Share on Facebook

Main News Page

ਤੋਹਮਤਾਂ
ਪ੍ਰੋ. ਕਵਲਦੀਪ ਸਿੰਘ ਕੰਵਲ

ਆਫ਼ਰਿਆ ਧਰਮ ਫਿਰੇ ਫਲਸਫ਼ੇ ਨੂੰ ਉੱਲਟੀਆਂ
ਅਗਦ ਹੈ ਸ਼ੈਤਾਨ ਦਾ ਜੁੜ੍ਹੀ ਖੁਦਾਈ ਤੋਹਮਤਾਂ

ਮਾਂਵਾਂ ਭੈਣਾਂ ਧੀਆਂ ਸੱਭੇ ਸਰੇ ਬਜ਼ਾਰ ਰੋਲੀਆਂ
ਸੂਰਿਆਂ ਦੀ ਕੌਮ ਵੇਖੋ ਸੂਰਮਤਾਈ ਤੋਹਮਤਾਂ

ਗੰਦਗੀ ਦੇ ਢੇਰ ਤੁਰੇ ਸੜ੍ਹਾਂਦ ਹੀ ਸੜ੍ਹਾਂਦ ਹੈ
ਬਦਬੂ ਭਰੇ ਜ਼ਿਹਨ ਸੋਚ ਮੁਕਾਈ ਤੋਹਮਤਾਂ

ਚੌਧਰਾਂ ਦੀ ਭੁੱਖ ਸਾਰੀ ਗੁਮਾਨ ਦਾ ਗੁਬਾਰ ਹੈ
ਕਪਟ ਦੀ ਲੈ ਸੰਥਿਆ ਵਿਦਵਤਾਈ ਤੋਹਮਤਾਂ

 ਬੇਸ਼ਰਮੀ ਦੇ ਸਾਜ਼ ਉੱਤੇ ਨੀਚਤਾ ਦੀ ਰਾਗਣੀ
ਕੂੜ੍ਹ ਦੀ ਮਜਲਿਸਾਂ ਗਾਵਣ ਰੁਬਾਈ ਤੋਹਮਤਾਂ

ਉਛਾਲੋ ਮਿਲ ਕੇ ਇਜ਼ਤਾਂ ਵਜੂਦ ਜੋ ਹਲੂਣਦਾ
ਚਿੱਕੜ ਦਿਨ-ਰਾਤ ਰੈਣ-ਸੁਬ੍ਹਾਈ ਤੋਹਮਤਾਂ

ਵਿਚਾਰ ਦੀ ਵਿਚਾਰ ਸੰਗ ਕਾਟ ਜਦ ਹੋਈ ਨਾ
ਝੂਠ ਦਾ ਬਾਰੂਦ ਲੈ ਫਾਇਰ ਹਵਾਈ ਤੋਹਮਤਾਂ

ਬੋਲਿਆ ਜੇ ਸੱਚ ਹੈ ਸਲਾਮਤੀ ਦੀ ਆਸ ਛੱਡ
ਦੁਰਕਾਰਾਂ ਦੀ ਖੈਰਾਤ ਦੰਦ-ਘਸਾਈ ਤੋਹਮਤਾਂ


ਟਿੱਪਣੀ:

ਬਾਰ ਬਾਰ ਬੇਨਤੀ ਕਰਨ ਉਪਰੰਤ ਵੀ ਕਈ ਘਟੀਆ ਪ੍ਰਵਿਰਤੀ ਦੇ ਲੋਕ, ਬੇਸਿਰਪੈਰ, ਊਲ ਜਲੂਲ ਟਿੱਪਣੀਆਂ ਕਰਕੇ, ਆਪਣਾ ਤੇ ਦੂਜਿਆਂ ਦਾ ਸਮਾਂ ਖਰਾਬ ਕਰਦੇ ਨੇ। ਕੀ ਸਿੱਖਾਂ ਨੂੰ ਸਭਿਯਤਾ ਬਿਲਕੁਲ ਭੁੱਲ ਗਈ ਹੈ? ਸ਼ਰਮ ਆਣੀ ਚਾਹੀਦੀ ਹੈ ਐਸੇ ਲੋਕਾਂ ਨੂੰ ਜਿਹੜੀ ਐਸੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ, ਅਤੇ ਕਿਸੇ ਦੀ ਧੀ ਭੈਣ ਪਤਨੀ ਨੂੰ ਇਸ ਦਾ ਸ਼ਿਕਾਰ ਬਣਾ ਸਕਦੇ ਹਨ।

ਪ੍ਰੋ. ਕਵਲਦੀਪ ਸਿੰਘ ਕੰਵਲ ਦਾ ਲੇਖ "ਸਿੱਖਾਂ ਦੀ ਤਥਾਕਥਿਤ ਸੁਧਰੀ ਨਵੀਂ ਰਹਿਤ ਮਰਿਆਦਾ ਬਣਾਉਣ ਲਈ ਕੀਤੀ ਗਈ ਪਹਿਲੀ ਮਾਰਚ ਇੱਕਤਰਤਾ ਦਾ ਲੇਖਾ-ਜੋਖਾ" ਖ਼ਾਲਸਾ ਨਿਊਜ਼ 'ਤੇ ਪਾਇਆ ਗਿਆ ਸੀ, ਜਿਸਦੇ ਫਲਸਰੂਪ ਕਈਆਂ ਨੇ ਕੁਮੈਂਟਸ ਦਿੱਤੇ। ਜੇ ਕਿਸੇ ਕੋਲ ਦਲੀਲ ਹੈ ਤਾਂ ਕਿਸੇ ਦਾ ਵਿਰੋਧ ਵੀ ਕਰਨਾ ਹੈ ਤਾਂ ਸਵਾਗਤ ਹੈ, ਪਰ ਹੱਦ ਹੋ ਗਈ ਬੇਸ਼ਰਮੀ ਦੀ, ਕਿਸੇ ਦੀ ਧਰਮਪਤਨੀ 'ਤੇ ਵੀ ਬੇਵਜ੍ਹਾ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਅਫਸੋਸ ਦਰ ਅਫਸੋਸ ਐਸੇ ਲੋਕਾਂ ਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੈ।

ਬੀਬੀ ਹਰਪ੍ਰੀਤ ਕੌਰ ਇੱਕ ਸੁਲਝੀ ਹੋਈ ਪ੍ਰਚਾਰਕ ਹੈ। ਕਿਸੇ ਦੀ ਨਿਜੀ ਜ਼ਿੰਦਗੀ 'ਤੇ ਚਿੱਕੜ ਸੁੱਟਣਾ ਕਿਥੋਂ ਤੱਕ ਜਾਇਜ਼ ਹੈ?

ਜੇ ਇਸ ਲੇਖ 'ਚ ਪ੍ਰੋ. ਇੰਦਰ ਸਿੰਘ ਘੱਗਾ ਅਤੇ ਤੱਤ ਗੁਰਮਤਿ ਪਰਿਵਾਰ 'ਤੇ ਇਲਜ਼ਾਮ ਲਾਏ ਗਏ ਸਨ, ਤਾਂ ਸਭਯਿਤਾ ਦੀ ਹੱਦ 'ਚ ਰਹਿਕੇ ਵੀ ਦਲੀਲ ਸਮੇਤ ਜਵਾਬ ਦਿੱਤਾ ਜਾ ਸਕਦਾ ਹੈ। ਜੇ ਕਿਸੇ ਕੋਲ ਪ੍ਰੋ. ਕੰਵਲਦੀਪ ਸਿੰਘ ਕੰਵਲ ਦੇ ਇਲਜ਼ਾਮਾਂ ਦਾ ਜਵਾਬ ਹੈ, ਵੀਡੀਓ ਹੈ, ਇਹ ਪ੍ਰਮਾਣਿਤ ਕਰਨ ਲਈ, ਕਿ ਜੋ ਉਨ੍ਹਾਂ ਨੇ ਲਿਖਿਆ ਹੈ ਉਹ ਗਲਤ ਹੈ, ਤਾਂ ਖ਼ਾਲਸਾ ਨਿਊਜ਼ ਨੂੰ ਲਿਖਤੀ ਤੌਰ 'ਤੇ ਜਾਂ ਵੀਡੀਓ ਭੇਜੇ, ਅਸੀਂ ਜ਼ਰੂਰ ਲਗਾਵਾਂਗੇ।

