Share on Facebook

Main News Page

ਕੂੜ ਨਿਖੁਟੇ ਨਾਨਕਾ ਉੜਕਿ ਸਚ ਰਹੀ
ਜੰਮੂ ਵਿਖੇ ਹੋਈ ਸੁਧਾਰ ਇਕੱਤਰਤਾ ਬਾਰੇ ਪ੍ਰੋ. ਕਵਲਦੀਪ ਸਿੰਘ ਦੇ ਕੂੜ-ਪ੍ਰਚਾਰ ਦਾ ਪਰਦਾਫਾਸ਼ ਕਰਦਾ ਸਾਡਾ ਪੱਖ
- ਤੱਤ ਗੁਰਮਤਿ ਪਰਿਵਾਰ

ਤਾਜ਼ਾ ਟਿੱਪਣੀ : ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਤੀਜੇ ਪੜਾਅ ਤੇ 24-25 ਮਾਰਚ 2012 ਨੂੰ ਜੰਮੂ ਵਿਖੇ ਹੋਈ ਵਿਚਾਰ ਇਕੱਤਰਤਾ ਤੋਂ ਵਾਪਿਸ ਆ ਕੇ ਕੁਝ ਦਿਨ ਪ੍ਰੋ. ਕਵਲਦੀਪ ਸਿੰਘ ਜੀ ਨੇ ਫੇਸ ਬੁਕ 'ਤੇ ਇਸ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ। ਉਸ ਸਮੇਂ ਅਸੀਂ ਆਪਣਾ ਪੂਰਾ ਪੱਖ ਤਿਆਰ ਕੀਤਾ ਸੀ। ਪਰ ਜਦੋਂ ਸਾਨੂੰ ਇਹ ਪਤਾ ਲਗਿਆ ਕਿ ਇਹ ਕੂੜ ਪ੍ਰਚਾਰ ਕਿਸੇ ਵੀ ਪੰਥਕ ਵੈਬਸਾਈਟ ਨੇ ਛਾਪਣ ਲਾਇਕ ਨਹੀਂ ਸਮਝਿਆ ਤਾਂ ਅਸੀਂ ਉਹ ਪੱਖ ਪ੍ਰਕਾਸ਼ਿਤ ਕਰਨ ਤੋਂ ਸੰਕੋਚ ਕਰ ਲਿਆ। ਜਦੋਂ ਕੁਝ ਸੱਜਣਾਂ ਨੇ ਵੈਬਸਾਇਟ ਸਿੱਖ ਮਾਰਗ 'ਤੇ ਛਪੀਆਂ ਆਪਣੇ ਕੁਝ ਲਿਖਤਾਂ ਵਿਚ ਪ੍ਰੋ. ਕੰਵਲ ਦੇ ਉਸ ਕੂੜ ਪ੍ਰਚਾਰ ਦੇ ਕੁਝ ਅੰਸ਼ ਹਵਾਲੇ ਵਜੋਂ ਵਰਤੇ ਤਾਂ ਤੀਜੇ ਪੜਾਅ ਦੀ ਇਕੱਤਰਤਾ ਪ੍ਰਬੰਧਕ ਕਮੇਟੀ ਨੇ ਸੰਖੇਪ ਵਿਚ ਇਸ ਬਾਰੇ ਆਪਣਾ ਪੱਖ ਸਿੱਖ ਮਾਰਗ ਵੈਬਸਾਈਟ ਤੇ ਭੇਜਿਆ ਜੋ ਪਾਠਕਾਂ ਦੇ ਪੰਨੇ ਤੇ 19 ਮਈ 2012 ਦੇ ਖਤਾਂ ਵਿਚ ਪੜਿਆ ਜਾ ਸਕਦਾ ਹੈ।

ਇਸ ਸਾਂਝੇ ਸੁਧਾਰ ਉਪਰਾਲੇ ਦਾ ਛੇਵਾਂ ਪੜਾਅ ਕਾਮਯਾਬੀ ਨਾਲ ਸੰਪੂਰਨ ਹੋਣ ਤੋਂ ਬਾਅਦ ਇਕ ਵਾਰ ਫਿਰ ਪ੍ਰੋ. ਕੰਵਲ ਨੇ ਉਹੀ ਪੁਰਾਣਾ ਕੂੜ ਪ੍ਰਚਾਰ ਸ਼ੁਰੂ ਕਰ ਦਿਤਾ ਹੈ । ਪ੍ਰੋ. ਕੰਵਲ ਦਾ ਉਹ ਦੁਸ਼-ਪ੍ਰਚਾਰ ਦੁਬਾਰਾ ਸ਼ੁਰੂ ਹੋ ਜਾਣ ਕਰਕੇ ਅਸੀਂ ਉਸ ਸਮੇਂ ਲਿਖਿਆ ਆਪਣਾ ਖੁੱਲਾ ਪੱਖ ਪਾਠਕਾਂ ਦੀ ਜਾਣਕਾਰੀ ਲਈ ਭੇਜ ਰਹੇ ਹਾਂ ਤਾਂ ਕਿ ਉਹ ਗੁੰਮਰਾਹ ਹੋਣ ਤੋਂ ਬੱਚ ਸਕਣ।

ਪ੍ਰੋ. ਕੰਵਲ ਦੇ ਮੌਜ਼ੂਦਾ ਸਮੇਂ ਛੱਪ ਰਹੇ ਲੇਖਾਂ ਹੇਠ ਕੁਝ ਸੱਜਣਾਂ ਨੇ ਉਨ੍ਹਾਂ ਦੇ ਵਿਆਹੁਤਾ ਜੀਵਨ ਅਤੇ ਧਰਮ ਪਤਨੀ ਨੂੰ ਲੈ ਕੇ ਕੁਝ ਟਿੱਪਣੀਆਂ ਕਰਣੀਆਂ ਸ਼ੁਰੂ ਕਰ ਦਿਤੀਆਂ ਹਨ। ਅਸੀਂ ਇਸ ਪਹੁੰਚ ਨਾਲ ਜਬਰਦਸਤ ਅਸਹਿਮਤੀ ਦਰਸਾਉਂਦੇ ਹੋਏ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਵਿਚਾਰ ਚਰਚਾ ਵਿਚ ਸਿਰਫ ਮੁੱਦੇ ਤੇ ਗੱਲ ਕਰਨੀ ਚਾਹੀਦੀ ਹੈ। ਕਿਸੇ ਵਿਚਾਰ ਚਰਚਾ ਦੌਰਾਣ ਮੁੱਦੇ ਤੋਂ ਹੱਟ ਕੇ ਕਿਸੇ ਦੀ ਨਿੱਜੀ ਜੀਵਨ ਬਾਰੇ ਤੋਹਮਤਾਂ ਲਾਉਣਾ ਜਾਂ ਪ੍ਰਚਾਰ ਕਰਨ ਲੱਗ ਪੈਣਾ ਬਿਲਕੁਲ ਗਲਤ ਹੈ। ਵਿਚਾਰ ਚਰਚਾ ਦੌਰਾਨ ਸ਼ਬਦਾਵਲੀ ਦਾ ਸੰਜਮ ਵੀ ਲੇਖਕ ਦੀ ਸੁਹਿਰਦਤਾ ਦਾ ਪ੍ਰਗਟਾਵਾ ਹੁੰਦਾ ਹੈ। ਇਸੇ ਤਰਾਂ ਕੁਝ ਸੱਜਣ ਆਪਣੀਆਂ ਟਿਪਣੀਆਂ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੂੰ ਘਸੀਟਣ ਦਾ ਯਤਨ ਕਰਦੇ ਹੋਏ ਆਪਣੀ ਭੜਾਸ ਕੱਢ ਰਹੇ ਹਨ। ਐਸੀ ਪਹੁੰਚ ਮੂਲੋਂ ਗਲਤ ਹੈ।

ਸੁਹਿਰਦਤਾ ਅਤੇ ਇਮਾਨਦਾਰੀ ਇਸੇ ਵਿਚ ਹੈ ਕਿ ਵਿਚਾਰ ਚਰਚਾ ਦੌਰਾਣ ਸਿਰਫ ਮੁੱਦੇ ’ਤੇ ਤੱਥਾਂ ਅਤੇ ਦਲੀਲ ਨਾਲ ਹੀ ਗੱਲ ਕੀਤੀ ਜਾਵੇ। ਅਫਸੋਸ! ਪ੍ਰੋ. ਕੰਵਲ ਸਮੇਤ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦਾ ਵਿਰੋਧ ਕਰ ਰਹੇ ਚੰਦ ਕੁ ਸੱਜਣਾਂ ਦੀ ਪਹੁੰਚ ਵੀ ਮੁੱਦਿਆਂ ਤੇ ਗੱਲ ਕਰਨ ਦੀ ਥਾਂ ‘ਆਫ ਦਾ ਰਿਕਾਰਡ ਗੱਲਾਂ’ ਜਾਂ ਸੰਦਰਭ ਤੋਂ ਅੱਡ ਕਰਕੇ ਕੁਝ ਪੰਕਤੀਆਂ/ਲਫਜ਼ਾਂ ਦੀ ਖਿੱਚ-ਧੁਹ ਰਾਹੀਂ ਹਲਕੀ ਸ਼ੋਸੇ-ਬਾਜ਼ੀ ਕਰਦੇ ਹੋਏ ਪਾਠਕਾਂ ਨੂੰ ਭੜਕਾਉਣ ਅਤੇ ਗੁੰਮਰਾਹ ਕਰਨ ਦਾ ਨਾਪਾਕ ਯਤਨ ਕਰਨ ਵਾਲੀ ਹੈ। ਸ਼ਬਦਾਵਲੀ ਅਤੇ ਫਤਵੇਬਾਜ਼ੀ ਵਿਚ ਇਹ ਪੁਜਾਰੀਆਂ ਨੂੰ ਵੀ ਪਿੱਛੇ ਛੱਡਣ ਲਈ ਕਾਹਲੇ ਪਏ ਜਾਪਦੇ ਹਨ। ਪਰਿਵਾਰ ਨੇ ਹਮੇਸ਼ਾਂ ਹੀ ਐਸੀ ਗਲਤ ਪਹੁੰਚ ਤੋਂ ਪਰਹੇਜ਼ ਰੱਖਣ ਦਾ ਯਤਨ ਕੀਤਾ ਹੈ ਨਹੀਂ ਤਾਂ ਮਾਰਚ ਵਾਲੀ ਇਕੱਤਰਤਾ ਦੀ ਵੀਡੀਉ ਵਿਚ ਲੰਗਰ ਛਕਦੇ ਵੇਲੇ ਦੀ ਇਕ ‘ਕਲਿੱਪਿੰਗ’ ਐਸੀ ਹੈ, ਜਿਸ ਵਿਚ ਪ੍ਰੋ. ਕੰਵਲ ਕੁਝ ਇਵੇਂ ਕਹਿ ਰਹੇ ਹਨ ‘ਮੈਨੂੰ ਤਾਂ ਲਗਦਾ ਹੈ ਗੁਰ ਨਾਨਕ ਸਾਹਿਬ ਦੀ ਬਾਣੀ ਵੀ ਸੋਧੀ ਹੋਈ ਹੈ”। ਜੇ ਪਰਿਵਾਰ ਵੀ ਪ੍ਰੋ. ਕੰਵਲ ਜਾਂ ਸੁਧਾਰ ਉਪਰਾਲੇ ਦਾ ਵਿਰੋਧ ਕਰ ਰਹੇ ਚੰਦ ਕੁ ਹੋਰ ਸੱਜਣਾਂ ਵਾਲੀ ਗਲਤ ਪਹੁੰਚ ਅਪਣਾ ਲਵੇ ਤਾਂ ਇਸ ਕਲਿੱਪਿੰਗ ਨੂੰ ਜਨਤਕ ਕਰਕੇ ਰੌਲਾ ਪਾ ਸਕਦਾ ਸੀ। ਪਰ ਅਸੀਂ ਸੇਧ ਗੁਰਮਤਿ ਤੋਂ ਲੈਣ ਦਾ ਯਤਨ ਕਰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਨਰਾਜ਼ਗੀ ਜਾਂ ਭੜਕਾਹਟ ਆਦਿ ਅਲਾਮਤ ਸਾਡੇ ਨੇੜੇ ਵੀ ਨਾ ਫੜਕੇ। ਇਸ ਲਈ ਅਸੀਂ ਉਸ ਕਲਿਪਿੰਗ ਦਾ ਜ਼ਿਕਰ ਆਪਣੇ ਖੁੱਲੇ ਜਵਾਬ ਵਿਚ ਨਹੀਂ ਕੀਤਾ ਕਿਉਂਕਿ ਅਸੀਂ ਸਮਝਦੇ ਹਾਂ ਕਿ ਕਿਸੇ ਲਫਜ਼ ਜਾਂ ਪੰਕਤੀ ਨੂੰ ਸੰਦਰਭ ਤੋਂ ਵੱਖਰੇ ਕਰਕੇ ਸ਼ੋਰ ਮਚਾਉਣ ਦੀ ਪਹੁੰਚ ਬੇਈਮਾਨੀ ਹੈ।

ਕਿਸੇ ਵੀ ਲਿਖਤ ਨੂੰ ਛਾਪਣ ਜਾਂ ਨਾ ਛਾਪਣ ਦਾ ਫੈਸਲਾ ਲੈਣ ਦਾ ਸੰਪਾਦਕ ਨੂੰ ਹੱਕ ਹੁੰਦਾ ਹੈ ਪਰ ਸੰਪਾਦਕ ਨਾਲ ਇਹ ਵੱਡੀ ਜੁੰਮੇਵਾਰੀ ਵੀ ਜੁੜੀ ਹੁੰਦੀ ਹੈ ਕਿ ਉਹ ਕਿਸੇ ਧੜੇ ਦਾ ਮੋਹਰਾ ਬੰਨਣ ਦੀ ਥਾਂ ਆਪਣੀ ਜ਼ਹੀਨ ਸਮਝ ਨਾਲ ਲੇਖਕ ਦੀ ਪ੍ਰਵਿਰਤੀ ਅਤੇ ਵਿਸ਼ਵਸਨੀਅਤਾ ਦੀ ਜਾਂਚ ਕਰ ਲਵੇ। ਜੇ ਸਾਰੀਆਂ ਪੰਥਕ ਵੈਬਸਾਈਟਾਂ ਦੇ ਸੰਪਾਦਕ ਇਸ ਸੱਚ ਨੂੰ ਆਪਣਾ ਲੈਣ ਤਾਂ ਮਿਆਰ ਵੱਧ ਸਕਦਾ ਹੈ।

ਜਿਥੋਂ ਤੱਕ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦਾ ਸਵਾਲ ਹੈ ਇਸ ਵਿਚ ਹਰ ਇਕ ਨੂੰ ਆਪਣੇ ਲਿਖਤੀ ਵਿਚਾਰ ਨੁਕਤਾਵਾਰ ਦੇਣ ਅਤੇ ਵਿਚਾਰ ਚਰਚਾ ਵਿਚ ਸ਼ਾਮਿਲ ਹੋਣ ਦੀ ਬੇਨਤੀਆਂ ਖੁਲਦਿਲੀ ਨਾਲ ਵਾਰ ਵਾਰ ਕੀਤੀਆਂ ਗਈਆਂ। ਲਿਖਤੀ ਵਿਚਾਰ ਦੇਣ ਜਾਂ ਨਿੱਜੀ ਤੌਰ ਤੇ ਸ਼ਾਮਿਲ ਹੋਣ ਤੋਂ ਮੁਨਕਰ ਹੋ ਕੇ ਜੇ ਕੋਈ ਸੱਜਣ ਹੁਣ ਆਪਣੇ ਮਨ ਦੀ ਭੜਾਸ ਕੱਡ ਰਹੇ ਹਨ ਤਾਂ ਉਹ ਬੇਸ਼ਕ ਮਨ ਵਿਚ ਬੇਈਮਾਨੀ ਪਾਲੀ ਬੈਠੇ ਹਨ। ਪ੍ਰੋ. ਕੰਵਲ ਦਾ ਸੱਚ ਤਾਂ ਹੇਠਾਂ ਦਿਤਾ ਜਾ ਰਿਹਾ ਹੈ। ਚੰਦ ਕੁ ਹੋਰਨਾਂ ਦੇ ਕੂੜ-ਪ੍ਰਚਾਰ ਬਾਰੇ ਵੀ ਆਪਣਾ ਪੱਖ ਛੇਤੀ ਹੀ ਰੱਖਣ ਦਾ ਯਤਨ ਕੀਤਾ ਜਾਵੇਗਾ।

ਪਾਠਕ ਇਸ ਗੱਲ ਤੋਂ ਵਾਕਫ ਹਨ ਕਿ ਸਿੱਖ ਰਹਿਤ ਮਰਿਯਾਦਾ ਸੁਧਾਰ ਦੇ ਸੰਬੰਧ ਵਿਚ ਇਕ ਇਕੱਤਰਤਾ ਮਾਰਚ 2012 ਵਿਚ ਜੰਮੂ ਵਿਖੇ ਹੋਈ ਸੀ। ਇਸ ਇਕੱਤਰਤਾ ਵਿਚ ਲਗਭਗ 70 ਕੁ ਪੰਥਦਰਦੀ ਵੀਚਾਰਕ ਸੱਜਣਾਂ ਨੇ ਹਿੱਸਾ ਲਿਆ। ਪ੍ਰੋ. ਕਵਲਦੀਪ ਸਿੰਘ ਕੰਵਲ ਵੀ ਇਨ੍ਹਾਂ ਵਿਚੋਂ ਇਕ ਸਨ। ਕੰਵਲ ਜੀ ਨੇ ਇਕੱਤਰਤਾ ਦੇ ਅਗਲੇ ਦਿਨ ਤੋਂ ਹੀ ਫੇਸਬੁਕ ਰਾਹੀਂ ਗੁੰਮਰਾਹਕੁੰਨ ਦੁਸ਼-ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਅਸੀਂ ਸਹਿਜ ਵਿਚ ਰਹਿਣ ਦਾ ਯਤਨ ਕਰਦੇ ਹੋਏ ਅਪਣਾ ਪੱਖ ਰੱਖਣ ਲਈ ਕਿਸੇ ਕਾਹਲੀ ਤੋਂ ਸੰਕੋਚ ਕੀਤਾ ਅਤੇ ਇੰਤਜ਼ਾਰ ਕਰ ਰਹੇ ਸੀ ਕਿ ਕੰਵਲ ਜੀ ਪਹਿਲਾਂ ਅਪਣੇ ਮਨ ਦੀ ਭੜਾਸ ਪੂਰੀ ਤਰਾਂ ਕੱਢ ਲੈਣ। ਅਸੀਂ ਇਸ ਕੂੜ-ਪ੍ਰਚਾਰ ਬਾਰੇ ਅਪਣਾ ਪੱਖ ਨਿਮਰਤਾ, ਠਰੰਮੇ ਅਤੇ ਸਹਿਜ ਨਾਲ ਦੇਣ ਦਾ ਹੇਠਾਂ ਜਤਨ ਕਰ ਰਹੇ ਹਾਂ।

ਪ੍ਰੋ. ਕੰਵਲ ਦੇ ਪ੍ਰਚਾਰ ਬਾਰੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇਕੱਤਰਤਾ ਦੀ ਰੂਪ ਰੇਖਾ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰ ਲੈਣੀ ਲਾਹੇਵੰਦ ਰਹੇਗੀ। ਇਹ ਇਕੱਤਰਤਾ 24 ਅਤੇ 25 ਮਾਰਚ 2012 ਨੂੰ ਜੰਮੂ ਵਿਖੇ ਹੋਈ, ਜਿਸ ਦਾ ਸੰਯੋਜਨ 8 ਮੈਂਬਰੀ ਇਕੱਤਰਤਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਤੱਤ ਗੁਰਮਤਿ ਪਰਿਵਾਰ ਵਲੋਂ ਕੀਤਾ ਗਿਆ ਸੀ। ਇਸ ਇਕੱਤਰਤਾ ਵਿਚ 18 ਸਾਲ ਦੇ ਨੌਜਵਾਨ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਹਰ ਉਮਰ-ਵਰਗ ਦੇ ਲਗਭਗ 70 ਸੁਚੇਤ ਸੱਜਣਾਂ ਨੇ ਹਿੱਸਾ ਲਿਆ। ਇਕੱਤਰਤਾ ਦਾ ਏਜੰਡਾ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀ ਕਮੀਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਮੁੱਢਲੀਆਂ ਵਿਚਾਰਾਂ ਉਪਰੰਤ ਤਿਆਰ ਹੋਏ ਇਕ ਸੰਭਾਵੀ ਖਰੜੇ ਨੂੰ ਨੁਕਤਾਵਾਰ ਵਿਚਾਰ ਕੇ ਇਕ ਫਾਈਨਲ ਦਸਤਾਵੇਜ਼ ਤਿਆਰ ਕਰਨਾ ਸੀ। ਇਸ ਦੋ ਦਿਨਾਂ ਇਕੱਤਰਤਾ ਵਿਚ ਕੁਲ 4 ਸੈਸ਼ਨ ਸਨ। ਮੀਟਿੰਗ ਦੀ ਸ਼ੁਰੂਆਤ ਪ੍ਰਿੰ. ਨਰਿੰਦਰ ਸਿੰਘ ਜੰਮੂ ਵਲੋਂ ‘ਕੁੰਜੀਵਤ ਭਾਸ਼ਨ (ਕੀ-ਨੋਟ)’ ਪੜ੍ਹਣ ਨਾਲ ਹੋਈ। ਉਸ ਉਪਰੰਤ ਸਾਰੇ ਹਾਜ਼ਰੀਨ ਵਲੋਂ ਇਕ ਪ੍ਰਣ ਕੀਤਾ ਗਿਆ ਜਿਸ ਦਾ ਮੂਲ਼ ਭਾਵ ਇਹ ਸੀ ਕਿ ਮੈਂ ਅਪਣੇ ਵਿਚਾਰ ਨਿਰਪੱਖਤਾ ਨਾਲ ਦੇਣ ਦਾ ਜਤਨ ਕਰਦੇ ਹੋਏ ਗੁੱਸੇ, ਈਰਖਾ, ਧੜੇਬੰਦਕ ਸੋਚ ਨੂੰ ਵਿਚ ਨਹੀਂ ਆਉਣ ਦੇਵਾਂਗਾ। ਉਸ ਉਪਰੰਤ ‘ਸੰਭਾਵੀ ਖਰੜੇ’ ਤੇ ਨੁਕਤਾਵਾਰ ਵਿਚਾਰ ਸ਼ੁਰੂ ਹੋਈ।

