ਉਦੋਂ ਪੈਦਾ ਹੋ ਗਿਆ ਜਦੋਂ ਸੰਤ ਸਮਾਜ ਮਿਸ਼ਨਰੀਆਂ ਨੂੰ ਆਪਣੀ ਹੋਂਦ ਲਈ ਵੱਡਾ ਖਤਰਾ ਸਮਝਣ ਲੱਗ ਪਿਆ । ਪਿਛਲੇ ਦਿਨੀਂ ਇੱਕ ਸਜਣ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਅਗਰ ਪ੍ਰੋ: ਧੂੰਦਾ ਵਰਗੇ ਪ੍ਰਚਾਰਕ ਇਹਨਾਂ ਦੇਸ਼ਾਂ ਵਿਚ 6 ਮਹੀਨੇ ਡਟ ਕੇ ਪ੍ਰਚਾਰ ਕਰ ਦੇਣ ਤਾਂ ਸੰਤ ਸਮਾਜ ਅਤੇ ਕੱਟੜਪੰਥੀ ਸੰਸਥਾਵਾਂ ਅਸਰ ਹੀਣ ਹੋ ਜਾਣਗੀਆਂ । ਚੇਤੇ ਰਹੇ ਕਿ ਸੰਤ ਸਮਾਜ ਦੇ ਨਾਲ ਨਾਲ ਕੁਝ ਇੱਕ ਕੱਟੜਪੰਥੀ ਸੰਸਥਾਵਾਂ ਲਈ ਵੀ ਸਿੱਖ ਮਿਸ਼ਨਰੀ ਵੱਡਾ ਖਤਰਾ ਬਣਨ ਦੇ ਨਾਲ ਇਹ ਮਸਲਾ ਹੁਣ ਸੜਕ ਤੇ ਆ ਗਿਆ ਹੈ ਅਤੇ ਸਿੱਧੇ ਟਕਰਾਓ ਹੋਣ ਲੱਗ ਪਏ ਹਨ।

ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਸਾਡੀਆਂ ਕੱਟੜਪੰਥੀ ਸੰਸਥਾਵਾਂ ਲਈ ਤਾਂ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਵਰਗੇ ਗੁਰਸਿੱਖ ਵੀ ਬਹੁਤ ਵੱਡਾ ਖਤਰਾ ਰਹੇ ਹਨ । ਇਹਨਾ ਸੰਸਥਾਵਾਂ ਨਾਲ ਸਬੰਧਤ ਲੋਕ ਮਸਕੀਨ ਜੀ ਖਿਲਾਫ ਆਪਣੀ ਭੜਾਸ ਜਨਤਕ ਤੌਰ ਤੇ ਤਾਂ ਨਾਂ ਸਹੀ ਪਰ ਆਪੋ ਆਪਣੀਆਂ ਸਫਾਂ ਵਿਚ ਜ਼ਰੂਰ ਕੱਢਦੇ ਰਹੇ ਹਨ। ਹੁਣ ਕੱਟੜਪੰਥੀ ਸੰਸਥਾਵਾਂ ਵਿਚ ਨੌਜਵਾਨਾਂ ਨੂੰ ਇਸ ਹੱਦ ਤਕ ਭੜਕਾਇਆ ਗਿਆ ਹੈ ਕਿ ਉਹ ਹਰ ਮਿਸ਼ਨਰੀ ਦੀ ਦਸਤਾਰ ਉਤਾਰਨ ਅਤੇ ਉਸ ਨੂੰ ਛਿੱਲਣ ਦੇ ਲਲਕਾਰੇ ਸ਼ਰੇ ਆਮ ਮਾਰਦੇ ਹਨ । ਪਿਛਲੇ ਦਿਨੀ ਇਕੱ ਪ੍ਰਚਾਰਕ ਨੂੰ ਜਦੋਂ ਇਹਨਾਂ ਨੌਜਵਾਨਾਂ ਤੋਂ ਖਤਰਾ ਦਿੱਸਿਆ ਤਾਂ ਉਸ ਨੇ ਆਪਣੀ ਦਸਤਾਰ ਖੁਦ ਹੀ ਉਤਾਰ ਲਈ ਕਿ ਭਾਈ ਤੁਸੀਂ ਮੇਰੀ ਦਸਤਾਰ ਹੀ ਲਾਹੁਣੀ ਹੈ ਮੈਂ ਖੁਦ ਹੀ ਉਤਾਰ ਲੈਂਦਾ ਹਾਂ । ਅਜੇਹੀਆਂ ਘਟਨਾਵਾਂ ਸਾਰੇ ਸਿੱਖ ਭਾਈਚਾਰੇ ਲਈ ਬੇਹੱਦ ਸ਼ਰਮਨਾਕ ਹਨ । ਸਿੱਖ ਧਰਮ ਜਿਸ ਨੂੰ ਇਸ ਦੁਨੀਆਂ ਦਾ ਸਭ ਤੋਂ ਵੱਧ ਅਗਾਂਹ ਵਧੂ ਅਤੇ ਵਿਗਿਆਨਕ ਧਰਮ ਕਿਹਾ ਜਾਂਦਾ ਹੈ ਅੱਜ ਉਸ ਧਰਮ ਦੀ ਵਿਆਖਿਆ ਦਾ ਅਧਿਕਾਰ ਕੇਵਲ ਲੱਠ ਮਾਰਾਂ ਕੋਲ ਰਹਿ ਗਿਆ ਹੈ । ਸਿੱਖ ਸਮਾਜ ਦਾ 98 % ਭਾਈਚਾਰਾ ਪ੍ਰੋ: ਧੂੰਦਾ ਵਰਗੇ ਪ੍ਰਚਾਰਕਾਂ ਨੂੰ ਸੁਣਨਾਂ ਚਾਹੁੰਦਾ ਹੈ ਪਰ ਇਸ ਸਮਾਜ ਦੀ ਕੋਈ ਖਾੜਕੂ ਜਥੇਬੰਦੀ ਨਾਂ ਹੋਣ ਕਾਰਨ ਉਹ ਇਹਨਾਂ ਪ੍ਰਚਾਰਕਾਂ ਨੂੰ ਕੋਈ ਹਿਫਾਜਤ ਦੇਣ ਤੋਂ ਅਸਮਰਥ ਹਨ ਅਤੇ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੇ ਹਨ।

