Share on Facebook

Main News Page

ਸੁਖੁ ਦੁਖੁ ਦੁਇ ਦਰਿ ਕਪੜੇ
- ਵਰਿੰਦਰ ਸਿੰਘ

ਅਸੀਂ ਸੁੱਖ ਅਤੇ ਦੁੱਖ ਨੂੰ ਰਬ ਜੀ ਕੋਲੋਂ ਮਿਲੀਆਂ ਦਾਤਾਂ ਅਤੇ ਸਰਾਪਾਂ ਤੱਕ ਹੀ ਸੀਮਤ ਕਰ ਦਿੱਤਾ ਹੈ। ਜੇ ਕੋਈ ਮਨੁੱਖ ਸਰੀਰਕ ਤੌਰ 'ਤੇ ਤੰਦਰੁਸਤ ਹੈ, ਵਧੀਆ ਨੌਕਰੀ 'ਤੇ ਲਗਾ ਹੋਇਆ ਹੈ, ਸੋਹਣਾ ਘਰ ਹੈ, ਸੋਹਣਾ ਪਰਿਵਾਰ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਇਸ ਉਤੇ ਤਾਂ ਰਬ ਦੀ ਬਹੁਤ ਮੇਹਰ ਹੈ, ਰੱਬ ਨੇ ਸਾਰੀਆਂ ਦਾਤਾਂ ਦਿਤੀਆਂ ਹਨ। ਇਸ ਦੇ ਉਲਟ ਜੇ ਕੋਈ ਕਿਸੇ ਸਰੀਰਕ ਬਿਮਾਰੀ ਦਾ ਮਰੀਜ਼ ਹੈ, ਨੋਕਰੀ ਵਿਚ ਕੋਈ ਔਕੜ ਹੈ, ਜਾਂ ਕੋਈ ਪਰਿਵਾਰਕ ਔਕੜ ਹੈ, ਤਾਂ ਅਸੀਂ ਝੱਟ ਕਹ ਦੇਂਦੇ ਹਾਂ ਕਿ ਤੈਨੂੰ ਤਾਂ ਰਬ ਨੇ ਸਰਾਪ ਦਿੱਤਾ ਹੈ। ਕੀ ਰਬ ਜੀ ਕਿਸੇ ਨੂੰ ਦੁੱਖ ਜਾਂ ਸਰਾਪ ਦੇਂਦੇ ਹਨ ? ਹਰ ਰੋਜ਼ ਮੂਲਮੰਤਰ ਵਿਚ ਪੜਦੇ ਹਾਂ ਕੇ ਅਕਾਲਪੁਰਖ ਨਿਰਵੈਰ ਹੈ, ਫਿਰ ਓਹ ਨਿਰਵੈਰ ਕਿਵੇਂ ਰਹ ਗਿਆ ਜੇ ਇਕ ਨੂੰ ਦਾਤਾਂ ਤੇ ਦੁਜੇ ਨੂੰ ਸਰਾਪ ?

ਅਸਲ ਵਿੱਚ ਬਹੁਤੇ ਦੁੱਖ ਸਾਨੂੰ ਆਪਣੀਆਂ ਗਲਤੀਆਂ ਕਰਕੇ ਹੀ ਮਿਲਦੇ ਹਨ, ਸੁੱਖਾਂ ਦੀ ਭਾਲ ਵਿੱਚ ਅਸੀਂ ਕਈ ਕਿਸਮ ਦੇ ਗਲਤ ਤਰੀਕੇ ਅਪਨਾਉਂਦੇ ਹਾਂ ਅਤੇ ਦੁੱਖਾਂ ਵਿੱਚ ਘੇਰੇ ਜਾਂਦੇ ਹਾਂ। “ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥” ਅਰਥ : ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ; ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)। (ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥ ਅਸੀਂ ਸੁੱਖ ਅਤੇ ਦੁੱਖ ਨੂੰ ਆਪਣੇ ਨਜ਼ਰੀਏ ਨਾਲ ਹੀ ਵੇਖਦੇ ਹਾਂ। ਇੱਕ ਸੁੱਖ ਪਾਉਣ ਦੀ ਖਾਤਰ ਅਨੇਕਾਂ ਦੁੱਖ ਸਹੇੜ ਬੈਂਦੇ ਹਾਂ ਅਤੇ ਸਾਨੂੰ ਪਤਾ ਹੀ ਨਹੀ ਲਗਦਾ। “ਸੁਖੁ ਮਾਂਗਤ ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥” ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ, ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ । ਇਹ ਗਲ ਸਮਝ ਲੈਣੀ ਚਾਹੀਦੀ ਹੈ ਕੇ ਦੁੱਖ ਕੋਈ ਅਲਗ ਚੀਜ਼ ਨਹੀਂ ਹੈ ਸਗੋਂ ਸੁਖਾਂ ਦਾ ਹੀ ਦੂਜਾ ਰੂਪ ਹਨ।