ਪਹਿਲਾਂ ਉਨ੍ਹਾਂ ਨੁਕਤਿਆਂ ਤੇ ਸਹੀ ਪਾ ਲਈ ਗਈ ਜਿਨ੍ਹਾਂ ਦੇ ਗੁਰਮਤਿ ਅਨੁਸਾਰੀ ਹੋਣ ਤੇ ਸਾਰਿਆਂ ਦੀ ਸਹਿਮਤੀ ਸੀ। ਉਸ ਉਪਰੰਤ ਵਿਚਾਰ ਮੰਗਦੇ ਨੁਕਤਿਆਂ ਤੇ ਨੁਕਤਾਵਾਰ ਵਿਚਾਰ ਸ਼ੁਰੂ ਹੋਈ। ਸਾਹਮਣੇ ਆ ਰਹੇ ਵਿਚਾਰਾਂ ਦਾ ਨਿਚੋੜ ਕੱਢ ਕੇ ਹਰ ਮੱਦ ਨੂੰ ਫਾਈਨਲ ਕਰਨ ਲਈ ਕਰਨ ਲਈ ਇਕ ਤਿੰਨ ਮੈਂਬਰੀ ਪੈਨਲ ਬਣਾਇਆ ਗਿਆ ਜਿਸ ਵਿਚ ਵੀਰ ਕੰਵਲ (ਨੌਜਵਾਣ) ਤੋਂ ਇਲਾਵਾ ਵੀਰ ਮੋਹਨ ਸਿੰਘ ਜੀ ਡੇਰਾਬੱਸੀ (ਪ੍ਰੋੜ) ਅਤੇ ਬਜ਼ੁਰਗ ਹਰਭਜਨ ਸਿੰਘ ਜੀ ਜੰਮੂ ਸ਼ਾਮਿਲ ਸਨ। ਵਿਸ਼ੇ ਦੀ ਵਿਸ਼ਾਲਤਾ ਅਤੇ ਖੁੱਲੀ ਵਿਚਾਰ ਕਾਰਨ ਅੰਤਿਮ ਸ਼ੈਸ਼ਨ (ਚੌਥਾ) ਨੂੰ ਰਾਤ ਲਗਭਗ 11 ਵਜੇ ਤੱਕ ਵਧਾਉਣਾ ਪਿਆ ਤਾਂ ਕਿ ਵਿਚਾਰ ਪੂਰੀ ਹੋ ਸਕੇ। ਪੂਰੀ ਇਕਤੱਰਤਾ ਵਿਚ ਹਾਜ਼ਰੀਨ ਦੀ ਰੁਚੀ ਅਤੇ ਵਿਵਹਾਰ ਕਾਬਲੇ ਤਾਰੀਫ ਸੀ। ਚੌਥੇ ਸ਼ੈਸ਼ਨ ਵਿਚ ਚੰਦ ਕੁ ਮਿਨਟ ਲਈ ਵੀਰ ਕੰਵਲ ਦੇ ਗੁੱਸੇ ਵਿਚ ਆਉਣ ਕਾਰਨ ਹੋਈ ਤਲਖੀ ਤੋਂ ਇਲਾਵਾ ਬਾਕੀ ਮੀਟਿੰਗ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲੀ। ਬਹੁਤੇ ਹਾਜ਼ਰੀਨ ਦਾ ਵਿਚਾਰ ਸੀ ਕਿ ਇਸ ਤਰਾਂ ਦੀ ਸੁਚੱਜੀ ਅਤੇ ਬੇਹਤਰੀਨ ਇਕਤੱਰਤਾ ਸਿੱਖ ਸਮਾਜ ਵਿਚ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੀ।

ਇਸ ਇਕੱਤਰਤਾ ਵਿਚ ਸ਼ਾਮਿਲ 70 ਕੁ ਸੱਜਣ ਆਮ ਸਮਾਗਮਾਂ ਵਾਂਗੂ ਕੋਈ ਭੀੜ ਦਾ ਹਿੱਸਾ ਨਹੀਂ ਸਨ ਬਲਕਿ ਉਹ ਸਾਰੇ ਪੰਥ ਦੇ ਸੁਚੇਤ ਤਬਕੇ ਦੇ ਨੁਮਾਇੰਦੇ ਸਨ। ਵੀਰ ਕੰਵਲ ਜੀ ਤੋਂ ਇਲਾਵਾ ਕਿਸੇ ਵੀ ਸੱਜਣ ਨੇ ਇਸ ਇਕੱਤਰਤਾ ਬਾਰੇ ਕੋਈ ਨਰਾਜ਼ਗੀ ਜ਼ਾਹਿਰ ਨਹੀਂ ਕੀਤੀ, ਬਲਕਿ ਖੁੱਲੀ ਅਤੇ ਸੁਹਿਰਦ ਤਾਰੀਫ ਹੀ ਕੀਤੀ ਹੈ। ਇਹ ਤੱਥ ਹੀ ਇਹ ਸਪਸ਼ਟ ਕਰਨ ਲਈ ਕਾਫੀ ਹੈ ਕਿ ਵੀਰ ਕੰਵਲ ਸਹੀ ਨਹੀਂ ਹਨ, ਉਹ ਗੁੱਸੇ ਅਤੇ ਈਰਖਾ ਵੱਸ ਹੋ ਕੇ ਦੁਸ਼-ਪ੍ਰਚਾਰ ਕਰ ਰਹੇ ਹਨ। ਪਰ ਵੀਰ ਜੀ ਦੇ ਇਸ ਕੁ-ਪ੍ਰਚਾਰ ਨੂੰ ਪੂਰੀ ਤਰਾਂ ਸਪਸ਼ਟ ਕਰਨ ਲਈ ਅਸੀਂ ਅੱਗੇ ਖੁੱਲੀ ਵਿਚਾਰ ਕਰ ਰਹੇ ਹਾਂ ਤਾਂ ਕਿ ਸਾਰੇ ਸੱਚ ਤੋਂ ਜਾਣੂ ਹੋ ਸਕਣ। ਵੈਸੇ ਵੀ ਗੁਰਮਤਿ ਦੀ ਰੋਸ਼ਨੀ ਵਿਚ ਜਵਾਬਦੇਹੀ ਇਕ ਮੁੱਢਲਾ ਫਰਜ਼ ਹੋਣ ਕਰਕੇ, ਸੰਯੋਜਕ ਵੱਜੋਂ ਸਪਸ਼ਟ ਕਰਨਾ ਪਰਿਵਾਰ ਦਾ ਫਰਜ਼ ਵੀ ਬਣਦਾ ਹੈ।

ਪ੍ਰੋ. ਧੂੰਦਾ ਜੀ ਵਲੋਂ ਪੁਜਾਰੀਆਂ ਸਾਹਮਣੇ ਪੇਸ਼ ਹੋਣ ਦੇ ਫੈਸਲੇ ਉਪਰੰਤ ਵੀਰ ਕੰਵਲ ਵਲੋਂ ਪੁਜਾਰੀਆਂ ਦੀ ਹੋਂਦ ਨੂੰ ਚੁਨੌਤੀ ਦੇਂਦਾ ਬਿਆਨ ਮੀਡੀਆ ਵਿਚ ਆਉਣ ਕਰਕੇ ਉਹ ਸੁਚੇਤ ਪੰਥ ਵਿਚ ਚਰਚਾ ਵਿਚ ਆ ਗਏ ਅਤੇ ਇਸ ਲਈ ਉਨ੍ਹਾਂ ਦੀ ਤਾਰੀਫ ਵੀ ਹੋਈ। ਉਨ੍ਹਾਂ ਦੀ ਪਛਾਣ ਇਕ ਸੁਚੇਤ ਕਾਵਿਕਾਰ ਵਜੋਂ ਵੀ ਬਣ ਗਈ। ਗੁਰਮਤਿ ਦੀ ਰੋਸ਼ਨੀ ਵਿਚ ਇਕ ਚੰਗੇ ਮਨੁੱਖ (ਸਿੱਖ) ਲਈ ਉਪਰੋਕਤ ਗੁਣਾਂ ਦੇ ਇਲਾਵਾ ਸਹਿਜ, ਇਮਾਨਦਾਰੀ, ਨਿਮਰਤਾ ਆਦਿਕ ਗੁਣਾਂ ਦਾ ਹੋਣਾ ਬੇਹਦ ਜ਼ਰੂਰੀ ਹੈ। ਬਲਕਿ ਇਨ੍ਹਾਂ ਗੁਣਾਂ ਦਾ ਹੋਣਾਂ ਜਿਆਦਾ ਜ਼ਰੂਰੀ ਹੈ। ਹਉਮੈ, ਗੁੱਸਾ, ਕਾਹਲੀ ਐਸੇ ਅਵਗੁਣ ਹਨ ਜਿਨ੍ਹਾਂ ਕਾਰਨ ਨਫਰਤ, ਈਰਖਾ ਅਤੇ ਬੇਈਮਾਨੀ ਆਦਿ ਅਲਾਮਤਾਂ ਵਿਵਹਾਰ ਤੇ ਭਾਰੂ ਹੋ ਜਾਂਦੀਆਂ ਹਨ। ਇਹ ਅਫਸੋਸਜਨਕ ਸੱਚਾਈ ਹੈ ਕਿ ਪ੍ਰੋ. ਕਵਲ ਦੇ ਕੋਲ ਸੁਚੇਤਤਾ, ਸਿੱਖਿਆ ਆਦਿਕ ਕੀਮਤੀ ਗੁਣ ਹੋਣ ਦੇ ਬਾਵਜੂਦ ਹਉਮੈ, ਗੁੱਸਾ ਅਤੇ ਕਾਹਲੀ ਅਵਗੁਣ ਭਾਰੂ ਹੋਣ ਕਾਰਨ ਉਨ੍ਹਾਂ ਦੇ ਵਿਵਹਾਰ ਵਿਚ ਈਰਖਾ, ਨਫਰਤ, ਬੇਈਮਾਨੀ ਆ ਗਈ। ਇਨ੍ਹਾਂ ਅਲਾਮਤਾਂ ਨੇ ਉਨ੍ਹਾਂ ਦੀ ਸ਼ਖਸੀਅਤ ਨੂੰ ‘ਗ੍ਰਹਿਣ’ ਲਾਉਣਾ ਸ਼ੁਰੂ ਕਰ ਦਿਤਾ ਹੈ ਜੋ ਉਨ੍ਹਾਂ ਲਈ ਨੁਕਸਾਨ ਦਾਇਕ ਗੱਲ ਹੈ। ਇਸੇ ਗੱਲ ਤੋਂ ਚਿੰਤਿਤ ਹੋ ਕੇ ਜੰਮੂ ਵਿਖੇ ਪ੍ਰਿੰ. ਨਰਿੰਦਰ ਸਿੰਘ ਸਮੇਤ ਕੁਝ ਸੁਹਿਰਦ ਸੱਜਣਾਂ ਨੇ ਉਨ੍ਹਾਂ ਨੂੰ ਨਿਸ਼ਕਾਮ ਸਲਾਹ ਦੇ ਕੇ ਸੁਚੇਤ ਕਰਦੇ ਕਿਹਾ ਸੀ, “ਬੇਟਾ! ਤੁਹਾਡੇ ਵਿਚ ਕੁਝ ਉਹ ਬਾ-ਕਮਾਲ ਗੁਣ ਹਨ ਜੋ ਆਪ ਨੂੰ ਕਾਮਯਾਬੀ ਦੀ ਬੁਲੰਦੀਆਂ ਤੇ ਪਹੁੰਚਾ ਸਕਦੇ ਹਨ, ਪਰ ਤੁਹਾਡੇ ਸੁਭਾਅ ਵਿਚਲੀ ਹਉਮੈ ਅਤੇ ਗੁੱਸਾ ਇਸ ਵਿਚ ਵੱਡੀ ਰੁਕਾਵਟ ਬਣ ਸਕਦਾ ਹੈ”।

ਇਕੱਤਰਤਾ ਵਿਚੋਂ ਵਾਪਿਸ ਆਉਣ ਤੋਂ ਬਾਅਦ ਪ੍ਰੋ. ਕੰਵਲ ਵਲੋਂ ਗੁੱਸੇ ਅਤੇ ਬੌਖਲਾਹਟ ਵਿਚ ਫੇਸ ਬੁਕ ਤੇ ਕੀਤਾ ਜਾ ਰਿਹਾ ਦੁਸ਼-ਪ੍ਰਚਾਰ ਦਰਸਾਉਂਦਾ ਹੈ ਕਿ ਉਹ ਨੇਕ ਸਲਾਹ ਨੂੰ ਅਣਗੌਲਿਆ ਕਰ ਗਏ ਹਨ। ਅਕਸਰ ਐਸਾ ਹੀ ਹੁੰਦਾ ਹੈ। ਇਕਤੱਰਤਾ ਬਾਰੇ ਆਪਣੇ ਵਲੋਂ ਕੀਤੇ ਜਾ ਰਹੇ ਦੁਸ਼-ਪ੍ਰਚਾਰ ਦੀ ਸੱਚਾਈ ਬਾਰੇ ਉਹ ਖੁਦ ਵੀ ਜਾਣਦੇ ਹਨ ਪਰ ਫਿਲਹਾਲ ਉਨ੍ਹਾਂ ਦੀ ਸਥਿਤੀ ਇਸ ਗੁਰਬਾਣੀ ਵਾਕ ਵਾਲੀ ਹੈ।

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥
(ਪੰਨਾ 1376)

ਇਕੱਤਰਤਾ ਬਾਰੇ ਉਨ੍ਹਾਂ ਵਲੋਂ ਉਠਾਏ ਨੁਕਤਿਆਂ ਪਿੱਛਲੀ ਭਾਵਨਾ ਦਾ ਸੱਚ ਉਜਾਗਰ ਕਰਨ ਤੋਂ ਪਹਿਲਾਂ ਫੇਸ ਬੁੱਕ ਦੇ ਪ੍ਰੋ. ਕੰਵਲ ਵਲੋਂ ਵਰਤੀ ਸ਼ਬਦਾਵਲੀ ਦੇ ਕੁਝ ਅੰਸ਼ ਵਿਚਾਰ ਲੈਂਦੇ ਹਾਂ

- ਨਾਸਤਕ ਰਿੰਗ ਲੀਡਰ ਇੰਦਰ ਸਿੰਘ ਘੱਗਾ
- ਪੁਜਾਰੀ ਚਰਨ ਸੇਵਕ ਤੇ ਧੂੰਦਾ-ਪੂਜ 108 ਝੂਠ ਸ਼੍ਰੋਮਣੀ ਤੇ ਕੌਤਕੀ ਕਾਦਆਣੀ ਜੀ ਮਹਾਰਾਜ
- ਬੇਤੁਕੇ, ਝੂਠ-ਪੋਟਲੇ ਤੇ ਲਾਹਨਤ ਕੁੱਲ ਸ਼੍ਰੋਮਣੀ ਨੂੰ ਸਵਾਲ
- ਕਿਸੇ ਆਪਦੀ ਸਨਮਾਨ ਜਨਕ ਧੂੰਦਮਈ ਪੁਜਾਰੀ-ਚਰਨ-ਡਿੱਗ ਵਾਂਗ
- ਨਾਸਤਿਕ ਟੋਲੇ ਨੇ ਲਾਇਆ ਗ੍ਰਹਿਣ

----

ਕੋਈ ਵੀ ਨਿਰਪੱਖ ਸੱਜਣ ਵਿਅਕਤੀਗਤ ਅਸਹਿਮਤੀ ਰੱਖਣ ਵਾਲੇ ਸੁਚੇਤ ਪੰਥ ਦਾ ਹਿੱਸਾ ਮੰਨੇ ਜਾਂਦੇ ਸੱਜਣਾਂ (ਪ੍ਰੋ. ਘੱਗਾ ਜੀ, ਪ੍ਰੋ. ਧੂੰਦਾ ਜੀ ਅਤੇ ਵੀਰ ਗੁਰਮੀਤ ਸਿੰਘ ਜੀ ਕਾਦੀਆਣੀ) ਪ੍ਰਤੀ ਪ੍ਰੋ. ਕੰਵਲ ਵਲੋਂ ਵਰਤੀ ਉਪਰੋਕਤ ਮੰਦੀ ਅਤੇ ਹੈਂਕੜ ਵਾਲੀ ਸ਼ਬਦਾਵਲੀ ਵਿਚੋਂ ਉਨ੍ਹਾਂ ਦੇ ਮਨ ਵਿਚਲੀ ਹਉਮੈ, ਈਰਖਾ, ਗੁੱਸੇ, ਬੌਖਲ਼ਾਹਟ ਅਤੇ ਕੜਵਾਹਟ ਦੀ ਸਪਸ਼ਟ ਪਛਾਣ ਕਰ ਸਕਦਾ ਹੈ। ਕਿਸੇ ਸੱਚੇ ਸਿੱਖ ਵਿਚ ਐਸੀਆਂ ਅਲਾਮਤਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਅਲਾਮਤਾਂ ਇਕ ਮਨੁੱਖ ਨੂੰ ਬੇਈਮਾਨ ਬਨਣ ਲਈ ਪ੍ਰੇਰਦੀਆਂ ਹਨ/ਮਜ਼ਬੂਰ ਕਰਦੀਆਂ ਹਨ। ਇਨ੍ਹਾਂ ਅਲਾਮਤਾਂ ਦੇ ਪ੍ਰਭਾਵ ਕਾਰਨ ਹੀ ਪ੍ਰੋ. ਕੰਵਲ ਇਕਤੱਰਤਾ ਦੀ ਰਿਪੋਰਟਿੰਗ ਬੇਈਮਾਨੀ ਹੇਠ ਨਾਂਹ-ਪੱਖੀ ਕਰ ਰਹੇ ਹਨ। ਐਸੀਆਂ ਅਲਾਮਤਾਂ ਦੀ ਮੌਜੂਦਗੀ ਵਿਚ ਸੁਚੇਤ ਅਤੇ ਸਿੱਖਿਅਕ ਹੋਣ ਦੇ ਗੁਣ ਛੁੱਪ ਜਾਂਦੇ ਹਨ।