ਪ੍ਰੋ: ਧੂੰਦਾ ਵਰਗੇ ਪ੍ਰਚਾਰਕਾਂ ਦੀ ਆਪਣੇ ਆਪ ਵਿਚ ਇੱਕ ਭਾਰੀ ਸਮੱਸਿਆ ਹੈ, ਕਿ ਉਹ ਸਿੱਖ ਧਰਮ ਦੀ ਸਿਧਾਂਤਕ ਵਿਆਖਿਆ ਕਰਦੇ ਕਰਦੇ ਕਈ ਵੇਰਾਂ ਸਿੱਖ ਧਰਮ ਦੀਆਂ ਮਾਣਮੱਤੀਆਂ ਰਿਵਾਇਤਾਂ ਅਤੇ ਧਾਰਨਾਂਵਾਂ ਤੇ ਅਸਹਿ ਸੱਟ ਮਾਰ ਜਾਂਦੇ ਹਨ ਜਿਸ ਨਾਲ ਉਹਨਾਂ ਦੇ ਵਿਰੋਧੀਆਂ ਨੂੰ ਉਹਨਾਂ ਖਿਲਾਫ ਹਮਲਾ ਕਰਨ ਦਾ ਮੌਕਾ ਮਿਲ ਜਾਂਦਾ ਹੈ । ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਪ੍ਰੋ: ਧੂੰਦਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਭੁੱਲ ਬਖਸ਼ਾਉਣੀ ਪਈ ਸੀ । ਨਾਮ ਸਿਮਰਨ, ਬਿਬੇਕ, ਰਹਿਤ, ਕੀਰਤਨ, ਸਰੋਵਰ, ਲੰਗਰ, ਕਾਰ ਸੇਵਾ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਹਿੱਤ ਚੜ੍ਹਦੇ ਚੰਦੋਏ ਤੇ ਰੁਮਾਲੇ ਅਤੇ ਹੋਰ ਅਨੇਕਾਂ ਅਜੇਹੀਆਂ ਅਜੇਹੀਆਂ ਗੱਲਾਂ ਹਨ ਜਿਹਨਾਂ ਬਾਰੇ ਸਾਡੇ ਪ੍ਰਚਾਰਕਾਂ ਨੂੰ ਬੋਲਣ ਸਮੇਂ ਬਹੁਤ ਸਮਝ ਅਤੇ ਸੰਕੋਚ ਤੋਂ ਕੰਮ ਲੈਣ ਦੀ ਲੋੜ ਹੈ । ਸਭ ਤੋਂ ਵੱਧ ਖਤਰਨਾਕ ਮਸਲਾ ਦਸਮ ਗ੍ਰੰਥ ਦਾ ਹੈ ਜਿਸ ਨੂੰ ਹੁਣ ਸੰਤ ਸਮਾਜ ਅਤੇ ਕੁਝ ਕਟੜਪੰਥੀ ਸੰਸਥਾਵਾਂ ਨੇ ਸ੍ਰੀ ਗੁਰੂ ਦਸਮ ਗ੍ਰੰਥ ਕਹਿ ਕੇ ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਤ ਕਰਨ ਦਾ ਇੱਕ ਤਰਾਂ ਨਾਲ ਦ੍ਰਿੜ ਫੈਸਲਾ ਕਰ ਲਿਆ ਹੈ । ਉਹਨਾਂ ਸਾਹਮਣੇ ਸਿੱਖ ਮਿਸ਼ਨਰੀ ਸਭ ਤੋਂ ਵੱਡਾ ਰੋੜਾ ਹਨ ਅਤੇ ਉਹ ਕਿਸੇ ਵੀ ਕੀਮਤ ਤੇ ਇਸ ਰੋੜੇ ਨੂੰ ਹਟਾਉਣ ਲਈ ਹਰ ‘ਕੁਰਬਾਨੀ’ ਕਰਨ ਨੂੰ ਤਿਆਰ ਹਨ। ਪਿਛਲੇ ਦਿਨੀ ਸਾਡੇ ਕਿਸੇ ਮਿੱਤਰ ਨੇ ਇੱਕ ਨੌਜਵਾਨ ਨੂੰ ਇਥੋਂ ਤਕ ਕਹਿੰਦਿਆਂ ਵੀ ਸੁਣਿਆ ਹੈ ਕਿ ਉਸ ਨੇ ਤਾਂ ਉਮਰ ਕੈਦ ਹੀ ਕੱਟਣੀ ਹੈ ਚਲੋ ਕਿਸੇ ਦੁਸ਼ਟ (ਪ੍ਰਚਾਰਕ) ਨੂੰ ਸੋਧ ਕੇ ਹੀ ਸਹੀ । ਸੋਚਣ ਵਾਲੀ ਗੱਲ ਹੈ ਕਿ ਇਹਨਾ ਨੌਜਵਾਨਾਂ ਨੂੰ ਇਸ ਹੱਦ ਤਕ ਭੜਕਾਉਣ ਵਾਲੇ ਕਿਸ ਧਰਮ ਦੀ ਸੇਵਾ ਕਰ ਰਹੇ ਹਨ!

