Share on Facebook

Main News Page

ਦੀਵਾਲੀ, ਹਨੇਰਾ, ਬਾਰੂਦ, ਪਟਾਕੇ ਅਤੇ ਲਛਮੀ
-
ਅਵਤਾਰ ਸਿੰਘ ਮਿਸ਼ਨਰੀ (5104325827) singhstudent@gmail.com

ਮਿਥਿਹਾਸਕ ਤੌਰ 'ਤੇ ਹਿੰਦੂਆਂ ਵਿੱਚ ਦੀਵਾਲੀ ਸ੍ਰੀ ਰਾਮ ਚੰਦਰ ਦੇ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਆਉਣ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ ਅਤੇ ਲਸ਼ਮੀ ਪੂਜਨ ਕੀਤਾ ਜਾਂਦਾ,  ਮਠਿਆਈਆਂ ਵੰਡੀਆਂ, ਖਾਦੀਆਂ ਅਤੇ ਬਾਰੂਦੀ ਪਟਾਕੇ ਚਲਾਏ ਜਾਂਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਮ ਚੰਦਰ ਦੇ ਬਨਵਾਸ ਕੱਟ ਕੇ ਆਉਣ ਤੋਂ ਪਹਿਲਾਂ ਲੋਕ ਖੁਸ਼ੀ ਦੇ ਦੀਵੇ ਨਹੀਂ ਬਾਲਦੇ ਸਨ? ਉੱਤਰ ਹੈ ਪਹਿਲੇ ਵੀ ਲੋੜ ਅਤੇ ਖੁਸ਼ੀ ਵੇਲੇ ਦੀਵਾਲੀਆਂ ਜਗਦੀਆਂ ਸਨ। ਕਰਤਾਰ ਨੇ ਸੰਸਾਰ ਨੂੰ ਕੁਦਰਤੀ ਰੂਪ ਵਿੱਚ ਚਾਨਣ ਲਈ ਸੂਰਜ, ਚੰਦ ਅਤੇ ਤਾਰੇ ਦਿੱਤੇ ਹਨ। ਦਿਨ ਚਾਨਣ ਅਤੇ ਰਾਤ ਹਨੇਰੇ ਦੀ ਪ੍ਰਤੀਕ ਹੈ। ਮਨੁੱਖ ਨੇ ਜਦ ਦੇ ਤੇਲ, ਘਿਓ ਅਤੇ ਦੀਵੇ ਪੈਦਾ ਕੀਤੇ ਹਨ ਓਦੋਂ ਤੋਂ ਹੀ ਰਾਤ ਦੇ ਅੰਧੇਰੇ ਨੂੰ ਦੂਰ ਕਰਨ ਲਈ ਦੀਵੇ ਚਰਾਗ ਜਗਾ ਰਿਹਾ ਸੀ। ਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ ਰੋਸ਼ਨੀ (ਚਾਨਣ) ਦੇ ਸਾਧਨ ਬਦਲਦੇ ਗਏ ਅੱਜ 21 ਵੀਂ ਸਦੀ ਵਿੱਚ ਬਿਜਲੀ ਰਾਹੀਂ ਹਰ ਤਰਾਂ ਦੀ ਰੋਸ਼ਨੀ ਅਤੇ ਸਜਾਵਟ ਕੀਤੀ ਜਾ ਰਹੀ ਹੈ।

ਮਿਥਿਹਾਸਿਕ ਮਨੌਤ ਅਨੁਸਾਰ ਲਛਮੀ ਧੰਨ ਦੌਲਤ ਦੀ ਦੇਵੀ ਹੈ ਜੋ ਪੁਰਾਣਾ ਵਿੱਚ ਵਿਸ਼ਨੂੰ ਦੀ ਇਸਤਰੀ ਲਿਖੀ ਹੈ, ਇਸ ਨੂੰ ਕਾਂਮ ਦੀ ਮਾਤਾ ਮੰਨਿਆਂ ਗਿਆ ਹੈ ਅਤੇ ਸਮੁੰਦਰ ਰਿੜਕਣ ਤੋਂ ਇਸ ਦਾ ਪ੍ਰਗਟ ਹੋਣਾ ਕਲਪਿਆ ਹੈ। ਇਸੇ ਲਈ ਇਸ ਦਾ ਨਾਮ ਇੰਦਰਾ ਅਤੇ ਜਲਧਿਜਾ ਵੀ ਹੈ। ਇਹ ਹੱਥ ਵਿੱਚ ਕਮਲ ਰੱਖਦੀ ਹੈ ਇਸ ਕਰਕੇ ਇਸ ਦਾ ਨਾਂ ਪਦਮਾਂ ਵੀ ਪ੍ਰਸਿੱਧ ਹੈ (ਮਹਾਨ ਕੋਸ਼-1055) ਡਾ. ਰਤਨ ਸਿੰਘ ਜੱਗੀ "ਗੁਰੂ ਗ੍ਰੰਥ ਵਿਸ਼ਵਕੋਸ਼" ਦੇ ਸਫਾ 461 ਤੇ ਲਿਖਦੇ ਹਨ ਕਿ ਲਛਮੀ ਚਾਰ ਭੁਜਾਵਾਂ ਵਾਲੀ ਸੁੰਦਰਤਾ ਦੀ ਸਾਕਾਰ ਮੂਰਤੀ ਹੈ। ਇਸਦੇ ਹੱਥ ਵਿੱਚ ਕਮਲ ਫੜਿਆ ਹੁੰਦਾ ਹੈ ਅਤੇ ਇਸ ਦਾ ਆਪਣਾ ਕੋਈ ਮੰਦਿਰ ਜਾਂ ਧਰਮ-ਧਾਮ ਨਹੀਂ ਇਸ ਨੂੰ ਧੰਨ ਅਤੇ ਚੰਗੀ ਕਿਸਮਤ ਦੀ ਦੇਵੀ ਮੰਨ ਲੈਣ ਨਾਲ ਇਸ ਦੀ ਪੂਜਾ ਹੁੰਦੀ ਰਹਿੰਦੀ ਹੈ। ਦੀਵਾਲੀ ਵਾਲੇ ਦਿਨ ਤਾਂ ਇਸ ਦੀ ਉਚੇਚੀ ਪੂਜਾ ਹੁੰਦੀ ਹੈ ਕਿਉਂਕਿ ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਦਿਵਾਲੀ ਵਾਲੇ ਦਿਨ ਲਛਮੀ ਦੇਵੀ ਹਰ ਘਰ ਦੇ ਅੰਦਰ ਜਾਂਦੀ ਹੈ। ਇਸ ਲਈ ਲੋਕੀ ਆਪਣਾ ਘਰ-ਬਾਰ ਸਜਾ ਕੇ ਸਾਰੀ ਰਾਤ ਦੀਵੇ ਬਾਲ ਕੇ ਇਸ ਦੇ ਆਉਣ ਦੀ ਇੰਤਜਾਰ ਕਰਦੇ ਹਨ ਅਤੇ ਵਕਤ ਪਾਸ ਕਰਨ ਲਈ ਜੂਆ ਆਦਿ ਵੀ ਖੇਡਦੇ ਹਨ।
ਸਿੱਖਾਂ ਵਿੱਚ ਵੀ ਇਹ ਪ੍ਰਚੱਲਤ ਕਰ ਦਿੱਤਾ ਗਿਆ ਹੈ ਕਿ ਜਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਗੁਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਅੰਮ੍ਰਿਤਸਰ ਆਏ ਸਨ ਤਾਂ ਸਿੱਖਾਂ ਨੇ ਇਸ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ। ਅੱਜ ਕੱਲ੍ਹ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ ਪਰ ਇਤਿਹਾਸ ਨੂੰ ਪੜ੍ਹਨ ਅਤੇ ਵਾਚਨ ਵਾਲੇ ਲੋਕ ਜਾਣਦੇ ਹਨ ਕਿ ਭੱਟ ਵਹੀਆਂ ਅਨੁਸਾਰ ਗੁਰੂ ਹਰਗੋਬਿੰਦ ਸਪੁੱਤਰ ਗੁਰੂ ਅਰਜਨ ਜੀ ਤਾਂ ਦੀਵਾਲੀ ਤੋਂ ਕਈ ਮਹੀਨੇ ਪਿੱਛੋਂ ਜੋ ਫਰਵਰੀ ਦਾ ਅੰਤ ਬਣਦਾ ਹੈ ਨੂੰ ਅੰਮ੍ਰਿਤਸਰ ਪੁੱਜੇ ਸਨ। ਦੂਜਾ ਬਾਬਰ ਦੀ ਕੈਦ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਜਿੱਥੇ ਚੱਕੀਆਂ ਪੀਹਣ ਦੀ ਸਜਾ ਭੁਗਤ ਰਹੇ ਲੋਕਾਂ ਨੂੰ ਬਾਬਰ ਦੀ ਬੰਦੀ ਵਿੱਚੋਂ ਬਾਬਾ ਨਾਨਕ ਜੀ ਨੇ ਛੁਡਾਇਆ ਸੀ।  ਇਸ ਲਈ ਪਹਿਲੇ ਬੰਦੀ ਛੋੜ ਤਾਂ "ਜ਼ਾਹਰ ਪੀਰ ਜਗਤ ਗੁਰ ਬਾਬਾ" ਗੁਰੂ ਨਾਨਕ ਸਾਹਿਬ ਜੀ ਹੀ ਹਨ। ਸਿੱਖਾਂ ਨੇ ਉਪਹਿਲੇ ਬੰਦੀ ਛੋੜ ਦਾਤੇ ਦਾ "ਬੰਦੀ ਛੋੜ ਦਿਵਸ" ਕਿਉਂ ਵਿਸਾਰ ਦਿੱਤਾ? ਸਿੱਖਾਂ ਦੇ ਤਿਉਹਾਰ ਤੇ ਗੁਰ-ਪੁਰਬ ਹਿੰਦੂਆਂ ਨਾਲ ਰਲ-ਗਡ ਕਿਉਂ ਕੀਤੇ ਗਏ? ਜਿਵੇਂ ਗੁਰੂ ਨਾਨਕ ਸਹਿਬ ਦਾ ਪ੍ਰਕਾਸ਼ ਵੈਸਾਖ ਦੀ ਥਾਂ ਕੱਤਕ ਦੀ ਪੂਰਨਮਾਸ਼ੀ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਦੀ ਥਾਂ ਹਜ਼ੂਰ ਸਾਹਿਬ ਦਸਹਿਰਾ ਮਨੌਣਾ, ਸ੍ਰੀ ਕੇਸਗੜ੍ਹ ਸਾਹਿਬ ਵੈਸਾਖੀ ਦੀ ਥਾਂ ਹੋਲਾ ਅਤੇ ਸ੍ਰੀ ਮੁਕਤਸਰ ਸਾਹਿਬ ਗਰਮੀਆਂ ਵਿਖੇ ਹੋਏ ਯੁੱਧ ਦਾ ਦਿਨ ਛੱਡ ਕੇ ਮਾਘੀ ਮਨਾਉਣਾ ਆਦਿਕ। ਹੋਰ ਤਾਂ ਹੋਰ ਅੱਜ ਬਹੁਤੇ ਗੁਰਦੁਆਰਿਆਂ ਵਿੱਚ-ਥਿਤਿ ਵਾਰ ਸੇਵਹਿ ਮੁਗਧ ਗਵਾਰ (ਗੁਰੂ ਗ੍ਰੰਥ) ਗੁਰੂ ਦੇ ਅਕੱਟ ਹੁਕਮ ਦੇ ਉੱਲਟ ਪੂਰਨਮਾਸ਼ੀ, ਮੱਸਿਆ ਅਤੇ ਸੰਗ੍ਰਾਂਦ ਆਦਿ ਬ੍ਰਾਹਮਣੀ ਪੁਰਬ ਬੜੀ ਧੂੰਮ-ਧਾਮ ਨਾਲ ਮਨਾਏ ਜਾਂਦੇ ਹਨ। ਹਿੰਦੂ-ਮਤ ਦਾ ਪ੍ਰਭਾਵ ਹੋਣ ਕਾਰਨ ਉਪ੍ਰੋਕਤ ਦਿਨਾਂ ਵਿੱਚ ਆਂਮ ਲੋਕਾਂ ਦਾ ਇਕੱਠ ਜ਼ਿਆਦਾ ਹੋਣ ਕਾਰਣ ਪੈਸਾ ਵੀ ਵੱਧ ਇਕੱਠਾ ਹੋ ਜਾਂਦਾ ਹੈ। ਸੋ ਰਲ-ਗਡ ਹੋ ਗਏ ਇਤਿਹਾਸ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਦੁਬਾਰਾ ਵਾਚਣ ਅਤੇ ਲਿਖਣ ਦੀ ਅਤਿਅੰਤ ਲੋੜ ਹੈ।
ਸਿੱਖ ਨੇ ਗੁਰੂ ਤੋਂ ਰੋਸ਼ਨੀ ਲੈਣੀ ਹੈ ਨਾਂ ਕਿ ਮਿਥਿਹਾਸਕ ਗ੍ਰੰਥਾਂ ਅਤੇ ਸੋ ਕਾਲਡ ਕਹਾਣੀਆਂ ਦੇ ਅੰਧੇਰੇ ਵਿੱਚ ਹੀ ਫਸੇ ਰਹਿਣਾ ਹੈ। ਗੁਰਮਤਿ ਵਿੱਚ ਲਛਮੀ ਪੂਜਾ ਨੂੰ ਕੋਈ ਥਾਂ ਨਹੀਂ ਸਗੋਂ ਅਕਾਲ ਦੀ ਪੂਜਾ ਦਾ ਵਿਧਾਨ ਹੈ "ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਅਤੇ ਦਿਦਾਰ ਖਾਲਸੇ ਕਾ ਨਾਂ ਕਿ ਕਿਸੇ ਭੇਖੀ ਸਾਧ ਦਾ" ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਹਰ ਵੇਲੇ ਗੁਰਬਾਣੀ ਗਿਆਨ ਦੀ ਦੀਵਾਲੀ ਜਗਦੀ ਰਹਿੰਦੀ ਹੈ। ਵਾਤਵਰਣ ਸਵੱਸ਼ ਅਤੇ ਸਾਫ ਹੁੰਦਾ ਹੈ। ਗੁਰਬਾਣੀ ਮਨ ਨੂੰ ਸ਼ਾਤ ਕਰਦੀ ਅਤੇ ਉਖੜਿਆ ਮਨ ਵੀ ਟਿਕ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬਾਨਾਂ ਨੇ ਆਪਣੇ ਮਜੂਦਾ ਸਰੀਰਕ ਜੀਵਨ ਸਮੇਂ ਇਸ ਪਵਿੱਤਰ, ਗਿਆਨ ਦੇ ਸੋਮੇਂ ਅਤੇ ਸਰਬਸਾਂਝੇ ਅਸਥਾਂਨ ਨੂੰ ਯੁੱਧ ਦਾ ਅਖਾੜਾ ਨਹੀਂ ਬਣਾਇਆ ਸਗੋਂ ਸਾਰੇ ਜੰਗ-ਯੁੱਧ ਬਾਹਰ ਹੀ ਲੜੇ ਹਨ। ਫਿਰ ਕੀ ਸਿੱਖਾਂ ਨੂੰ ਐਸੇ ਸਾਫ-ਸੁਥਰੇ ਅਤੇ ਮਨ ਦੇ ਟਿਕਾ ਵਾਲੇ ਪਵਿਤਰ ਗਿਆਨ ਦੇ ਅਸਥਾਂਨ ਤੇ ਅਤਸ਼ਬਾਜੀ ਦਾ ਜ਼ਹਿਰ ਅਤੇ ਵਾਤਾਵਰਣ ਨੂੰ ਗੰਧਲਾ ਕਰਨ ਵਾਲੇ ਪਟਾਕੇ ਚਲਾ ਕੇ ਕੁਦਰਤੀ ਜਲੌ ਨੂੰ ਖਰਾਬ ਕਰਨਾ ਅਤੇ  ਇਸ ਦਿਨ ਕਰੋੜਾਂ ਰੁਪਿਆ ਭੰਗ ਦੇ ਭਾੜੇ ਫੂਕਣਾ ਚਾਹੀਦਾ ਹੈ?
