Share on Facebook

Main News Page

ਸਤਿਕਾਰ ਕਮੇਟੀ ਦੇ ਨਾਂ ‘ਤੇ ਕੀਤੀ ਜਾ ਰਹੀ ਧੱਕੇਸ਼ਾਹੀ, ਸਿੱਖ ਧਰਮ ਦੇ ਖ਼ਿਲਾਫ਼ ਤਾਲਿਬਾਨੀ ਹਮਲਾ ਬਣ ਰਹੀ ਹੈ
- ਡਾਕਟਰ ਹਰਜਿੰਦਰ ਸਿੰਘ ਦਿਲਗੀਰ

ਬੀਤੇ ਦਿਨੀਂ ਇਕ ਸਤਿਕਾਰ ਕਮੇਟੀ ਨੇ ਗੁਰਬਾਣੀ ਦੇ ਸਤਿਕਾਰ ਦੇ ਨਾਂ ‘ਤੇ ਜੋ ਹਰਕਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਉਹ ਸਿੱਖੀ ਦੇ ਖ਼ਿਲਾਫ਼ ਸਾਜ਼ਿਸ਼ ਦਾ ਰੂਪ ਧਾਰ ਕਰ ਰਹੀਆਂ ਜਾਪਦੀਆਂ ਹਨ। ਇਨ੍ਹਾਂ ਕਾਰਵਾਈਆਂ ਨੂੰ ਲੋਕ ਬੁਰਛਾਗਰਦੀ ਤੇ ਕੁਝ ਤਾਂ ਗੁੰਡਾਗਰਦੀ ਵੀ ਕਹਿਣ ਲਗ ਪਏ ਹਨ। ਇਹ ਹਰਕਤਾਂ ਤਾਲਿਬਾਨਾਂ ਵਾਲੀ ਕਾਰਵਾਈ ਹਨ।

 

ਪੰਜਾਬ ਵਿਚ ਪਹਿਲਾਂ ਚਤਰ ਸਿੰਘ ਜੀਵਨ ਸਿੰਘ ਫ਼ਰਮ ਨਾਲ ਧੱਕਾ ਕਰ ਕੇ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬੰਦ ਕਰਵਾਈ ਗਈ (ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਿਲਣੇ ਬੰਦ ਹੋ ਗਏ ਕਿਉਂ ਕਿ ਸ਼੍ਰੋਮਣੀ ਕਮੇਟੀ ਇਹ ਮੰਗ ਪੂਰੀ ਨਹੀਂ ਕਰ ਰਹੀ)। ਗੁਰੂ ਗ੍ਰੰਥ ਸਾਹਿਬ ਦੀ ਛਪਾਈ ਤੋਂ ਮਗਰੋਂ ਇਸ ਨੂੰ ਵਿਦੇਸ਼ਾਂ ਜਾਂ ਹੋਰ ਜਗਹ ‘ਤੇ ਭੇਜਣ ਦੇ ਨਾਂ ‘ਤੇ ਉਸੇ ਫ਼ਰਮ ਨਾਲ ਧੱਕਾ ਕੀਤਾ ਗਿਆ। ਹੁਣ ਇਕ ਨਵੀਂ ਹਰਕਤ ਕਰ ਦਿੱਤੀ ਗਈ ਹੈ ਕਿ ਉਸੇ ਫ਼ਰਮ ਵੱਲੋਂ ਗੁਟਕਿਆਂ ਨੂੰ ਭੇਜਣ ‘ਤੇ ਵੀ ਹਮਲਾ ਬੋਲ ਦਿੱਤਾ ਗਿਆ ਹੈ। ਦਿਲਚਸਪ ਤੇ ਸਾਜ਼ਸ਼ੀ ਗੱਲ ਇਹ ਹੈ ਕਿ ਇਹ ਮੋਰਚਾ ਸਿਰਫ਼ ਇਕੋ ਫ਼ਰਮ ਦੇ ਖ਼ਿਲਾਫ਼ ਲਾਇਆ ਗਿਆ ਹੈ ਜਦ ਕਿ ਦਰਜਨਾਂ ਪਬਲਿਸ਼ਰ ਤੇ ਕਿਤਾਬਾਂ ਦੇ ਸਪਲਾਇਰ ਗੁਟਕੇ ਡਾਕ ਰਾਹੀਂ, ਕੋਰੀਅਰ ਰਾਹੀਂ, ਰੇਲ ਤੇ ਟਰੱਕਾਂ ਰਾਹੀਂ ਭੇਜਦੇ ਹਨ।