ਆਉ ਹੁਣ ਫੇਸ ਬੁਕ ਤੇ ਪ੍ਰੋ. ਜੀ ਵਲੋਂ ਖਿਲਾਰੇ ਕੂੜ ਬਾਰੇ ਸੱਚ ਪੂਰੀ ਤਰਾਂ ਸਪਸ਼ਟ ਕਰ ਲਈਏ। ਵੀਰ ਕੰਵਲ ਜੀ ਦੀ ਸੁਚੇਤ ਪੰਥ ਵਿਚ ਮੁੱਖ ਪਹਿਚਾਣ ਪਿਛਲੇ ਸਮੇਂ ਵਿਚ ਪੁਜਾਰੀਆਂ (ਅਖੌਤੀ ਜਥੇਦਾਰਾਂ) ਨੂੰ ਦਿਤੀ ਖੁੱਲੀ ਚੁਨੌਤੀ ਨਾਲ ਹੋਈ ਹੈ। ਪੁਜਾਰੀਵਾਦ (ਪੁਜਾਰੀਆਂ) ਦਾ ਇਕ ਖਾਸ ਗੁਣ ਹੁੰਦਾ ਹੈ ਕਿ ਆਪਣੇ ਵਿਰੋਧੀਆਂ ਖਿਲਾਫ ਫਤਵੇਬਾਜ਼ੀ ਕਰਨਾ। ਸੰਪਰਦਾਈ (ਪੁਜਾਰੀਵਾਦੀ) ਧਿਰਾਂ ਦਾ ਸੁਚੇਤ ਲੋਕਾਂ ਖਿਲਾਫ ਇਕ ਵੱਡਾ ਫਤਵਾ ਹੁੰਦਾ ਹੈ ਉਨ੍ਹਾਂ ਨੂੰ ‘ਨਾਸਤਿਕ’ ਐਲਾਨਣ ਦਾ। ਦਸਮ ਗ੍ਰੰਥ ਦੇ ਹਿਮਾਇਤੀ ਸੱਜਣ ਸੁਚੇਤ ਪੰਥ (ਜੋ ਦਸਮ ਗ੍ਰੰਥ ਦਾ ਵਿਰੋਧ ਕਰਦਾ ਹੈ) ਦੇ ਸੱਜਣਾਂ ਨੂੰ ਆਮ ਹੀ ਨਾਸਤਿਕ, ਕਮਿਉਨਿਸਟ ਆਦਿ ਲਕਬਾਂ ਨਾਲ ਨਿਵਾਜਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਵਿਚ ਦਲੀਲ ਨਾਲ ਗੱਲ ਕਰਨ ਦੀ ਤਾਕਤ ਜਾਂ ਸੂਝ ਨਹੀਂ ਹੁੰਦੀ। ਪ੍ਰੋ. ਕੰਵਲ ਵਲੋਂ ਫੇਸਬੁਕ ਤੇ ਕੀਤੇ ਜਾ ਰਹੇ ਦੁਸ਼-ਪ੍ਰਚਾਰ ਵਿਚ ਵੀ ਇਹ ਪ੍ਰਵਿਰਤੀ ਆਮ ਵੇਖੀ ਜਾ ਸਕਦੀ ਹੈ। ਆਪਣੇ ਨਾਲ ਅਸਹਿਮਤ ਸੱਜਣਾਂ ਨੂੰ ਉਹ ਵਿਰੋਧੀ ਮੰਨ ਕੇ ਬੌਖਲਾਹਟ ਵਿਚ ‘ਨਾਸਤਿਕ’ ਹੋਣ ਦੇ ਫਤਵੇ ਜਾਰੀ ਕਰ ਰਹੇ ਹਨ। ਜਿਵੇਂ ਦਸਮ ਗ੍ਰੰਥੀ ਵੀਰ ਕੁਝ ਭਾਵਨਤਾਮਕ ਅਤੇ ਜ਼ਜਬਾਤੀ ਗੱਲਾਂ ਰਾਹੀਂ (ਜਿਵੇਂ ਇਹ ਦਸਮ ਪਾਤਸ਼ਾਹ ਜੀ ਦੀ ਬਾਣੀ ਤੇ ਕਿੰਤੂ ਕਰਦੇ ਹਨ ਆਦਿ) ਲੋਕਾਂ ਨੂੰ ਗੁੰਮਰਾਹ ਕਰਨ ਦਾ ਜਤਨ ਕਰਦੇ ਹਨ, ਇਵੇਂ ਹੀ ਪ੍ਰੋ. ਕੰਵਲ ਵੀ ਗੱਲਾਂ ਨੂੰ ਤਰੋੜ ਮਰੋੜ ਕੇ ਲੋਕਾਂ ਨੂੰ ਜ਼ਜਬਾਤੀ ਤੌਰ ਤੇ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਇਹ ਪਹੁੰਚ ਦਰਸਾਉਂਦੀ ਹੈ ਕਿ ਪ੍ਰੋ. ਕੰਵਲ ਨੇ ਸਿੱਖ ਪੰਥ ਵਿਚ ਘੁਸਪੈਠ ਕਰ ਚੁੱਕੇ ਪੁਜਾਰੀਆਂ ਦੀ ਤਾਂ ਕੁਝ ਹੱਦ ਤੱਕ ਸ਼ਾਇਦ ਪਛਾਣ ਕਰ ਲਈ ਹੈ, ਪਰ ਆਪਣੇ ਮਨ (ਸ਼ਖਸੀਅਤ) ਅੰਦਰ ਪਲ ਰਹੇ ਪੁਜਾਰੀ (ਵਾਦ) ਤੋਂ ਉਹ ਅੰਜਾਣ ਲਗਦੇ ਹਨ। ਉਨ੍ਹਾਂ ਨੂੰ ਇਸ ਗੁਰਵਾਕ ਦੇ ਆਧਾਰ ਤੇ ਇਸ ਪੱਖੋਂ ਸਵੈ-ਪੜਚੋਲ ਕਰਨ ਦੀ ਬੇਨਤੀ ਕਰਦੇ ਹਾਂ

ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥ (ਪੰਨਾ 269)

ਪ੍ਰੋ. ਕੰਵਲ ਦੇ ਸੁਭਾਅ ਵਿਚਲੀ ਹਉਮੈ ਅਤੇ ਗੁੱਸੇ ਦੇ ਦਰਸ਼ਨ ਫੇਸਬੁਕ ਤੇ ਉਨ੍ਹਾਂ ਵਲੋਂ ਪ੍ਰੋ. ਘੱਗਾ ਜੀ ਅਤੇ ਕਾਦੀਆਣੀ ਜੀ ਪ੍ਰਤੀ ਵਰਤੀ ਸ਼ਬਦਾਵਲੀ ਤੋਂ ਕਰ ਚੁੱਕੇ ਹਾਂ। ਇਨ੍ਹਾਂ ਅਲਾਮਤਾਂ ਦੀ ਮਾਰ ਹੇਠ ਹੀ ਉਹ ਜੰਮੂ ਵਿਖੇ ਆਮ ਵਿਚਾਰ (ਮੀਟਿੰਗ ਤੋਂ ਇਲਾਵਾ ਸਮੇਂ ਵਿਚ) ਵੇਲੇ ਅਪਣੇ ਪਿਤਾ ਦੀ ਉਮਰ ਦੇ ਬਜ਼ੁਰਗ ਅਤੇ ਪੰਥਕ ਵਿਦਵਾਨ ਪ੍ਰੋ. ਘੱਗਾ ਜੀ ਨੂੰ ਅਨਪੜ ਹੋਣ ਦੇ ਤਾਹਣੇ ਦੇਂਦੇ ਰਹੇ ਅਤੇ ਉਨ੍ਹਾਂ ਨਾਲ ਤੂੰ-ਤੂੰ ਕਰਕੇ ਵੀ ਗੱਲ ਕਰਦੇ ਵੇਖੇ ਗਏ। ਕੀ ਤਹਿਜ਼ੀਬ ਅਤੇ ਨਿਮਰਤਾ ਤੋਂ ਵਿਹੂਣੇ ਐਸੇ ਸੱਜਣ ਦੀ ਗੱਲ ਨੂੰ ਗੰਭੀਰਤਾ ਨਾਲ ਲਇਆ ਜਾ ਸਕਦਾ ਹੈ? ਕੀ ਪ੍ਰੋ. ਕੰਵਲ ਦੁਸ਼-ਪ੍ਰਚਾਰ ਕਰਨ ਦੀ ਥਾਂ ਆਪਣੇ ਸੁਭਾਅ ਵਿਚਲੀਆਂ ਇਨ੍ਹਾਂ ਗੁਰਮਤਿ ਵਿਰੋਧੀ ਅਲਾਮਤਾਂ ਬਾਰੇ ਸਵੈ-ਪੜਚੋਲ ਕਰਨਗੇ?

ਫੇਸਬੁਕ 'ਤੇ ਪ੍ਰੋ. ਕੰਵਲ ਵਲੋਂ ਕੀਤੇ ਗਏ ਦੁਸ਼ਪ੍ਰਚਾਰ ਦਾ ਠੋਸ ਆਧਾਰ ਉਨ੍ਹਾਂ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਨੇ ਇਕੱਤਰਤਾ ਵਿਚ ਖਰੜਾ ਪਾੜਦੇ ਹੋਏ ਇਸਦਾ ਬਾਈਕਾਟ ਕੀਤਾ ਅਤੇ ਸਾਰੀ ਕਾਰਵਾਈ ਨਾਲ ਆਪਣੀ ਅਸਹਿਮਤੀ ਦਰਜ ਕਰਵਾ ਦਿਤੀ।

ਕੰਵਲ ਜੀ ਦੇ ਪ੍ਰਚਾਰ ਦਾ ਇਹ ਮੁੱਖ ਆਧਾਰ ਹੀ ਝੂਠ ਅਤੇ ਬੇਈਮਾਨੀ ਦੀ ਕੱਚੀ ਕੰਧ ਤੇ ਖੜਾ ਹੈ। ਆਉ ਇਸ ਬਾਰੇ ਜ਼ਿਆਦਾ ਸਪਸ਼ਟ ਹੋਣ ਲਈ ਉਸ ਇਕੱਤਰਤਾ ਦੀ ਪਹੁੰਚ ਦੀ ਜਾਨਕਾਰੀ ਹੂ-ਬ-ਹੂ ਸਾਂਝੀ ਕਰਦੇ ਹਾਂ। ਇਸ ਇਕੱਤਰਤਾ ਵਿਚ ਖਰੜੇ ਵਿਚਲੀ ਹਰ ਮੱਦ ਨੂੰ ਪਹਿਲਾਂ ਪੜ ਕੇ ਸੁਣਾਇਆ ਜਾਂਦਾ ਸੀ। ਉਸ ਉਪਰੰਤ ਉਸ ਮੱਦ ਦੇ ਸੰਬੰਧ ਵਿਚ ਆਏ ਸੁਝਾਅ ਪੜ ਕੇ ਸੁਣਾਏ ਜਾਂਦੇ ਸਨ। ਇਸ ਉਪਰੰਤ ਉਥੇ ਹਾਜ਼ਿਰ ਸੱਜਣਾਂ ਨੂੰ ਅਪਣੇ ਵਿਚਾਰ ਸਾਂਝੇ ਕਰਨ ਦਾ ਪੂਰਾ ਮੌਕਾ ਦਿਤਾ ਜਾਂਦਾ ਸੀ। ਕੋਈ ਵੀ ਸੱਜਣ ਹੱਥ ਖੜਾ ਕਰ ਕੇ ਵਿਚਾਰ ਦੇਣ ਦੀ ਇੱਛਾ ਜ਼ਾਹਿਰ ਕਰਦਾ ਤਾਂ ਮਾਈਕ ਉਸ ਤੱਕ ਪਹੁੰਚਾ ਦਿਤਾ ਜਾਂਦਾ ਸੀ। ਸਾਹਮਣੇ ਆਏ ਵਿਚਾਰਾਂ ਨੂੰ ਡਰਾਫਟਿੰਗ ਕਮੇਟੀ ਦੇ ਮੈਂਬਰ ਸੁਣ ਕੇ ਆਪਸ ਵਿਚ ਵਿਚਾਰ ਕਰਕੇ ਮੱਦ ਦੀ ਸ਼ਬਦਾਵਲੀ ਤੈਅ ਕਰਦੇ ਸਨ। ਇਸ ਉਪਰੰਤ ਮੱਦ ਦੀ ਸ਼ਬਦਾਵਲੀ ਸਾਰਿਆਂ ਨੂੰ ਪੜ੍ਹ ਕੇ ਸੁਣਾਈ ਜਾਂਦੀ ਸੀ, ਜਿਸ ਨੂੰ ਸਭ ਹੱਥ ਖੜੇ ਕਰ ਕੇ ਅਪਣੀ ਪ੍ਰਵਾਨਗੀ ਦੇਂਦੇ ਸਨ।

ਇਹ ਨੁਕਤਾ ਬੇਹਦ ਨੋਟ ਕਰਨ ਯੋਗ ਹੈ ਕਿ ਹਰ ਮੱਦ ਤੇ ਕਿਸੇ ਵੀ ਹਾਜ਼ਰੀਨ ਨੂੰ ਕਿਸੇ ਵੀ ਤਰਾਂ ਦੇ ਵਿਚਾਰ ਦੇਣ ਦੀ ਖੁੱਲ ਸੀ। ਉਸ ਮੱਦ ਤੇ ਵਿਚਾਰ ਸਮਾਪਤ ਹੋਣ ਉਪਰੰਤ ਗੁਰਮਤਿ ਦਲੀਲ ਦੀ ਰੋਸ਼ਨੀ ਵਿਚ ਜੋ ਸ਼ਬਦਾਵਲੀ ਫਾਈਨਲ ਹੋ ਜਾਂਦੀ ਸੀ, ਉਹੀ ਇਕੱਤਰਤਾ ਦੀ ਸਾਂਝੀ ਸੋਚ ਮੰਨੀ ਗਈ। ਹਾਂ, ਕਿਸੇ ਮੱਦ ਦੀ ਸ਼ਬਦਾਵਲੀ ਫਾਈਨਲ ਹੋਣ ਤੋਂ ਬਾਅਦ ਵੀ ਜੇ ਕੋਈ ਆਪਣੀ ਅਸਹਿਮਤੀ ਵੱਖਰੇ ਤੌਰ ਤੇ ਨੋਟ ਕਰਵਾਉਣਾ ਚਾਹੁੰਦਾ ਤਾਂ ਕਰਵਾ ਸਕਦਾ ਸੀ। ਚਾਰ ਸੈਸ਼ਨ ਚਲੀ ਇਸ ਕਾਰਵਾਈ ਵਿਚ ਕੋਈ ਵੀ ਐਸੀ ਮੱਦ ਨਹੀਂ ਸੀ, ਜਿਸ ਦੇ ਫਾਈਨਲ ਹੋਣ ਤੋਂ ਬਾਅਦ ਕਿਸੇ ਨੇ ਉਸ ਨਾਲ ਆਪਣੀ ਵੱਖਰੀ ਅਸਹਿਮਤੀ ਦਰਜ ਕਰਵਾਈ ਹੋਵੇ। ਇਸ ਵਿਚ ਪ੍ਰੋ. ਕੰਵਲ ਵੀ ਸ਼ਾਮਿਲ ਹਨ।

ਚੌਥੇ ਸ਼ੈਸ਼ਨ ਵਿਚ ‘ਅਨੰਦ/ਵਿਆਹ ਵਾਲੀ ਮੱਦ’ ਤੇ ਵਿਚਾਰ ਕਰਦੇ ਸਮੇਂ ਪ੍ਰੋ. ਕੰਵਲ ਅਤੇ ਕੁਝ ਸੱਜਣਾਂ ਵਿਚਕਾਰ ਨਿੱਜੀ ਈਗੋ ਦੀ ਅਲਾਮਤ ਖੜੀ ਹੋ ਗਈ ਜਿਸ ਦੇ ਨਤੀਜੇ ਵਜੋਂ ਕੁਝ ਤਲਖੀ ਪੈਦਾ ਹੋ ਗਈ। ਇਸ ਦੌਰਾਨ ਇਕ ਵੀਰ ਵਲੋਂ ਗੁੱਸੇ ਵਿਚ ਵਰਤੀ ਸ਼ਬਦਾਵਲੀ ਨਾਲ ਪ੍ਰੋ. ਕੰਵਲ ਨਿੱਜੀ ਤੌਰ ਆਹਤ ਹੋ ਗਏ ਅਤੇ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਆਪਣੇ ਹੱਥ ਵਿਚਲੀ ਖਰੜੇ ਦੀ ਕਾਪੀ ਫਾੜ ਕੇ ਉਚੀ ੳੁੱਚੀ ਸ਼ੋਰ ਮਚਾਉਣਾ ਸ਼ੁਰੂ ਕੀਤਾ, ਜਿਸ ਨਾਲ ਮਾਹੌਲ ਵਿਚ ਤਲਖੀ ਨੂੰ ਮਹਿਸੂਸ ਕਰਦਿਆਂ ਇਕੱਤਰਤਾ ਨੂੰ ਕੁਝ ਦੇਰ ਲਈ ਸਥਗਿਤ ਕਰਕੇ ਚਾਹ ਪਾਣੀ ਲਈ ਚਲੇ ਗਏ। ਇਸ ਦੌਰਾਨ ਸੂਝਵਾਨ ਪ੍ਰਬੰਧਕਾਂ ਨੇ ਪ੍ਰੋ. ਕੰਵਲ ਅਤੇ ਦੂਜੇ ਵੀਰ ਨੂੰ ਸਮਝਾੳੇੁਂਦੇ ਹੋਏ ਉਨ੍ਹਾਂ ਨੂੰ ਆਪਣੀ ਗਲਤੀ ਦਾ ਇਹਸਾਸ ਕਰਾਇਆ। ਸੋ, ਦੁਬਾਰਾ ਇਕੱਤਰਤਾ ਸ਼ੁਰੂ ਹੋਣ ਤੇ ਪਹਿਲਾਂ ਉਸ ਵੀਰ ਵਲੋਂ ਬੜੀ ਸੁਹਿਰਦਤਾ ਨਾਲ ਗਲਤ ਸ਼ਬਦਾਵਲੀ ਵਰਤਣ ਲਈ ਇਕੱਤਰਤਾ ਤੋਂ ਮਾਫੀ ਮੰਗਦੇ ਹੋਏ ਆਪਣੇ ਸ਼ਬਦ ਵਾਪਿਸ ਲੈਣ ਦਾ ਐਲਾਨ ਕੀਤਾ। ਇਸ ਉਪਰੰਤ ਪ੍ਰੋ. ਕੰਵਲ ਨੇ ਖੇਦ ਜ਼ਾਹਿਰ ਕਰਦੇ ਹੋਏ ਇਹ ਇੰਕਸ਼ਾਫ ਕੀਤਾ ਕਿ ਉਨ੍ਹਾਂ ਦੇ ਪ੍ਰਤੀ ਵਰਤੀ ਕੁਝ ਸ਼ਬਦਾਵਲੀ ਕਾਰਨ ਉਹ ਨਿੱਜੀ ਤੌਰ ਤੇ ਆਹਤ ਹੋ ਗਏ, ਜਿਸ ਕਾਰਨ ਗੁੱਸੇ ਵਿਚ ਉਨ੍ਹਾਂ ਨੇ ਖਰੜੇ ਦੀ ਕਾਪੀ ਫਾੜ ਦਿਤੀ। ਇਸ ਉਪਰੰਤ ਇਕੱਤਰਤਾ ਫੇਰ ਸ਼ੁਰੂ ਹੋ ਗਈ ਅਤੇ ਸੂਚਾਰੂ ਰੂਪ ਵਿਚ ਚਲਣ ਲਗ ਪਈ। ਪ੍ਰੋ. ਕੰਵਲ ਵੀ ਉਸ ਵਿਚ ਸ਼ਾਮਿਲ ਸਨ। ਉਨ੍ਹਾਂ ਨੇ ਹੀ ਆਨੰਦ/ਵਿਆਹ ਵਾਲੀ ਮੱਦ ਦੀ ਸ਼ਬਦਾਵਲੀ ਆਪ ਪੜ੍ਹ ਕੇ ਸਾਰੇ ਹਾਜ਼ਰੀਨ ਨੂੰ ਸੁਣਾਈ।

ਇਸ ਦੇ ਨਾਲ ਹੀ ਇਕੱਤਰਤਾ ਦਾ ਪੂਰਵ ਨਿਰਧਾਰਿਤ ਸਮਾਂ ਖਤਮ ਹੋ ਚੁੱਕਾ ਸੀ (25 ਮਾਰਚ ਸ਼ਾਮ ਲਗਭਗ 5 ਵਜੇ), ਪਰ ਖਰੜੇ ਦੀਆਂ ਕੁਝ ਮੱਦਾਂ ਤੇ ਵੀਚਾਰ ਹਾਲੀਂ ਪੂਰੀ ਨਹੀਂ ਹੋ ਸਕੀ ਸੀ। ਸੋ ਕੁਝ ਸੱਜਣਾਂ ਦੀ ਸਲਾਹ ਤੇ ਇਕੱਤਰਤਾ ਦੇ ਸਾਰੇ ਹਾਜ਼ਰੀਨ ਇਸ ਗੱਲ ਲਈ ਸਹਿਮਤ ਹੋ ਗਏ ਕਿ ਇਕੱਤਰਤਾ ਦੇ ਇਸ ਸ਼ੈਸ਼ਨ ਨੂੰ ਜਾਰੀ ਰੱਖਿਆ ਜਾਵੇ ਤਾਂ ਕਿ ਵਿਚਾਰ ਪੂਰੀ ਹੋ ਸਕੇ। ਇਸ ਸਮੇਂ ਪ੍ਰੋ. ਕੰਵਲ ਨੇ ਬੇਨਤੀ ਕੀਤੀ ਕਿ ਪੂਰਵ ਨਿਰਧਾਰਿਤ ਕਾਰਜਕ੍ਰਮ ਅਨੁਸਾਰ ਉਨ੍ਹਾਂ ਦਾ ਹੁਣੇ ਵਾਪਿਸ ਜਾਣਾ ਜ਼ਰੂਰੀ ਹੈ ਸੋ ਮੈਂ ਅਗਲੇਰੀ ਕਾਰਵਾਈ ਵਿਚ ਸ਼ਾਮਿਲ ਨਹੀਂ ਹੋ ਸਕਾਂਗਾਂ। ਇਸ ਉਪਰੰਤ ਉਨ੍ਹਾਂ ਨੇ ਸੁਖਾਵੇਂ ਮਾਹੌਲ ਵਿਚ ਹਾਜ਼ਰੀਨ ਕੌਲੋਂ ਵਿਦਾਈ ਲਈ।

