Share on Facebook

Main News Page

ਦੀਵਾਲੀ 'ਤੇ ਸਿੱਖੀ ਅਸੂਲਾਂ ਦਾ ਕੱਢਿਆ ਜਾ ਰਿਹਾ ਦੀਵਾਲਾ
- ਕਿਰਪਾਲ ਸਿੰਘ ਬਠਿੰਡਾ

* ਭਾਈ ਗੁਰਦਾਸ ਜੀ ਨੇ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ ਕੇ ਪ੍ਰਦੂਸ਼ਣ ਫੈਲਾਉਣ ਦੀ ਪ੍ਰੇਰਣਾ ਨਹੀਂ ਦਿੱਤੀ
* ਗੁਰਮਤਿ ਤੋਂ ਅਣਜਾਣ ਜਾਂ ਜਾਣ ਬੁੱਝ ਕੇ ਗੁਰਮਤਿ ਸਿਧਾਂਤ ਨੂੰ ਵਿਗਾੜਣ ਦੀ ਮਨਸ਼ਾ ਨਾਲ ਮਨਭਾਉਂਦੀਆਂ ਤੁਕਾਂ ਨੂੰ ਸਥਾਈ ਟੇਕ ਬਣਾ ਕੇ ਗਾਉਣ ਵਾਲੇ ਰਾਗੀ ਗੁਰਮਤਿ ਨਾਲ ਵੱਡੇ ਪੱਧਰ 'ਤੇ ਖਿਲਵਾੜ ਕਰ ਰਹੇ ਹਨ
* ਪਰ ਜੇ ਇਹ ਸਭ ਕੁਝ ਸਿੱਖੀ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਤੋਂ ਹੋ ਰਿਹਾ ਹੋਵੇ ਤਾਂ ਸੁਧਾਰ ਦੀ ਉਮੀਦ ਕਿਥੋਂ ਰੱਖੀ ਜਾਵੇ?
* ਨਦੀਆਂ ਵਿੱਚ ਫੈਲੇ ਪ੍ਰਦੂਸ਼ਣ ਨੂੰ ਘਟਾਉਣ ਦਾ ਬੀੜਾ ਚੁੱਕਣ ਵਾਲੇ ਬਾਬਿਆਂ ਨੂੰ ਦੀਵਾਲੀ ਦੁਸਹਿਰੇ ਨੂੰ ਦੀਵੇ ਬਾਲ ਕੇ ਅਤੇ ਵੱਡੀ ਪੱਧਰ 'ਤੇ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਫੈਲਾਏ ਜਾ ਰਹੇ ਪ੍ਰਦੂਸ਼ਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ

ਦੀਵਾਲੀ ਭਾਰਤ ਦੇ ਮੁੱਖ ਤਿਉਹਾਰਾਂ ਵਿੱਚੋਂ ਇੱਕ ਪ੍ਰਮੁਖ ਤਿਉਹਾਰ ਹੈ ਜਿਸ ਨੂੰ ਹਰ ਭਾਰਤੀ ਖਾਸ ਕਰਕੇ ਹਿੰਦੂ ਸਮਾਜ ਬੜੇ ਚਾਅ ਨਾਲ ਮਨਾਉਂਦਾ ਹੈ। ਇਸ ਦਾ ਸਬੰਧ ਹਿੰਦੂ ਧਰਮ ਦੇ ਮੰਨੇ ਗਏ ਅਵਤਾਰ ਅਤੇ ਅਯੁੱਧਿਆ ਦੇ ਰਾਜੇ ਸ਼੍ਰੀ ਰਾਮ ਚੰਦਰ ਜੀ ਵੱਲੋਂ ਲੰਕਾ ਦੇ ਰਾਜੇ ਰਾਵਣ ਨਾਲ ਯੁੱਧ ਕਰਕੇ ਇੱਕ ਸਾਲ ਤੋਂ ਉਸ ਦੀ ਕੈਦ ਵਿੱਚ ਰਹਿ ਰਹੀ ਸੀਤਾ ਜੀ ਨੂੰ ਛੁਡਾਉਣ ਅਤੇ ੧੪ ਸਾਲ ਦਾ ਬਨਵਾਸ ਪੂਰਾ ਹੋਣ ਉਪੰਤ ਵਾਪਸ ਅਯੁਧਿਆ ਪਹੁੰਚਣ ਦੇ ਇਤਿਹਾਸ/ਮਿਥਿਹਾਸ ਨਾਲ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸ਼੍ਰੀ ਰਾਮ ਜੀ ਦੇ ਵਾਪਸ ਅਯੁੱਧਿਆ ਪਹੁੰਚਣ ਦੀ ਖੁਸ਼ੀ ਵਿੱਚ ਲੋਕਾਂ ਨੇ ਦੀਵੇ ਜਗਾ ਕੇ ਅਤੇ ਆਤਸ਼ਬਾਜ਼ੀ ਚਲਾ ਕੇ ਖੁਸ਼ੀ ਮਨਾਈ ਤੇ ਉਸ ਉਪ੍ਰੰਤ ਹਰ ਸਾਲ ਇਸੇ ਤਰ੍ਹਾਂ ਦੀਵੇ ਜਗਾ ਕੇ ਆਤਿਸ਼ਬਾਜ਼ੀ ਚਲਾ ਕੇ ਅਤੇ ਇੱਕ ਦੂਸਰੇ ਨੂੰ ਤੋਹਫ਼ੇ ਦੇ ਕੇ ਇਹ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ। ਦੀਵੇ ਜਗਾਉਣ ਕਰਕੇ ਹੀ ਇਸ ਤਿਉਹਾਰ ਦਾ ਨਾਮ ਦੀਵਾਲੀ ਜਾਂ ਦੀਪਾਵਲੀ ਪੈ ਗਿਆ। ਬੇਸ਼ੱਕ ਦੀਵਾਲੀ ਮਨਾਉਣ ਦਾ ਇਤਿਹਾਸ ਮੁੱਖ ਤੌਰ 'ਤੇ ਸ਼੍ਰੀ ਰਾਮ ਚੰਦਰ ਜੀ ਵੱਲੋਂ ਰਾਵਣ ਨੂੰ ਮਾਰ ਕੇ ਪ੍ਰਾਪਤ ਕੀਤੀ ਸੀਤਾ ਜੀ ਨਾਲ ਹੋਏ ਪੁਨਰਮਿਲਾਪ ਉਪ੍ਰੰਤ ਸੀਤਾ ਜੀ ਤੇ ਲਛਮਣ ਸਮੇਤ ਅਯੁੱਧਿਆ ਵਾਪਸੀ ਨਾਲ ਜੋੜਿਆ ਜਾਂਦਾ ਹੈ ਪਰ ਇਸ ਦਿਹਾੜੇ ਨੂੰ ਪਵਿੱਤਰ ਜਾਣ ਕੇ ਇਸ ਦਿਨ ਮਾਇਆ ਦੀ ਦੇਵੀ ਲਛਮੀ ਦੀ ਪੂਜਾ ਵੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।

ਕੌਮੀ ਤਿਉਹਾਰ ਦਾ ਭਾਵ ਹੋਣਾ ਚਾਹੀਦਾ ਹੈ ਕਿ ਇਸ ਦਿਨ ਕੌਮ ਨੂੰ ਕੋਈ ਚੰਗਾ ਸੰਦੇਸ਼ ਮਿਲੇ ਜਿਸ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਲਾਭ ਤੇ ਅਨੰਦ ਪ੍ਰਾਪਤ ਕੀਤਾ ਜਾਵੇ। ਪਰ ਪ੍ਰਚਲਤ ਤਿਉਹਾਰਾਂ ਖਾਸ ਕਰਕੇ ਦੀਵਾਲੀ ਤੋਂ ਕੋਈ ਚੰਗਾ ਸੰਦੇਸ਼ ਲੈਣ ਦੀ ਥਾਂ ਇਸ ਦਿਨ ਸਭ ਤੋਂ ਵੱਧ ਬੁਰਿਆਈਆਂ ਕਮਾਈਆਂ ਜਾਂਦੀਆਂ ਹਨ। ਦੀਵਾਲੀ ਵਾਲੇ ਦਿਨ ਦੇਸ਼ ਵਿੱਚ ਸਭ ਤੋਂ ਵੱਧ ਸ਼ਰਾਬ ਦੀ ਵਿਕਰੀ ਤੇ ਖਪਤ ਹੁੰਦੀ ਹੈ। ਲਛਮੀ ਪੂਜਾ ਦਾ ਦਿਨ ਜਾਣ ਕੇ ਇਸ ਖਿਆਲ ਨਾਲ ਕਿ ਜੇ ਇਸ ਦਿਨ ਮਾਇਆ ਘਰ ਆਵੇਗੀ ਤਾਂ ਸਾਰਾ ਸਾਲ ਆਉਂਦੀ ਰਹੇਗੀ ਇਸ ਕਾਰਣ ਮਾਇਆ ਕਮਾਉਣ ਦੇ ਸਾਧਨ ਵਜੋਂ ਸਭ ਤੋਂ ਵੱਧ ਇਸ ਦਿਨ ਜੂਆ ਖੇਡਿਆ ਜਾਂਦਾ ਹੈ ਤੇ ਸਿੱਟੇ ਵਜੋਂ ਵੱਡੀ ਗਿਣਤੀ ਜੁਆਰੀਏ ਪਾਡਵਾਂ ਵਾਂਗ ਸਭ ਕੁਝ ਹਾਰ ਬੈਠਦੇ ਹਨ। ਕਿਉਂਕਿ ਖੁਸ਼ੀ ਦਾ ਦਿਨ ਜਾਣ ਕੇ ਵੱਧ ਤੋਂ ਵੱਧ ਮਠਿਆਈਆਂ ਤੇ ਤੋਹਫ਼ੇ ਖ੍ਰੀਦੇ ਜਾਂਦੇ ਹਨ ਇਸ ਲਈ ਇਸ ਦਿਨ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਹਿੱਤ ਮਿਲਾਵਟਖੋਰ ਮਿਲਾਵਟੀ ਮਿਠਿਆਈਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਦੀਵੇ ਜਗਾਉਣ, ਆਤਸ਼ਬਾਜ਼ੀ ਤੇ ਪਟਾਕੇ ਚਲਾਉਣ ਨਾਲ ਵੱਡੇ ਪੱਧਰ 'ਤੇ ਵਾਤਾਵਰਣ ਤੇ ਸ਼ੋਰ ਪ੍ਰਦੂਸ਼ਣ ਫੈਲਣ ਤੋਂ ਇਲਾਵਾ ਸਮੁਚੇ ਦੇਸ਼ ਵਿੱਚ ਅੱਗ ਲਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਨਾਲ ਅਣਕਿਆਸਿਆ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਵੱਡੇ ਪਟਾਕਿਆਂ ਦੇ ਸ਼ੋਰ ਸਦਕਾ, ਪਸ਼ੂ ਪੰਛੀ ਅਤੇ ਬਿਮਾਰ ਮਰੀਜ਼ ਸਾਰੀ ਰਾਤ ਬੜੀ ਬੇਚੈਨੀ ਨਾਲ ਬਤੀਤ ਕਰਦੇ ਹਨ। ਬਹੁਤੇ ਵਹਿਮੀ ਲੋਕ ਉਸ ਦਿਨ ਲਛਮੀ ਘਰ ਆਉਣ ਦੀ ਉਡੀਕ ਵਿੱਚ ਘਰ ਦੇ ਬੂਹੇ ਬਾਰੀਆਂ ਖੁਲ੍ਹੇ ਰੱਖਦੇ ਹਨ ਜਿਸ ਕਾਰਣ ਲਛਮੀ ਆਉਣ ਦੀ ਥਾਂ ਬਹੁਤੇ ਘਰਾਂ ਵਿੱਚ ਚੋਰ ਘਰ ਸਾਫ਼ ਕਰ ਜਾਂਦੇ ਹਨ। ਦੀਵਾਲੀ ਦੇ ਸ਼ੁਭ ਮੌਕੇ 'ਤੇ ਨਵੇਂ ਬਸਤਰ, ਗਹਿਣੇ, ਬਰਤਨ ਤੇ ਹੋਰ ਕੀਮਤੀ ਤੋਹਫ਼ੇ ਖ਼੍ਰੀਦਣ ਤੇ ਆਪਣੇ ਸ਼ੁਭਚਿੰਤਕਾਂ ਨੂੰ ਦੇਣ ਦੇ ਰਿਵਾਜ਼ ਕਾਰਣ ਇਨ੍ਹਾਂ ਦਿਨਾਂ ਵਿੱਚ ਵੱਡੇ ਪੱਧਰ 'ਤੇ ਖ੍ਰੀਦੋ ਪ੍ਰੋਖਤ ਹੋਣ ਕਾਰਣ ਘੱਟ ਤੇ ਦਰਮਿਆਨੀ ਆਮਦਨ ਵਾਲੇ ਘਰਾਂ ਦੇ ਬੱਜਟ ਦਾ ਸੰਤੁਲਨ ਵਿਗੜ ਜਾਂਦਾ ਹੈ। ਇੱਕ ਤਰ੍ਹਾਂ ਇਸ ਦਿਨ ਪੈਸੇ ਫੂਕ ਕੇ ਤਮਾਸ਼ਾ ਵੇਖਣ ਦੀ ਭੇਡਚਾਲ ਬਣ ਚੁੱਕੀ ਹੈ। ਸੋ ਲਛਮੀ ਆਪਣੀ ਪੂਜਾ ਕਰਵਾ ਕੇ ਵੀ ਆਮ ਆਦਮੀ ਦਾ ਦੀਵਾਲੀ ਮੌਕੇ ਦੀਵਾਲਾ ਹੀ ਕਢਦੀ ਹੈ ਤੇ ਸਿਰਫ ਮਿਲਾਵਟਖੋਰਾਂ ਤੇ ਵਪਾਰੀਆਂ ਦਾ ਹੀ ਘਰ ਭਰਦੀ ਹੈ।