ਚੰਗਾ ਹੁੰਦਾ ਅਗਰ ਮਿਸ਼ਨਰੀ ਅਤੇ ਗੈਰ ਮਿਸ਼ਨਰੀ ਸਾਰੀਆਂ ਹੀ ਸਿੱਖ ਸੰਸਥਾਵਾਂ ਸਿੱਖ ਰਹਿਤ ਮਰਿਯਾਦਾ ਦੇ ਮੁੱਦੇ ਤੇ ਸਹਿਮਤ ਹੋ ਕੇ ਇਸ ਟਕਰਾਓ ਨੂੰ ਟਾਲ ਲੈਂਦੀਆਂ ਪਰ ਅਫਸੋਸ ਇਹ ਹੈ ਕਿ ਕੁਝ ਕੱਟੜਪੰਥੀ ਲੋਕ ਆਪਣੇ ਹੀ ਧੜੇ ਦੀ ਮਰਿਯਾਦਾ ਨੂੰ ਹੀ ਪੰਥ ਦੀ ਮਰਿਯਾਦਾ ਵਜੋਂ ਸਥਾਪਤ ਕਰਨ ਲਈ ਪੂਰੀ ਤਰਾਂ ਜ਼ੋਰ ਅਜ਼ਮਾਈ ਕਰ ਰਹੇ ਹਨ । ਸਭ ਤੋਂ ਵੱਡੀ ਔਕੜ ਉਦੋਂ ਬਣ ਜਾਂਦੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਵਰਗੀਆਂ ਸੰਸਥਾਵਾਂ ਸਿੱਖ ਸਮਾਜ ਦੇ ਮਰਿਯਾਦਾ ਦੇ ਮੁੱਦੇ ਤੇ ਮੂਕ ਦਰਸ਼ਕ ਬਣ ਜਾਂਦੀਆਂ ਹਨ । ਇਹਨਾਂ ਸੰਸਥਾਵਾਂ ਉਪਰ ਬਾਦਲ ਦਲ ਦਾ ਅਧਿਕਾਰ ਹੈ ਅਤੇ ਬਾਦਲ ਦਲ ਦੀ ਸੰਤ ਸਮਾਜ ਨਾਲ ਭਾਈਵਾਲੀ ਹੈ ਜਿਸ ਦੇ ਸਿੱਟੇ ਵਜੋਂ ਸਿੱਖ ਰਹਿਤ ਮਰਿਯਾਦਾ ਦੀ ਸ਼ਰੇਆਮ ਉਲੰਘਣਾਂ ਹੋ ਰਹੀ ਹੈ ਅਤੇ ਸਾਡੇ ਜਥੇਦਾਰ ਪੰਥ ਨੂੰ ਕੋਈ ਨਿੱਗਰ ਸੇਧ ਦੇ ਕੇ ਇਸ ਸੰਕਟ ਵਿਚੋਂ ਬਾਹਰ ਕੱਢਣ ਲਈ ਕੋਈ ਵੀ ਭੂਮਿਕਾ ਨਿਭਾਉਂਦੇ ਨਜ਼ਰ ਨਹੀਂ ਆਉਂਦੇ।

