Share on Facebook

Main News Page

ਸਤਿਸੰਗ
-
ਨਿਰਮਲ ਸਿੰਘ ਕੰਧਾਲਵੀ

ਟੈਲੀਫ਼ੂਨ ਮੇਰੇ ਇਕ ਵਾਕਫ਼ਕਾਰ ਦਾ ਸੀ ਜੋ ਮੈਨੂੰ ਪੁੱਛ ਰਿਹਾ ਸੀ ਕਿ ਕੀ ਮੈਂ ਅੱਜ ਦੁਪਿਹਰੋਂ ਬਾਅਦ ਘਰੇ ਹੀ ਹੋਵਾਂਗਾ। ਕਾਰਣ ਪੁੱਛਣ ‘ਤੇ ਉਹ ਬੋਲਿਆ, “ਯਾਰ, ਇੰਡੀਆ ਤੋਂ ਇਕ ਬਾਬਾ ਜੀ ਆਏ ਹੋਏ ਐ, ਉੱਥੇ ਮੇਰਾ ਸਾਂਢੂ ਏਹਨਾਂ ਦਾ ਬੜਾ ਸ਼ਰਧਾਲੂ ਆ, ਉਹਦਾ ਮੈਨੂੰ ਫ਼ੂਨ ਆਇਐ ਪਈ ਬਾਬਾ ਜੀ ਨੂੰ, ਜਿੱਥੇ ਉਹ ਕਹਿਣਗੇ, ਆਪਣੇ ਨੇੜੇ ਤੇੜੇ ਦੋ ਚਾਰ ਥਾਈਂ ਲੈ ਜਾਈਂ, ਤੇ ਸੱਚੀ ਗੱਲ ਆ ਮੈਨੂੰ ਥੋਡੇ ਸ਼ਹਿਰ ਦੀ ਬਹੁਤੀ ਵਾਕਫ਼ੀ ਨਹੀਂ, ਤੇ ਬਾਬਾ ਜੀ ਨੇ ਅੱਜ ਉੱਥੇ ਆਪਣੇ ਸੇਵਕਾਂ ਦੇ ਘਰੇ ਸਤਿਸੰਗ ਕਰਨੈ, ਏਸੇ ਕਰ ਕੇ ਮੈਂ ਤੈਨੂੰ ਫ਼ੂਨ ਕੀਤੈ ਪਈ ਜੇ ਤੂੰ ਸਾਡੇ ਨਾਲ ਚਲਿਆ ਚਲੇਂ, ਤਾਂ ਮੈਂ ਭੁੱਲਣ ਭੁਲਾਉਣ ਤੋਂ ਬਚ ਜਾਊਂ,” ਉਹਨੇ ਇਕੋ ਸਾਹੇ ਹੀ ਆਪਣਾ ਪ੍ਰੋਗਰਾਮ ਦੱਸ ਦਿੱਤਾ।

“ਮੈਂ ਘਰੇ ਈ ਹੋਣੈਂ, ਮੈਨੂੰ ਦੱਸ ਦਿਉ ਕਿੰਨੇ ਕੁ ਵਜੇ ਆਉਗੇ, ਤੁਸੀਂ ਮੈਨੂੰ ਘਰੋਂ ਲੈ ਲਇਉ,” ਮੈਂ ਹਰੀ ਝੰਡੀ ਦੇ ਦਿੱਤੀ ਕਿਉਂਕਿ ਮੈਨੂੰ ਵੀ ਇਹੋ ਜਿਹੇ ਬਾਬਿਆਂ ਦੇ ‘ਦਰਸ਼ਨ’ ਕਰਨ ਦੀ ਬੜੀ ਚਾਹ ਰਹਿੰਦੀ ਹੈ।