ਗੁਰੂ ਸਹਿਬਾਂਨ ਤਾਂ ਸਾਰੀ ਖਲਕਤ ਨੂੰ ਪਿਆਰ ਭਰਿਆ ਗਿਆਨਮਈ ਉਪਦੇਸ਼ ਦਿੰਦੇ ਅਤੇ ਲੋੜਵੰਦਾਂ ਦੀ ਮਦਦ ਕਰਦੇ ਸਨ। ਇਸ ਕਰਕੇ ਧੜਾ-ਧੜ ਲੋਕ, ਜੋ ਅਧੁਨਿਕ ਵਿਗਿਆਨਕ ਅਤੇ ਅਗਾਂਹ ਵਧੂ ਸਿੱਖ ਧਰਮ ਹੈ ਨੂੰ ਅਪਣਾਈ ਜਾ ਰਹੇ ਸਨ। ਜਰਾ ਸੋਚੋ! ਕੀ ਗੁਰੂ ਜੀ ਅਜਿਹੇ ਦੀਵਾਲੀਆਂ ਦਸਹਿਰਿਆਂ ਵਾਲੇ ਅਡੰਬਰ ਰਚ, ਲੋਕਾਂ ਨੂੰ ਪ੍ਰਭਾਵਿਤ ਕਰਕੇ ਸਿੱਖ ਬਣਾਉਂਦੇ ਸਨ? ਗੁਰਬਾਣੀ ਵਿਚਾਰਨ ਤੇ ਪਤਾ ਚਲਦਾ ਹੈ ਨਹੀਂ।
ਸੋ ਜੇ ਦੀਵਾਲੀ ਬਾਲਣੀ ਹੀ ਹੈ ਤਾਂ ਸਭਿਅਕ ਢੰਗ ਅਪਨਾਉਣਾ ਚਾਹੀਦਾ ਹੈ। ਸ਼ਹਿਰ ਜਾਂ ਪਿੰਡ ਦੇ ਬਾਹਰਵਾਰ ਕੋਈ ਨਵੇਕਲੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਸਭ ਮਾਈ ਭਾਈ ਰਲ ਮਿਲ ਕੇ ਘੱਟ ਬਾਰੂਦ ਵਾਲੀ ਸੌਫਟ ਅਸ਼ਤਬਾਜੀ ਅਤੇ ਰੋਸ਼ਨੀ ਦਾ ਅਨੰਦ ਮਾਨਣ ਅਤੇ ਗਿਆਨਮਈ ਲਿਟ੍ਰੇਚਰ ਵੰਡਣ। ਦੇਖੋ ਅਮਰੀਕਾ ਵਿਖੇ ਵੀ ਲੋਕ ਫੋਰਥ ਜੁਲਾਈ ਨੂੰ ਸ਼ਪੈਸ਼ਲ ਅਬਾਦੀ ਤੋਂ ਦੂਰ ਸੇਫ ਥਾਵਾਂ ਤੇ ਸੌਫਟ ਆਤਸ਼ਬਾਜੀ ਚਲਾਉਂਦੇ ਹਨ ਜੋ ਧੂੰਆਂ ਅਤੇ ਖੜਕਾ ਘੱਟ ਅਤੇ ਰੋਸ਼ਨੀ ਵੱਧ ਕਰਦੀ ਹੈ। ਸਾਨੂੰ ਵੱਧ ਤੋਂ ਵੱਧ ਪੈਸੇ ਦਾ ਬਚਾ ਕਰਕੇ ਲੋੜਵੰਦ ਜੋ ਢਿੱਡੋਂ ਭੁੱਖੇ, ਸਰੀਰੋਂ ਨੰਗੇ, ਛੱਤ ਤੋਂ ਵਾਂਝੇ ਫੁੱਟ ਪਾਥਾਂ ਜਾਂ ਹਨੇਰੀਆਂ ਝੁੱਗੀਆਂ ਵਿੱਚ ਦਿਨ ਕਟੀ ਕਰ ਰਹੇ ਹਨ ਓਥੇ ਭੋਜਨ, ਪਾਣੀ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਮਠਾਈਆਂ ਵਿੱਚ ਰਹਿੰਦ-ਖੂੰਹਦ ਦੀ ਥਾਂ ਸ਼ੁੱਧ ਅਤੇ ਨਰੋਏ ਪਦਾਰਥ ਹੀ ਵਰਤਨੇ ਚਾਹੀਦੇ ਹਨ। ਇਸ ਦਿਨ ਸ਼ਰਾਬਾਂ ਪੀਣੀਆਂ ਅਤੇ ਜੂਏ ਖੇਲ੍ਹਣੇ ਕਿਧਰ ਦੀ ਖੁਸ਼ੀ ਅਤੇ ਸਭਿਅਤਾ ਹੈ? ਸਿੱਖਾਂ ਨੂੰ ਇਹ ਦਿਨ ਗਿਆਨ ਦੇ ਚਰਾਗ ਵਜੋਂ ਹੀ ਮਨਾਉਣਾ ਚਾਹੀਦਾ ਹੈ ਕਿਉਂਕਿ ਗਿਆਨ ਦੇ ਚਰਾਗ ਹੀ ਬੁਝੇ ਹੋਏ ਮਨ ਦੇ ਦੀਵਿਆਂ ਨੂੰ ਜਗਾ ਸਕਦੇ ਹਨ-ਬਲਿਓ ਚਰਾਗੁ ਅੰਧਿਆਰ ਮਹਿ ਸਭ ਕਲ ਉਧਰੀ ਇਕੁ ਨਾਮੁ ਧਰਮੁ॥(1387)  