ਗਿਆਨ ਵਿਹੂਣੇ ਅਜਿਹੇ ਕਰਮਕਾਂਢ ਕਰਨ ਵਾਲਿਆਂ ਨੂੰ ਗੁਰਬਾਣੀ ਵਿੱਚ 'ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥' (ਗੋਂਡ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ ੮੭੫) ਦੇ ਪਾਵਨ ਸ਼ਬਦ ਰਾਹੀਂ ਹਿੰਦੂਆਂ ਨੂੰ ਤਾਂ ਅੰਨ੍ਹਾ ਕਿਹਾ ਹੀ ਗਿਆ ਹੈ ਇਸ ਲਈ ਉਨ੍ਹਾਂ ਨੇ ਤਾਂ ਅੰਨ੍ਹੇ ਕੰਮ ਕਰਨੇ ਹੀ ਹਨ ਪਰ ਹੈਰਾਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਕਰਕੇ ਗਿਆਨਵਾਨ ਹੋਣ ਦਾ ਦਾਅਵਾ ਕਰਨ ਵਾਲੇ ਸਿੱਖ ਹਿੰਦੂ ਭਰਾਵਾਂ ਤੋਂ ਵੀ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਬੇਸ਼ੱਕ ਉਹ ਦਾਅਵਾ ਕਰਦੇ ਹਨ ਕਿ ਸਿੱਖਾਂ ਦਾ ਦੀਵਾਲੀ ਨਾਲ ਕੋਈ ਸਬੰਧ ਨਹੀਂ ਹੈ ਪਰ ਇਸ ਦਿਨ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ੫੨ ਕਲੀਆਂ ਵਾਲਾ ਚੋਲ਼ਾ ਪਹਿਨ ਕੇ ਕਿਲੇ ਵਿੱਚ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ੫੨ ਰਾਜਿਆਂ ਨੂੰ ਇੱਕ ਇੱਕ ਕਲੀ ਫੜਾ ਕੇ ਰਿਹਾ ਕਰਵਾ ਕੇ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਪਹੁੰਚੇ ਸਨ। ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਪਹੁੰਚਣ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ ਤੇ ਆਤਸ਼ਬਾਜ਼ੀ ਚਲਾਈ ਗਈ ਤੇ ਉਸ ਉਪ੍ਰੰਤ ਹਰ ਸਾਲ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਬੇਸ਼ੱਕ ਸਿੱਖਾਂ ਨੇ ਦੀਵਾਲੀ ਦਾ ਨਾਮ ਬਦਲ ਕੇ ਬੰਦੀਛੋੜ ਦਿਵਸ ਰੱਖ ਲਿਆ ਹੈ ਪਰ ਉਨ੍ਹਾਂ ਦੀ ਭਾਵਨਾ ਤੇ ਮਨਾਉਣ ਦਾ ਢੰਗ ਬਿਲਕੁਲ ਹਿੰਦੂ ਭਰਾਵਾਂ ਵਾਲਾ ਹੀ ਹੈ। ਜੇ ਕਰ ਜਹਾਂਗੀਰ ਦੀ ਜੇਲ੍ਹ ਵਿੱਚੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰਿਹਾਅ ਹੋਣ ਦੀ ਖੁਸ਼ੀ ਵਿੱਚ ਹੀ ਦੀਵਾਲੀ ਦੀ ਤਰਜ਼ 'ਤੇ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਵੀ ਬਾਬਰ ਦੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸਨ ਉਸ ਦਿਨ ਦਾ ਸਿੱਖਾਂ ਦੇ ੯੯.੯੯ % ਹਿੱਸੇ ਨੂੰ ਕੋਈ ਚੇਤਾ ਹੀ ਨਹੀਂ ਕਿ ਉਹ ਦਿਨ ਕਿਹੜਾ ਸੀ। ਪਰ ਜੇ ਉਹ ਦਿਹਾੜਾ ਕਿਸੇ ਹਿੰਦੂ ਤਿਉਹਾਰ ਨਾਲ ਜੁੜ ਜਾਂਦਾ ਤਾਂ ਜਰੂਰ ਉਸ ਨੂੰ ਦੀਵਾਲੀ ਦੁਸਹਿਰੇ ਵਾਂਗ ਵੱਡੇ ਪੱਧਰ 'ਤੇ ਮਨਾਉਣਾ ਸ਼ੁਰੂ ਕਰ ਦੇਣਾ ਸੀ।