“ਯਾਰ, ਗੁੱਸਾ ਨਾ ਕਰੀਂ, ਸਾਡੇ ਕੋਲ ਘਰੇ ਆਉਣ ਦਾ ਟੈਮ ਨਈਂ ਹੋਣਾ, ਤੂੰ ਏਦਾਂ ਕਰੀਂ ਤਿੰਨ ਵਜੇ ਮੇਨ ਰੋਡ ‘ਤੇ ਟੈਸਕੋ ਦੇ ਕੋਲ ਖੜ੍ਹੀਂ, ਤੈਨੂੰ ਅਸੀਂ ਉੱਥੋਂ ਚੁੱਕ ਲਾਂਗੇ। ਗੱਲ ਦਰਅਸਲ ਇਹ ਆ ਪਈ ਹੁਣ ਵੀ ਅਸੀਂ ਕਿਸੇ ਸ਼ਰਧਾਲੂ ਦੇ ਘਰੇ ਸਤਿਸੰਗ ‘ਤੇ ਗਏ ਹੋਏ ਆਂ ਤੇ ਇੱਥੇ ਪ੍ਰੋਗਰਾਮ ਕੁਝ ਲੇਟ ਹੋ ਗਿਐ ਤੇ ਤੇਰੇ ਸ਼ਹਿਰ ਵਾਲੇ ਸ਼ਰਧਾਲੂਆਂ ਦਾ ਫ਼ੋਨ ‘ਤੇ ਫੋਨ ਆਈ ਜਾਂਦੈ,” ਉਹਨੇ ਗੱਲ ਨਿਬੇੜੀ।

“ਜਿਵੇਂ ਤੁਹਾਡੀ ਖ਼ੁਸ਼ੀ, ਮੈਂ ਤਿੰਨ ਵਜੇ ਟੈਸਕੋ ਦੇ ਕੋਲ ਉਡੀਕਾਂਗਾ,” ਕਹਿ ਕੇ ਮੈਂ ਟੈਲੀਫ਼ੂਨ ਰੱਖ ਦਿੱਤਾ।

ਟੈਸਕੋ ਸੁਪਰ ਸਟੋਰ ਮੇਰੇ ਘਰ ਦੇ ਬਿਲਕੁਲ ਨੇੜੇ ਹੀ ਮੁੱਖ ਸੜਕ ਉੱਪਰ ਪੈਂਦਾ ਹੈ, ਤੇ ਕੁਦਰਤੀਂ ਅੱਜ ਮੌਸਮ ਵੀ ਬਹੁਤ ਸੋਹਣਾ ਸੀ ਸੋ ਦਿੱਤੇ ਹੋਏ ਸਮੇਂ ਅਨੁਸਾਰ ਮੈਂ ਟੈਸਕੋ ਦੇ ਕੋਲ ਮੇਨ ਸੜਕ ‘ਤੇ ਖੜੋ ਗਿਆ। ਕੁੱਝ ਮਿੰਟਾਂ ਬਾਅਦ ਹੀ ਮੇਰੇ ਵਾਕਫ਼ਕਾਰ ਦੀ ਕਾਰ ਆ ਪਹੁੰਚੀ।

ਕਾਰ ਦੀ ਪਿਛਲੀ ਸੀਟ ਉੱਪਰ ਇਕ ਬੜੀ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੋ ਸੀਟਾਂ ਜਿੰਨਾ ਥਾਂ ਮੱਲੀ ਬੈਠੀ ਸੀ। ਦਗ਼ ਦਗ਼ ਕਰਦਾ ਚਿਹਰਾ, ਲੰਬਾ ਦੁੱਧ-ਚਿੱਟਾ ਦਾਹੜਾ ਤੇ ਸਫ਼ੈਦ ਕੱਪੜਿਆਂ ਵਿਚ ਬਾਬਾ ਕੋਈ ਅਰਸ਼ੀ ਸ਼ੈਅ ਲਗ ਰਿਹਾ ਸੀ। ਮੇਰੇ ਦੋਸਤ ਨੇ ਮੈਨੂੰ ਅਗਲੀ ਸੀਟ ‘ਤੇ ਬੈਠਣ ਦਾ ਇਸ਼ਾਰਾ ਕੀਤਾ। ਸੀਟ ‘ਤੇ ਬੈਠਣ ਬਾਅਦ ਮੈਂ ਧੌਣ ਘੁਮਾ ਕੇ ਬਾਬੇ ਨੂੰ ਫ਼ਤਿਹ ਬੁਲਾਈ, ਪਰ ਬਾਬੇ ਨੂੰ ਮੇਰੀ ਫ਼ਤਿਹ ਨਾਲੋਂ ਮੋਬਾਈਲ ਫੋਨ ਉੱਪਰ ਕੀਤੀ ਜਾ ਰਹੀ ਗੱਲਬਾਤ ਵਿਚ ਵਧੇਰੇ ਦਿਲਚਸਪੀ ਸੀ। ਥੋੜ੍ਹਾ ਜਿਹਾ ਸਿਰ ਹਿਲਾ ਕੇ ਹੀ ਮੇਰੀ ਫ਼ਤਿਹ ਦਾ ਜਵਾਬ ਉਹਨੇ ਦਿੱਤਾ।

