ਗੁਰੂ ਨਾਨਕ ਜੀ ਨੇ ਜਿਸ ਧਰਮ ਦੀ ਪਾਲਣਾ ਦਾ ਉਪਦੇਸ਼ ਸਾਨੂੰ ਦਿੱਤਾ,
ਉਸ ਧਰਮ ਦੀਆਂ ਸਿੱਖਿਆਵਾਂ ਸਾਰੇ ਮਨੁੱਖਾਂ ਲਈ ਲਾਹੇਵੰਧ ਹਨ। ਇਸ ਕਰਕੇ ਗੁਰੂ ਨਾਨਕ ਦੇ ਧਰਮ
ਨੂੰ ਸਾਰੀ ਮਨੁੱਖਤਾ ਲਈ ਕਿਹਾ ਜਾਂਦਾ ਹੈ। ਇਸਦਾ ਅਰਥ ਇਹ ਨਹੀਂ, ਕਿ ਸਾਰੇ ਮਨੁੱਖਾਂ ਨੇ ਇਸ
ਨੂੰ ਅਪਨਾ ਲਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਲਈ ਹਨ! ਇਸਦਾ ਦਾ ਅਰਥ ਇਹ ਨਹੀਂ
ਕਿ, ਹਰ ਕਿਸੇ ਨੇ ਇਸ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ਹੈ! ਸੰਸਾਰ ਦੇ ਬਾਕੀ ਲੋਕਾਂ ਲਈ
ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਹਨ, ਪਰ ਉਨ੍ਹਾਂ ਦੇ ਆਪਣੇ ਗੁਰੂ ਨਹੀਂ! ਗੁਰਤਾ
ਤਾਂ ਸਵੀਕਾਰ ਕਰਨ ਦਾ ਭਾਵ ਹੁੰਦਾ ਹੈ। ਖ਼ੈਰ!
ਇਸ ਗਲ ਤੋਂ ਕੋਈ ਵੀ ਇਨਕਾਰੀ ਨਹੀਂ ਕਿ, ਗੁਰੂ ਨਾਨਕ ਵਲੋਂ ਸਿਖਾਏ
ਧਰਮ ਵਿਚ, ਮਨੁੱਖਤਾ ਜਾਂ ਸਰਬਤ ਦੇ ਭਲੇ ਦਾ ਟੀਚਾ ਹੈ, ਅਤੇ ਗੁਰੂ ਗ੍ਰੰਥ ਜੀ ਦੀਆਂ
ਸਿੱਖਿਆਵਾਂ, ਹਰ ਮਨੁੱਖ ਲਈ ਹਨ। ਚਾਹੇ ਤਾਂ ਹਰ ਕੋਈ ਉਸ ਨੂੰ ਪੜ ਕੇ, ਉਸ ਤੋਂ ਜੀਵਨ ਸੇਧ
ਲੇ ਸਕਦਾ ਹੈ। ਪਰ ਨਾਲ ਦੇ ਨਾਲ, ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ, ਸਾਰੇ
ਮਨੁੱਖਾਂ ਨੇ ਗੁਰੂ ਨਾਨਕ ਵਲੋਂ ਦਰਸਾਏ ਧਰਮ ਨੂੰ ਸਵੀਕਾਰ ਨਹੀਂ ਕੀਤਾ। ਨਾ ਗੁਰੂ ਨਾਨਕ ਤੋਂ
ਦਸ਼ਮੇਸ਼ ਜੀ ਵੇਲੇ ਤੱਕ, ਅਤੇ ਨਾ ਹੀ ਉਸ ਤੋਂ ਬਾਅਦ ਅੱਜ ਤਕ!
ਇਸੇ ਪਰਿਪੇਖ ਵਿਚ, ਅੱਜ ਕਲ ਪ੍ਰਚਾਰੇ ਜਾ ਰਹੇ ਇਸ ਜੁਮਲੇ ਤੇ ਵਿਚਾਰ
ਕਰੀਏ ਕਿ, ਸਿੱਖ ਰਹਿਤ ਮਰਿਆਦਾ ਸੁਧਾਰ ਦਾ ਟੀਚਾ, ਸਾਰੀ ਮਨੁੱਖਤਾ ਲਈ ਇਕ ਰਹਿਤ ਤਿਆਰ ਕਰਨਾ
ਹੈ। ਕਮਾਲ ਹੈ ਭਈ! ਦਾਵਾ ਸਾਰੀ ਮਨੁੱਖਤਾ ਲਈ ਜੀਵਨ ਜਾਚ ਤਿਆਰ ਕਰਨ ਦਾ, ਪਰ ਉਸ ਵਿਚ
ਪਰਿਭਾਸ਼ਾ ਕੇਵਲ ਸਿੱਖ ਦੀ? ਇਸ ਦਾਅਵੇ ਤੋਂ ਹੀ ਸਿੱਧ ਹੁੰਦਾ ਹੈ ਕਿ ਦਾਅਵਾ ਕਰਨ ਵਾਲੇ
ਜ਼ਜ਼ਬਾਤੀ ਹੋ ਸਕਦੇ ਹਨ, ਪਰ ਉਨ੍ਹਾਂ ਪਾਸ ਸੋਚ ਦੀ ਉਹ ਪੱਧਰ ਨਹੀਂ, ਜੋ ਕਿ ਐਸੇ ਮਾਮਲਿਆਂ
ਬਾਰੇ ਸੋਚ-ਵਿਚਾਰ ਲਈ ਹੋਣੀ ਚਾਹੀਦੀ ਹੈ।
ਗੁਰੂ ਨਾਨਕ ਜੀ ਦਾ ਧਰਮ ਮਨੁੱਖਤਾ ਲਈ ਹੈ, ਇਹ ਤਾਂ ਠੀਕ ਹੈ। ਪਰ ਭਲਾ
ਜੋ ਲੋਕਾਈ, ਗੁਰੂ ਨਾਨਕ ਦੇ ਮਾਰਗ ਤੇ ਤੁਰਨ ਦਾ ਨਿਸ਼ਚਾ ਹੀ ਨਹੀਂ ਰੱਖਦੀ, ਗੁਰੂ ਗ੍ਰੰਥ
ਸਾਹਿਬ ਨੂੰ ਆਪਣਾ ਗੁਰੂ ਨਹੀਂ ਮੰਨਦੀ, ਉਸ ਲੋਕਾਈ ਲਈ, ਸਿੱਖ ਕਿਵੇਂ ਕੋਈ ਰਹਿਤ ਮਰਿਆਦਾ
ਤਿਆਰ ਕਰ ਸਕਦੇ ਹਨ? ਇਸਲਾਮ, ਇਸਾਈਅਤ ਆਦਿ ਵਿਚ ਅਕੀਦਾ ਰੱਖਣ ਵਾਲਿਆਂ ਲਈ ਕੁਰਾਨ, ਬਾਈਬਲ
ਆਦਿ ਸਾਰੀ ਮਨੁੱਖਤਾ ਲਈ ਹਨ। ਉਨ੍ਹਾਂ ਤੋਂ ਪੁੱਛੇ ਬਿਨ੍ਹਾਂ, ਉਨ੍ਹਾਂ ਲਈ ਅਸੀਂ ਕਿਵੇਂ ਕੋਈ
ਜੀਵਨ ਜਾਚ ਤਿਆਰ ਕਰ ਸਕਦੇ ਹਾਂ? ਇਹ ਭੁੱਲੇਖੇ ਵਿਚ ਪਏ ਹੋਏ ਸੱਜਣਾਂ ਦਾ ਭੁੱਲੇਖਾਪੁਰਨ ਦਾਵਾ
ਹੈ। ਉਹ ਆਪਣੇ ਇਸ ਦਾਅਵੇ ਵਿਚ ਮੁਲੋਂ ਹੀ ਭੁੱਲੇ ਹੋਏ ਹਨ।
ਜੇ ਕਰ ਰਹਿਤ ਮਰਿਆਦਾ ਸਾਰੀ ਮਨੁੱਖਤਾ ਲਈ ਹੋਂਣੀ ਚਾਹੀਦੀ ਹੈ ਤਾਂ ਉਸ
ਵਿਚ ਸਿੱਖ ਦੀ ਪਰਿਭਾਸ਼ਾ ਕਿਵੇਂ ਲਿਖੀ ਜਾ ਸਕਦੀ ਹੈ??? ਉਸ ਵਿਚ ਤਾਂ ਮਨੁੱਖਤਾ ਦੀ ਪਰਿਭਾਸ਼ਾ
ਹੋਣੀ ਚਾਹੀਦੀ ਹੈ! ਕਿਉਂਕਿ ਸਿੱਖ ਦੀ ਪਰਿਭਾਸ਼ਾ ਲਿੱਖਦੇ ਹੀ ਰਹਿਤ ਮਰਿਆਦਾ ਜਾਂ ਜੀਵਨ ਜਾਚ
ਕੇਵਲ ਸਿੱਖਾਂ ਵਾਸਤੇ ਹੋ ਜਾਂਦੀ ਹੈ, ਨਾ ਕਿ ਸਾਰੀ ਮਨੁੱਖਤਾ ਵਾਸਤੇ। ਪਰਿਭਾਸ਼ਾ ਸਿੱਖ ਦੀ,
ਅਤੇ ਦਾਅਵਾ ‘ਸਾਰੀ ਮਨੁੱਖਤਾ ਲਈ’ ਦਾ? ਬੜਾ ਹਾਸੋਹੀਣਾ ਦੋਗਲਾ ਦਾਅਵਾ ਜਾਪਦਾ ਹੈ! ਦੋ
ਕਸ਼ਤੀਆਂ ਤੇ ਸਵਾਰੀ ਵਰਗਾ! ਨਾ ਇੱਧਰ ਦਾ ਨਾ ਉੱਧਰ ਦਾ!
ਐਸਾ ਦਾਅਵਾ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ‘ਸਿੱਖ’ ਦੇ ਬਜਾਏ
‘ਮਨੁੱਖ’ ਜਾਂ ‘ਮਨੁੱਖਤਾ’ ਦੀ ਪਰਿਭਾਸ਼ਾ ਲਿਖਣ, ਤਾਂ ਕਿ ਉਨ੍ਹਾਂ ਦੀ ‘ਕਥਨੀ ਅਤੇ ਕਰਨੀ’ ਇਕ
ਨਜ਼ਰ ਆਏ, ਅਤੇ ਸਾਰੀ ਮਨੁੱਖਤਾ ਵਾਸਤੇ ਰਹਿਤ ਮਰਿਆਦਾ ਬਨਾਉਂਣ ਬਾਰੇ, ਉਨ੍ਹਾਂ ਦੀ ਵਿਦਵਤਾ
ਅਤੇ ਕੁਸ਼ਲਤਾ ਦਾ ਵੀ ਪਤਾ ਚਲ ਸਕੇ!