ਸੋ ਪ੍ਰੋ. ਕੰਵਲ ਦਾ ਫੇਸਬੁਕ ਤੇ ਇਹ ਪ੍ਰਚਾਰ ਝੂਠ ਦਾ ਪੁਲੰਦਾ ਅਤੇ ਬੇਈਮਾਨੀ ਦੀ ਇੰਤਹਾ ਹੈ ਕਿ ਉਨ੍ਹਾਂ ਨੇ ਖਰੜਾ ਫਾੜਦੇ ਹੋਏ ਇਕੱਤਰਤਾ ਤੋਂ ਵਾਕਆਉਟ ਕਰ ਦਿਤਾ ਅਤੇ ਆਪਣੀ ਅਸਹਿਮਤੀ ਦਰਜ ਕਰਾਈ। ਉਨ੍ਹਾਂ ਦੀ ਮਾਫੀ (ਖੇਦ ਜਤਾਉਣ) ਵਿਚ ਇਹ ਸਪਸ਼ਟ ਹੈ ਕਿ ਉਨ੍ਹਾਂ ਨੇ ਖਰੜਾ, ਨਿੱਜੀ ਤੌਰ ਤੇ ਕਿਸੇ ਦੀ ਗਲਤ ਸ਼ਬਦਾਵਲੀ ਤੋਂ ਆਹਤ ਹੋ ਕੇ ਗੁੱਸੇ ਵਿਚ ਫਾੜਿਆ, ਨਾ ਕਿ ਇਕੱਤਰਤਾ ਨਾਲ ਅਸਹਿਮਤੀ ਜਤਾਉਣ ਲਈ। ਖੇਦ ਜਤਾਉਣ ਰਾਹੀਂ ਮਾਫੀ ਮੰਗਣ ਉਪਰੰਤ ਵੀ ਉਸ ਇਕੱਤਰਤਾ ਵਿਚ ਭਾਗ ਲੈਣਾ ਵੀ ਉਨ੍ਹਾਂ ਦੇ ਬਾਈਕਾਟ ਦੇ ਝੂਠ ਦਾ ਪਰਦਾਫਾਸ਼ ਕਰਦਾ ਹੈ।

ਪ੍ਰੋ. ਕੰਵਲ ਸਮੇਤ ਕਿਸੇ ਨੂੰ ਵੀ ਕਿਸੇ ਵੀ ਸਮੇਂ ਆਪਣੇ ਵਿਚਾਰ ਬਦਲ ਲੈਣ ਦਾ ਪੂਰਾ ਹੱਕ ਹੈ। ਪਰ ਆਪਣੇ ਕੀਤੇ ਤੋਂ ਮੁੱਕਰ ਜਾਣਾ ਜਾਂ ਗੁੱਸੇ ਹੇਠ ਉਸ ਨੂੰ ਗਲਤ ਤਰੀਕੇ ਪੇਸ਼ ਕਰਨਾ ਬੇਈਮਾਨੀ ਅਤੇ ਮੱਕਾਰੀ ਤੋਂ ਵੱਧ ਕੁਝ ਵੀ ਨਹੀਂ। ਪ੍ਰੋ. ਕੰਵਲ ਦੇ ਐਸੇ ਵਿਵਹਾਰ ਕਾਰਨ ਨੁਕਸਾਨ ਕਿਸੇ ਦਾ ਨਹੀਂ ਹੋ ਰਿਹਾ, ਉਨ੍ਹਾਂ ਦੀ ਆਪਣੀ ਸ਼ਖਸੀਅਤ ਦਾ ਹੀ ਹੋ ਰਿਹਾ ਹੈ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪ੍ਰੋ. ਕੰਵਲ ਵਰਗੇ ਸੱਜਣ ਵਲੋਂ ਹਉਮੈ, ਈਰਖਾ, ਗੁੱਸੇ ਅਤੇ ਬੌਖਲਾਹਟ ਆਦਿ ਅਲਾਮਤਾਂ ਦੇ ਮੰਦ ਪ੍ਰਭਾਵ ਹੇਠ ਆਪਣਾ ਹੀ ਚਰਿਤ੍ਰ ਘਾਣ ਕੀਤਾ ਜਾ ਰਿਹਾ ਹੈ। ਜੇ ਉਹ ਐਸੀਆਂ ਅਲਾਮਤਾਂ ਨੂੰ ਆਪਣੇ ਕਾਬੂ ਹੇਠ ਰੱਖ ਸਕਣ ਤਾਂ ਉਹ ਮਨੁੱਖੀ ਹਿੱਤ ਵਿਚ ਭੁਗਤ ਸਕਦੇ ਹਨ।

ਆਉ ਹੁਣ ਪ੍ਰੋ. ਕੰਵਲ ਦੇ ਨੀਮ ਝੂਠ ਅਤੇ ਫਰੇਬ ਦਾ ਪਰਦਾਫਾਸ਼ ਹੋਣ ਉਪਰੰਤ ਫੇਸ ਬੁਕ ਤੇ ਉਨ੍ਹਾਂ ਵਲੋਂ ਬੌਖਲਾਹਟ ਹੇਠ ਲਿਖੀ ਪੋਸਟ ਅਤੇ ਕੁਮੈਂਟਸ ਦੇ ਨੁਕਤੇ ਸੰਖੇਪ ਵਿਚ ਨੰਬਰਵਾਰ ਵਿਚਾਰ ਲੈਂਦੇ ਹਾਂ।

ਸਿਰਲੇਖ : ਤੱਤ ਗੁਰਮਤਿ ਪਰਿਵਾਰ ਦੇ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚ ਸੁਧਾਰ ਉਪਰਾਲੇ ਨੂੰ ਨਾਸਤਿਕ ਟੋਲੇ ਨੇ ਲਾਇਆ ਗ੍ਰਹਿਣ

ਸਾਡਾ ਪੱਖ : ਇੱਕਤਰਤਾ ਵਿਚ ਤਿਆਰ ਹੋਏ ਦਸਤਾਵੇਜ਼ ਦੀਆਂ ਮੱਦਾਂ ਨੂੰ ਸਾਰੇ ਹਾਜ਼ਰੀਨ (ਸਮੇਤ ਪ੍ਰੋ. ਕੰਵਲ ਦੇ) ਨੇ ਹੱਥ ਖੜੇ ਕਰ ਕੇ ਸਹਿਮਤੀ ਦਿਤੀ। ਕਿਸੇ ਇਕ ਵੀ ਮੱਦ ਦੇ ਫਾਈਨਲ ਹੋਣ ਉਪਰੰਤ ਉਸ ਨਾਲ ਕਿਸੇ ਨੇ ਆਪਣੀ ਵੱਖਰੀ ਅਸਹਿਮਤੀ ਦਰਜ ਨਹੀਂ ਕਰਾਈ। ਸੋ, ਪ੍ਰੋ. ਕੰਵਲ ਦਾ ਇਹ ਕਥਨ ਨਿਰਾ ਝੂਠ ਹੈ ਕਿ ਇਕੱਤਰਤਾ ਨੂੰ ਗ੍ਰਹਿਣ ਲੱਗ ਗਿਆ, ਬਲਕਿ ਇਕੱਤਰਤਾ ਤਾਂ ਸਰਬਸੰਮਤੀ ਨਾਲ ਦਸਤਾਵੇਜ਼ ਤਿਆਰ ਕਰਨ ਵਿਚ ਪੂਰੀ ਤਰਾਂ ਕਾਮਯਾਬ ਰਹੀ।

1. ਸਿੱਖ ਦੀ ਪਰਿਭਾਸ਼ਾ ਵਿਚ ਦਸ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਦੇ ਜੀਵਨ ਆਚਰਨ ਤੋਂ ਸੇਧ ਲੈਣ ਤੋਂ ਮੁਨਕਰ ਹੋਣਾ

ਸਾਡਾ ਪੱਖ : ਵਿਚਾਰਾਂ ਉਪਰੰਤ ਇਸ ਮੱਦ ਦੇ ਫਾਈਨਲ ਹੋਣ ਤੇ ਵੀ ਪ੍ਰੋ. ਕੰਵਲ ਸਮੇਤ ਸਾਰੇ ਹਾਜ਼ਰੀਨ ਵਲੋਂ ਇਸ ਨੂੰ ਹੱਥ ਖੜੇ ਕਰਕੇ ਪ੍ਰਵਾਨਗੀ ਦਿਤੀ ਗਈ। ਸੋ ਪ੍ਰੋ. ਕੰਵਲ ਦਾ ਇਹ ਨੁਕਤਾ ਝੂਠ ਹੈ। ਦਸ ਨਾਨਕ ਸਰੂਪਾਂ ਅਤੇ ਹੋਰ ਬਾਣੀਕਾਰਾਂ ਦਾ ਜੀਵਨ ਉਨ੍ਹਾਂ ਗੁਰਮਤਿ ਸਿਧਾਂਤਾਂ ਦੀ ਸੇਧ ਵਿਚ ਸੀ, ਜੋ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਦਰਜ ਹਨ। ਸਿੱਖ ਦੀ ਪਰਿਭਾਸ਼ਾ ਵਿਚ ਵੀ ਸੇਧ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਹੀ ਲੈਣ ਦੀ ਗੱਲ ਕੀਤੀ ਗਈ ਹੈ। ਸਪਸ਼ਟ ਹੈ ਇਹ ਸ਼ੋਸ਼ੇਬਾਜ਼ੀ ਝੂਠੀ ਅਤੇ ਨਿਰਮੂਲ ਹੈ।

2. ਗੁਰੂ ਸਾਹਿਬਾਨ ਦੁਆਰਾ ਸਥਾਪਿਤ ਗੁਰਦੁਆਰਾ/ਧਰਮਸਾਲ ਪਰੰਪਰਾ ਨੂੰ ਮੂਲੋਂ ਰੱਦ ਕਰਕੇ ਬਿਨਾਂ ਕਿਸੇ ਠੋਸ ਆਧਾਰ ਦੇ ਨਵੇਂ ਪ੍ਰਸਤਾਵਿਤ ਨਾਮ ਹੇਠ ਨਵੀਂ ਵਿਵਸਥਾ ਸ਼ੁਰੂ ਕਰਨਾ।

ਸਾਡਾ ਪੱਖ : ਇਕੱਤਰਤਾ ਵਿਚ ਤਿਆਰ ਦਸਤਾਵੇਜ਼ ਵਿਚ ‘ਸਿਰਲੇਖ’ ਗੁਰਦੁਆਰਾ ਹੀ ਰੱਖਿਆ ਗਿਆ ਸੀ। ਬੇਸ਼ਕ ਵਿਚਾਰ ਦੇਂਦੇ ਕਿਸੇ ਵਲੋਂ ਨਾਮ ਬਦਲਣ ਦਾ ਸੁਝਾਅ ਦਿਤਾ ਗਿਆ ਪਰ ਸਹਿਮਤੀ ਨਾਲ ਦਰਜ ਤਾਂ ‘ਗੁਰਦੁਆਰਾ’ ਹੀ ਹੋਇਆ। ਸੋ ਪ੍ਰੋ. ਕੰਵਲ ਦਾ ਇਹ ਨੁਕਤਾ ਵੀ ਝੂਠ ਅਤੇ ਫਰੇਬ ਆਧਾਰਿਤ ਹੈ।

3. ਸਿੱਖੀ ਵਿਚੋਂ ਮੀਰੀ-ਪੀਰੀ ਦੇ ਸੁਮੇਲ ਨਿਸ਼ਾਨ ਸਾਹਿਬ ਨੂੰ ਮੂਲੋਂ ਰੱਦ ਕਰਨਾ।

ਸਾਡਾ ਪੱਖ : ਤਿਆਰ ਦਸਤਾਵੇਜ਼ ਵਿਚ ਗੁਰਦੁਆਰੇ ਦੀ ਹਦੂਦ ਵਿਚ ‘ਨਿਸ਼ਾਨ’ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ। ਸੋ ਪ੍ਰੋ. ਕੰਵਲ ਦਾ ਇਹ ਨੁਕਤਾ ਵੀ ਉਨ੍ਹਾਂ ਦੀ ਬੇਈਮਾਨ ਮਾਨਸਿਕਤਾ ਦਾ ਹੀ ਪ੍ਰਗਟਾਵਾ ਕਰਦਾ ਹੈ। ਵੈਸੇ ਇਸ ਮੱਦ ਵਿਚ ਪ੍ਰੋ. ਕੰਵਲ ਨੇ ਇਹ ਨਿੱਜੀ ਵਿਚਾਰ ਵੀ ਦਿਤਾ ਸੀ ਕਿ ‘ਨਿਸ਼ਾਨ’ ਦੀ ਥਾਂ ਲੋਗੋ ਵੀ ਹੋ ਸਕਦਾ ਹੈ।

4. ਪੋਥੀ ਸਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਗੈਰ-ਜ਼ਰੂਰੀ ਕਰਨਾ ਅਤੇ ਨਵੀਂ ਵਿਵਸਥਾ ਅਧੀਨ ਲੈਪਟੋਪ “ਸਾਹਿਬ” ਅਤੇ ਪੈਨ-ਡ੍ਰਾਇਵ “ਸਾਹਿਬ” ਦੇ ਪ੍ਰਕਾਸ਼ ਦਾ ਯਤਨ ਕਰਨਾ।

ਸਾਡਾ ਪੱਖ : ਤਿਆਰ ਦਸਤਾਵੇਜ਼ ਵਿਚ ‘ਲੈਪਟਾਪ ਸਾਹਿਬ’, ‘ਪੈਨ-ਡ੍ਰਾਇਵ ਸਾਹਿਬ’ ਲਫਜ਼ ਜਾਂ ਉਨ੍ਹਾਂ ਦੇ ਪ੍ਰਕਾਸ਼ ਦੀ ਕੋਈ ਗੱਲ ਨਹੀਂ ਹੈ। ਇਸ ਮੱਦ ਦੀ ਫਾਈਨਲ ਹੋਈ ਸ਼ਬਦਾਵਲੀ ਤੇ ਪ੍ਰੋ. ਕੰਵਲ ਸਮੇਤ ਸਾਰੇ ਹਾਜ਼ਰੀਨ ਨੇ ਸਹਿਮਤੀ ਜਤਾਈ। ਸੋ ਇਥੇ ਵੀ ਪ੍ਰੋ. ਕੰਵਲ ਦਾ ਝੂਠ ਨੰਗਾ ਹੋ ਰਿਹਾ ਹੈ।

5. ਯੋਗ ਪ੍ਰਚਾਰਕਾਂ ਦੀ ਨਿਯੁਕਤੀ ਨੂੰ ਰੱਦ ਕਰਨਾ

ਸਾਡਾ ਪੱਖ : ਯੋਗ ਪ੍ਰਚਾਰਕਾਂ ਦੀ ਲੋੜ ਤੋਂ ਇਕੱਤਰਤਾ ਮੁਨਕਰ ਨਹੀਂ ਹੋਈ। ਹਾਂ ਇਸ ਗੱਲ ਤੇ ਲਗਭਗ ਸਾਰੇ ਸਹਿਮਤ ਸਨ ਕਿ ਗੁਰਮਤਿ ਦੇ ਪ੍ਰਚਾਰਕ ਨਿਸ਼ਕਾਮ ਹੋਣੇ ਚਾਹੀਦੇ ਨੇ ਅਤੇ ਪ੍ਰਚਾਰ ਉਨ੍ਹਾਂ ਦੀ ਰੋਜ਼ੀ-ਰੋਟੀ ਨਹੀਂ ਹੋਣਾ ਚਾਹੀਦਾ। ਇਕੱਤਰਤਾ ਦਾ ਇਹ ਮੰਨਣਾ ਸੀ ਕਿ ਪ੍ਰਚਾਰ ਨੂੰ ਰੋਜ਼ੀ-ਰੋਟੀ ਦਾ ਸਾਧਨ ਬਣਾਉਣਾ ਹੀ ਪੁਜਾਰੀਵਾਦ ਪੈਦਾ ਹੋਣ ਦਾ ਇਕ ਵੱਡਾ ਕਾਰਨ ਹੈ। ਇਸ ਨੁਕਤੇ ਤੇ ਪ੍ਰੋ. ਕੰਵਲ ਦੇ ਵਿਚਾਰ ਕੁਝ ਵੱਖਰੇ ਜ਼ਰੂਰ ਸਨ ਪਰ ਮੱਦ ਦੀ ਸ਼ਬਦਾਵਲੀ ਫਾਈਨਲ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਕੋਈ ਵੱਖਰੀ ਅਸਹਿਮਤੀ ਦਰਜ ਨਹੀਂ ਕਰਾਈ। ਸੋ ਇਸ ਨੁਕਤੇ ਵਿਚ ਵੀ ਪ੍ਰੋ. ਕੰਵਲ ਦੀ ਫੇਸਬੁਕ ਉਤੇ ਪੇਸ਼ਕਾਰੀ ਵਿਚਲੀ ਬੇਈਮਾਨੀ ਸਪਸ਼ਟ ਹੈ।

6. ਗੁਰਬਾਣੀ ਵਿਚ ਨਿਰਧਾਰਿਤ ਰਾਗ-ਬੱਧ ਕੀਰਤਨ ਪਰੰਪਰਾ ਦਾ ਵਿਰੋਧ ਕਰਨਾ।

ਸਾਡਾ ਪੱਖ : ਤਿਆਰ ਦਸਤਾਵੇਜ਼ ਦੀ ਕੋਈ ਮੱਦ ਐਸੀ ਨਹੀਂ ਹੈ ਜਿਸ ਤੋਂ ਰਾਗ-ਬੱਧ ਕੀਰਤਨ ਪਰੰਪਰਾ ਦਾ ਵਿਰੋਧ ਸਾਹਮਣੇ ਆਉਂਦਾ ਹੋਵੇ। ਸੋ ਕੰਵਲ ਜੀ ਦਾ ਇਹ ਪ੍ਰਚਾਰ ਵੀ ਗੁੰਮਰਾਹਕੁੰਨ ਹੈ।

7. ਕੜਾਹ ਪ੍ਰਸ਼ਾਦਿ ਨੂੰ ਮੂਲੋਂ ਰੱਦ ਕਰਨਾ।

ਸਾਡਾ ਪੱਖ : ਇਸ ਬਾਰੇ ਇਕੱਤਰਤਾ ਵਿਚ ਜੋ ਵੀ ਮੱਦ ਫਾਈਨਲ ਕੀਤੀ ਗਈ ਉਹ ਸਰਬ-ਸੰਮਤੀ ਨਾਲ ਕੀਤੀ ਗਈ, ਅਤੇ ਇਸ ਮੱਦ ਵਿਚ ਪ੍ਰੋ. ਕੰਵਲ ਸਮੇਤ ਕਿਸੇ ਨੇ ਵੀ ਆਪਣੀ ਵੱਖਰੀ ਅਸਿਮਹਤੀ ਦਰਜ ਨਹੀਂ ਕਰਵਾਈ। ਸੋ, ਇਕੱਤਰਤਾ ਤੋਂ ਵਾਪਿਸ ਆ ਕੇ ਵੱਖਰੀ ਸੁਰ ਵਿਚ ਸ਼ੋਰ ਮਚਾਉਣਾ ਪ੍ਰੋ. ਜੀ ਦੇ ਕਿਰਦਾਰ ਦੀ ਬੇਈਮਾਨੀ ਅਤੇ ਦੋਗਲਾਪਨ ਹੀ ਉਜਾਗਰ ਕਰਦਾ ਹੈ।

8. ਜਨਮ ਸਮੇਂ ਸ਼ੁਕਰਾਨੇ ਦੀ ਅਰਦਾਸ ਨੂੰ ਗੈਰ-ਜ਼ਰੂਰੀ ਕਰਨਾ।

ਸਾਡਾ ਪੱਖ: ਇਸ ਮੱਦ ਤੇ ਵੀ ਕੰਵਲ ਸਮੇਤ ਕਿਸੇ ਨੇ ਵੀ ਆਪਣੀ ਵੱਖਰੀ ਅਸਹਿਮਤੀ ਦਰਜ ਨਹੀਂ ਕਰਾਈ। ਸੋ ਜਾਣਦੇ-ਬੁਝਦੇ ਝੂਠਾ ਪ੍ਰਚਾਰ ਕਰਨਾ ਪ੍ਰੋ. ਕੰਵਲ ਦੀ ਸ਼ਖਸੀਅਤ ਨੂੰ ਦਾਗਦਾਰ ਹੀ ਕਰ ਰਿਹਾ ਹੈ।