ਸ਼ਹਿਰ ਦਾ ਬੜਾ ਆਲੀਸ਼ਾਨ ਇਲਾਕਾ ਸੀ ਇਹ। ਜਿਸ ਘਰ ਅਸੀਂ ਪਹੁੰਚੇ, ਇਹਨੂੰ ਮੈਨਸ਼ਨ ਕਹਿਣਾ ਜ਼ਿਆਦਾ ਬਿਹਤਰ ਹੋਵੇਗਾ। ਸ਼ਰਧਾਲੂ ਬਾਬੇ ਦੇ ਦਰਸ਼ਨਾਂ ਲਈ ਬਹੁਤ ਹੀ ਬਿਹਬਲ ਸਨ, ਸੋ ਉਨ੍ਹਾਂ ਨੇ ਲਗਾਤਾਰ ਫ਼ੋਨ ਉੱਪਰ ਬਾਬੇ ਨਾਲ਼ ਸੰਪਰਕ ਰੱਖਿਆ ਹੋਇਆ ਸੀ। ਤਕਰੀਬਨ ਪੱਚੀ ਤੀਹ ਔਰਤਾਂ ਮਰਦ ਬਾਹਰਲੇ ਗੇਟ ਕੋਲ ਹੀ ਬਾਬੇ ਦਾ ਇੰਤਜ਼ਾਰ ਕਰ ਰਹੇ ਸਨ।

ਬਾਬੇ ਨੇ ਅਜੇ ਇਕ ਪੈਰ ਹੀ ਕਾਰ ‘ਚੋਂ ਬਾਹਰ ਰੱਖਿਆ ਸੀ ਕਿ ਕੁਝ ਸ਼ਰਧਾਲੂ ਤਾਂ ਉਥੇ ਹੀ ਦੰਡਵਤ ਹੋ ਗਏ। ਬਾਬਾ ਇਕੱਲੇ ਇਕੱਲੇ ਨੂੰ ਆਸ਼ੀਰਵਾਦ ਦੇ ਰਿਹਾ ਸੀ। ਉਹਦਾ ਆਸ਼ੀਰਵਾਦ ਦੇਣ ਦਾ ਢੰਗ ਵੀ ਬੜਾ ਨਿਰਾਲਾ ਸੀ। ਉਹ ਅੱਖਾਂ ਬੰਦ ਕਰ ਕੇ ਸਹਿਜੇ ਸਹਿਜੇ, ਵਿਸ਼ੇਸ਼ ਕਰਕੇ ਔਰਤਾਂ ਦੀ, ਸਾਰੀ ਪਿੱਠ ਉਪਰ ਹੱਥ ਫੇਰਦਾ ਅਤੇ ਬਾਅਦ ਵਿਚ ਹੱਥ ਨੂੰ ਇਉਂ ਝਟਕਦਾ ਜਿਵੇਂ ਹੱਥ ਨਾਲੋਂ ਕੁਝ ਝਾੜਦਾ ਹੋਵੇ।

ਫਿਰ ਸਾਰੀਆਂ ‘ਸੰਗਤਾਂ’ ਇਕ ਵੱਡੇ ਸਾਰੇ ਹਾਲ-ਨੁਮਾ ਕਮਰੇ ਵਿਚ ਬਰਾਜਮਾਨ ਹੋ ਗਈਆਂ। ਬਾਬੇ ਵਾਸਤੇ ਇਕ ਆਰਾਮ ਕੁਰਸੀ ਪਹਿਲਾਂ ਹੀ ਸਜਾ ਕੇ ਰੱਖੀ ਹੋਈ ਸੀ।