ਅਖੀਰ ਤੇ ਅਸੀਂ ਸਿੱਖ ਮਿਸ਼ਨਰੀ ਅਤੇ ਗੈਰ ਮਿਸ਼ਨਰੀ ਸਾਰੀਆਂ ਹੀ ਸੰਸਥਾਵਾਂ ਦੇ ਪ੍ਰਚਾਰਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪੰਥ ਨੂੰ ਇਸ ਸੰਕਟ ਵਿਚੋਂ ਕਢਣ ਲਈ ਸਧਾਰਨ ਸੂਝ ( ਕਾਮਨ ਸੈਂਸ ) ਤੋਂ ਕੰਮ ਲੈਣ । ਧਰਮ ਦੀ ਸੇਵਾ ਅਧਾਰਮਕ ਅਮਲਾਂ ਨਾਲ ਕਦੀ ਵੀ ਨਹੀਂ ਕੀਤੀ ਜਾ ਸਕਦੀ । ਸੱਚ ਦੀ ਸਥਾਪਤੀ ਲਈ ਝੂਠ, ਬੁਰਛਾਗਰਦੀ, ਹੁਲੜਬਾਜ਼ੀ, ਗੁੰਡਾਗਰਦੀ ਅਤੇ ਹਿੰਸਾ ਨੂੰ ਸੰਦ ਵਜੋਂ ਵਰਤਣ ਦੇ ਲਲਕਾਰੇ ਹੀ ਸਾਬਤ ਕਰਦੇ ਹਨ ਕਿ ਇਹ ਧਰਮ ਦੇ ਨਹੀਂ ਸਗੋਂ ਅਧਰਮ ਦੇ ਹੀ ਅਮਲ ਹਨ।

ਮਿਸ਼ਨਰੀ ਅਤੇ ਗੈਰ ਮਿਸ਼ਨਰੀ ਸਿੱਖਾਂ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਦੀ ਹਦਾਇਤ ਅਨੁਸਾਰ ਅਤੇ ਆਪਣੇ ਜੀਵਨ ਵਿਚ ਗੁਰੂ ਦੇ ਗਿਆਨ ਦਾ ਦੀਵਾ ਜਗਾ ਕੇ ਜੀਵਨ ਨੂੰ ਰੌਸ਼ਨ ਕਰੀਏ ਤੇ ਸੱਚ ਦੇ ਮਾਣਕਾਂ ਨਾਲ ਭਰ ਲਈਏ ਤਾਂ ਕਿ ਹਨੇਰੇ ਦੇ ਅਮਲਾਂ ਨਾਲ ਆਪਣਾ ਅਤੇ ਹੋਰਾਂ ਦਾ ਜਿਊਣਾਂ ਹਰਾਮ ਨਾ ਹੋਵੇ:

"ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ, ਰਤਨ ਕੋਠੜੀ ਖੁਲ੍ਹੀ ਅਨੂਪਾ ॥੧॥" SGGS 821

ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ !
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ !!”


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top