9. ਅਨੰਦ ਕਾਰਜ ਪਰੰਪਰਾ ਨੂੰ ਮੂਲੋਂ ਰੱਦ ਕਰਨਾ। ਅਨੰਦ ਕਾਰਜ ਦੌਰਾਨ ਕਿਸੇ ਵੀ ਗੁਰਬਾਣੀ ਪੜੇ ਜਾਣ ਨੂੰ ਗੈਰ-ਜ਼ਰੂਰੀ ਕਰਨਾ।

ਸਾਡਾ ਪੱਖ : ਤਿਆਰ ਦਸਤਾਵੇਜ਼ ਵਿਚ ਅਨੰਦ ਵਿਆਹ ਸਿਰਲੇਖ ਹੇਠ ਇਕ ਵੱਖਰੀ ਮੱਦ ਹੈ, ਜੋ ਪ੍ਰੋ. ਕੰਵਲ ਦੇ ਨੰਗੇ-ਚਿੱਟੇ ਝੂਠ ਦਾ ਪਾਜ ਉਘੇੜਦੀ ਹੈ। ਇਸ ਮੱਦ ਵਿਚ ਗੁਰਬਾਣੀ ਕੀਰਤਨ/ਪੜਣ ਦੀ ਕੋਈ ਮਨਾਹੀ ਨਹੀਂ ਕੀਤੀ ਗਈ।

10. ਸਿੱਖ ਬੱਚੇ-ਬੱਚੀਆਂ ਦੇ ਵਿਆਹ ਲਿਖਤੀ ਰੂਪ ਵਿਚ ਅਨਮਤੀਆਂ ਨਾਲ ਕਰਨ ਨੂੰ ਉਤਸਾਹਿਤ ਕਰਨਾ।

ਸਾਡਾ ਪੱਖ: ਇਸ ਦਸਤਾਵੇਜ਼ ਵਿਚ ਅਨੰਦ ਕਾਰਜ ਸੰਬੰਧੀ ਮੱਦ ਵਿਚ ਸਪਸ਼ਟ ਦਰਜ ਹੈ ਕਿ “ਸਿੱਖ ਬੱਚੇ-ਬੱਚੀ ਦਾ ਵਿਆਹ ਸਿਰਫ ਗੁਰਮਤਿ ਵਿਚਾਰਧਾਰਾ ਨਾਲ ਪਰਣਾਏ ਬੱਚੇ-ਬੱਚੀ ਨਾਲ ਹੀ ਕੀਤਾ ਜਾਵੇ”। ਇਸ ਮੱਦ ਦੀ ਸ਼ਬਦਾਵਲੀ ਹੀ ਪ੍ਰੋ. ਕੰਵਲ ਦੇ ਉਪਰੋਕਤ ਨੁਕਤੇ ਦੇ ਕੂੜ ਨੂੰ ਸਪਸ਼ਟ ਕਰਨ ਲਈ ਕਾਫੀ ਹੈ।

11. ਇਸ ਤੋਂ ਇਲਾਵਾ ਇਕ ਸਿੱਖ ਦੀ ਮੂਲ ਪਛਾਣ “ਖੰਡੇ ਦੀ ਪਾਹੁਲ” ਤੋਂ ਮੁਨਕਰੀ “ਪੰਜ ਕਕਾਰੀ ਰਹਿਤ” ਅਤੇ “ਕੁਰਹਿਤ ਦੀ ਹੋਂਦ” ਤੋਂ ਇਨਕਾਰੀ ਆਦਿ ਮੁੱਦਿਆਂ ‘ਤੇ ਨਾਸਤਿਕ ਟੋਲਾ ਆਪਣੀ ਗੱਲ ਮਨਵਾਉਣ ਦੇ ਸਿਰਤੋੜ ਜਤਨ ਕਰ ਰਿਹਾ ਸੀ, ਜਿਸ ਸਭ ਦੇ ਚਲਦਿਆਂ ਤਿੰਨ ਮੈਂਬਰੀ ਖਰੜਾ-ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋ. ਕਵਲਦੀਪ ਸਿੰਘ ਕੰਵਲ ਨੇ ਆਪਣਾ ਸਖਤ ਵਿਰੋਧ ਦਰਜ ਕਰਵਾਉਂਦਿਆਂ ਭਰੀ ਮੀਟਿੰਗ ਵਿਚ ਖਰੜੇ ਦੀ ਕਾਪੀ ਨੂੰ ਇਹ ਕਹਿੰਦਿਆਂ ਵਾਕ-ਆਉਟ ਕਰ ਦਿਤਾ ਗਿਆ ਕਿ ਉਹ ਸਿੱਖੀ ਦੇ ਜੜਾਂ ਤੋਂ ਖਾਤਮੇ ਵੱਲ ਵੱਧ ਰਹੇ ਕਿਸੇ ਵੀ ਅਜਿਹੇ ਉਪਰਾਲੇ ਦਾ ਕਦੇ ਵੀ ਹਿੱਸਾ ਨਹੀਂ ਬਣਨਗੇ ਅਤੇ ਇਸ ਖਰੜੇ ਨੂੰ ਫਾੜ ਕੇ ਆਪਣੀ ਰੂਹ ਅਤੇ ਗੁਰੂ ਦੇ ਅੱਗੇ ਉਹ ਅੱਜ ਸੁਰਖਰੂ ਹੋ ਗਏ ਹਨ।

ਸਾਡਾ ਪੱਖ : ਤਿਆਰ ਦਸਤਾਵੇਜ਼ ਵਿਚ ਖੰਡੇ ਦੀ ਪਾਹੁਲ, ਕਕਾਰਾਂ ਅਤੇ ਕੁਰਹਿਤਾਂ ਦਾ ਬਕਾਇਦਾ ਜ਼ਿਕਰ ਹੈ। ਸੋ ਸਪਸ਼ਟ ਹੈ ਕਿ ਪ੍ਰੋ. ਕੰਵਲ ਨੇ ਇਥੇ ਵੀ ਬੌਖਲਾਹਟ ਹੇਠ ਝੂਠ ਦਾ ਸਹਾਰਾ ਹੀ ਲਿਆ ਹੈ। ਬਾਕੀ ਉਨ੍ਹਾਂ ਵਲੋਂ ਵਾਕ-ਆਉਟ ਦੇ ਦਾਅਵੇ ਦੀ ਪੋਲ ਤਾਂ ਉਪਰ ਖੁੱਲ ਹੀ ਚੁੱਕੀ ਹੈ (ਇਸ ਸਾਰੀ ਕਾਰਵਾਈ ਦੀ ਵੀਡੀਉ ਇਸ ਦਾ ਸਬੂਤ ਹੈ)।

12. ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਨੂੰ ਆਖਿਆ ਗਿਆ ਮੂਰਤੀ।

ਸਾਡਾ ਪੱਖ : ਦਸਤਾਵੇਜ਼ ਦੀ ਕਿਸੀ ਮੱਦ ਵਿਚ ਐਸੀ ਕੋਈ ਸ਼ਬਦਾਵਲੀ ਨਹੀਂ ਹੈ। ਜੇ ਕਿਸੇ ਨੇ ਨਿੱਜੀ ਵਿਚਾਰ ਦੇਣ ਸਮੇਂ ਐਸਾ ਕੁਝ ਕਿਹਾ ਹੈ ਤਾਂ ਉਸਦੀ ਗੱਲ ਦਾ ਸੰਦਰਭ ਵੀ ਜਾਨਣਾ ਜ਼ਰੂਰੀ ਹੈ। ਸੋ ਇਥੇ ਵੀ ਪ੍ਰੋ. ਜੀ ਨੇ ਕੂੜ ਹੀ ਖਿਲਾਰਿਆ ਹੈ।

13. ਅਖੌਤੀ ਵਿਦਵਾਨਾਂ ਤੇ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚੋਂ ਭੱਟ ਬਾਣੀ ਨੂੰ ਨਿਕਾਲਣ ਦੀਆਂ ਕੀਤੀਆਂ ਕੋਝੀਆਂ ਹੁੱਜਤਾਂ!! ਕਲ, ਸਹਾਰ, ਕਲਸਹਾਰ ਦੇ ਤਿੰਨ ਉਪਨਾਮ ਵਰਤਣ ਤੇ ਵੀ ਖੜਾ ਕੀਤਾ ਸ਼ੰਕਾ!

ਸਾਡਾ ਪੱਖ : ਸਿੱਖ ਦੀ ਪਰਿਭਾਸ਼ਾ ਵਿਚ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ‘ਜਪੁ ਦੇ ਮੰਗਲ ਤੋਂ ਮੁੰਦਾਵਣੀ’ ਤੱਕ ਦਿਤਾ ਗਿਆ ਹੈ। ਸੰਭਾਵੀ ਖਰੜੇ ਦੀ ਕਿਸੇ ਵੀ ਮੱਦ ਦਾ ਵਿਸ਼ਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਦੇ ਸਰੂਪ ਬਾਰੇ ਵਿਚਾਰ ਨਹੀਂ ਸੀ। ਸੋ ਐਸਾ ਕੋਈ ਮੁੱਦਾ ਇਕੱਤਰਤਾ ਦੀ ਕਾਰਵਾਈ ਦੌਰਾਣ ਨਹੀਂ ਉੱਠਿਆ ਅਤੇ ਨਾ ਹੀ ਵਿਚਾਰਿਆ ਗਿਆ। ਇਥੇ ਵੀ ਪ੍ਰੋ. ਕੰਵਲ ਝੂਠ ਦੀ ਕੰਧ ਉਸਾਰਦੇ ਸਪਸ਼ਟ ਨਜ਼ਰ ਆਉਂਦੇ ਹਨ।

14. ਅਖੌਤੀ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਥੀ ਸਰੂਪ ਦੇ ਪ੍ਰਕਾਸ਼ ਸਾਹਮਣੇ ਮੱਥਾ ਟੇਕਣ ਨੂੰ ਵੀ ਦੱਸਿਆ ਕਰਮਕਾਂਡ ਅਤੇ ਗੁਰਦੁਆਰਾ (ਨਵੇਂ ਅਤੇ ਵੱਖਰੇ ਪ੍ਰਸਤਾਵਿਤ ਨਾਮ ਅਤੇ ਵਿਵਸਥਾ ਹੇਠ) ਵਿਚ ਗੁਰੂ ਦੇ ਸਰੂਪ ਅੱਗੇ ਮੱਥਾ ਟੇਕਣ ਨੂੰ ਗੁਲਾਮੀ ਦਾ ਪ੍ਰਤੀਕ ਝੁੱਕਣਾ ਆਖ ਕੇ ਉਡਾਇਆ ਮਖੌਲ!

ਸਾਡਾ ਪੱਖ: ਤਿਆਰ ਦਸਤਾਵੇਜ਼ ਦੇ ਗੁਰਦੁਆਰਾ ਸਿਰਲੇਖ ਹੇਠ ਇਕ ਮੱਦ ਦੀ ਇਹ ਸ਼ਬਦਾਵਲੀ “ਦੀਵਾਨ ਵਿਚ ਆ ਕੇ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਮੱਥਾ ਟੇਕ ਕੇ ਯੋਗ ਥਾਂ ਤੇ ਬੈਠਿਆ ਜਾਵੇ”। ਪ੍ਰੋ. ਕੰਵਲ ਦੇ ਝੂਠ ਦੇ ਮਹਿਲ ਨੂੰ ਢਹਿ ਢੇਰੀ ਕਰਦੀ, ਉਨ੍ਹਾਂ ਦੀ ਬੇਈਮਾਨ ਪਹੁੰਚ ਨੂੰ ਉਘਾੜਦੀ ਹੈ।

15. ਇਕੱਤਰਤਾ ਕਮੇਟੀ ਵਿਚ ਸ਼ਾਮਲ ਸੱਜਣਾਂ ਵਿਚੋਂ ਦਲੀਪ ਸਿੰਘ ਕਸ਼ਮੀਰੀ ਅਤੇ ਅਮਰਜੀਤ ਸਿੰਘ ਚੰਦੀ ਇਸ ਸਮਾਗਮ ਵਿਚੋਂ ਇਕ ਜਾਂ ਦੂਸਰੇ ਕਾਰਨਾਂ ਕਰਕੇ ਸ਼ਾਮਿਲ ਨਹੀਂ ਹੋਏ, ਬੇਸ਼ਕ ਚੰਦੀ ਹੋਰਾਂ ਦਾ ਪੱਤਰ ਪੜ੍ਹਿਆ ਗਿਆ ਜਾਂ ਗੈਰ-ਹਾਜ਼ਰ ਸੱਜਣਾਂ ਦੇ ਨਾ ਆਉਣ ਬਾਰੇ ਵੀ ਯੋਗ ਦਿਸਦਾ ਕਾਰਨ ਸਪਸ਼ਟ ਕਰ ਦਿਤਾ ਗਿਆ, ਪਰ ਉਹਨਾਂ ਦਾ ਖੁੱਦ ਇਸ ਇਕੱਤਰਤਾ ਵਿਚ ਨਾ ਆਉਣਾ ਆਪਣੇ ਆਪ ਵਿਚ ਬਹੁਤ ਕੁਝ ਕਹਿੰਦਾ ਲੱਗਿਆ! ਬਾਕੀ ਇੱਕੋ ਪਰਿਵਾਰ ਦੇ ਦੋ ਜੀਅ ਇਕੱਤਰਤਾ ਕਮੇਟੀ ਦੇ ਕਰਤੇ-ਧਰਤਿਆਂ ਵਜੋਂ ਸ਼ਾਮਿਲ ਹੋਏ, ਜਿਸਦਾ ਇਕ ਵੱਖਰਾ ਅਤੇ ਕਾਫੀ ਹੱਦ ਤੱਕ ਸਪਸ਼ਟ ਕਰਦਾ ਸੰਦੇਸ਼ ਗਿਆ।

ਸਾਡਾ ਪੱਖ : ਪ੍ਰੋ. ਕੰਵਲ ਨੇ ਇਸ ਨੁਕਤੇ ਰਾਹੀਂ ਸਪਸ਼ਟ ਕਰ ਦਿਤਾ ਹੈ ਕਿ ਸਭ ਕੁਝ ਜਾਣਦੇ ਬੁਝਦੇ ‘ਕੁ-ਕਰਮ (ਕੂੜ ਪ੍ਰਚਾਰ)’ ਕਰਣ ਦੀ ਸੋਚ ਉਨ੍ਹਾਂ ਦੀ ਮਾਨਸਿਕਤਾ ਤੇ ਭਾਰੂ ਹੋ ਚੁੱਕੀ ਹੈ। ਇਕ ਪਾਸੇ ਆਪ ਲਿਖ ਰਹੇ ਹਨ ਕਿ ਇਕੱਤਰਤਾ ਵਿਚ ਦੋਹਾਂ ਸੱਜਣਾਂ (ਚੰਦੀ ਜੀ, ਕਸ਼ਮੀਰੀ ਜੀ) ਦੇ ਗੈਰ-ਹਾਜ਼ਿਰ ਹੋਣ ਦਾ ਯੋਗ ਦਿਸਦਾ ਕਾਰਨ ਸਪਸ਼ਟ ਕਰ ਦਿਤਾ ਗਿਆ ਪਰ ਦੂਜੇ ਪਾਸੇ ਬੇਈਮਾਨੀ ਹੇਠ ਇਸ ਪਿੱਛੇ ਕਿਸੇ ਹੋਰ ਗੱਲ ਹੋਣ ਦਾ ਸ਼ੰਕਾ ਪੈਦਾ ਕਰ ਰਹੇ ਹਨ।

16. ਸਿੱਖਾਂ ਦੀ ਰਹਿਤ ਮਰਿਯਾਦਾ ਉਨ੍ਹਾਂ ਨੇ ਬਣਾਈ ਜੋ ਨਾ ਤਾਂ ਆਪ ਪਾਹੁਲਧਾਰੀ ਹਨ ਨਾ ਹੀ ਪਾਹੁਲ ਦੀ ਹੋਂਦ ਨੂੰ ਸਵੀਕਾਰ ਕਰਦੇ ਹਨ, ਨਾ ਪੰਜ-ਕਕਾਰੀ ਵਰਦੀ ਨੂੰ ਮੰਨਦੇ ਹਨ ਨਾ ਹੀ ਕੁਰਹਿਤਾਂ ਤੋਂ ਮੁਨਕਰੀ ਵਿਚ ਕਿਸੇ ਕਿਸਮ ਦਾ ਯਕੀਨ ਰੱਖਦੇ ਹਨ। ਹੋਰ ਤਾਂ ਹੋਰ ਅਜਿਹੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਅੱਗੇ ਸਿਰ ਨਿਵਾ ਕੇ ਮੱਥਾ ਟੇਕਣ ਨੂੰ ਗੁਲਾਮੀ ਦੀ ਨਿਸ਼ਾਨੀ ਸਮਝਦੇ ਹਨ। ਨਾਸਤਿਕਾਂ ਦਾ ਇਹ ਟੋਲਾ ਕਿਸ ਆਧਾਰ ਉੱਤੇ ਸਿੱਖੀ ਜੀਵਨ ਸੇਧਾਂ ਬਣਾਉਣ ਦੇ ਕਾਬਿਲ ਹੋ ਗਿਆ, ਇਸਦਾ ਸਪਸ਼ਟ ਉਤਰ ਕਿਸੇ ਕੋਲ ਨਹੀਂ।

ਸਾਡਾ ਪੱਖ : ਇਸ ਇਕਤੱਰਤਾ ਵਿਚ ਸ਼ਾਮਿਲ ਬਹੁਤਾਤ ਸੱਜਣ ਖੰਡੇ ਦੀ ਪਾਹੁਲ ਦੇ ਸਹੀ ਸੰਦਰਭ ਨੂੰ ਸਮਝਣ ਵਾਲੇ ਅਤੇ ਪਾਹੁਲਧਾਰੀ ਸਨ। ਬਾਕੀ ਗੱਲਾਂ ਬਾਰੇ ਪਹਿਲੇ ਨੁਕਤਿਆਂ ਵਿਚ ਵਿਚਾਰ ਹੋ ਚੁੱਕੀ ਹੈ।

17. ਅਖੌਤੀ ਵਿਦਵਾਨ ਅੰਤ ਤੱਕ ਇਕ ਦੂਜੇ ਨੂੰ ਸਵਾਲ ਕਰਦੇ ਰਹੇ ਕਿ ਆਖਿਰ ਇਹ ਰਹਿਤ ਮਰਿਯਾਦਾ ਬਣਾਈ ਕਿਸ ਵਾਸਤੇ ਜਾ ਰਹੀ ਹੈ ਤੇ ਲਾਗੂ ਕਿਸ ਤੇ ਹੋਵੇਗੀ! ਕਦੇ ਆਖਿਆ ਪੂਰੀ ਮਨੁੱਖਤਾ ਵਾਸਤੇ ਬਣਾਈ ਗਈ ਹੈ, ਪਰ ਫੇਰ ਇਸਦੀ ਸ਼ੁਰੂਆਤ ਸਿੱਖ ਦੀ ਪਰਿਭਾਸ਼ਾ ਨਾਲ ਕੀਤੀ ਗਈ, ਮਨੁੱਖ ਦੀ ਨਾ ਦਿੱਤੀ ਗਈ। ਫੇਰ ਸਿੱਖ ਦੀ ਪਰਿਭਾਸ਼ਾ ਵੀ ਦੱਸ ਗੁਰੂ ਸਾਹਿਬਾਨ ਅਤੇ ਭਗਤ ਬਾਣੀਕਾਰਾਂ ਦੀਆਂ ਜੀਵਨ ਸੇਧਾਂ ਤੋਂ ਮੁਨਕਰੀ, ਪਾਹੁਲ ਤੋਂ ਤਾਂ ਛੱਡੋ ਕੇਸਾਧਾਰੀ ਹੋਣ ਤੋਂ ਮੁਨਕਰੀ, ਅੱਖੇ ਅਸੀਂ ਇਕ ਧੜੇ ਦੀ ਨਹੀਂ ਸਮੁੱਚੀ ਮਨੁੱਖਤਾ ਦੀ ਗੱਲ ਕਰਨੀ ! ਫੇਰ ਸਿੱਖ ਸ਼ਬਦ ਤੋਂ ਬਾਰ-ਬਾਰ ਗੁਰੇਜ਼ ਕਰਨਾ. (ਰਿਕਾਰਡ ਉਤੇ) ਸਿੱਖ ਸ਼ਬਦ ਨੂੰ ਅਨੰਦ-ਕਾਰਜ ਵਾਲੀ ਮੱਦ ਵਿਚੋਂ ਕਟਵਾਉਣ ਵਾਸਤੇ ਆਖਣਾ (ਸਿੱਖ ਬੱਚੇ-ਬੱਚੀ ਦਾ ਵਿਆਹ ਸਿੱਖ ਬੱਚੇ-ਬੱਚੀ ਨਾਲ ਹੀ ਹੋ ਸਕਦਾ ਹੈ) ਤਾਂ ਕਿ ਸਾਡੇ ਅਲੜ੍ਹ ਬੱਚੇ-ਬੱਚੀਆਂ ਭੁੱਲ ਕੇ ਵੀ ਆਪਣੇ ਧਰਮ ਵਿਚ ਹੀ ਯੋਗ ਸਾਥੀ ਲਭਣ ਦੀ ਸਲਾਹ ਨਾ ਮਿਲ ਸਕੇ.. ਗੱਲ ਕੀ ਪੂਰੀ ਇਕੱਤਰਤਾ ਇਸ ਮਾਮਲੇ ਵਿਚ ਕੰਨਫਿਉਜਡ ਕਿ ਅਸਲ ਗੱਲ ਕੀ ਹੋ ਰਹੀ ਹੈ! ਸੋ ਅਜਿਹੀ “ਕੰਨਫਿਉਜ਼ਡ ਭੀੜ” ਤੋਂ ਸਮੁੱਚੀ ਕੌਮ ਨੂੰ ਸੇਧਾਂ ਦੇਣ ਦੀ ਗੱਲ ਕਿਸੇ ਮੂਰਖਤਾ ਨਾਲੋਂ ਘੱਟ ਨਹੀਂ ਹੋ ਸਕਦੀ!!