ਸਭ ਨੂੰ ਜਲ ਪਾਣੀ ਛਕਾਇਆ ਗਿਆ ਤੇ ਨਾਲ ਨਾਲ ਬਾਬੇ ਨੇ ਆਪਣੇ ਕੋਲੋਂ ਹੀ ਜੋੜੀਆਂ ਹੋਈਆਂ ਤੁਕਾਂ ਦਾ ਬੇਸੁਰਾ ਜਿਹਾ ‘ਕੀਰਤਨ’ ਦਸ ਕੁ ਮਿੰਟ ਕੀਤਾ ਤੇ ਫੇਰ ਆਪਣੇ ‘ਮਨੋਹਰ ਪ੍ਰਵਚਨ’ ਸ਼ੁਰੂ ਕੀਤੇ। ‘ਪ੍ਰਵਚਨ’ ਧਾਰਮਿਕ ਨਾ ਹੋ ਕੇ ਇਨ੍ਹਾਂ ਦਾ ਵਿਸ਼ਾ, ਇੰਡੀਆ ਵਿਚ ਜ਼ਮੀਨ ਜਾਇਦਾਦ ਦੀਆਂ ਕੀਮਤਾਂ, ਰੁਪਇਆ ਪੈਸਾ, ਇਲੈਕਸ਼ਨਾਂ, ਸਿਆਸੀ ਆਗੂਆਂ ਨਾਲ ਮੇਲ-ਮਿਲਾਪ ਅਤੇ ਵੱਡੇ ਅਫ਼ਸਰਾਂ ਤੱਕ ਆਪਣੀ ਪਹੁੰਚ, ਆਪਣੇ ਡੇਰੇ ਦੀ ਤਰੱਕੀ ਆਦਿਕ ਦੇ ਆਲੇ ਦੁਆਲੇ ਹੀ ਘੁੰਮਦਾ ਰਿਹਾ। ਬਾਬੇ ਨੇ ਇਕ ਘਟਨਾ ਬੜੇ ਚਟਖ਼ਾਰੇ ਲਾ ਲਾ ਕੇ ਆਪਣੇ ਸ਼ਰਧਾਲੂਆਂ ਨੂੰ ਸੁਣਾਈ ਕਿ ਕਿਵੇਂ ਇਕ ਅਫ਼ਸਰ ਨੇ ਉਸ ਦੇ ਡੇਰੇ ਦੇ ਇਕ ਦੋ ‘ਕੰਮਾਂ’ ਵਿਚ ਰੋੜੇ ਅਟਕਾਏ ਸਨ ਤੇ ਕਿਵੇਂ ਫਿਰ ਉਹਨੇ ਆਪਣਾ ਸਿਆਸੀ ਅਸਰ ਰਸੂਖ਼ ਵਰਤ ਕੇ ਉਸ ਅਫ਼ਸਰ ਦੀ ਵਾਰ ਵਾਰ ਬਦਲੀ ਕਰਵਾ ਕੇ ਉਹਨੂੰ ਉਹ ਨੱਕ ਚਣੇ ਚਬਾਏ ਕਿ ਉਹ ਅਖ਼ੀਰ ਇਹਦੇ ਪੈਰੀਂ ਆ ਡਿਗਾ।

