Share on Facebook

Main News Page

ਰਟਣ ਵਾਲੇ ਤੋਤੇ ਅਤੇ ਲਿਖਣ ਵਾਲੇ ਤੋਤੇ
- ਹਰਦੇਵ ਸਿੰਘ, ਜੰਮੂ

ਕਹਾਵਤ ਰੂਪ, ਮਨੁੱਖਾਂ ਵਿਚ, ਕੋਈ ਗਲ ਬੋਲਦੇ ਰਹਿਣ ਨੂੰ ਰੱਟਨਾ ਕਹਿੰਦੇ ਹਨ। ਵਿਸ਼ੇਸ਼ ਤੌਰ ਤੇ ਬਿਨ੍ਹਾਂ ਸਮਝੇ ਬੋਲਦੇ ਰਹਿਣ ਨੂੰ! ਗੁਰੂ ਨਾਨਕ ਜੀ ਨੇ ਬਿਨ੍ਹਾਂ ਸਮਝੇ ਰੱਟਦੇ ਰਹਿਣ ਨਾਲੋਂ, ਬੜੇ ਪ੍ਰਭਾਵੀ ਢੰਗ ਨਾਲ ਅਸਿਮਤੀ ਦਰਸਾਈ ਹੈ। ਇਸ ਵਿਚ ਕੋਈ ਸ਼ੱਕ ਨਹੀਂ। ਪਰ ਕੀ ਗੁਰੂ ਨਾਨਕ ਨੇ ‘ਬਿਨ੍ਹਾਂ ਸਮਝੇ ਲਿਖਦੇ ਰਹਿਣ’ ਨਾਲ ਸਹਿਮਤੀ ਜਤਾਈ ਹੈ? ਇਹ ਸਵਾਲ ਵਿਚਾਰਨ ਵਾਲਾ ਹੈ। ਵਿਸ਼ੇਸ਼ ਰੂਪ ਵਿਚ ਉਨ੍ਹਾਂ ਸੱਜਣਾ ਲਈ ਜਿਨ੍ਹਾਂ ਦੀ ਕਲਮ ਬਿਨ੍ਹਾਂ ਸਮਝੇ ਕੁੱਝ ਗਲਾਂ ਰਟਦੀ ਹੀ ਜਾਂਦੀ ਹੈ। ਬਿਨ੍ਹਾਂ ਸਮਝੇ ਲਿਖਦੇ ਰਹਿਣਾ ਵੀ ਤਾਂ ਤੋਤਾ ਰਟਨੀ ਜਿਹੀ ਹੀ ਹੈ। ਨਹੀਂ?

ਸਿੱਖ ਗੁਰੂ ਦੇ ਸ੍ਹਾਮਣੇ ਕੂਕਰ ਵੀ ਹੁੰਦਾ ਹੈ ਇਸ ਲਈ ਮਿਸਾਲ ਵਜੋਂ ਗਲ ਤੋਤਿਆਂ ਦੀ ਕਰ ਲਈਏ। ਕੁੱਝ ‘ਪ੍ਰਾਚੀਨ ਤੋਤੇ’ ਅਤੇ ‘ਕੁੱਝ ਨਵੀਨ’ ਤੋਤੇ! ਰਟਣ ਵਾਲੇ ਤੋਤੇ ਅਤੇ ਲਿਖਣ ਵਾਲੇ ਤੋਤੇ!

ਪ੍ਰਾਚੀਨ ਤੋਤੇ ਸਮਾਜਕ ਸਥਿਤੀਆਂ ਕਾਰਨ ਅਨਪੜ ਸਨ। ਅਨਪੜ ਤੋਂ ਭਾਵ ਨਾ ਸਮਝ ਨਹੀਂ ਬਲਕਿ, ਨਾ ਲਿਖ ਸਕਣ ਵਾਲੇ, ਅਤੇ ਨਾ ਹੀ ਲਿਖਿਆ ਹੋਇਆ ਪੜ ਸਕਣ ਵਾਲੇ! ਪੜਾਈ ਲਿਖਾਈ ਬਹੁਤ ਘੱਟ ਸੀ ਪਰ ਸਿੱਖੀ ਅੱਜ ਨਾਲੋਂ ਵੱਧ ਸੀ। ‘ਕਿੰਤੂ’ ਘੱਟ ਅਤੇ ‘ਸਮਰਪਣ’ ਬਹੁਤ ਜ਼ਿਆਦਾ! ਮੁੱਖ ਤੌਰ ਤੇ ਸੁਣ-ਸੁਣ ਕੇ ਅਤੇ ਬੋਲ ਬੋਲ ਕੇ ਬਾਣੀ ਦਾ ਪ੍ਰਸਾਰ ਹੁੰਦਾ ਸੀ, ਜਿਸ ਰਾਹੀਂ ਬਾਣੀ ਸਿੱਖਾਂ ਨੂੰ ਕੰਠ ਹੁੰਦੀ ਸੀ, ਅਤੇ ਉਹ ਬਾਣੀ ਨਾਲ ਅੱਜ ਨਾਲੋਂ ਜ਼ਿਆਦਾ ਡੁੰਗੇ ਸਬੰਧਤ ਹੁੰਦੇ ਸੀ। ਜਿਸ ਵੇਲੇ ਮੀਣਿਆਂ ਨੇ ਕੱਚੀਆਂ ਰਚਨਾਵਾਂ ਘੜਨ ਦੀ ਸੋਚੀ ਤਾਂ ਗੁਰੂ ਅਰਜਨ ਜੀ ਨੇ ਬੇਹਦ ਦੁਰਦਰਸ਼ਤਾ ਨਾਲ, ਬਾਣੀ ਨੂੰ ਗ੍ਰੰਥ ਰੂਪ ਦੇ ਵਿਚ ਦਰਜ ਕੀਤਾ ਜਿਸ ਨੂੰ ਦਸ਼ਮੇਸ਼ ਜੀ ਨੇ ਗੁਰਆਈ ਦਿੱਤੀ।