ਸਾਡਾ ਪੱਖ : ਗੁਰਮਤਿ ਸਾਰੀ ਮਨੁੱਖਤਾ ਲਈ ਸਾਂਝੀ ਹੈ। ਸੋ ਗੁਰਮਤਿ ਜੀਵਨ ਸੇਧਾਂ ਵੀ ਸਾਰੀ ਮਨੁੱਖਤਾ ਲਈ ਸਾਂਝੀਆਂ ਹਨ। ਸੋ ਇਸ ਦਸਤਾਵੇਜ਼ ਨੂੰ ਤਿਆਰ ਕਰਨ ਵਾਲੇ ਸੰਯੋਜਕ ਇਸ ਪ੍ਰਤੀ ਪੂਰੀ ਤਰਾਂ ਸਪਸ਼ਟ ਸਨ। ਜੇ ਕਿਸੇ ਵੀਰ ਨੂੰ ਇਸ ਸੰਬੰਧੀ ਕੋਈ ਤੌਖਲਾ/ਸ਼ੰਕਾ ਸੀ ਵੀ ਤਾਂ ਉਸ ਨੂੰ ਦਲੀਲ ਨਾਲ ਦੂਰ ਕਰ ਦਿਤਾ ਗਿਆ। ਉਸ ਇਕੱਠ ਨੂੰ ‘ਕੰਨਫਿਉਜਡ ਭੀੜ’ ਦਾ ਵਿਅੰਗ ਕਸਣਾ ਜਿਸ ਵਿਚ ਪ੍ਰੋ. ਕੰਵਲ ਆਪ ਵੀ ਸਰਗਰਮੀ ਨਾਲ ਸ਼ਾਮਿਲ ਸਨ, ਉਨ੍ਹਾਂ ਦੀ ਮਾਨਸਿਕਤਾ ਦੇ ਹਉਮੈ ਅਤੇ ਨੀਂਵੇ ਪੱਧਰ ਦਾ ਲਖਾਇਕ ਹੈ। ਬਾਕੀ ਇਸ ਨੁਕਤੇ ਵਿਚ ਇਤਰਾਜ਼ ਵਲੋਂ ਉਠਾਈਆਂ ਸਾਰੀਆਂ ਮੱਦਾਂ ਨੂੰ ਪ੍ਰੋ. ਕੰਵਲ ਸਮੇਤ ਸਾਰਿਆਂ ਨੇ ਹੱਥ ਖੜੇ ਕਰ ਕੇ ਸਵੀਕਾਰ ਕੀਤਾ, ਪਰ ਮਹਿਜ਼ ਵਿਰੋਧ ਦੀ ਭਾਵਨਾ ਅਤੇ ਅਹੰ ਕਾਰਨ ਕੂੜ ਪ੍ਰਚਾਰ ਕਰ ਰਹੇ ਹਨ।

18. ਆਉ ਹੁਣ ਥੋੜੀ ਗੱਲ ਇਸ “ਕੰਨਫਿਉਜ਼ਡ ਭੀੜ’ ਦੀ ਵਿਦਿਅਕ ਯੋਗਤਾ ਦੀ ਕਰ ਲਈਏ...... ਸਮੁੱਚੀ ਕੌਮ (ਸਮੇਤ ਅੱਜ ਕੱਲ ਦੀ ਨੌਜਵਾਨ ਪੜ੍ਹੀ-ਲਿਖੀ ਪੀੜ੍ਹੀ ਦੇ) ਨੂੰ ਜੀਵਨ ਸੇਧਾਂ ਦੇਣ ਦਾ ਦਾਅਵਾ ਕਰਨ ਵਾਲੀ ਇਸ ਤਥਾਕਥਿਤ ‘ਵਿਦਵਾਨਾਂ’ ਦੀ ਇਕੱਤਰਤਾ ਵਿਚ ਸ਼ਾਮਿਲ ਹੋਣ ਵਾਲਾ ‘ਬਹੁਤੇਰਾ’ ਵਿਦਵਾਨ ਵਰਗ ਵਿਦਿਅਕ ਤੌਰ ‘ਤੇ ਇਕ ਸਰਕਾਰੀ ਕਲਰਕ ਦੀ ਯੋਗਤਾ ਤੋਂ ਵੀ ਊਣਾ ਸੀ! ਸੋ ਇਹ ਪ੍ਰਸ਼ਨ ਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਸਮੇਂ ਦੇ ਹਾਣ ਦਾ ਆਧੁਨਿਕ ਧਰਮ ਅਖਵਾਉਣ ਵਾਲੇ ਸਿੱਖ-ਪੰਥ ਦੇ ਇਤਨੇ ਵਿਸ਼ਾਲ ਵਿਸ਼ੇ ‘ਤੇ ਅੱਖਾਂ ਬੰਦ ਕਰਕੇ ਨਤੀਜੇ ਸੁਣਾਉਣ ਦਾ ਅਧਿਕਾਰ ਗੈਰ-ਯੋਗ ਭੀੜ੍ਹ ਨੂੰ ਕਿਸ ਅਧਾਰ ‘ਤੇ ਦਿਤਾ ਗਿਆ?

ਸਾਡਾ ਪੱਖ : ਇਸ ਨੁਕਤੇ ਵਿਚ ਪ੍ਰੋ. ਕੰਵਲ ਜੀ ਦੇ ਅੰਦਰ ਹੰਕਾਰ ਦੇ ਉਬਲਦੇ ਦਰਿਆ ਨੂੰ ਸਪਸ਼ਟ ਵੇਖਿਆ ਜਾ ਸਕਦਾ ਹੈ। ਪਰ ਇਥੇ ਵੀ ਉਹ ਝੂਠੇ ਸਾਬਿਤ ਹੋ ਜਾਂਦੇ ਹਨ ਕਿਉਂਕਿ ਇਸ ‘ਕੰਨਫਿਉਜ਼ਡ ਭੀੜ’ (ਉਨ੍ਹਾਂ ਦੇ ਲਫਜ਼) ਵਿਚ ਉਹ ਆਪ ਸ਼ਾਮਿਲ ਸਨ ਅਤੇ ਜਦੋਂ ਤੱਕ ਉਹ ਸ਼ਾਮਿਲ ਰਹੇ ਨੁਕਤਿਆਂ ਤੇ ਵਾਰ ਵਾਰ ਹੱਥ ਖੜੇ ਕਰ ਕੇ ਸਹਿਮਤੀ ਪ੍ਰਗਟ ਕਰਨ ਦਾ ਪੂਰਾ ਰਿਕਾਰਡ ਸਾਂਭਿਆ ਹੋਇਆ ਹੈ। ਉਨ੍ਹਾਂ ਵਰਗੇ ਸਿੱਖਿਅਤ ਪ੍ਰੋ. ਵੀ ਇਸ ਇਕੱਤਰਤਾ ਵਿਚ ਹੱਥ ਖੜੇ ਕਰਕੇ ਮੱਦਾਂ ਤੇ ਸਹਿਮਤੀ ਦਿੰਦੇ ਸਪਸ਼ਟ ਵੇਖੇ ਜਾ ਸਕਦੇ ਹਨ (ਵੀਡੀਉ ਵਿਚ)।

ਉਨ੍ਹਾਂ ਦਾ ਇਹ ਦਾਅਵਾ ਵੀ ਨਿਰਮੂਲ ਹੈ ਕਿ ਇਕੱਤਰਤਾ ਵਿਚ ਸ਼ਾਮਿਲ ਬਹੁਤੇਰਾ ਵਰਗ ਕਲਰਕ ਦੀ ਯੋਗਤਾ ਤੋਂ ਉਣਾ ਸੀ। ਇਸ ਇਕੱਤਰਤਾ ਵਿਚ ਜਿਥੇ ਹਰ ਆਯੂ ਵਰਗ (18-80 ਸਾਲ ਤੱਕ) ਦੀਆਂ ਸ਼ਖਸੀਅਤਾਂ ਸ਼ਾਮਿਲ ਸਨ, ਉਥੇ ਬਹੁਤਾਤ ਸੱਜਣ ਵੱਖਰੇ ਵੱਖਰੇ ਵਿਸ਼ਿਆਂ ਤੇ ਸਨਾਤਕ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਯੋਗਤਾ ਰੱਖਦੇ ਸਨ ਨਾ ਕਿ ਸਿਰਫ ਇਕ ‘ਕਲਰਕ’ ਦੀ। ਸ਼ਾਇਦ ਹੰਕਾਰ ਵਿਚ ਅੰਨ੍ਹੇ ਹੋਏ ਕੰਵਲ ਵੀਰ ਜੀ ਕੱਲ ਨੂੰ ‘ਨਾਨਕ ਸਰੂਪਾਂ’ ਨੂੰ ਵੀ ਇਸ ਆਧਾਰ ਤੇ ਰੱਦ ਕਰਨ ਦੇ ਰਾਹ ਤੁਰ ਪੈਣ ਕੇ ਉਹ ਸਾਰੀ ਦੁਨਿਆਵੀ ਪੜਾਈਆਂ ਦੇ ਮਾਹਿਰ ਨਹੀਂ ਸਨ।

ਸਪਸ਼ਟ ਹੈ ਕਿ ਇਥੇ ਵੀ ਪ੍ਰੋ. ਕੰਵਲ ਈਰਖਾ, ਹੰਕਾਰ ਅਤੇ ਗੁੱਸੇ ਕਾਰਨ ਬੌਖਲਾਹਟ ਵਿਚ ਆ ਕੇ ਨਿਰਾਧਾਰ ਗੱਲਾਂ ਕਰ ਰਹੇ ਹਨ। ਉਨ੍ਹਾਂ ਵਰਗੇ ਸਿੱਖਿਅਤ ਸੱਜਣ ਨੂੰ ਹੇਠ ਲਿਖੇ ਗੁਰਵਾਕ ਦੇ ਆਧਾਰ ਤੇ ਆਪਣੀ ਪਹੁੰਚ ਦੀ ਸਵੈ-ਪੜਚੋਲ ਕਰਨ ਦੀ ਬੇਨਤੀ ਹੀ ਕਰ ਸਕਦੇ ਹਾਂ

ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ (ਪੰਨਾ 140)

ਉਨ੍ਹਾਂ ਜਿਹੀ ਗੁਣਵਾਣ ਸ਼ਖਸੀਅਤ ਨੂੰ ਆਪਣੀ ਇਸ ਬੇ-ਮੁਹਾਰੀ ਪਹੁੰਚ ਦੀ ਇਸ ਗੁਰਵਾਕ ਦੀ ਸੇਧ ਵਿਚ ਵੀ ਸਵੈ-ਪੜਚੋਲ ਕਰਨੀ ਚਾਹੀਦੀ ਹੈ

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥ (ਪੰਨਾ 417)

19. ਨਾਸਤਿਕ ਰਿੰਗ ਲੀਡਰ ਇੰਦਰ ਸਿੰਘ ਘੱਗਾ ਨੇ ਆਖਿਆ ਕੀਰਤਨ ਨੂੰ ਮਹਿਜ਼ “ਹਿਪਨੋਟਿਜ਼ਮ” ਅਤੇ ਗੁਰੂ ਕਾਲ ਤੋਂ ਚਲੀ ਆ ਰਹੀ ਕੀਰਤਨ ਪਰੰਪਰਾ ਨੂੰ ਮਾਤਰ ਸਾਖੀਆਂ ਦੀ ਗੱਪ ਦੱਸਿਆ। ਕੀਰਤਨ ਨਾਲ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਬਦਲਾਵ ਆਉਣ ਤੋਂ ਮੁਨਕਰ ਹੁੰਦੇ ਹੋਏ ਚੈਲੰਜ ਕੀਤਾ ਕਿ ਕੋਈ ਇਕ ਵੀ ਰਾਗੀ ਦੱਸੋ ਜੋ ਕਿਸੇ ਦਾ ਜੀਵਣ ਬਦਲਣ ਦੇ ਸਮਰੱਥ ਹੋਵੇ! ਗੁਰੂ ਗ੍ਰੰਥ ਸਾਹਿਬ ਵਿਚ ਹਰ ਸ਼ਬਦ ਉਪਰ ਨਿਰਧਾਰਿਤ ਰਾਗ, ਰਾਗਣੀਆਂ, ਘਰ, ਧੁਨਿ ਇਤਿਆਦਿਕ ਦੀ ਸੇਧ ਦੇ ਮੌਜੂਦ ਹੋਣ ਨੂੰ ਮਹਿਜ਼ ਪ੍ਰਗਟਾਵੇ ਦਾ ਤਰੀਕਾ ਦੱਸਿਆ, ਜਿਸਦਾ ਗੁਰਬਾਣੀ ਦੀ ਕੀਰਤਨ ਪਰੰਪਰਾ ਦੇ ਸਥਾਪਿਤ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ! ਗੁਰੂ ਨਾਨਕ ਸਾਹਿਬ ਦੀ ਮਰਦਾਨੇ ਨੂੰ ਨਾਲ ਕੇ ਕੀਰਤਨ ਕਰਨ ‘ਤੇ ਉਠਾਏ ਗਏ ਸ਼ੰਕੇ ਅਤੇ ਇਸਨੂੰ ਨਿਰਮਲਿਆਂ/ਉਦਾਸੀਆਂ/ਕੀਰਤਨੀਆਂ ਦੇ ਪਰਿਵਾਰਾਂ ਦੇ ‘ਉਹਨਾਂ ਅਨੁਸਾਰ ਤਥਾਕਥਿਤ’ ਵਾਰਸਾਂ ਦੀ ਗੱਪ ਗਰਦਾਨਿਆ!

ਸਾਡਾ ਪੱਖ : ਇਥੇ ਪ੍ਰੋ. ਕੰਵਲ ਦੀ ਸ਼ਬਦਾਵਲੀ ਵਿਚ ਅਸਹਿਮਤ ਸੱਜਣਾਂ ਵਿਰੁਧ ‘ਨਾਸਤਿਕਤਾ’ ਦਾ ਰੌਲਾ ਉਨ੍ਹਾਂ ਦੀ ਮਾਨਸਕਿਤਾ ਵਿਚ ਪੱਲ ਰਹੀ ਪੁਜਾਰੀਵਾਦੀ ਫਤਵੇਬਾਜ਼ੀ ਅਤੇ ਅਹੰਕਾਰ ਦਾ ਪ੍ਰਗਟਾਵਾ ਮਾਤਰ ਹੈ, ਜਿਸ ਨਾਲ ਆਪ ਹੀ ਆਪਣਾ ਸ਼ਖਸੀਅਤ ਦਾ ਘਾਣ ਕਰ ਰਹੇ ਹਨ। ਪ੍ਰੋ. ਘੱਗਾ ਵਲੋਂ ਗੁਰਮਤਿ ਦੇ ਖੇਤਰ ਵਿਚ ਪਾਏ ਯੋਗਦਾਨ ਤੋਂ ਸੁਚੇਤ ਪੰਥ ਚੰਗੀ ਤਰਾਂ ਵਾਕਿਫ ਹੈ ਅਤੇ ਇਸ ਵਿਚ ਵੀ ਕੋਈ ਦੋ ਰਾਇ ਨਹੀਂ ਹੈ ਕਿ ਪ੍ਰੋ. ਘੱਗਾ ਦੇ ਮੁਕਾਬਲੇ ਵਿਚ ਪ੍ਰੋ. ਕੰਵਲ ਦੀ ਗੁਰਮਤਿ ਪ੍ਰਤੀ ਪਕੜ ਅਤੇ ਯੋਗਦਾਨ ਹਾਲੀਂ ਤੱਕ ਨਿਗੁਣਾ ਹੈ। ਹੁਣ ਤਾਂ ਵੈਸੇ ਵੀ ਪ੍ਰੋ. ਜੀ ਨਿੱਜੀ ਈਰਖਾ, ਅਹੰਕਾਰ ਅਤੇ ਗੁੱਸੇ ਦੀ ਅੱਗ ਵਿਚ ਆਪਣੇ ਗੁਣ ਜਲਾ ਕੇ ਰਾਖ ਕਰ ਰਹੇ ਹਨ, ਸੋ ਉਨ੍ਹਾਂ ਤੋਂ ਕਿਸੇ ਚੰਗੇ ਯੋਗਦਾਨ ਦੀ ਆਸ ਵੀ ਹੁਣ ਖਤਮ ਹੁੰਦੀ ਜਾ ਰਹੀ ਹੈ।

ਇਕੱਤਰਤਾ ਵਿਚ ਤਿਆਰ ਦਸਤਾਵੇਜ਼ ਦੀ ਕੋਈ ਮੱਦ ਐਸਾ ਪ੍ਰਗਟਾਵਾ ਨਹੀਂ ਕਰਦੀ । ਜੇ ਪ੍ਰੋ. ਕੰਵਲ ਨਾਲ ਕਿਸੇ ਨਿੱਜੀ ਵਿਚਾਰ ਵਿਚ ਐਸਾ ਕੁਝ ਕਿਹਾ ਗਿਆ ਤਾਂ ਉਸ ਦਾ ਕਿਸੇ ਦਾ ਨਿੱਜੀ ਵਿਚਾਰ ਹੋ ਸਕਦਾ ਹੈ। ਪ੍ਰੋ. ਕੰਵਲ ਵਲੋਂ ਜੰਮੂ ਵਿਚਲੀਆਂ ਗੱਲਾਂ ਨੂੰ ਜਿਵੇਂ ਤਰੋੜ-ਮਰੋੜ ਕੇ ਬੇਈਮਾਨੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉਸ ਨਾਲ ਤਾਂ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਵਿਸ਼ਵਾਸ ਕਰਨਾ ਸੰਭਵ ਨਹੀਂ ਹੈ। ਆਪਣੀ ਵਿਸ਼ਵਸਨੀਅਤਾ ਖੋਹਣ ਲਈ ਉਹ ਆਪ ਜਿੰਮੇਵਾਰ ਹਨ।

20. ਇਕ ਸਵਾਲ : ਸਿੱਖਾਂ ਦੇ ਸਾਖਿਆਤ ਗੁਰੂ-ਗੁਰੂ ਗ੍ਰੰਥ ਸਾਹਿਬ- ਦੇ ਕਰਤਿਆਂ ਅਤੇ ਉਹਨਾਂ ਦੀਆਂ ਰਚਨਾਵਾਂ ਅਤੇ ਕੀਰਤਨ ਪਰੰਪਰਾ ਤੋਂ ਮੁਨਕਰ ਹੋਣ ਵਾਲੇ ਇਹ ਲੋਕ ਆਪਣੇ ਆਪ ਨੂੰ ਪੰਜਵੇਂ ਤੇ ਦਸਵੇਂ ਗੁਰੂ ਦੀ ਮਤਿ ਤੋਂ ਉੱਚਾ ਮੰਨ ਰਹੇ ਹਨ (ਕਿਉਂ-ਕਰ ਜੋ ਇਹਨਾਂ ਦੋਨੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪ ਸੰਪਾਦਿਤ/ਸੰਪੂਰਨ ਕੀਤੇ ਸਨ) ਤਾਂ ਫੇਰ ਕਿੳੇੁਂ ਨਾ ਇਹ ਆ ਹੀ ਜਾਣ ਆਪਣੇ ਅਸਲੀ ਨਾਸਤਿਕ ਚਿਹਿਰਆਂ ਤੋਂ ਪੰਥਕ-ਪੁਣੇ ਦਾ ਨਕਾਬ ਉਤਾਰ ਕੇ ਅਤੇ ਆਪਣੀ ਕੁਟਿਲ ਅਤੇ ਸਿੱਖ ਸਿਧਾਂਤਾਂ ਵਿਰੋਧੀ ਹਿਮਾਕਤ ਦਿਖਾਉਂਦੇ ਸ਼ਰੇਆਮ ਸਿੱਖਾਂ ਦੇ ਸਾਖਿਆਤ ਗੁਰੂ ਦੇ ਇਕੱਲੇ-2 ਪੰਨੇ ਤੋਂ ਰਾਗਾਂ ਦੇ ਨਾਮ ਅਤੇ ਭੱਟ ਬਾਣੀ ਵਾਲੇ ਇੰਦਰਾਜ ਪਾੜ੍ਹ ਕੇ ਸਿੱਟਣ ਵਾਸਤੇ ਤਾਂ ਕਿ ਸਾਡੇ ਵਰਗੇ ਸਿੱਖ ਭੰਨਿਆਰੇ ਵਾਲੇ ਵਾਂਗ ਖੁੱਲ ਕੇ ਇਹਨਾਂ ਨੂੰ ਇਹਨਾਂ ਦੀ ਅਸਲੀ ਔਕਾਤ ਵਿਖਾ ਸਕਣ?? ਅਸਲ ਵਿਚ ਸਿੱਖਾਂ ਦੇ ਸਾਖਿਆਤ ਗੁਰੂ ਵਿਚਲੀਆਂ ਰਚਨਾਵਾਂ ਅਤੇ ਉਹਨਾਂ ਦੀ ਕਵਿਤਾ/ਗਾਇਨ ਸ਼ੈਲੀ ਉੱਤੇ ਕਿੰਤੂ ਕਰਕੇ ਇਹਨਾਂ ਅਖੌਤੀਆਂ ਨੇ ਵਿਚਾਰਕ ਤੌਰ ਤੇ ਸ਼ਬਦ-ਗੁਰੂ ਦੀ ਪੋਥੀ ਸਰੂਪ ਨੂੰ ਪੰਨੇ-2 ਤੋਂ ਆਪਣੀ ਮਰਜ਼ੀ ਅਨੁਸਾਰ ਪਾੜਣ ਵਾਲਾ ਕੰਮ ਹੀ ਕੀਤਾ ਹੈ, ਜੋ ਅਤਿ-ਨਿੰਦਣਯੋਗ ਪੂਰਨ ਸਿੱਖ ਵਿਰੋਧੀ ਸ਼ਰਮਨਾਕ ਕਾਰਾ ਹੈ!