ਬੰਟੀ ਸਿੰਘ ਦਿੱਲੀ ਅਤੇ ਮਨਜੀਤ ਸਿੰਘ, ਜਿਨ੍ਹਾਂ ਨੇ ਨਿਹਾਇਤ ਹੀ ਘਟੀਆ ਅਤੇ ਨਿਵੇਂ ਪੱਧਰ ਦਾ ਮੁਜ਼ਾਹਰਾ ਕੀਤਾ ਹੈ, ਨੂੰ ਆਪਣਾ ਗਿਰੇਬਾਨ 'ਚ ਆਪ ਝਾਂਕ ਕੇ ਦੇਖਣਾ ਚਾਹੀਦਾ ਹੈ, ਕਿ ਉਹ ਕਿਸ ਪੱਧਰ ਦੇ ਹਨ, ਅਤੇ ਰੱਬ ਕੋਲੋਂ ਸੁਮੱਤ ਲੈਣ ਲਈ ਅਰਦਾਸ ਕਰਨ।

ਖ਼ਾਲਸਾ ਨਿਊਜ਼ ਕਿਸੇ ਦੀ ਕੁਹਾੜੀ ਦਾ ਦਸਤਾ ਨਹੀਂ ਹੈ, ਸਿਵਾਏ ਆਪਣੇ ਗੁਰੂ ਦੇ, ਜੋ ਕਿ ਸਿਰਫ ਸ਼ਬਦ ਗੁਰੂ ਹੈ। ਕਿਸੇ ਨੂੰ ਇਸ ਸਾਈਟ 'ਤੇ ਨਿਊਜ਼ ਜਾਂ ਲੇਖ ਪਸੰਦ ਨਹੀਂ ਆਉਂਦੇ ਤਾਂ ਆਪਣਾ ਸਮਾਂ ਬਰਬਾਦ ਨਾ ਕਰੇ, ਸਾਈਟ ਨਾ Visit ਕਰਿਆ ਕਰੇ। ਅਸੀਂ ਤਾਂ ਜੋ ਕੋਈ ਵੀ ਗੁਰੂ, ਗੁਰਬਾਣੀ, ਗੁਰਮਤਿ ਸਿਧਾਂਤ ਦੇ ਖਿਲਾਫ ਬੋਲੇਗਾ, ਲਿਖੇਗਾ, ਉਸ ਸ਼ਖਸ / ਸੰਸਥਾ ਦੇ ਵਿਰੁੱਧ ਹਮੇਸ਼ਾਂ ਦੀ ਤਰ੍ਹਾਂ ਲਿਖਦੇ ਰਹਾਂਗੇ, ਜਾਗਰੂਕ ਕਰਦੇ ਰਹਾਂਗੇ।

ਗੁਰੂ ਸਾਹਿਬ ਦਾ ਫੁਰਮਾਨ ਫਿਰ ਦੁਹਰਾ ਦਈਏ

ਸਲੋਕੁ ਮਃ ੧ ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥  
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥

ਅਰਥ :- ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) । ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ । ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ । (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1।

ਗੁਰੂ ਸੁਮੱਤ ਬਖਸ਼ੇ

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top