ਨਿਤਨੇਮ ਦਾ ਪ੍ਰਚਲਨ ਤਾਂ ਗੁਰੂ ਨਾਨਕ ਜੀ ਵੇਲੇ ਤੋਂ ਹੀ ਸੀ, ਇਸ ਲਈ ਬਿਨ੍ਹਾਂ ਰੱਟੇ (ਯਾਦ ਕੀਤੇ) ਨਿਤਨੇਮ ਵੀ ਕੰਠ ਨਹੀਂ ਸੀ ਹੁੰਦਾ। ਕੁਦਰਤੀ ਗਲ ਹੈ। ਬੱਚਾ ਰੱਟਦੇ ਹੋਏ ਹੀ ਮਾਂ ਬੋਲਣਾ ਸਿੱਖਦਾ ਹੈ। ਹੁਣ ਤਾਂ ਬਿਨਾਂ ਕੰਠ ਕੀਤੇ ਗੁਟਕੇ ਨਾਲ ਹੀ ਕੰਮ ਚਲ ਜਾਂਦਾ ਹੈ।ਪੁਰਾਤਨ ਸਮੇਂ ਬੜਾ ਸਮਾਂ ਲੱਗਦਾ ਸੀ, ਕਿਉਂਕਿ ਬਾਣੀ ਕੰਠ ਕਰਨ ਦਾ ਹੋਰ ਕੋਈ ਚਾਰਾ ਹੀ ਨਹੀਂ ਸੀ। ਉਧਰੋਂ ਗੁਰੂ ਦਾ ਹੁਕਮ ਕਿ ਬਾਣੀ ਪੜਨੀ, ਸੁਣਨੀ, ਵਿਚਾਰਨੀ ਹੈ ਤਾਂ ਕਿ ਜੀਵਨ ਵਿਚ ਵਰਤੀ ਜਾ ਸਕੇ।ਇਕ ਦੂਜੇ ਤਕ ਪਹੁੰਚਾਈ ਜਾ ਸਕੇ।

ਵੈਸੇ ਗੁਰੂਆਂ ਨੇ ਪ੍ਰਚਾਰਕ ਤਿਆਰ ਕਰਨ ਲਈ ਬਾਣੀ ਪੜਨ ਲਈ ਗੁਰਮੁਖੀ ਦੀ ਸਿਖਲਾਈ ਵੀ ਆਰੰਭੀ ਸੀ। ਪਰ ਫ਼ਿਰ ਵੀ ਲਿਖਤਾਂ ਅਤੇ ਪੜ ਸਕਣ ਵਾਲੇ ਅੱਜ ਦੇ ਮੁਕਾਬਲ ਬਹੁਤ ਹੀ ਘਟ ਹੁੰਦੇ ਸੀ। ਉਸ ਸਮੇਂ ਪੜਨ ਤੋਂ ਮੁੱਖ ਭਾਵ, ਗੁਰੂ ਦੇ ਉਚਾਰੇ ਹੋਏ ਨੂੰ ਬੋਲਣਾ ਵੀ ਲਿਆ ਜਾਂਦਾ ਸੀ। ਪ੍ਰਚਾਰਕ ਬਾਣੀ ਪੜ-ਪੜ ਕੇ ਸੰਗਤਾਂ ਨੂੰ ਕੰਠ ਕਰਵਾਉਂਦੇ ਸੀ। ਗਾਯਕ ਤਾਂ ਸੋ ਵਿਚੋਂ ਇੱਕ ਹੁੰਦਾ ਹੈ, ਇਸ ਲਈ ਵਿਰਲੇ ਕੀਰਤਨ ਕਰਦੇ ਸਨ ਅਤੇ ਬਹੁਤਾਤ ਸੁਣ-ਸੁਣ ਕੇ ਕੰਠ ਕਰਦੀ ਸੀ।