ਮਨੁੱਖ ਦੇ ਸਾਰੇ ਦੁੱਖ, ਕਲੇਸ਼, ਚਿੰਤਾ,ਅਤੇ ਤਣਾਵਾਂ ਦਾ ਮੁੱਖ ਕਾਰਨ ਉਸ ਦੀ ਸੁੱਖਾਂ ਦੀ ਪ੍ਰਾਪਤੀ ਵਾਸਤੇ ਤ੍ਰਿਸ਼ਨਾ ਹੀ ਹੁੰਦੀ ਹੈ। “ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ” ਗੁਰਦੇਵ ਸਮਝਾ ਰਹੇ ਹਨ ਕੇ ਸੁੱਖਾਂ ਦੀ ਤਲਾਸ਼ ਵਿਚ ਮਨੁੱਖ ਬਹੁਤ ਦੁੱਖ ਪਾਉਂਦਾ ਹੈ ਅਤੇ ਜਣੇ ਖਣੇ ਦੀ ਸੇਵਾ ਵਿਚ ਲਗਿਆ ਰਹੰਦਾ ਹੈ। ਦਰ ਦਰ ਤੇ ਕੁਤਿਆਂ ਵਾਂਗੂੰ ਤੁਰਿਆ ਫਿਰਦਾ ਹੈ ਅਤੇ ਅਕਾਲਪੁਰਖ ਤੋਂ ਦੂਰ ਹੋ ਜਾਂਦਾ ਹੈ। ਅੱਜ ਤੁਹਾਨੂੰ ਕਈ ਏਹੋ ਜਿਹੇ ਮਿਲ ਜਾਣਗੇ ਜਿਹੜੇ ਸੁੱਖ ਪਾਉਣ ਦੇ ਚਕਰਾਂ ਵਿਚ ਅਖੌਤੀ ਸੰਤਾਂ, ਬਾਬਿਆਂ ਦੇ ਡੇਰੇ ਨਾਲ ਜੁੜ ਜਾਂਦੇ ਹਨ ਅਤੇ ਅੰਤ ਨੂੰ ਅਨੇਕ ਦੁੱਖ ਪਾਉਂਦੇ ਹਨ। ਹਰ ਰੋਜ ਏਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ।

ਬੱਸ ਇਕੋ ਗਲ ਮਨੁੱਖ ਨੂੰ ਸਮਝ ਲੈਣੀ ਚਾਹੀਦੀ ਹੈ ਕੇ ਸੁੱਖ ਅਤੇ ਦੁੱਖ ਦੋਨੋ ਇੱਕੋ ਸਿੱਕੇ ਦੇ ਦੋ ਰੂਪ ਹਨ। ਦੋਨੋ ਹੀ ਉਸ ਅਕਾਲਪੁਰਖ ਦੇ ਹੁਕਮ ਵਿੱਚ ਮਿਲਦੇ ਹਨ। “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ” ਕੋਈ ਮਨੁੱਖ ਏਹੋ ਜਿਹਾ ਨਹੀਂ ਹੋਵੇਗਾ ਜਿਸਨੂੰ ਸਿਰਫ ਅਤੇ ਸਿਰਫ ਦੁੱਖ ਹੀ ਮਿਲਦੇ ਹਨ ਸੁੱਖ ਨਹੀਂ, ਇਹ ਦੋਵੇਂ ਅਕਾਲਪੁਰਖ ਦੀ ਰਜਾ ਵਿੱਚ ਹੀ ਆਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਮਨੁੱਖ ਨੂੰ ਸਮਝਾਉਂਦੇ ਹਨ “ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥” ਗੁਰੂ ਸਾਹਿਬ ਕਹੰਦੇ ਹਨ ਕੇ ਦੁੱਖ ਸੁੱਖ ਜਿਹੜੇ ਜਿੰਦਗੀ ਦੇ ਦੋ ਅੰਗ ਹਨ ਓਹ ਤਾਂ ਮਨੁੱਖ ਨੂੰ ਹੰਡਾਉਣੇ ਹੀ ਪੈਂਦੇ ਹਨ ਅਤੇ ਬਾਰ ਬਾਰ ਸੁੱਖਾਂ ਨੂੰ ਮੰਗਣਾ ਸਿਰ ਖਪਾਈ ਕਰਨੀ ਹੀ ਹੈ। ਜਿਥੇ ਮਨੁੱਖ ਦਾ ਕੋਈ ਜੋਰ ਨਾ ਚਲੇ ਓਥੇ ਚੁੱਪ ਰਹਨ ਵਿੱਚ ਹੀ ਭਲਾਈ ਹੁੰਦੀ ਹੈ। ਭਾਵ ਉਸ ਦੀ ਰਜਾ ਵਿਚ ਹੀ ਚਲਣਾ ਚਾਹੀਦਾ ਹੈ।