ਸਾਡਾ ਪੱਖ : ਬੇਤੁੱਕਾ ਸਵਾਲ (? ਜਾਂ ਚੈਲੰਜ) ਪਾਕੇ ਬਹੁਤੇ ਪੰਥਕ ਹੋਣ ਦਾ ਦਾਅਵਾ ਕਰਨ ਵਾਲੇ ਪ੍ਰੋ. ਜੀ ਨੂੰ ਸਵੈ-ਪੜਚੋਲ ਕਰਨ ਲਈ ਉਲਟਾ ਸਵਾਲ ਬਣਦਾ ਹੈ ਕਿ ਜਿਸ ਇਕੱਤਰਤਾ ਬਾਰੇ ਊਲ-ਜਲੂਲ ਲਿਖ ਕੇ ਉਹ ਬੇਲੋੜੇ ਚੈਲੰਜ ਦਾ ਡਰਾਮਾ ਕਰ ਰਹੇ ਹਨ, ਉਸ ਇਕੱਤਰਤਾ ਵਿਚ ਤਾਂ ਉਹ ਆਪ ਹੀ ਸਾਰੀਆਂ ਮੱਦਾਂ (ਜਦੋਂ ਤੱਕ ਉਹ ਸ਼ਾਮਿਲ ਰਹੇ) ਪ੍ਰਵਾਨਗੀ ਦੇ ਰਹੇ ਸਨ। ਪਾਠਕਾਂ ਨੂੰ ਭੜਕਾਉਣ ਲਈ ਜਿਵੇਂ ਕੰਵਲ ਵੀਰ ਆਪੇ ਗੱਲਾਂ ਬਣਾ ਕੇ ਜਾਂ ਗੱਲਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰ ਰਹੇ ਹਨ, ਉਸ ਤੋਂ ਉਨ੍ਹਾਂ ਨੇ ਮਨ ਵਿਚ ਵਸੇ ਚੋਰ ਅਤੇ ਡਰ ਦਾ ਖੁੱਲਾ ਪ੍ਰਗਟਾਵਾ ਹੋ ਰਿਹਾ ਹੈ।

ਅਸੀਂ ਕਦੀ ਵੀ ਆਫ ਦਾ ਰਿਕਾਰਡ ਜਾਂ ਨਿੱਜੀ ਗੱਲਬਾਤ ਨੂੰ ਕਿਸੇ ਦੇ ਆਲੋਚਣਾ ਲਈ ਵਰਤਣ ਤੋਂ ਸੰਕੋਚ ਕਰਦੇ ਹਾਂ। ਪ੍ਰੋ. ਕੰਵਲ ਦੀ ਤਾਂ ਪੂਰੀ ਭੜਾਸ ਅਤੇ ਬੌਖਲਾਹਟ ਹੀ ਇਨ੍ਹਾਂ ਝੂਠੇ-ਸੱਚੇ ਆਧਾਰਾਂ ਦੀ ਤਰੋੜ-ਮਰੋੜ ਤੇ ਖੜੀ ਹੈ। ਇਸ ਨੁਕਤੇ ਵਿਚ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ਪਾੜਣ ਦਾ ਚੈਲੰਜ ਕਰ ਰਹੇ ਹਨ, ਪਰ ਕੋਈ ਵੀ ਸੱਚਾ ਮਨੁੱਖ ਐਸੀ ਹਿਮਾਕਤ ਨਹੀਂ ਕਰ ਸਕਦਾ।

ਇਕੱਤਰਤਾ ਦੌਰਾਨ ਗੁੱਸੇ ਵਿਚ ਆਉਣ ਤੋਂ ਬਾਅਦ ਬਾਹਰ ਜਾ ਕੇ ਸ਼ੋਰ ਕਰਦੇ ਹੋਏ ਪ੍ਰੋ. ਕੰਵਲ ਆਪ ਹੀ ਕੁਝ ਇਸ ਤਰਾਂ ਬੋਲ ਰਹੇ ਸਨ ਕਿ ਜੇ ਰਾਗ ਬੋਲੋੜੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਵਾਲੇ ਪੰਨੇ ਫਾੜ ਕੇ ਨਾਲੀ ਵਿਚ ਸੁੱਟ ਦੇਣੇ ਚਾਹੀਦੇ ਹਨ? ਪਰ ਪ੍ਰੋ. ਕੰਵਲ ਵਲੋਂ ਆਫ ਦਾ ਰਿਕਾਰਡ ਵਰਤੇ ਐਸੀ ਮੰਦੀ ਸ਼ਬਦਾਵਲੀ ਦਾ ਇਕੱਤਰਤਾ ਵਿਚ ਸ਼ਾਮਿਲ ਕਿਸੇ ਵੀ ਸੱਜਣ ਨੇ ਉਨ੍ਹਾਂ ਵਿਰੁਧ (ਫੇਸਬੁਕ ਤੇ ਭੜਾਸ ਕੱਢਣ ਤੋਂ ਬਾਅਦ ਵੀ) ਹਵਾਲਾ ਨਹੀਂ ਵਰਤਿਆ। ਕਿਉਂਕਿ ਸੁਹਿਰਦਤਾ ਇਸ ਗੱਲ ਦੀ ਪਛਾਣ ਰੱਖਦੀ ਹੈ ਕਿ ਪ੍ਰੋ. ਕੰਵਲ ਨੇ ਉਹ ਸ਼ਬਦ ਬਹੁਤ ਗੁੱਸੇ ਵਿਚ, ਆਫ ਦਾ ਰਿਕਾਰਡ, ਕਿਸੇ ਸੰਦਰਭ ਵਿਚ ਕਹੇ। ਵੈਸੇ ਵੀ ਇਹ ਸੱਚ ਹੈ ਕਿ ਮਨੁੱਖ ਗੁੱਸੇ ਵਿਚ ਆਪਣੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਬਹੁਤ ਕੁਝ ਊਲ ਜ਼ਲੂਲ ਬੋਲ ਜਾਂਦਾ ਹੈ (ਪ੍ਰੋ. ਕੰਵਲ ਦਾ ਸਾਰਾ ਕੂੜ ਪ੍ਰਚਾਰ ਹੀ ਇਸ ਦੀ ਜੀਵੰਤ ਮਿਸਾਲ ਹੈ), ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ। ਇਕੱਤਰਤਾ ਵਿਚ ਸ਼ਾਮਿਲ ਸਾਰੇ ਸੱਜਣ ਇਸ ਪਹੁੰਚ ਦੀ ਪਛਾਣ ਰੱਖਦੇ ਸਨ ਸੋ ਕਿਸੇ ਨੇ ਪ੍ਰੋ. ਜੀ ਦੀ ਇਸ ਆਫ ਦੀ ਰਿਕਾਰਡ ਮੰਦੀ ਸ਼ਬਦਾਵਲੀ ਨੂੰ ਉਨ੍ਹਾਂ ਖਿਲਾਫ ਨਹੀਂ ਵਰਤਿਆ। ਪਰ ਪ੍ਰੋ. ਕੰਵਲ ਆਪ ਸੁਹਿਰਦਤਾ ਅਤੇ ਤਹਿਜ਼ੀਬ ਭੁੱਲ ਕੇ ਗੁੱਸੇ ਵਿਚ ਭਰੇ-ਭੀਤੇ ਊਲ-ਜਲੂਲ ਬੋਲ ਕੇ ਮਨ ਦੀ ਭੜਾਸ ਕੱਢ ਰਹੇ ਹਨ।

21. ਜਦੋਂ ਆਖਿਰੀ ਸਮੇਂ ਅਪਣਾ ਵਿਰੋਧ ਜਤਾਉਂਦਿਆਂ ਖਰੜਾ ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੌਫੈਸਰ ਕਵਲਦੀਪ ਸਿੰਘ ਕੰਵਲ ਨੇ ਖਰੜੇ ਦੀ ਆਪਣੀ ਕਾਪੀ ਨੂੰ ਫਾੜਿਆ ਤਾਂ ਇੰਦਰ ਸਿੰਘ ਘੱਗਾ ਨੇ ਆਪਣੇ ਗੁੱਸੇ ਵਿੱਚ ਅੱਗ-ਬਬੂਲੇ ਹੁੰਦੇ ਹੋਏ ਆਪਣੇ 15-20 ਨਾਸਤਿਕ ਸਮਰਥਕਾਂ ਸਹਿਤ ਉਹਨਾਂ ਨੂੰ ਘੇਰ ਲਿਆ ਤੇ ਆਖਿਆ ਕਿ ਇਹ ਪਾਗਲ ਹੋ ਗਿਆ ਹੈ, ਇਸਨੂੰ ਚੱਕ ਕੇ ਬਾਹਰ ਲੈ ਜਾੳ (ਸੁੱਟ ਦਿਉ), ਇਸਨੇ ‘ਸਾਡੇ ਸੰਵਿਧਾਨ’ ਦੀ ਕਾਪੀ ਫਾੜ ਦਿਤੀ ਹੈ, ਇਤਿਆਦਿਕ, ਜਿਸ ਨਾਲ ਘੱਗਾ ਹੋਰਾਂ ਦੀ ਬੋਲੀ ਦੇ ਨੀਂਵੇਪਣ ਦਾ ਪ੍ਰਗਟਾਵਾ ਹੋਇਆ ਉੱਥੇ ਹੀ ਚੱਲ ਰਹੇ ਮੁੱਦਿਆਂ ਦੇ ਉਹਨਾਂ ਦੀ ਪਕੜ ਵੀ ਖੁੱਲ ਕੇ ਸਾਹਮਣੇ ਆ ਗਈ।

ਹਾਲਾਂਕਿ ਕਵਲਦੀਪ ਸਿੰਘ ਨੇ ਪੂਰੀ ਵੀਡੀਉ-ਰਿਕਾਰਡਿੰਗ ਵਿਚ ਕਿਸੇ ਨੂੰ ਵੀ ਨਿੱਜੀ ਅਬਦ੍ਰ-ਸ਼ਬਦ ਨਾਲ ਸੰਬੋਧਨ ਨਹੀਂ ਕੀਤਾ, ਬਲਕਿ ਇਸ ਸਾਰੀ ਘਟਨਾ ਨੂੰ ਇਕ ਵਿਚਾਰਕ ਵਿਰੋਧ ਹੀ ਦੱਸਿਆ, ਅਤੇ ਜਾਣ ਤੋਂ ਪਹਿਲਾਂ ਆਪਣੇ ਲੈਪਟੋਪ ਵਿਚ ਉਹਨਾਂ ਦੁਆਰਾ ਇਕ ਡਿਉਟੀ ਵਜੋਂ ਤਿਆਰ ਕੀਤੀ ਖਰੜੇ ਦੀ ਸਾਫਟ-ਕਾਪੀ ਵੀ ਇਕੱਤਰਤਾ ਦੇ ਪ੍ਰਬੰਧਕਾਂ ਨੂੰ ਸੌਂਪ ਦਿਤੀ ਗਈ, ਇਥੋਂ ਤੱਕ ਕਿ ਉਹਨਾਂ ਨੇ ਮੀਟਿੰਗ ਵਿਚੋਂ ਜਾਣ ਲੱਗੇ ਆਪਣੇ ਵਿਰੋਧ ਦੇ ਤਰੀਕੇ ਨਾਲ ਕਿਸੇ ਦੇ ਦਿਲ ਠੇਸ ਲੱਗੀ ਹੋਣ ਤੇ ਖੇਦ ਜਤਾ ਕੇ ਸੁਖਾਵੇਂ ਮਾਹੌਲ ਵਿਚ ਹੀ ਵਿਦਾ ਲਈ, ਬੇਸ਼ਕ ਖਰੜੇ ਦੀ ਲਿਖਤੀ ਕਾਪੀ ਨੂੰ ਉਹ ਆਨ-ਰਿਕਾਰਡ ਫਾੜ ਕੇ ਉਸ ਨਾਲ ਅਤੇ ਹੁਣ ਤੱਕ ਹੋਈ ਪੂਰੀ ਕਾਰਵਾਈ ਨਾਲ ਆਪਣੀ ਪੂਰਨ-ਅਸਹਿਮਤੀ (ਸੰਪੂਰਨ ਦੁਨੀਆਂ ਵਿਚ ਸਥਾਪਿਤ ਇਕ ਸਭਿਅਕ ਪਰ ਸਭ ਤੋਂ ਸਖਤ ਤਰੀਕੇ ਨਾਲ) ਦਰਜ ਕਰਵਾ ਚੁੱਕੇ ਸਨ।

ਸਾਡਾ ਪੱਖ : ਉਪਰੋਕਤ ਵਿਚਾਰੇ ਨੁਕਤਿਆਂ ਵਿਚ ਪ੍ਰੋ. ਕੰਵਲ ਵਲੋਂ ਇਕੱਤਰਤਾ ਵਿਚੋਂ ਵਾਕ ਆਉਟ ਕਰਕੇ ਅਸਹਿਮਤੀ ਜਤਾਉਣ ਦੇ ਦਾਅਵੇ ਦੀ ਪੋਲ ਖੁੱਲ ਚੁੱਕੀ ਹੈ ਜਿਸ ਦੇ ਪਰਿਵਾਰ ਕੌਲ ਠੋਸ ਸਬੂਤ ਹਨ। ਵਿਚਾਰਕ ਅਸਹਿਮਤ ਸੱਜਣਾਂ ਲਈ ਨਾਸਤਿਕ, ਧੂੰਦਾ-ਪੂਜ, ਲਾਹਨਤ ਸ਼੍ਰੋਮਣੀ ਆਦਿ ਨੀਵੇਂ ਪੱਧਰ ਦੀ ਸ਼ਬਦਾਵਲੀ ‘ਆਨ ਦਾ ਰਿਕਾਰਡ (ਫੇਸਬੁਕ ਤੇ)’ ਵਰਤਣ ਵਾਲੇ ਵੀਰ ਕੰਵਲ ਦੂਜਿਆਂ ਨੂੰ ਨੀਂਵੇ ਪੱਧਰ ਦੀ ਸ਼ਬਦਾਵਲੀ ਵਰਤਣ ਦਾ ਗਿਲਾ ਕਰ ਰਹੇ ਹਨ।

ਇਕੱਤਰਤਾ ਵਿਚ ਪ੍ਰੋ. ਘੱਗਾ ਜੀ ਜਾਂ ਕਿਸੇ ਹੋਰ ਸੱਜਣ ਵਲੋਂ ਵੀਰ ਕੰਵਲ ਨੂੰ ਘੇਰਣ, ਬਾਹਰ ਕੱਡਣ ਜਾਂ ਸੁੱਟਣ ਦੀ ਗੱਲ ਨਹੀਂ ਹੋਈ। ਗੁੱਸੇ ਵਿਚ ਵੀਰ ਕੰਵਲ ਵਲੋਂ ਖਰੜਾ ਫਾੜਣ ਤੋਂ ਬਾਅਦ ਮਾਹੌਲ ਦੀ ਤਲਖੀ ਅਤੇ ਨਜ਼ਾਕਤ ਪਛਾਣਦੇ ਹੋਏ ਤੱਤ ਗੁਰਮਤਿ ਪਰਿਵਾਰ ਦੇ ਪ੍ਰਿੰ. ਨਰਿੰਦਰ ਸਿੰਘ ਜੰਮੂ ਨੇ ਇਕੱਤਰਤਾ ਨੂੰ ਕੁਝ ਸਮੇਂ ਲਈ ਸਥਗਿਤ ਕਰਨ ਦਾ ਐਲਾਨ ਕਰਕੇ ਹਾਜ਼ਰੀਨ ਨੂੰ ਚਾਹ-ਨਾਸ਼ਤੇ ਵੱਲ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਦੌਰਾਨ ਸੁਹਿਰਦ ਸੱਜਣਾਂ ਨੇ ਪ੍ਰੋ. ਕੰਵਲ ਅਤੇ ਉਨ੍ਹਾਂ ਬਾਰੇ ਤਲਖ ਸ਼ਬਦਾਵਲੀ ਵਰਤਣ ਵਾਲੇ ਵੀਰ ਨੂੰ ਸਮਝਾਉਂਦੇ ਹੋਏ ਉਨ੍ਹਾਂ ਦੋਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ। ਇਸ ਦਾ ਅਸਰ ਕਬੂਲਦੇ ਹੋਏ ਚਾਹ-ਨਾਸ਼ਤੇ ਤੋਂ ਬਾਅਦ ਮੀਟਿੰਗ ਦੁਬਾਰਾ ਸ਼ੁਰੂ ਹੋਣ ਤੇ ਪਹਿਲਾਂ ਉਸ ਵੀਰ ਨੇ ਅਤੇ ਫੇਰ ਪ੍ਰੋ. ਕੰਵਲ ਨੇ ਇਕੱਤਰਤਾ ਤੋਂ ਆਪਣੇ ਗਲਤ ਵਿਹਾਰ ਲਈ ਖੇਦ ਜਤਾਇਆ। ਉਸ ਉਪਰੰਤ ਇਕੱਤਰਤਾ ਦੀ ਕਾਰਵਾਈ ਫਿਰ ਸ਼ੁਰੂ ਹੋ ਗਈ ਅਤੇ ਪ੍ਰੋ. ਕੰਵਲ ਉਸ ਇਕੱਤਰਤਾ ਦਾ ਹਿੱਸਾ ਬਣੇ ਰਹੇ ਨਾ ਕਿ ਵਾਕਆਉਟ ਕੀਤਾ।

22. ਪੁਜਾਰੀ ਚਰਨ-ਸੇਵਕ ਤੇ ਧੂੰਦਾ-ਪੂਜ 108 ਝੂਠ-ਸ਼੍ਰੋਮਣੀ ਕੌਤਕੀ ਕਾਦੀਆਨੀ ਜੀ ਮਹਾਰਾਜ ਵੱਖ ਥਾਵਾਂ ‘ਤੇ ਕੁ-ਪ੍ਰਚਾਰ ਕਰ ਰਹੇ ਹਨ ਕਿ ਕਵਲਦੀਪ ਸਿੰਘ ਕਿਸੇ ਇਕੱਤਰਤਾ ਤੋਂ ਕਿਸੇ ਕੰਮ ਵਾਸਤੇ ਮਾਫੀ ਮੰਗ ਕੇ ਆਇਆ ਹੈ, ਸੋ ਬੇਤੁਕੇ, ਝੂਠ-ਪਟੋਲੇ ਤੇ ਲਾਹਨਤ ਕੁੱਲ ਸ਼੍ਰੋਮਣੀ ਨੂੰ ਸਵਾਲ:

1. ਕੀ ਆਪ ਉਸ ਸਮੇਂ ਉਥੇ ਮੌਜੂਦ ਸੀ? ਕੀ ਆਪ ਨੇ ਖੁੱਦ ਕੰਵਲਦੀਪ ਨੂੰ ਕਿਸੇ ਪ੍ਰਕਾਰ ਦੀ ਮਾਫੀ ਦਾ ਲਫਜ਼ ਵੀ ਵਰਤਦੇ ਦੇਖਿਆ ਹੈ?
2. ਕੀ ਆਪ ਨੇ ਕਵਲਦੀਪ ਨੂੰ ਕਿਸੇ ਆਡੀਉ ਵੀਡੀਉ ਵਿੱਚ ‘ਮਾਫੀ’ ਨੂੰ ਲਫਜ਼ ਵਜੋਂ ਬੋਲਦੇ ਵੇਖਿਆ/ਸੁਣਿਆ ਹੈ?
3. ਕਿਸੇ ਆਪਦੀ ਸਨਮਾਨ ਜਨਕ ਧੁੰਦਮਈ ਪੂਜਾਰੀ-ਚਰਨ-ਡਿੱਗ ਹਸਤੀ ਵਾਂਗ ਕਵਲਦੀਪ ਸਿੰਘ ਨੇ ਆਪਣੇ ਹਸਤਾਖਰਾਂ ਹੇਠ ਕੋਈ ਮਾਫੀਨਾਮਾ ਜਾਰੀ ਕੀਤਾ ਹੈ?
4. ਤੂਸੀ ਕਿਸ ਨਿੱਜੀ ਲਾਗਬਾਜ਼ੀ ਹੇਠ ਕਵਲਦੀਪ ਸਿੰਘ ਵਿਰੁਧ ਇਹ ਦੁਸ਼-ਪ੍ਰਚਾਰ ਕਰ ਰਹੇ ਹੋ?
5. ਤੁਹਾਨੂੰ ਕਿਸ ਅਖੌਤੀ ਪਰਿਵਾਰ ਜਾਂ ਸੰਸਥਾ ਨੇ ਕੁੜ੍ਹ ਪ੍ਰਾਪੇਗੰਡਾ ਕਰਨ ਦੀ ਕੀਮਤ ਦਿਤੀ ਹੈ ਤੇ ਕਿੰਨ੍ਹੀ ਦਿਤੀ ਹੈ, ਭਾਵ ਆਪਣਾ ਜ਼ਮੀਰ ਕਿੰਨੇ ਰੁਪਈਆਂ ਵਿਚ ਵੇਚਿਆ ਹੈ?
ਬਾਕੀ ਚਰਚਾ ਸੈਭੰ ਕੂੜ-ਚੌਧਰੀ ਤੋਂ ਇਹਨਾਂ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ.......