ਅਜਿਹਾ ਜਾਪਦਾ ਹੈ ਕਿ ਇਸ ਮੁਹਿੰਮ ਦਾ ਮਾਅਨਾ ਇਹ ਹੈ ਕਿ ਲੋਕਾਂ ਤਕ ਗੁਟਕੇ ਪਹੁੰਚ ਹੀ ਨਾ ਸਕਣ ਤੇ ਸਿੱਖ ਪਾਠ ਕਰਨੋਂ ਹਟ ਜਾਣ। ਪਹਿਲਾਂ ਗੁਰੂ ਗ੍ਰੰਥ ਸਾਹਿਬ ਨਾ ਮਿਲ ਸਕਣ ਕਾਰਨ ਲੋਕ ਘਰਾਂ ਵਿਚ ਪ੍ਰਕਾਸ਼ ਨਹੀਂ ਕਰ ਸਕਦੇ ਤੇ ਹੁਣ ਗੁਟਕਿਆਂ ‘ਤੇ ਹਮਲਾ ਕੀਤਾ ਗਿਆ ਹੈ ਜਿਸ ਨਾਲ ਲੋਕ ਪਾਠ ਕਰਨ ਤੋਂ ਵਾਂਞੇ ਰਹਿ ਜਾਣਗੇ। ਇਹ ਬੇਵਕੂਫ਼ੀ ਹੈ ਕਿ ਸਾਜ਼ਿਸ਼ – ਇਸ ਬਾਰੇ ਤਾਂ ਪਤਾ ਬਾਅਦ ਵਿਚ ਲਗੇਗਾ; ਪਰ ਇਸ ਤਰ੍ਹਾਂ ਦੀਆਂ ਹਰਕਤਾਂ ਸਿੱਖੀ ਦਾ ਬੇਹੱਦ ਨੁਕਸਾਨ ਕਰ ਰਹੀਆਂ ਹਨ। ਜਿੱਥੋਂ ਤਕ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਮਸਲਾ ਹੈ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਪਰ ਜੋ ਕਾਰਵਾਈ ਬਲਬੀਰ ਸਿੰਘ ਮੁੱਛਲ ਅਤੇ ਅਮਰੀਕ ਸਿੰਘ ਅਜਨਾਲਾ ਦਾ ਗਰੁੱਪ ਕਰ ਰਿਹਾ ਹੈ ਉਸ ਨੂੰ ਤਾਲਿਬਾਨਾਂ ਵਰਗੀ ਕਾਰਵਾਈ ਸਮਝਿਆ ਜਾ ਸਕਦਾ ਹੈ। ਆਮ ਲੋਕ ਇਹ ਕਹਿਣ ਲਗ ਪਏ ਹਨ ਕਿ ਇਹ ਸਤਿਕਾਰ ਕਮੇਟੀ ਕਿ ਬੁਰਛਾਗਰਦ ਕਮੇਟੀ?

ਇਨ੍ਹਾਂ ਦੀਆਂ ਹਰਕਤਾਂ ਕਾਰ ਬਹੁਤ ਸਾਰੇ ਘਰਾਂ ਵਿਚ ਗੁਰੂ ਗਰੰਥ ਸਾਹਿਬ ਦਾ ਪਰਕਾਸ਼ ਬੰਦ ਹੋ ਚੁਕਾ ਹੈ; ਹੁਣ ਗੁਟਕਿਆਂ ‘ਤੇ ਬੈਨ ਲਾਉਣ ਦੀ ਸਕੀਮ ਬਣ ਰਹੀ ਜਾਪਦੀ ਹੈ। ਕੀ ਇਨ੍ਹਾਂ ਦਾ ਇਹ ਮਨਸ਼ਾ ਤਾਂ ਨਹੀਂ ਕਿ ਲੋਕ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਿਆਂ ਨੂੰ ਛੱਡ ਕੇ ਬਾਈਬਲ, ਕੁਰਾਨ ਤੇ ਦੂਜੇ ਹੋਰ ਧਰਮਾਂ ਦੀਆਂ ਪੜ੍ਹਨ ਲਗ ਪੈਣ?