ਸੋ ਸਿੱਖ ਤਿਉਹਾਰ ਦਾ ਨਾਮ ਜੋ ਮਰਜੀ ਰੱਖ ਲੈਣ ਅਸਲ ਵਿੱਚ ਉਹ ਪ੍ਰਦੂਸ਼ਣ ਤੇ ਬੀਮਾਰੀਆਂ ਫੈਲਾਉਣ ਵਾਲੀ ਦੀਵਾਲੀ ਹੀ ਮਨਾਉਂਦੇ ਹਨ। ਇੱਥੋਂ ਤੱਕ ਕਿ ਗੁਰਬਾਣੀ ਦੇ ਪਾਵਨ ਸਿਧਾਂਤ: 'ਦੇਵੀ ਦੇਵਾ ਪੂਜੀਐ ਭਾਈ, ਕਿਆ ਮਾਗਉ ਕਿਆ ਦੇਹਿ ॥' (ਸੋਰਠਿ ਮ: ੧, ਗੁਰੂ ਗ੍ਰੰਥ ਸਾਹਿਬ – ਪੰਨਾ ੬੩੭) ਅਤੇ 'ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ ਕਾਮੁ ਕ੍ਰੋਧੁ ਪਸਰਿਆ ਸੰਸਾਰੇ, ਆਇ ਜਾਇ ਦੁਖੁ ਪਾਵਣਿਆ ॥੨॥' (ਮਾਝ ਮ: ੩, ਗੁਰੂ ਗ੍ਰੰਥ ਸਾਹਿਬ - ਪੰਨਾ ੧੨੯) ਨੂੰ ਮੂਲੋਂ ਭੁਲਾ ਕੇ ਲੱਛਮੀ ਪੂਜਾ ਵਿੱਚ ਆਪਣਾ ਸਮਾਂ ਤੇ ਪੈਸਾ ਵਿਅਰਥ ਗੁਆ ਕੇ ਆਪਣਾ ਹਲਤ ਪਲਤ ਗਵਾ ਰਹੇ ਹਨ ਇਸ ਲਈ ਇਨ੍ਹਾਂ 'ਤੇ ਗੁਰੂ ਹੁਕਮ : 'ਪੇਈਅੜੈ ਧਨ ਭਰਮਿ ਭੁਲਾਣੀ ॥ ਦੂਜੈ ਲਾਗੀ ਫਿਰਿ ਪਛੋਤਾਣੀ ॥ ਹਲਤੁ ਪਲਤੁ ਦੋਵੈ ਗਵਾਏ, ਸੁਪਨੈ ਸੁਖੁ ਨ ਪਾਵਣਿਆ ॥੪॥' (ਮਾਝ ਮ: ੩, ਗੁਰੂ ਗ੍ਰੰਥ ਸਾਹਿਬ - ਪੰਨਾ ੧੨੯) ਪੂਰਾ ਢੁਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਵੱਲੋਂ ਸਿੱਖੀ ਦੇ ਪ੍ਰਚਾਰ ਕੇਂਦਰ ਵਜੋਂ ਸਥਾਪਤ ਕੀਤੇ ਦਰਬਾਰ ਸਾਹਿਬ ਜੀ ਵਿੱਚ ਹੀ ਆਤਸ਼ਬਾਜ਼ੀ ਤੇ ਦੀਪਮਾਲਾ ਰਾਹੀਂ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਵਲੋਂ ਪ੍ਰਦੂਸ਼ਣ ਫੈਲਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਜਾਂਦਾ ਹੈ। ਦੀਵਾਲੀ ਤੋਂ ਕਈ ਦਿਨਾਂ ਤੋਂ ਪਹਿਲਾਂ ਹੀ ਇੱਥੋਂ ਹਰ ਰਾਗੀ ਭਾਈ ਗੁਰਦਾਸ ਜੀ ਦੀ ੧੯ਵੀਂ ਵਾਰ ਦੀ ੬ਵੀਂ ਪਾਉੜੀ ਦੀ ਪਹਿਲੀ ਤੁਕ : 'ਦੀਵਾਲੀ ਕੀ ਰਾਤਿ ਦੀਵੇ ਬਾਲੀਅਨ।' ਬੜੇ ਵਜ਼ਦ ਵਿੱਚ ਆ ਕੇ ਵਾਰ ਵਾਰ ਗਾ ਕੇ ਇਹ ਪ੍ਰਭਾਵ ਦੇਣ ਲਈ ਵਰਤੀ ਜਾਂਦੀ ਹੈ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੋ। ਇਸ ਤੁਕ ਦੇ ਕੀਰਤਨ ਰਾਹੀਂ ਦੀਵਾ ਬਾਲਣ ਦਾ ਉਪਦੇਸ਼ ਵੀ ਉਸੇ ਤਰ੍ਹਾਂ ਗੁਮਰਾਹਕੁੰਨ ਹੈ ਜਿਵੇਂ ਰਹਾਉ ਦੀ ਤੁਕ: 'ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥' ਨੂੰ ਸਥਾਈ ਬਣਾਉਣ ਦੀ ਥਾਂ ਇਸ ਸ਼ਬਦ ਦੇ ਪਹਿਲੇ ਬੰਦ: 'ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥੧॥' (ਸੋਰਠਿ ਮ: ੫, ਗੁਰੂ ਗ੍ਰੰਥ ਸਾਹਿਬ - ਪੰਨਾ ੬੨੫) ਨੂੰ ਸਥਾਈ ਬਣਾ ਕੇ ਕੀਤੇ ਕੀਰਤਨ ਰਾਹੀਂ ਸਰੋਵਰ ਵਿੱਚ ਇਸ਼ਨਾਨ ਕਰਕੇ ਪਾਪ ਉਤਰ ਜਾਣ ਦਾ ਉਪਦੇਸ਼ ਗੁੰਮਰਾਹਕੁੰਨ ਹੈ।