ਅਨਪੜ ਬੰਦੇ ਸ੍ਹਾਮਣੇ ਬਾਣੀ ਰਾਗਮਈ ਢੰਗ ਨਾਲ ਪੜੀ ਜਾਏ ਤਾਂ ਸੁਨਣ ਵਿਚ ਲੱਗਾਂ-ਮਾਤਰਾਵਾਂ ਦਾ ਪਤਾ ਨਹੀਂ ਚਲਦਾ, ਇਸ ਲਈ ਪੁਰਾਤਨ ਸਮੇਂ ਵਿਚ ਬਾਣੀ ਕੰਠ ਕਰਨ ਵਾਲੇ ਲੱਗਾਂ-ਮਾਤਰਾਵਾਂ ਤੇ ਨਹੀਂ ਸੀ ਝੱਗੜਦੇ। ਉਹ ਗੁਰੂ ਦੀ ਪਦਵੀ ਅਤੇ ਉਸਦੀ ਬਾਣੀ ਬਾਰੇ ਕਿੰਤੂ ਨਹੀਂ ਸੀ ਉੱਤਪੰਨ ਕਰਦੇ। ਉਹ ਅਨਪੜ ਪ੍ਰੇਮ ਕਰਦੇ ਸਨ, ਭਰੋਸਾ ਪਾਲਦੇ ਸਨ। ਅੱਜ ਲਿਖਣ ਵਾਲੇ ਕਿੰਤੂ ਕਰਦੇ ਹਨ, ਜਿਸ ਦੀ ਗੋਦ ਵਿਚ ਭਰੋਸਾ ਨਹੀਂ ਕੇਵਲ ਸ਼ੰਕਾ ਪਲ ਸਕਦਾ ਹੈ।

ਬਾਣੀ ਸੁਣ-ਸੁਣ ਅਤੇ ਬੋਲ- ਬੋਲ ਕੇ ਕੰਠ ਕਰਨ ਵਾਲੇ ਉਹ ਸਿੱਖ, ਜੇ ਕਰ ਅੱਜ ਲੱਭ ਜਾਣ ਤਾਂ ਕਈਂ ਸੱਜਣਾਂ ਨੂੰ ਉਹ ਤੋਤਾ ਰੱਟਣੀ ਵਾਲੇ ਸਿੱਖ ਜਾਪਣਗੇ? ਉਹ ਝੱਟਪੱਟ ਕਲਮ ਚੁੱਕਣਗੇ ਅਤੇ ਉਨ੍ਹਾਂ ਨੂੰ ਤੋਤੇ ਐਲਾਨ ਦੇਣਗੇ। ਉਹ ਪੁਰਾਤਨ ਮਾਸੂਮ ਕੀ ਸਮਝਣਗੇ ਕਿ ਅੱਜ ਦੇ ਲਿਖਾਰੀ ਤਾਂ ਉਨ੍ਹਾਂ ਨਾਲੋ ਕਿੱਥੇ ਜ਼ਿਆਦਾ ਸਿੱਖ ਹੋਣ ਦਾ ਦਮ ਭਰਦੇ ਹਨ! ਉਹ ਗੁਰੂ ਬਾਰੇ ਲਿਖਦੇ-ਬੋਲਦੇ ਹਨ, ਪਰ ਇਹ ਨਹੀਂ ਸਮਝਦੇ ਕਿ ਕੀ ਲਿਖੀ-ਬੋਲੀ ਜਾ ਰਹੇ ਹਨ! ਇਨ੍ਹਾਂ ਪੜੇ-ਲਿਖੇਆਂ ਦੀ ਜ਼ੁਬਾਨ ਅਤੇ ਕਲਮ ਅੱਜ ਗੁਰੂ, ਉਸ ਦੀਆਂ ਲੱਗਾਂ ਮਾਤਰਾਵਾਂ ਅਤੇ ਬਾਣੀਆਂ ਵਿਰੁੱਧ ਸਿੱਧੇ-ਅਸਿੱਧੇ ਢੰਗ ਨਾਲ ਜਨਤਕ ਤੋਤਾ ਰਟਨੀ ਵਿਚ ਲੱਗੀ ਹੋਈ ਹੈ। ਪਤਾ ਨਹੀਂ ਭੁੱਲੇਖੇ ਵਿਚ ਇਹ ਕਿਹੜੀ ਚੂਰੀ ਖਾ ਬੈਠੇ ਹਨ!

ਰਟਣ ਵਾਲੇ ਤੋਤਿਆਂ ਅਤੇ ਲਿਖਣ ਵਾਲੇ ਤੋਤਿਆਂ ਵਿਚ ਇਹ ਫ਼ਰਕ ਸਾਫ਼ ਨਜ਼ਰ ਆਉਂਦਾ ਹੈ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top