ਜਿਵੇਂ ਸੂਰਜ ਦੇ ਸਾਹਮਣੇ ਦੀਵੇ ਦੀ ਕੀ ਵੁਕਤ ਹੈ, ਇਵੇਂ ਹੀ "ਗੁਰੂ ਗ੍ਰੰਥ ਰੂਪੀ ਚਰਾਗ ਦੀਵੇ" ਦੀ ਥਾਂ ਹੋਰ ਗ੍ਰੰਥ, ਕਿੱਸੇ ਕਹਾਣੀਆਂ, ਕੋਈ ਵੁਕਤ ਨਹੀਂ ਰੱਖਦ। ਸਿੱਖਾਂ ਨੂੰ ਇਸ ਦਿਨ ਗੁਰਬਾਣੀ ਅਰਥਾਂ ਦੀਆਂ ਪੋਥੀਆਂ, ਗੁਰਮਤਿ ਫਿਲਾਸਫੀ ਦੀਆਂ ਕਿਤਾਬਾਂ ਅਤੇ ਗੁਰਬਾਣੀ ਦੀ ਕਸਵੱਟੀ ਤੇ ਪਰਖੇ ਸ਼ੁੱਧ ਇਤਿਹਾਸ ਦੀਆਂ ਪੁਸਤਕਾਂ, ਸੀਡੀਆਂ ਅਤੇ ਅਧੁਨਿਕ ਮੀਡੀਏ ਦੇ ਦੀਵੇ ਵੀ ਜਰੂਰ ਬਾਲਣੇ ਚਾਹੀਦੇ ਹਨ ਨਾਂ ਕਿ ਮਹਿੰਗੇ-ਮਹਿੰਗੇ ਖਤਰਨਾਕ ਪਟਾਕਿਆਂ ਅਤੇ ਵੰਨਸੁਵੰਨੀਆਂ ਪਰ ਘਟੀਆ ਦਰਜੇ ਦੀਆਂ ਮਠਿਆਈਆਂ ਨਾਲ ਪੈਸਾ ਅਤੇ ਸਿਹਤ ਬਰਬਾਦ ਕਰਨੀ ਨਹੀ ਕਰਨੀ ਚਾਹੀਦੀ। “ਦੀਵਾਲੀ ਕੀ ਰਾਤ ਦੀਵੇ ਬਾਲੀਅਨ” ਵਾਲੀ ਤੁਕ ਹੀ ਨਹੀਂ ਰਟੀ ਜਾਣੀ ਚਾਹੀਦੀ ਜੋ ਕਿਸੇ ਹੋਰ ਭਾਵ ਵਿੱਚ ਭਾਈ ਗੁਰਦਾਸ ਜੀ ਨੇ ਅਜਿਹੀਆਂ ਕਈ ਹੋਰ ਉਦਾਹਰਣਾ ਦੇ ਕੇ ਸਮਝਾਉਂਦਿਆਂ ਉਚਾਰੀ ਹੈ। ਸੋ ਗੁਰਮਤਿ ਨਾਲ, ਲਛਮੀ ਪੂਜਨ ਵਾਲੀ ਦੀਵਾਲੀ ਦਾ ਕੋਈ ਸਬੰਧ ਨਹੀਂ ਸਗੋਂ ਕਿਰਤ ਕਰਕੇ ਲਛਮੀ (ਮਾਇਆ) ਪੈਦਾ ਕਰਣੀ ਜਾਂ ਕਮਾਉਣ ਦਾ ਵਿਧਾਨ ਹੈ। ਲਛਮੀ (ਦੌਲਤ) ਤਾਂ ਹੱਥਾਂ ਦੀ ਕਿਰਤ ਹੈ ਨਾਂ ਕਿ ਕੋਈ ਮਿਥਿਹਾਸਕ ਦੇਵੀ ਜੋ ਸਾਡੇ ਰਾਤ ਨੂੰ ਘਰ ਦੇ ਦਰਵਾਜੇ ਖੁੱਲ੍ਹੇ ਰੱਖਣ ਨਾਲ ਹੀ ਅੰਦਰ ਆਉਂਦੀ ਹੈ। ਜੇ ਐਸਾ ਹੁੰਦਾ ਹੋਏ ਤਾਂ ਗਰੀਬ ਲੋਕ ਜਿਨ੍ਹਾਂ ਦੇ ਕੋਈ ਘਰ ਘਾਟ ਨਹੀਂ ਜਾਂ ਟੁੱਟੀਆਂ-ਫੁੱਟੀਆਂ ਖੁੱਲ੍ਹੀਆਂ ਝੁੱਗੀਆਂ ਹੀ ਹੁੰਦੀਆਂ ਹਨ, ਕਥਿਤ ਲਛਮੀ ਓਥੇ ਕਿਉਂ ਨਹੀਂ ਜਾਂਦੀ? ਲਛਮੀ (ਧੰਨ ਦੌਲਤ) ਦੀ ਕੋਈ ਦੇਵੀ ਨਹੀਂ ਸਗੋਂ ਹੱਥੀਂ ਕੀਤੀ ਕਿਰਤ ਹੈ ਜੋ ਮਿਹਨਤ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ ਨਾਂ ਕਿ ਘਰ ਦੇ ਦਰਵਾਜੇ ਖੁੱਲ੍ਹੇ ਰੱਖਣ ਦੇ ਵਹਿਮ ਨਾਲ। ਖੁੱਲ੍ਹੇ ਦਰਵਾਜਿਆਂ ਵਿੱਚ ਤਾਂ ਸਗੋਂ ਕਈ ਵਾਰ ਕੁੱਤੇ ਬਿੱਲੇ ਅਤੇ ਚੋਰ ਆ ਵੜਦੇ ਹਨ ਜੋ ਖਾ ਪੀ ਕੇ ਘਰ ਵਿੱਚ ਪਈ ਲਛਮੀ ਨੂੰ ਵੀ ਲੁੱਟ ਲੈ ਜਾਂਦੇ ਹਨ।
ਅੱਜ ਸਿੱਖ ਗੁਰਦੁਆਰਿਆਂ ਅਤੇ ਘਰਾਂ ਵਿੱਚ ਵੀ ਦੀਵੇ ਥੱਲੇ ਹਨੇਰਾ ਪਸਰਿਆ ਪਿਆ ਹੈ। ਦੇਖੋ! ਹਰ ਤਰ੍ਹਾਂ ਦੀਆਂ ਅਧੁਨਿਕ ਰੋਸ਼ਨੀਆਂ, ਲਾਈਟਾਂ ਜਗਣ ਦੇ ਬਾਵਜੂਦ ਵੀ ਨਿਸ਼ਾਨ ਸਾਹਿਬ ਆਦਿਕ ਦੇ ਥੜਿਆਂ ਦੇ ਆਲੇ-ਦੁਆਲੇ ਅੰਨ੍ਹੇਵਾਹ ਮੋਮਬੱਤੀਆਂ, ਚਰਾਗ, ਦੀਵੇ ਅਤੇ ਘਿਓ-ਤੇਲ ਦੀਆਂ ਭਰੀਆਂ ਕੈਨੀਆਂ ਵਿੱਚ ਹੀ ਬੱਤੀਆਂ ਬਾਲ ਕੇ ਬਿਨਾ ਮਤਲਵ ਧੰਨ ਦੌਲਤ ਸਮਗਰੀ ਫੂਕ ਕੇ ਖਿਲਾਰਾ ਪਾਇਆ ਜਾਂਦਾ ਹੈ। ਇਹ ਸਭ ਕੁਝ ਰਾਗੀਆਂ, ਗ੍ਰੰਥੀਆਂ, ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦੇ ਸਾਹਮਣੇ ਹੋ ਰਿਹਾ ਹੈ। ਕੋਈ ਨਹੀ ਰੋਕਦਾ ਇਸ ਵਿੱਚ ਕੀ ਰਾਜ ਹੈ? ਜਰਾ ਸੋਚੋ ਜੇ ਗੁਰਦੁਆਰੇ ਜੋ ਗਿਆਨ ਦੇ ਸੋਮੇ ਹਨ ਓਥੋਂ ਮਨਮੱਤਾਂ ਨਹੀਂ ਰੋਕੀਆਂ ਜਾਣਗੀਆਂ ਤਾਂ ਘਰਾਂ ਵਿੱਚੋਂ ਕਿਵੇਂ ਰੁਕਣਗੀਆਂ? ਕੀ ਗੁਰੂਸਾਹਿਬਾਨਾਂ ਨੇ ਗੁਰਦੁਆਰੇ ਸਿਰਫ ਗੋਲਕਾਂ ਭਰਨ ਲਈ ਬਣਾਏ ਸਨ? ਜਾਂ ਮਨਮੱਤਾਂ ਅਤੇ ਬੁਰਾਈਆਂ ਨੂੰ ਗੁਰਮਤਿ ਦੇ ਚਾਨਣ ਨਾਲ ਦੂਰ ਕਰਨ ਲਈ? ਪ੍ਰਚਾਰਕ, ਪ੍ਰਬੰਧਕ, ਲਿਖਾਰੀ ਅਤੇ ਪਾਠਕ ਜਨੋ! ਗੁਰਮਤਿ ਇੱਕ ਆਲਮਗੀਰ ਮੱਤ ਹੈ ਜੋ ਮਿੱਥਾਂ ਦੀ ਤਾਂ ਤੱਥਾਂ ਨੂੰ ਮਾਨਤਾ ਦਿੰਦਾ ਹੈ। ਆਓ ਗੁਰਬਾਣੀ ਗਿਆਨ ਦੇ ਦੀਵੇ ਬਾਲ ਕੇ ਮਨ ਦੀਆਂ ਬੁਝੀਆਂ ਪਈਆਂ ਬੱਤੀਆਂ ਨੂੰ ਰੁਸ਼ਨਾਈਏ ਜੋ ਹੋਰਨਾਂ ਨੂੰ ਵੀ ਗਿਆਨ ਦੀ ਰੋਸ਼ਨੀ ਦੇ ਸਕਣ ਨਾਂ ਕਿ ਲੱਖਾਂ ਮਣ ਤੇਲ, ਘਿਓ, ਮੋਮਬੱਤੀਆਂ, ਬਾਰੂਦ ਆਦਿਕ ਕੀਮਤੀ ਪਦਾਰਥ ਭੰਗ ਦੇ ਭਾੜੇ ਫੂਕ ਦਿੱਤੇ ਜਾਣ ਜਿਨ੍ਹਾਂ ਦੀ ਬਚਤ ਨਾਲ ਲੱਖਾਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀ ਜਾ ਸਕਦੀਆਂ ਸਨ।