ਬਾਬੇ ਨੇ ਆਪਣੀ ਸਿੱਖੀ ਸੇਵਕੀ ਦੀ ਵਧੀ ਹੋਈ ਗਿਣਤੀ ਦਾ ਜ਼ਿਕਰ ਮੁੱਛਾਂ ਨੂੰ ਤਾਅ ਦੇ ਦੇ ਕੇ ਕੀਤਾ ਖ਼ਾਸ ਕਰ ਬਾਹਰਲੇ ਮੁਲਕਾਂ ਵਿਚ। ਅਮਰੀਕਾ ਵਿਚ ਡੇਰੇ ਲਈ ਖ਼ਰੀਦੀ ਜਾਣ ਵਾਲੀ ਜ਼ਮੀਨ ਬਾਰੇ ਬੜੇ ਵੇਰਵੇ ਨਾਲ ਦੱਸਿਆ ਤੇ ਸ਼ਰਧਾਲੂਆਂ ਨੂੰ ਦਾਨ ਦੇ ਫ਼ਲ ਦੱਸ ਦੱਸ ਕੇ ਵਧ ਚੜ੍ਹ ਕੇ ਹਿੱਸਾ ਪਾਉਣ ਦਾ ਫ਼ੁਰਮਾਨ ਜਾਰੀ ਕੀਤਾ।

ਦਾਹੜੇ ਅਤੇ ਮੁੱਛਾਂ ਉੱਪਰ ਹੱਥ ਫੇਰਨ ਦਾ ਵੀ ਬਾਬੇ ਦਾ ਆਪਣਾ ਹੀ ਇਕ ਵੱਖਰਾ ਅੰਦਾਜ਼ ਸੀ। ਉਸਦਾ ਇਕ ਤਕੀਆ-ਕਲਾਮ ਬੜਾ ਹੀ ਕਾਬਲੇ-ਗ਼ੌਰ ਸੀ। ਜਿਸ ਵਿਅਕਤੀ ਨੂੰ ਉਹ ਪਸੰਦ ਨਹੀਂ ਸੀ ਕਰਦਾ ਉਸ ਦਾ ਜ਼ਿਕਰ ਕਰਦੇ ਸਮੇਂ ਉਹ ਆਪਣੇ ਹੀ ਵੱਖਰੇ ਅੰਦਾਜ਼ ਵਿਚ ਉਸ ਨੂੰ ‘ਕੁੱਤੇ ਦੀ ਪੂਛ’ ਦੀ ਉਪਾਧੀ ਦਿੰਦਾ ਸੀ। ਵਿਚ ਵਿਚਾਲੇ ਕਦੀ ਕਦੀ ਉਹ ਵਾਹਿਗੁਰੂ ਦਾ ਉਚਾਰਣ ਇਉਂ ਕਰਦਾ ਜਿਵੇਂ ਉਸ ਅਨੰਤ ਸ਼ਕਤੀ ਨੂੰ ਸੁਣਾ ਕੇ ਉਸ ਉੱਪਰ ਅਹਿਸਾਨ ਕਰ ਰਿਹਾ ਹੋਵੇ।
ਘੰਟਾ ਕੁ ਭਰ ਇਹ ‘ਸਤਿਸੰਗ’ ਇਉਂ ਹੀ ਚਲਦਾ ਰਿਹਾ ਤੇ ਫਿਰ ਉਸ ਨੇ ਆਪਣੀ ਹੀ ਬਣਾਈ ਹੋਈ ਅਰਦਾਸ ਕੀਤੀ ਤੇ ਆਰਾਮ ਕੁਰਸੀ ‘ਤੇ ਬੈਠਿਆਂ ਬੈਠਿਆਂ ਹੀ ਆਪਣੇ ਹੱਥੀਂ ਸਭ ਨੂੰ ਬਰਫ਼ੀ ਦਾ ਪਰਸ਼ਾਦ ਦਿੱਤਾ।