ਜਦੋਂ ਮਨੁੱਖ ਅਕਾਲਪੁਰਖ ਦੇ ਹੁਕਮ ਨੂੰ ਪਛਾਣ ਲੈਂਦਾ ਹੈ ਓਦੋਂ ਸੁੱਖ ਅਤੇ ਦੁੱਖ ਦੋਵਾਂ ਨੂੰ ਇੱਕੋ ਜਿਹਾ ਸਮਝਦਾ ਹੈ। “ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ॥ ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ” ਉਸ ਦੇ ਭਾਣੇ ਵਿਚ ਚਲਣ ਵਾਲੇ ਮਨੁੱਖ ਨੂੰ ਕੋਈ ਸਰੀਰਕ ਦੁੱਖ ਪੋਹ ਨਹੀਂ ਸਕਦਾ ਓਹ ਓਹਨਾ ਦੁਖਾਂ ਨੂੰ ਵੀ ਉਸ ਦੀ ਦਾਤ ਸਮਝ ਕੇ ਖੁਸ਼ੀ ਖੁਸ਼ੀ ਲੈਂਦਾ ਹੈ। ਓਹ ਦੁੱਖ ਅਤੇ ਸੁੱਖ ਦੋਵਾਂ ਵਿਚ ਉਸ ਅਕਾਲਪੁਰਖ ਨੂੰ ਸਦਾ ਯਾਦ ਰਖਦਾ ਹੈ ਅਤੇ ਦੋਵਾਂ ਨੂੰ ਇੱਕੋ ਜਿਹਾ ਲੈਂਦਾ ਹੈ। “ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥ ੨ ॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ” ਅੱਜ ਅਖੌਤੀ ਸੰਤ ਲੋਕਾਂ ਨੂੰ ਕਹ ਦੇਂਦੇ ਹਨ ਕੇ ਦੁੱਖ ਭੰਜਨੀ ਜਾਂ ਸੁਖਮਨੀ ਸਾਹਿਬ ਜੀ ਦੇ ਐਨੇ ਪਾਠ ਕਰ ਲਵੋ ਤਾਂ ਸਰੀਰਕ ਦੁੱਖ ਕਟੇ ਜਾਣਗੇ, ਓਹ ਇਹ ਨਹੀਂ ਸੋਚਦੇ ਕੇ ਸਰੀਰਕ ਦੁੱਖ ਤਾਂ ਇਸ ਬਾਣੀ ਨੂੰ ਲਿਖਣ ਵਾਲਿਆਂ ਨੂੰ ਵੀ ਸਹਣੇ ਪਏ ਸਨ। ਤਤੀ ਤਵੀ ਤੇ ਬੈਠਣਾ, ਸਿਰ ਵਿੱਚ ਤੱਤੀ ਰੇਟ ਪਵਾਉਣੀ, ਦੇਗ ਵਿਚ ਉਬਾਲੇ ਜਾਣ ਨਾਲੋਂ ਜਿਆਦਾ ਸਰੀਰਕ ਦੁੱਖ ਕੀ ਹੋ ਸਕਦਾ ਹੈ। ਪਰ ਓਹ ਅਕਾਲਪੁਰਖ ਦੀ ਰਜਾ ਵਿਚ ਖੁਸ਼ ਸਨ ਅਤੇ ਉਸ ਦੇ ਹੁਕਮ ਨੂੰ ਪਛਾਣਦੇ ਸਨ ਏਹੀ ਕਾਰਨ ਹੈ ਕੇ ਹੱਸਦੇ ਹੱਸਦੇ ਸਿਰ ਤੋਂ ਖੋਪੜ ਲਵਾ ਲਏ ,ਆਰਿਆਂ ਨਾਲ ਚਿਰਾਏ ਗਏ, ਦੇਗਾਂ ਵਿੱਚ ਉਬਲੇ ਗਏ,ਚਰਖੜੀਆਂ ਤੇ ਚੜ ਗਏ, ਅਤੇ ਬਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਅਤੇ ਮੂੰਹ ਵਿੱਚ ਪਵਾ ਲਏ। ਇਹ ਸਭ ਕੁਝ ਨੂੰ ਉਸੇ ਤਰਾਂ ਲਿਆ ਜਿਵੇਂ ਜਿੰਦਗੀ ਦੇ ਸੁੱਖਾਂ ਨੂੰ।

ਅਸਲੀ ਦੁੱਖ ਤਾਂ ਉਸ ਦੇ ਵਿਛੋੜੇ ਦਾ ਹੈ ਜਿਸ ਨੂੰ ਅਸੀਂ ਕਦੇ ਚਿਤਾਰਦੇ ਹੀ ਨਹੀਂ। ਅਕਾਲਪੁਰਖ ਅਗੇ ਅਰਦਾਸ ਕਰੋ ਕੇ ਇਹ ਦੁੱਖ ਨਾ ਦੇਵੇ ਬਾਕੀ ਸੁੱਖ ਦੁੱਖ ਤਾਂ ਸਰੀਰ ਦਾ ਹੀਸਾ ਹੀ ਹਨ। “ਦੁਖੁ ਤਦੇ ਜਾ ਵਿਸਰਿ ਜਾਵੈ॥ ਭੁਖ ਵਿਆਪੈ ਬਹੁ ਬਿਧਿ ਧਾਵੈ॥ ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ” ਅਰਥ: (ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ। (ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ। ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ॥੧॥

ਭੁੱਲ ਚੁੱਕ ਦੀ ਖਿਮਾ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top