ਮੈਂ ਹੈਰਾਨ ਹਾਂ ਕਿ ਸਿੱਖੀ ਸਰੂਪ ਵਾਲੇ ਲੋਕ ਇਹੋ ਜਿਹੀਆਂ ਹਰਕਤਾਂ ਕਰ ਰਹੇ ਹਨ। ਕੀ ਕਿਸੇ ਹੋਰ ਧਰਮ ਦੇ ਲੋਕ ਵੀ ਇੰਞ ਕਰਦੇ ਹਨ? ਇਸਾਈ ਤਾਂ ਮੇਲਿਆਂ ਵਿਚ, ਘਰਾਂ ਵਿਚ ਜਾ ਜਾ ਕੇ, ਸੜਕਾਂ ‘ਤੇ ਬਾਈਬਲਾਂ ਮੁਫ਼ਤ ਵੰਡਦੇ ਹਨ ਤਾਂ ਜੋ ਉਨ੍ਹਾਂ ਦੇ ਧਰਮ ਦਾ ਪਰਚਾਰ ਹੋਵੇ। ਮੁਸਲਮਾਨਾਂ ਨੂੰ ਸਟਾਲਾਂ ‘ਤੇ ਕੁਰਾਨ ਵੇਚਦੇ ਜਾਂ ਬਹੁਤ ਸਸਤੀ ਕੀਮਤ ‘ਤੇ ਦੇਂਦੇ ਮੈਂ ਆਪ ਵੇਖਿਆ ਹੈ। ਇਹ ਹਰਕਤ ਸਿੱਖੀ ਦਾ ਪ੍ਰਚਾਰ ਰੋਕਣ ਹੀ ਨਹੀਂ ਬਲਕਿ ਸਿੱਖਾਂ ਨੂੰ ਵੀ ਗੁਰਬਾਣ ਤੋਂ ਦੂਰ ਕਰਨ ਵਾਲੀ ਕਾਰਵਾਈ ਹੈ। ਕਿਤੇ ਇਹ ਕਾਰਵਾਈ ਸਿੱਖ ਧਰਮ ਨੂੰ ਖ਼ਤਮ ਕਰਨ ਦੀ ਲੰਮੀ ਪਲਾਨਿੰਗ ਦਾ ਹਿੱਸਾ ਤਾਂ ਨਹੀਂ। ਪਹਿਲਾਂ ਸਿੱਖ ਤਵਾਰੀਖ਼ ਨੂੰ ਵਿਗਾੜਿਆ ਗਿਆ ਤੇ ਉਸ ਦਾ ਰੇਪ ਕੀਤਾ ਗਿਆ; ਫਿਰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਇਕ ਹੋਰ ਗ੍ਰੰਥ ਤਿਆਰ ਕੀਤਾ ਗਿਆ। ਹੁਣ ਲੋਕਾਂ ਨੂੰ ਗੁਰਬਾਣੀ ਤੋਂ ਦੂਰ ਕਰਨ ਵਾਸਤੇ ਗੁਟਕੇ ਭੇਜਣ ਦੇ ਖ਼ਿਲਾਫ਼ ਮੋਰਚਾ ਲਾਇਆ ਜਾ ਰਿਹਾ ਹੈ।

ਸਿੱਖਾਂ ਨੂੰ ਇਨ੍ਹਾਂ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਉਠਣਾ ਚਾਹੀਦਾ ਹੈ। ਇਸ ਟੋਲੇ ਨੇ ਸ਼੍ਰੋਮਣੀ ਕਮੇਟੀ ਨਾਲ ਪੰਙਾ ਲੈਣ ਦੀ ਕੋਸ਼ਿਸ਼ ਵਿਚ ਮਾਰ ਵੀ ਖਾਧੀ ਸੀ। ਇਨ੍ਹਾਂ ਨੂੰ ਨੱਥ ਪਾਉਣ ਦੀ ਫ਼ੌਰੀ ਲੋੜ ਹੈ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਅਕਾਲੀ ਦਲਾਂ, ਸਟੁਡੈਂਟਸ ਫ਼ੈਡਰੇਸ਼ਨਾਂ, ਵਿਦਵਾਨਾਂ, ਗ੍ਰੰਥੀਆਂ ਤੇ ਪਰਚਾਰਕਾਂ ਨੂੰ ਖ਼ਬਰਦਾਰ ਹੋਣ ਚਾਹੀਦਾ ਹੈ; ਸਾਰਿਆਂ ਨੂੰ ਇਕੱਠੇ ਹੋ ਕੇ ਇਸ ਹਮਲੇ ਨੂੰ ਆਵਾਜ਼ ਉਠਾ ਕੇ ਇਸ ਨੂੰ ਰੋਕਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top