ਗੁਰਬਾਣੀ ਵਿੱਚ ਮਿੱਟੀ ਦੇ ਦੀਵਿਆਂ ਵਿੱਚ ਸਰੋਂ ਦਾ ਤੇਲ ਪਾ ਕੇ ਜਗਾਉਣ ਦਾ ਉਪਦੇਸ਼ ਨਹੀਂ ਬਲਕਿ ਸ਼ਬਦ ਗੁਰੂ ਦੇ ਗਿਆਨ ਦਾ ਦੀਵਾ ਜਗਾਉਣ ਦਾ ਉਪਦੇਸ਼ ਹੈ: 'ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ, ਰਤਨ ਕੋਠੜੀ ਖੁਲ੍ਹੀ ਅਨੂਪਾ ॥੧॥ ਰਹਾਉ ॥' (ਬਿਲਾਵਲੁ ਮ: ੫, ਗੁਰੂ ਗ੍ਰੰਥ ਸਾਹਿਬ - ਪੰਨਾ ੮੨੧) ਜਿਸ ਦੇ ਅਰਥ ਹਨ : ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਪੈਦਾ ਹੋ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ।੧।ਰਹਾਉ।

'ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ ॥ ਉਨਿ ਚਾਨਣਿ, ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ ॥੧॥' (ਪੰਨਾ ੩੫੮) ਅਰਥ:- ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ । ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ।੧।

ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਲਿਖਣ ਦਾ ਢੰਗ ਇਹ ਵਰਤਿਆ ਹੈ ਕਿ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀ ਤੁਕ ਵਿੱਚ ਦਿੱਤਾ ਹੁੰਦਾ ਹੈ ਤੇ ਬਾਕੀ ਦੇ ਬੰਦਾਂ ਵਿੱਚ ਭਾਵ ਅਰਥ ਸੁਖਾਲੇ ਢੰਗ ਨਾਲ ਸਮਝਾਉਣ ਲਈ ਉਦਾਹਰਣਾਂ ਦਿੱਤੀਆਂ ਹੁੰਦੀਆਂ ਹਨ। ਸੋ ਉਸ ਸ਼ਬਦ ਵਿੱਚ ਦਿੱਤਾ ਗਿਆ ਉਪਦੇਸ਼ ਸਮਝਣ ਲਈ ਰਹਾਉ ਦੀ ਤੁਕ ਦੇ ਅਰਥ ਸਮਝਣੇ ਪੈਂਦੇ ਹਨ ਇਸੇ ਲਈ ਰਹਾਉ ਦੀ ਤੁਕ ਨੂੰ ਹੀ ਸਥਾਈ ਬਣਾ ਕੇ ਗਾਉਣ ਦਾ ਵਿਧਾਨ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਇਹ ਢੰਗ ਵਰਤਿਆ ਹੈ ਕਿ ਪਉੜੀ ਦੀ ਪਹਿਲੀਆਂ ਸਾਰੀਆਂ ਤੁਕਾਂ ਵਿੱਚ ਉਦਾਹਰਣਾਂ ਦਿਤੀਆਂ ਹੁਦੀਆਂ ਹਨ ਤੇ ਅਖੀਰਲੀ ਤੁਕ ਵਿੱਚ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਇਆ ਜਾਂਦਾ ਹੈ। ਸੋ ਉਪ੍ਰੋਕਤ ਸਿਧਾਂਤ ਸੇਧ ਇਹ ਬਖ਼ਸ਼ਦੇ ਹਨ ਕਿ ਭਾਈ ਗੁਰਦਾਸ ਜੀ ਨੇ 'ਦੀਵਾਲੀ ਕੀ ਰਾਤਿ ਦੀਵੇ ਬਾਲੀਅਨ।' ਵਾਲੀ ਪਾਉੜੀ ਰਾਹੀਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦੀ ਪ੍ਰੇਰਣਾ ਨਹੀਂ ਦਿੱਤੀ ਬਲਕਿ ਇੱਕ ਉਦਾਹਰਣ ਦੇ ਤੌਰ 'ਤੇ ਵਰਤਿਆ ਗਿਆ ਹੈ: ਕਿ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੇ ਜਾਂਦੇ ਹਨ (ਪਰ ਥੋਹੜੇ ਹੀ ਚਿਰ ਵਿੱਚ ਉਨ੍ਹਾਂ ਵਿਚੋਂ ਤੇਲ ਖਤਮ ਹੋ ਜਾਣ ਕਾਰਣ ਉਹ ਬੁਝ ਜਾਂਦੇ ਹਨ)।

'ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨ।' ਜਿਵੇਂ ਰਾਤ ਨੂੰ (ਸੂਰਜ ਛੁਪਣ ਪਿਛੋਂ) ਅਸਮਾਨ ਵਿੱਚ ਛੋਟੇ ਵੱਡੇ ਅਨੇਕਾਂ ਤਾਰੇ ਦਿਸਦੇ ਹਨ (ਪਰ ਸਵੇਰੇ ਸੂਰਜ ਚੜ੍ਹਨ ਸਮੇਂ ਉਹ ਸਾਰੇ ਹੀ ਦਿਸਣੇ ਬੰਦ ਹੋ ਜਾਂਦੇ ਹਨ)।
'ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨ।' ਜਿਵੇਂ ਫੁੱਲਾਂ ਦੀ ਬਗੀਚੀ ਵਿੱਚ ਫੁੱਲ ਖਿੜ੍ਹਦੇ ਹਨ, ਥੋਹੜੇ ਹੀ ਚਿਰ ਪਿੱਛੋਂ ਚੁਣ ਚੁਣ ਕੇ ਖਿੜ੍ਹੇ ਫੁੱਲ ਤੋੜ ਕੇ ਉਨ੍ਹਾਂ ਦਾ ਹਾਰ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਵਿੱਚੋਂ ਸੁਗੰਧੀ ਲਈ ਜਾਂਦੀ ਹੈ (ਪਰ ਥੋਹੜੇ ਹੀ ਸਮੇਂ ਬਾਅਦ ਉਹ ਫੁੱਲ ਮੁਰਝਾ ਜਾਂਦੇ ਹਨ ਤੇ ਉਨ੍ਹਾਂ ਵਿੱਚੋਂ ਸੁਗੰਧੀ ਦੀ ਥਾਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ)।

'ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨ।' ਜਿਵੇਂ ਮੇਲਿਆਂ ਸਮੇਂ ਯਾਤਰੀ ਤੀਰਥਾਂ 'ਤੇ ਵੱਡੀ ਗਿਣਤੀ ਵਿੱਚ ਜਾਂਦੇ ਹਨ ਜਿਨ੍ਹਾਂ ਸਦਕਾ ਮੇਲੇ ਵਿੱਚ ਅੱਖਾਂ ਲਈ ਬਹੁਤ ਰੌਣਕ ਵੇਖਣ ਨੂੰ ਮਿਲਦੀ ਹੈ (ਪਰ ਮੇਲਾ ਬਿਝੜਨ 'ਤੇ ਸਾਰੇ ਹੀ ਘਰ ਨੂੰ ਵਾਪਸ ਮੁੜ ਜਾਂਦੇ ਹਨ ਜਿਸ ਕਾਰਣ ਰੌਣਕ ਖਤਮ ਹੋ ਜਾਂਦੀ ਹੈ ਤੇ ਉਨ੍ਹਾਂ ਵਲੋਂ ਖਿਲਾਰਿਆ ਗੰਦ ਉਥੇ ਰਹਿ ਜਾਂਦਾ ਹੈ)।

'ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨ।' ਹਰੀ ਚੰਦ ਦੀ ਖ਼ਿਆਲੀ ਨਗਰੀ ਚਿਤਵੀ ਜਾਂਦੀ ਹੈ (ਪਰ ਅਸਲੀਅਤ ਵਿੱਚ ਅਜਿਹੀ ਕੋਈ ਨਗਰੀ ਨਹੀਂ ਹੁੰਦੀ)।

ਪੰਜ ਉਦਾਹਰਣਾਂ ਦੇਣ ਪਿੱਛੋਂ ਅਖੀਰਲੀ ਤੁਕ ਵਿੱਚ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ: 'ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨ॥੬॥' ਗੁਰੂ ਦੀ ਸ਼ਰਨ ਵਿੱਚ ਪੈ ਕੇ ਸ਼ਬਦ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣ ਨਾਲ ਗੁਰੂ ਪਾਸੋਂ ਸੁੱਖਾਂ ਦੀ ਦਾਤਿ ਮਿਲਦੀ ਹੈ ਜਿਹੜੀ ਹਮੇਸ਼ਾਂ ਵਾਸਤੇ ਅਨੰਦ ਵਿੱਚ ਰਖਦੀ ਹੈ।