ਅੱਜ ਅਸੀ ਕਿਹੜੀ ਖੁਸ਼ੀ ਦੀਆਂ ਦੀਵਾਲੀਆਂ ਬਾਲ ਰਹੇ ਹਾਂ? ਜਰਾ ਆਪਣੇ ਮਨਾਂ ਵਿੱਚ ਡੂੰਗੀ ਝਾਤ ਮਾਰ ਕੇ ਦੇਖੋ ਕਿ ਅੱਜ ਸਾਡਾ ਪੰਜਾਬ ਅਤੇ ਭਾਰਤ ਮਾਰੂ ਨਸ਼ਿਆਂ, ਲੁੱਟਾਂ-ਖੋਹਾਂ, ਹੇਰਾ-ਫੇਰੀਆਂ, ਰਿਸ਼ਵਤ-ਖੋਰੀਆਂ, ਬੇਈਮਾਨੀਆਂ, ਭੇਖਾਂ, ਧਾਰਮਿਕ ਕਟੜਤਾਵਾਂ, ਕਤਲੋ-ਗਾਰਤਾਂ, ਜਾਤਾਂ-ਪਾਤਾਂ, ਲੋਟੂ ਡੇਰਿਆਂ, ਫਿਰਕਿਆਂ ਅਤੇ ਫਿਰਕੂ ਦੰਗਿਆਂ ਦੇ ਘੁੱਪ ਹਨੇਰੇ ਵਿੱਚ ਗਰਕਦਾ ਜਾ ਰਿਹਾ ਹੈ। ਬੇ-ਗੁਨਾਹਾਂ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ, ਜੂਨ 84 ਦੇ ਜ਼ਾਲਮੀ ਦੌਰ ਵੇਲੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਹੋਰ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਰਹਿੰਦੇ ਸਿੱਖਾਂ ਨੂੰ ਦੁਸ਼ਮਣ ਅਤੇ ਜੰਗਲੀ ਜਾਨਵਰ ਸਮਝ ਕੇ ਬੜੀ ਬੇਦਰਦੀ ਨਾਲ ਕਤਲ ਕੀਤਾ ਗਿਆ, ਅੱਜ 28 ਸਾਲ ਬੀਤ ਜਾਣ ਤੇ ਵੀ ਭਾਰਤ ਦੀ ਸਰਕਾਰ ਨੇ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਸਗੋਂ ਸਿੱਖ ਜਵਾਨਾਂ ਨੂੰ ਹੀ ਜੇਲ੍ਹੀ ਡੱਕ, ਤਸੀਹੇ ਦੇ ਅਤੇ ਫਾਂਸੀਆਂ ਤੇ ਚਾੜ੍ਹ-ਚਾੜ੍ਹ ਮਾਰ ਮੁਕਾਇਆ। ਜਿਹੜੇ ਸਿੱਖਾਂ ਦੇ ਛੇਵੇਂ ਗੁਰੂ ਪਾਤਸ਼ਾਹ ਨੇ ਗੁਵਾਲੀਅਰ ਦੇ ਕਿਲੇ ਚੋਂ 52 ਹਿੰਦੂ ਪਹਾੜੀ ਰਾਜਿਆਂ ਨੂੰ ਮੁਗਲ ਸਰਕਾਰ ਦੇ ਅਤਿਆਚਾਰ ਤੋਂ ਅਤੇ ਗੁਲਾਮ ਭਾਰਤ ਨੂੰ ਸਿੱਖਾਂ ਕੁਰਬਾਨੀਆਂ ਕਰਕੇ ਗੋਰਿਆਂ ਤੋਂ ਅਜ਼ਾਦ ਕਰਵਾਇਆ ਸੀ ਉਂਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਕਤਲ ਕੀਤਾ ਗਿਆ ਪਰ ਅਖੌਤੀ ਡੈਮੋਕ੍ਰੇਟਿਕ ਭਾਰਤ ਸਰਕਾਰ ਨੇ ਸਿੱਖਾਂ ਦੇ ਕਿਸੇ ਵੀ ਕਾਤਲ ਨੂੰ ਅੱਜ ਤੱਕ ਢੁੱਕਵੀ ਸਜਾ ਜਾਂ ਫਾਂਸੀ ਨਹੀਂ ਦਿੱਤੀ। ਫਿਰ ਅਸੀਂ ਅੱਜ ਕਿਹੜੀ ਖੁਸ਼ੀ ਵਿੱਚ ਲਸ਼ਮੀ ਪੂਜਣ ਵਾਲੀ ਬ੍ਰਾਹਮਣੀ ਕਰਮਕਾਂਡੀ ਦਿਵਾਲੀ ਦਾ ਤਿਉਹਾਰ ਮਨਾ ਰਹੇ ਹਾਂ? ਕੀ ਪੰਜਾਬ ਅਤੇ ਭਾਰਤ ਸਰਕਾਰ ਦੇਸ਼ਵਾਸੀ ਕਿਰਤੀਆਂ ਨੂੰ ਜੋ ਬੇਰੁਜਗਾਰੀ ਕਰਕੇ ਖੁਦਕਸ਼ੀਆਂ ਕਰ ਰਹੇ ਹਨ ਰੋਕਣ ਲਈ ਸਮਾਜਿਕ ਗਿਆਨ ਅਤੇ ਧੰਨ ਧੌਲਤ ਰੁਜਗਾਰ ਦੇਣ ਦੇ ਦੀਵੇ ਬਾਲੇਗੀ? ਨਸ਼ਿਆਂ ਦੇ ਜ਼ਹਿਰ, ਪਾਖੰਡੀ ਸਾਧਾਂ ਸੰਤਾਂ ਜੋਤਸ਼ੀਆਂ ਦੀ ਲੁੱਟ ਦੇ ਕਹਿਰ ਤੋਂ ਮੁਕਤ ਕਰੇਗੀ?
ਦੀਵਾਲੀ ਬਾਰੇ ਇਸ ਉਪ੍ਰੋਕਤ ਵਿਚਾਰ ਨੂੰ ਪਾਠਕ ਜਨ, ਗੁਰਬਾਣੀ ਅਤੇ ਗੁਰ ਇਤਿਹਾਸ ਦੇ ਸੰਦਰਭ ਵਿੱਚ ਵਾਚਣ ਦੀ ਕ੍ਰਿਪਾਲਤਾ ਕਰਕੇ ਗੁਰੂ ਗਿਆਨ ਦੀ ਰੋਸ਼ਨੀ ਵਿੱਚ ਚਲਦੇ ਰਹਿਣ। ਜਿੱਥੇ ਅਸੀਂ ਪੱਥਰ ਜੁੱਗ ਦੇ ਗਿਲਤੀਆਂ ਚਾਦਰੇ, ਬੈਲ ਗੱਡੀਆਂ ਅਤੇ ਜਾਨਵਰਾਂ ਦੀ ਸਵਾਰੀ ਛੱਡ ਪੈਂਟਾਂ ਕਮੀਜਾਂ, ਸਕੂਟਰਾਂ, ਕਾਰਾਂ, ਹਵਾਈ ਜਹਾਜਾਂ ਦੀ ਸਵਾਰੀ ਕਰ ਰਹੇ ਹਾਂ ,ਚਿੱਠੀਆਂ ਦੀ ਥਾਂ ਈਮੇਲਾਂ ਅਤੇ ਸੁਨੇਹਿਆਂ ਦੀ ਥਾਂ ਸੈਲਰ ਫੋਨਾਂ ਇੰਟ੍ਰਨੈੱਟ ਆਦਿਕ ਆਧੁਨਿਕ ਸਾਧਨਾਂ ਨੂੰ ਵਰਤ ਰਹੇ ਹਾਂ ਓਥੇ ਪੁਰਣੇ ਥੋਥੇ ਕਰਮਕਾਂਡ ਅਤੇ ਅੰਧ ਵਿਸ਼ਵਾਸ਼ਾਂ ਦਾ ਹਨੇਰਾ ਨਹੀਂ ਛੱਡ ਸਕਦੇ? ਦੀਵੇ ਜਾਂ ਬਲਬ ਹਨੇਰੇ ਨੂੰ ਦੂਰ ਕਰਨ ਵਾਸਤੇ ਬਾਲੇ ਜਾਂਦੇ ਹਨ ਨਾਂ ਕਿ ਅੰਧ ਵਿਸ਼ਵਾਸ਼ ਨਾਲ ਰਸਮ ਪੂਰੀ ਕਰਕੇ ਫਿਰ ਅਗਿਆਨਤਾ ਦਾ ਹਨੇਰਾ ਢੋਈ ਜਾਣ ਲਈ? ਗੁਰ ਉਪਦੇਸ਼- ਦੀਵਾ ਬਲੇ ਅੰਧੇਰਾ ਜਾਇ॥ ਵੇਦ ਪਾਠ ਮਤਿ ਪਾਪਾਂ ਖਾਇ॥ (ਗੁਰੂ ਗ੍ਰੰਥ)

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top