ਇਸ ਤੋਂ ਬਾਅਦ ਉਸ ਨੇ ਆਪਣੇ ਇਕ ਦੋ ਖ਼ਾਸ ਸੇਵਕਾਂ ਨਾਲ ਬੰਦ ਕਮਰੇ ਵਿਚ ਜਾ ਕੇ ਪੰਦਰਾਂ ਵੀਹ ਮਿੰਟ ਵਿਸ਼ੇਸ਼ ਮੁਲਾਕਾਤ ਕੀਤੀ। ਕਮਰੇ ‘ਚੋਂ ਵਾਪਿਸ ਆ ਕੇ ਫਿਰ ਦੂਸਰੇ ਸ਼ਹਿਰ ਵਿਚ ਸ਼ਾਮ ਦੇ ‘ਸਤਿਸੰਗ’ ਬਾਰੇ ਸ਼ਰਧਾਲੂਆਂ ਨੂੰ ਦੱਸਿਆ ਗਿਆ ਤੇ ਵਾਪਿਸੀ ਦਾ ਐਲਾਨ ਕਰ ਦਿੱਤਾ ਗਿਆ। ‘ਸਤਿਸੰਗੀਆਂ’ ਨੇ ਮਿੰਟਾਂ ਵਿਚ ਹੀ ਬਾਬੇ ਨੂੰ ਪੌਂਡਾਂ, ਕੀਮਤੀ ਗਹਿਣਿਆਂ, ਕੱਪੜਿਆਂ ਤੇ ਹੋਰ ਅਨੇਕਾਂ ਪ੍ਰਕਾਰ ਦੇ ਤੋਹਫ਼ਿਆਂ ਨਾਲ ਲੱਦ ਦਿੱਤਾ।

ਵਾਪਿਸੀ ਵੇਲੇ ਘਰ ਵਾਲਿਆਂ ਨੇ ਬਾਬੇ ਤੋਂ ਦੁਬਾਰਾ ਉਹਨਾਂ ਦੇ ਘਰ ਚਰਨ ਪਾਉਣ ਦਾ ਵਚਨ ਲੈ ਕੇ ਹੀ ਕਾਰ ਅਗਾਂਹ ਤੁਰਨ ਦਿੱਤੀ।

ਟੈਸਕੋ ਦੇ ਕੋਲ ਆ ਕੇ ਮੈਂ ਬਾਬੇ ਨੂੰ ਸਰਸਰੀ ਜਿਹੀ ਸੁਲਾਹ ਮਾਰੀ ਕਿ ਉਹ ਦਾਸ ਦੇ ਗ੍ਰਹਿ ਵਿਖੇ ਵੀ ‘ਚਰਨ’ ਪਾਉਣ ਦੀ ਖੇਚਲ ਕਰੇ।

“ਭਗਤਾ, ਸਾਡੇ ਪ੍ਰੋਗਰਾਮ ਪਹਿਲਾਂ ਈ ਉੱਥੇ ਸਾਡੇ ਡੇਰੇ ‘ਚ ਸੈਕਟਰੀ ਵਲੋਂ ਬਣਾਏ ਜਾਂਦੇ ਆ, ਆਹ ਗੁਰਮੁਖ ਤੋਂ ਸਾਡਾ ਇੰਡੀਆ ਦਾ ਫ਼ੂਨ ਨੰਬਰ ਲੈ ਲਈਉ ਤੇ ਸਾਡੇ ਸੈਕਟਰੀ ਨੂੰ ਫ਼ੂਨ ਕਰ ਕੇ ਪ੍ਰੋਗਰਾਮ ਬੁੱਕ ਕਰਵਾ ਲਈਉ, ਅਸੀਂ ਫੇਰ ਛੇਆਂ ਕੁ ਮਹੀਨਿਆਂ ਤਾਈਂ ਅਮਰੀਕਾ ਨੂੰ ਜਾਂਦਿਆਂ ਇੰਗਲੈਂਡ ਦੀਆਂ ਸੰਗਤਾਂ ਦਾ ਕਲਿਆਣ ਕਰਨ ਲਈ ਰੁਕਾਂਗੇ ਕੁਝ ਦਿਨ” ਇੰਨੀ ਗੱਲ ਕਹਿ ਕੇ ਬਾਬੇ ਨੇ ਮੇਰੇ ਦੋਸਤ ਵਲ ਇਉਂ ਦੇਖਿਆ ਜਿਵੇਂ ਕਹਿ ਰਿਹਾ ਹੋਵੇ, “ਭਾਈ ਸ਼ਖ਼ਸਾ, ਕਾਹਨੂੰ ਟੈਮ ਬਰਬਾਦ ਕਰਦੈਂ, ਗੱਡੀ ਤੋਰ, ਇਹ ਸ਼ਕਲ ਕਿਤੇ ਬਾਬਿਆਂ ਨੂੰ ਮੰਨਣ ਵਾਲ਼ੀ ਐ”।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top