ਸੋ ਇਸ ਪਾਉੜੀ ਵਿਚ ਭਾਈ ਸਾਹਿਬ ਜੀ ਨੇ ਪ੍ਰੇਰਣਾ ਤਾਂ ਇਹ ਦਿੱਤੀ ਹੈ ਕਿ ਮਨ ਨੂੰ ਲੁਭਾਉਣ ਵਾਲੀਆਂ ਸਭ ਚਮਕਦਾਰ ਵਸਤੂਆਂ ਨਾਸ਼ਵੰਤ ਹਨ ਜਿਹੜੀਆਂ ਕਿ ਹਮੇਸ਼ਾਂ ਨਾਲ ਨਿਭਣ ਵਾਲੀਆਂ ਨਹੀਂ। ਇਸ ਲਈ ਹਮੇਸ਼ਾਂ ਨਿਭਣ ਵਾਲੀ ਗੁਰੂ ਦੀ ਸਿੱਖਿਆ ਹੀ ਗ੍ਰਹਿਣ ਕਰਨੀ ਚਾਹੀਦੀ ਹੈ ਜਿਸ ਨਾਲ ਹਮੇਸ਼ਾਂ ਹਮੇਸ਼ਾਂ ਲਈ ਅਨੰਦ ਬਣਿਆ ਰਹਿੰਦਾ ਹੈ। ਪਰ ਗੁਰਮਤਿ ਤੋਂ ਅਣਜਾਣ ਜਾਂ ਜਾਣ ਬੁੱਝ ਕੇ ਗੁਰਮਤਿ ਸਿਧਾਂਤ ਨੂੰ ਵਿਗਾੜਣ ਦੀ ਮਨਸ਼ਾ ਨਾਲ ਮਨਭਾਉਂਦੀਆਂ ਤੁਕਾਂ ਨੂੰ ਸਥਾਈ ਟੇਕ ਬਣਾ ਕੇ ਗਾਉਣ ਵਾਲੇ ਰਾਗੀ ਗੁਰਮਤਿ ਨਾਲ ਵੱਡੇ ਪੱਧਰ 'ਤੇ ਖਿਲਵਾੜ ਕਰ ਰਹੇ ਹਨ। ਜੇ ਇਹ ਸਭ ਕੁਝ ਸਿੱਖੀ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਤੋਂ ਹੋ ਰਿਹਾ ਹੋਵੇ ਤਾਂ ਸੁਧਾਰ ਦੀ ਉਮੀਦ ਕਿਥੋਂ ਰੱਖੀ ਜਾਵੇ? ਕੀ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਪੰਥ ਵਿੱਚੋਂ ਛੇਕਣ ਅਤੇ ਬਾਦਲ ਵਿਰੋਧੀਆਂ ਨੂੰ ਤਨਖਾਹੀਏ ਐਲਾਨਣ ਦੀ ਕਿਰਿਆ ਨਿਭਾ ਕੇ ਅਕਾਲ ਤਖ਼ਤ ਨੂੰ ਥਾਣੇ ਦਾ ਰੂਪ ਦੇਣ ਵਾਲੇ ਜਥੇਦਾਰ, ਗੁਰਮਤਿ ਸਿਧਾਂਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਵੀ ਕਦੀ ਵਰਜਣ ਦਾ ਆਪਣਾ ਫਰਜ਼ ਨਿਭਾਉਣਗੇ? ਨਦੀਆਂ ਵਿੱਚ ਫੈਲੇ ਪ੍ਰਦੂਸ਼ਣ ਨੂੰ ਘਟਾਉਣ ਦਾ ਬੀੜਾ ਚੁੱਕਣ ਵਾਲੇ ਬਾਬਿਆਂ ਨੂੰ ਦੀਵਾਲੀ ਦੁਸਹਿਰੇ ਨੂੰ ਦੀਵੇ ਬਾਲ ਕੇ ਅਤੇ ਵੱਡੀ ਪੱਧਰ 'ਤੇ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਫੈਲਾਏ ਜਾ ਰਹੇ ਹਵਾ ਅਤੇ ਸ਼ੋਰ ਪ੍ਰਦੂਸ਼ਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

ਸ਼੍ਰੋਮਣੀ ਕਮੇਟੀ, ਜਥੇਦਾਰ ਅਤੇ ਸਿੱਖੀ ਦੇ ਆਪੂੰ ਬਣੇ ਠੇਕੇਦਾਰ ਤਾਂ ਖ਼ੁਦ ਸਿੱਖੀ ਨੂੰ ਬ੍ਰਹਮਣਵਾਦ ਦੇ ਜਾਲ ਵਿੱਚ ਉਲਝਾਈ ਰੱਖਣਾ ਚਾਹੁੰਦੇ ਹਨ ਇਹੀ ਕਾਰਣ ਹੈ ਕਿ ਨਾਨਕਸ਼ਾਹੀ ਕੈਲੰਡਰ ਬਣਾਉਣ ਤੇ ਲਾਗੂ ਕਰਨ ਸਮੇਂ ਚੰਦਰ-ਸੂਰਜੀ ਅਧਾਰਤ ਕੈਲੰਡਰ ਦਾ ਤਿਆਗ ਕਰਕੇ ਸੂਰਜੀ ਕੈਲੰਡਰ ਅਪਣਾਇਆ ਗਿਆ ਸੀ ਪਰ ਆਰਐੱਸਐੱਸ ਦੇ ਏਜੰਟਾਂ ਵਜੋਂ ਕੰਮ ਕਰ ਰਹੇ ਸੰਤ ਸਮਾਜ ਦੇ ਦਬਾਅ ਕਾਰਣ ਉਸ ਸਮੇਂ ਵੀ ਬੰਦੀਛੋੜ ਦਿਵਸ ਨੂੰ ਦੀਵਾਲੀ ਨਾਲ ਅਤੇ ਹੋਲੇ ਮਹੱਲੇ ਨੂੰ ਹੋਲੀ ਦੇ ਤਿਉਹਾਰ ਨਾਲ ਬੰਨ੍ਹੀ ਰੱਖਣ ਲਈ ਬੰਦੀਛੋੜ ਦਿਵਸ ਅਤੇ ਹੋਲਾ ਮਹੱਲਾ ਚੰਦਰ ਸਾਲ ਅਨੁਸਾਰ ਦੀਵਾਲੀ ਤੇ ਹੋਲੀ ਨਾਲ ਹੀ ਜੋੜੀ ਰੱਖਿਆ ਤੇ ਹੁਣ ਇਸ ਡਰੋਂ ਕਿ ਇਨ੍ਹਾਂ ਤਿਉਹਾਰਾਂ ਨੂੰ ਵੀ ਸੂਰਜੀ ਕੈਲੰਡਰ ਨਾਲ ਜੋੜਨ ਦੀ ਮੰਗ ਉਠ ਸਕਦੀ ਹੈ ਇਸ ਲਈ ਸਿੱਖ ਪੰਥ ਵਿੱਚ ਵੱਡੇ ਪੱਧਰ 'ਤੇ ਮਨਾਏ ਜਾਣ ਵਾਲੇ ਚਾਰ ਹੋਰ ਗੁਰਪੁਰਬ- ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਸਮਾਉਣ ਦਾ ਦਿਵਸ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਨਸ਼ੀਨੀ ਦਿਵਸ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਵਸ ਸੂਰਜੀ ਕੈਲੰਡਰ ਦੀ ਥਾਂ ਬਦਲ ਕੇ ਮੁੜ ਚੰਦਰ-ਸੂਰਜੀ ਸਾਲ ਨਾਲ ਜੋੜ ਕੇ ਇੱਕੇ ਕੈਲੰਡਰ ਵਿੱਚ ਦੋ ਪ੍ਰਣਾਲੀਆਂ ਅਪਣਾ ਕੇ ਐਸਾ ਮਿਲਗੋਭਾ ਬਣਾ ਦਿੱਤਾ ਗਿਆ ਹੈ ਕਿ ਜਿਸ ਨਾਲ ਸਿੱਖ ਇਤਿਹਾਸ ਵਿੱਚ ਐਸਾ ਵਿਗਾੜ ਪੈਦਾ ਹੋ ਗਿਆ ਹੈ ਕਿ ਕਿਸੇ ਸਾਲ ਸੂਰਜੀ ਸਿਧਾਂਤ ਮੁਤਾਬਿਕ ਮਨਾਇਆ ਜਾ ਰਿਹਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਨਸ਼ੀਨੀ ਦਿਵਸ ਚੰਦਰ-ਸੂਰਜੀ ਸਿਧਾਂਤ ਅਨੁਸਾਰ ਮਨਾਏ ਜਾ ਰਹੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੋਂ ਪਹਿਲਾਂ ਤੇ ਕਦੀ ੨੧-੨੧ ਦਿਨ ਪਿਛੋਂ ਆ ਜਾਂਦਾ ਹੈ ਫਿਰ ਵੀ ਇਸ ਨੂੰ ਕੈਲੰਡਰ ਵਿੱਚ ਸੋਧ ਦਾ ਨਾਮ ਦਿੱਤਾ ਜਾ ਰਿਹਾ ਹੈ। ਐਸਾ ਕੁਸੋਧਾ ਲਾਉਣ ਵਾਲਿਆਂ ਕੋਲ ਕੋਈ ਜਾਵਾਬ ਨਹੀਂ ਹੈ, ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪ੍ਰੰਤ ੨੧ ਦਿਨ ਸਿੱਖਾਂ ਦੇ ਗੁਰੂ ਕੌਣ ਸਨ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ? ਪਰ ਜਿਨ੍ਹਾਂ ਦਾ ਟੀਚਾ ਹੀ ਸਿੱਖ ਧਰਮ ਨੂੰ ਬ੍ਰਹਮਣੀ ਰੰਗਤ ਵਿੱਚ ਰੰਗਣਾ ਹੋਵੇ ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਤੱਕ ਕੀ ਮਤਲਬ!

ਵੈਸੇ ਇਸ ਸਾਲ ਇਹ ਖੁਸ਼ੀ ਦੀ ਖ਼ਬਰ ਹੈ ਕਿ ਵੇਈਂ ਨਦੀ ਸਾਫ਼ ਕਰਨ ਦਾ ਬੀੜਾ ਚੁੱਕਣ ਵਾਲੇ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਬਠਿੰਡਾ ਦੀ ਛੋਟੀ ਜਿਹੀ ਸੰਸਥਾ 'ਬਠਿੰਡਾ ਵਿਕਾਸ ਮੰਚ' ਨੇ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ। ਕਿੰਨਾ ਚੰਗਾ ਹੋਵੇ ਜੇ ਸਾਡੇ ਸਿਆਸੀ ਆਗੂ ਸਰਕਾਰ ਤੇ ਵਿਦਿਅਕ ਸੰਸਥਾਵਾਂ ਦੇ ਮੁਖੀ ਵੀ ਇਸ ਸੱਦੇ 'ਤੇ ਅਮਲ ਕਰਨ ਤੇ ਹਰ ਸਕੂਲ ਵਿੱਚ ਦੀਵਾਲੀ ਦੁਸਹਿਰੇ ਤੋਂ ਇੱਕ ਮਹੀਨਾਂ ਪਹਿਲਾਂ ਤੋਂ ਹੀ ਵਿਦਿਆਰਥੀ ਨੂੰ ਪ੍ਰਦੂਸ਼ਣ ਅਤੇ ਫਜੂਲ ਖਰਚੀ ਤੋਂ ਬਚਣ ਦਾ ਉਪਦੇਸ਼ ਲਈ ਭਾਸ਼ਣ ਮੁਕਾਬਲਿਆਂ ਦਾ ਪ੍ਰਬੰਧ ਕਰਨ ਤੇ ਉਹ ਆਪ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾ ਕੇ ਇੱਕ ਮਿਸਾਲ ਪੇਸ਼ ਕਰਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top