ਸਾਡਾ ਪੱਖ : ਪ੍ਰੋ. ਘੱਗਾ ਨੂੰ ਨੀਂਵੇ ਪੱਧਰ ਦੀ ਸ਼ਬਦਾਵਲੀ ਵਰਤਣ ਦਾ ਝੂਠਾ ਗਿਲਾ ਕਰਨ ਵਾਲੇ ਪ੍ਰੋ. ਕੰਵਲ ਗੁਰਮੀਤ ਸਿੰਘ ਕਾਦੀਆਣੀ ਪ੍ਰਤੀ ਵਰਤੀ ਗਈ ਉਪਰੋਕਤ ਹਲਕੇ ਪੱਧਰ ਦੀ ਸ਼ਬਦਾਵਲੀ ਬਾਰੇ ਕੀ ਸਵੈ-ਪੜਚੋਲ ਕਰਣਗੇ ? ਕੀ ਉਨ੍ਹਾਂ ਦੀ ਇਹ ਸ਼ਬਦਾਵਲੀ ਉਨ੍ਹਾਂ ਦੀ ਛਵੀ ਇਕ ਸੁਸਿੱਖਅਤ ਅਤੇ ਸੁਚੇਤ ਪ੍ਰੋ. ਦੀ ਪੇਸ਼ ਕਰਦੀ ਹਾਂ ਜਾਂ ਇਕ ਗੁੱਸੇ ਵਿਚ ਭਰੇ ਭੀਤੇ ਹੰਕਾਰੇ ਆਮ ਜਿਹੇ ਸ਼ਖਸ ਦੀ?

ਪ੍ਰੋ. ਕੰਵਲ ਦੀ ਫੇਸ ਬੁੱਕ 'ਤੇ ਇਕੱਤਰਤਾ ਬਾਰੇ ਕੱਢੀ ਭੜਾਸ ਪੜ੍ਹ ਕੇ ਵੀਰ ਕਾਦੀਆਣੀ ਜੀ ਨੇ ਉਤਸੁਕਤਾ ਵੱਸ ਇਕੱਤਰਤਾ ਦੇ ਹੋਰ ਹਾਜ਼ਰੀਨ ਕੌਲੋਂ ਇਸ ਬਾਰੇ ਜਾਨਕਾਰੀ ਲਈ ਹੋਣੀ ਹੈ, ਜਿਸ ਅਨੁਸਾਰ ਉਨ੍ਹਾਂ ਨੂੰ ਪ੍ਰੋ. ਕੰਵਲ ਦੇ ਕੂੜ ਬਾਰੇ ਸੱਚ ਪਤਾ ਚੱਲ ਗਿਆ ਹੋਵੇਗਾ, ਜੋ ਉਨ੍ਹਾਂ ਨੇ ਹੋਰਾਂ ਨਾਲ ਸਾਂਝਾ ਕਰ ਦਿਤਾ ਹੋਵੇਗਾ। ਜਿਸ ਤੋਂ ਚਿੜ ਕੇ ਪ੍ਰੋ. ਕੰਵਲ ਨੇ ਬਜ਼ਾਰੂ ਸ਼ਬਦਾਵਲੀ ਵਰਤਦੇ ਹੋਏ ਉਨ੍ਹਾਂ ਸਾਹਮਣੇ ਸਵਾਲਾਂ ਦੀ ਬੌਛਾੜ ਕੀਤੀ ਹੈ। ਪਰ ਪ੍ਰੋ. ਕੰਵਲ ਦੇ ਸਵਾਲ ਕਰਦੇ ਹੋਏ ਗੁੱਸੇ ਵਿਚ ਇਹ ਭੁੱਲ ਗਏ ਕਿ ਕਿਸੇ ਘਟਨਾ ਦੀ ਜਾਣਕਾਰੀ ਲੈਣ ਲਈ ਇਕੋ ਇਕ ਸਾਧਨ ਸਿਰਫ ਉਥੇ ਹਾਜ਼ਿਰ ਹੋਣਾ ਹੀ ਨਹੀਂ ਹੁੰਦਾ, ਜਾਣਕਾਰੀ ਲੈਣ ਦੇ ਹੋਰ ਵੀ ਸਾਧਨ ਹੋ ਸਕਦੇ ਹਨ। ਬਾਕੀ ਉਨ੍ਹਾਂ ਦੇ ਖੇਦ ਰੂਪੀ ਮਾਫੀ ਸਮੇਤ ਸਾਰਾ ਕੁਝ ਕੈਮਰੇ ਵਿਚ ਰਿਕਾਰਡ ਪਿਆ ਹੈ।

23. ਕੁਝ ਅਸਲੀ ਨਕਲੀ ਵੀਡੀਉ ਬਣਾ ਕੇ ਵਿਦੇਸ਼ੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਰਗਲਾ ਕੇ ਉਹਨਾਂ ਤੋਂ ਧਨ ਤੇ ਹੋਰ ਅਸਬਾਬ ਹਥਿਆਉਣ ਦੇ ਲਈ ਸਰੇ-ਬਜ਼ਾਰ ਨੰਗੇ ਹੋ ਚੁੱਕੇ ਠੱਗਾਂ ਦੇ ਗਰੋਹ ਆਖ ਰਹੇ ਹਨ ਕਿ ਉਹਨਾਂ ਕੋਲ ਕਵਲਦੀਪ ਸਿੰਘ ਦੀ ਕੋਈ ਅਜਿਹੀ ਆਡੀਉ/ਵੀਡੀਉ ਹੈ ਜਿਸ ਵਿਚ ਉਸ ਨੇ ਪੰਥ ਵਿਰੋਧੀ ਕੁਝ ਇਤਰਾਜ਼ਯੋਗ ਕਿਹਾ ਹੈ! ਸੋ ਮੈਂ ਇੱਥੇ ਉਹਨਾਂ ਬਲੈਕ-ਮੇਲਰਾਂ ਅਤੇ ਫਿਰੌਤੀ ਵਸੂਲੀਆਂ ਨੂੰ ਖੁੱਲਾ ਚੈਲੰਜ ਦਿੰਦਾ ਹੈ ਕਿ ਆਪਣੇ ਪਿਤਾ ਲਾਂਬੇ ਦੇ ਨਕਸ਼ੇ ‘ਤੇ ਚਲਦਿਆਂ ਉਹਨਾਂ ਦੀ ਤਥਾਕਥਿਤ ਆਡੀਉ/ਵੀਡੀਉ ਰਿਲੀਜ਼ ਕਰਨ ਤਾਂਕਿ ਪੂਰੀ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਅਸਲ ਵਿਚ ਕਵਲਦੀਪ ਸਿੰਘ ਇਹਨਾਂ ਅਖੌਤੀ ਸੁਧਾਰਕਾਂ ਦੇ ਗਲੇ ਦੀ ਕਿੰਨੀ ਵੱਡੀ ਹੱਡੀ ਬਣ ਗਿਆ ਹੈ, ਜਿਸਨੇ ਕਿ ਇਹਨਾਂ ਦਾ ਸਿੱਖੀ ਸਿਧਾਂਤਾਂ ਦਾ ਖਾਤਮਾ ਕਰਨ ਦਾ ਪੂਰੇ ਦਾ ਪੂਰਾ ਪਲਾਨ ਸਰੇ-ਬਜ਼ਾਰ ਨੰਗਾ ਕਰਕੇ ਇਹਨਾਂ ਲਈ ਇੱਡੀ ਵੱਡੀ ਬਿਪਤਾ ਪੈਦਾ ਕਰ ਦਿਤੀ ਹੈ, ਕਿ ਹੁਣ ਇਹਨਾਂ ਨੂੰ ਪ੍ਰੋਫੈਸਰ ਦਰਸ਼ਨ ਸਿੰਘ’ਤੇ ਹੋਏ ਨਕਲੀ ਆਡੀਉ/ਵੀਡੀਉ ਵਰਗੇ ਕੋਝੇ ਹਮਲੇ ਵਾਂਗ ਕਵਲਦੀਪ ਸਿੰਘ ਉਤੇ ਵੀ ਉਸੇ ਹਥਿਆਰ ਨੂੰ ਚਲਾਉਣ ਦੀ ਲੋੜ ਪੈ ਗਈ ਹੈ! ਨਾਲ ਹੀ ਨਾਲ ਇਹਨਾਂ ਨੂੰ ਚੈਲੰਜ ਹੈ ਕਿ ਜੇ ਇਹਨਾਂ ਕੋਲ ਕੋਈ ਵੀ ਆਡੀਉ ਵੀਡੀਉ ਅਜਿਹੀ ਹੈ ਜਿਸ ਵਿਚ ਕਵਲਦੀਪ ਸਿੰਘ ਸਿੱਖੀ ਦੇ ਇੱਕ ਪੂਰੇ ਪਰਿਪੇਖ ਅਨੁਸਾਰ ਸਿੱਖੀ ਦੇ ਸਿਧਾਂਤਾਂ ਵਿਰੁਧ ਕੁਝ ਬੋਲ ਰਿਹਾ ਹੈ ਤਾਂ ਉਸ ਨੂੰ ਵਿਸ਼ਵ ਦੀ ਕਿਸੇ ਵੀ ਲੈਬ ਵਿਚ ਗੈਰ-ਐਡੀਟਿੰਗ ਦੀ ਟੇਸਟਿੰਗ ਵਾਸਤੇ ਭੇਜਿਆ ਜਾਵੇ, ਇਹਨਾਂ ਦਾ ਕੂੜ੍ਹ ਪ੍ਰਚਾਰ ਆਪੇ ਨੰਗਾ ਹੋ ਜਾਣਾ ਹੈ, ਕਵਲਦੀਪ ਸਿੰਘ ਨੂੰ ਕੁਝ ਵੀ ਕਹਿਣ ਜਾਂ ਜਵਾਬ ਦੇਣ ਦੀ ਲੋੜ ਨਹੀਂ ਪੈਣੀ....

ਸਾਡਾ ਪੱਖ : ਇਸ ਨੁਕਤੇ ਵਿਚ ਪ੍ਰੋ. ਕੰਵਲ ਕੀ ਕਹਿਣਾ ਚਾਹੁੰਦੇ ਹਨ ਸ਼ਾਇਦ ਹੀ ਕਿਸੇ ਨੂੰ ਸਮਝ ਆਇਆ ਹੋਵੇ? ਗੁੱਸੇ ਦੇ ਆਲਮ ਵਿਚ ਉਹ ਆਪ ਵੀ ਸ਼ਾਇਦ ਨਹੀਂ ਜਾਨਦੇ ਕਿ ਉਹ ਕੀ ਲਿਖ ਰਹੇ ਹਨ? ਘੱਟੋ-ਘੱਟ ਪਰਿਵਾਰ ਨੇ ਤਾਂ ਉਨ੍ਹਾਂ ਨੂੰ ਕਿਸੇ ਆਡਿਉ/ਵੀਡੀਉ ਦਾ ਡਰ ਦੇ ਕੇ ਬਲੈਕਮੇਲ ਕਰਨ ਜਾਂ ਫਿਰੌਤੀ ਵਸੂਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਜੇ ਉਨ੍ਹਾਂ ਕੋਲ ਐਸੀ ਕਿਸੇ ਕਾਰਵਾਈ ਦਾ ਸਬੂਤ ਹੈ ਤਾਂ ਉਹ ਪੇਸ਼ ਕਰਨ ਵਰਨਾ ਆਪਣੀ ਹਾਲਤ (ਪਹੁੰਚ) ਦੀ ਸਵੈ-ਪੜਚੋਲ ਇਸ ਪ੍ਰਚਲਿਤ ਕਹਾਵਤ ਦੀ ਰੋਸ਼ਨੀ ਵਿਚ ਜ਼ਰੂਰ ਕਰਨ:

ਤਾਲਹੁ ਘੁੱਥੀ ਡੁੰਮਣੀ ਬੋਲੇ ਆਲ ਪਤਾਲ

ਪ੍ਰੋ. ਕੰਵਲ ਜੀ ਨੇ ਉਪਰੋਕਤ ਨੁਕਤੇ ਵਿਚ ਦਸਮ ਗ੍ਰੰਥੀ ਵੀਰ ਗੁਰਚਰਨਜੀਤ ਸਿੰਘ ਜੀ ਲਾਂਬਾ ਦਾ ਹਵਾਲਾ ਵਰਤਿਆ ਹੈ ਜਿਨ੍ਹਾਂ ਤੇ ਇਹ ਦੋਸ਼ ਲਗਦਾ ਹੈ ਕਿ ਉਨ੍ਹਾਂ ਨੇ ਸਤਿਕਾਰਯੋਗ ਪ੍ਰੋ. ਦਰਸ਼ਨ ਸਿੰਘ ਜੀ ਦੀ ਇਕ ਵੀਡੀਉ ਰਿਕਾਰਡਿੰਗ ਦੀ ਤਰੋੜ-ਮਰੋੜ ਕਰਕੇ ਪੁਜਾਰੀਆਂ (ਅਖੌਤੀ ਜਥੇਦਾਰਾਂ) ਨੂੰ ਉਨ੍ਹਾਂ ਖਿਲਾਫ ਕਾਰਵਾਈ ਦਾ ਇਕ ਬਹਾਨਾ ਦਿਤਾ। ਪਰ ਕੀ ਫੇਸ ਬੁਕ ਤੇ ਇਕੱਤਰਤਾ ਦੀ ਕਾਰਵਾਈ ਬਾਰੇ ਝੂਠ ਅਤੇ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦੀ ਮੱਕਾਰੀ ਕਰਕੇ ਇਸ ਉਪਰਾਲੇ ਨੂੰ ਬਦਨਾਮ ਕਰਨ ਦੀ ਨਾਕਾਮ ਅਤੇ ਨਾਪਾਕ ਕੋਸ਼ਿਸ਼ ਵਿਚ ਜੁੱਟੇ ਕੰਵਲ ਜੀ ਦੀ ਆਪਣੀ ਪਹੁੰਚ ਗੁਰਚਰਨਜੀਤ ਸਿੰਘ ਲਾਂਬੇ ਵਰਗੀ ਨਹੀਂ? ਕੀ ਉਹ ਇਸ ਪੱਖੋਂ ਆਪਣੇ ਅੰਦਰ ਝਾਤੀ ਮਾਰਣਗੇ?

ਉਪਰੋਕਤ ਖੁੱਲੀ ਵਿਚਾਰ ਅਸੀਂ ਪੂਰੀ ਨਿਮਰਤਾ ਵਿਚ ਰਹਿੰਦੇ ਹੋਏ ਜੰਮੂ ਵਿਚਲੀ ਇਕੱਤਰਤਾ ਬਾਰੇ ਪ੍ਰੋ. ਕੰਵਲ ਵਲੋਂ ਫੈਲਾਏ ਜਾ ਰਹੇ ਝੂਠ (ਕੂੜ) ਨੂੰ ਸਪਸ਼ਟ ਕਰਨ ਦਾ ਜਤਨ ਕੀਤਾ ਹੈ। ਜੇ ਪ੍ਰੋ. ਕੰਵਲ ਕੌਲ ਆਪਣੀਆਂ ਕਹੀਆਂ ਗੱਲਾਂ ਦੇ ਹੱਕ ਵਿਚ ਕੋਈ ਸਬੂਤ ਹੈ, ਤਾਂ ਉਹ ਪੇਸ਼ ਕਰਨ। ਸਾਡੇ ਕੋਲ ਆਪਣੇ ਵਲੋਂ ਪੇਸ਼ ਕੀਤੇ ਤੱਥਾਂ ਦੇ ਪੂਰੇ ਸਬੂਤ (ਵੀਡੀਉ ਰਿਕਾਰਡਿੰਗ) ਹੈ। ਇਸ ਇਤਿਹਾਸਿਕ ਇਕੱਤਰਤਾ ਵਿਚ ਤਿਆਰ ਕੀਤੇ ਦਸਤਾਵੇਜ਼ ਦੀ ਵਿਆਖਿਆ ਤਿਆਰ ਕੀਤੀ ਜਾ ਰਹੀ ਹੈ। ਵਿਆਖਿਆ ਸਮੇਤ ਜਦੋਂ ਇਹ ਦਸਤਾਵੇਜ਼ ਸੁਹਿਰਦ ਅਤੇ ਸੁਚੇਤ ਸੱਜਣਾਂ ਸਾਹਮਣੇ ਆਵੇਗਾ, ਗੱਲ ਹੋਰ ਵੀ ਸਾਫ ਅਤੇ ਸਪਸ਼ਟ ਹੋ ਜਾਵੇਗੀ। ਪ੍ਰੋ. ਕੰਵਲ ਵਲੋਂ ਫੇਸ ਬੁਕ ਤੇ ਖਿਲਾਰੀ ਇਸ ਕੂੜ ਬੌਖਲਾਹਟ ਅਤੇ ਕੜਵਾਹਟ ਦੀ ਅੱਗ ਨੂੰ ਇੱਕਾ-ਦੁੱਕਾ ਸੱਜਣਾਂ ਨੇ ਭੜਕਾ ਕੇ, ਉਨ੍ਹਾਂ ਨੂੰ ਆਪਣੇ ਮਨਸੂਬਿਆਂ ਲਈ ਮੋਹਰੇ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਕੂੜ ਪ੍ਰਚਾਰ ਦਾ ਪਰਦਾਫਾਸ਼, ਗੁਰਮਤਿ ਦਲੀਲ ਦੀ ਰੋਸ਼ਨੀ ਵਿਚ ਵੱਖਰੇ ਤੌਰ ਤੇ ਕਰਨ ਦਾ ਜਤਨ ਕਰਾਂਗੇ।

ਸਾਨੂੰ ਪ੍ਰੋ. ਕੰਵਲ ਦਾ ਸੱਚ ਦੇ ਰਾਹ ਤੋਂ ਥਿੜਕ ਕੇ ਗੁੱਸੇ, ਹੰਕਾਰ ਅਤੇ ਈਰਖਾ ਆਦਿ ਅਲਾਮਤਾਂ ਦੇ ਜੰਗਲ ਵਿਚ ਭਟਕ ਜਾਣ ਦਾ ਬੇਹਦ ਅਫਸੋਸ ਹੈ। ਆਸ ਹੈ ਪ੍ਰੋ. ਕੰਵਲ ਆਪਣੀ ਮਾਨਸਿਕ ਕਮਜ਼ੋਰੀਆਂ ਕਾਰਨ ਆਪਣੀ ਸ਼ਖਸੀਅਤ ਵਿਚ ਘਰ ਕਰ ਗਈਆਂ ਅਲਾਮਤਾਂ ਤੋਂ ਨਿਰਲੇਪ ਹੋ ਕੇ ਆਪਣੀ ਮਰਦੀ ਜਾ ਰਹੀ ਜ਼ਮੀਰ ਨੂੰ ਮੁੜ ਜੀਵਾਲਣ ਦਾ ਯਤਨ ਕਰਣਗੇ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top