Share on Facebook

Main News Page

ਸਿੱਖੀ, "ਬਾਬੇ ਨਾਨਕ ਦੀ ਵਿਚਾਰਧਾਰਾ" ਨਹੀਂ, "ਰੱਬੀ ਗੁਣਾਂ" `ਤੇ ਆਧਾਰਿਤ ਇਕ "ਨਿਰਮਲ ਪੰਥ" ਹੈ
-
ਇੰਦਰਜੀਤ ਸਿੰਘ, ਕਾਨਪੁਰ

ਅਜਕਲ ਅਪਣੇ "ਗੁਰੂ" ਨੂੰ ਕਟਘਰੇ ਵਿੱਚ ਖੜਾ ਕਰਕੇ, ਉਸ ਦੀ ਨਵੀਂ ਪਰਿਭਾਸ਼ਾ ਸਿਰਜ ਰਹੇ ਕੁਝ ਦੰਭੀ ਵਿਦਵਾਨ, "ਗੁਰੂ ਸ਼ਬਦ" ਦੀ ਹੀ ਨਹੀਂ, ਹੁਣ ਤਾਂ "ਸਿੱਖੀ" ਦੀ ਵੀ ਨਵੀਂ ਪਰਿਭਾਸ਼ਾ ਗੜ੍ਹਦੇ ਹੋਏ ਨਜਰ ਆ ਰਹੇ ਹਨ। ਇਨ੍ਹਾਂ ਅਨੁਸਾਰ "ਸਿੱਖੀ ਕੋਈ ਵਖਰਾ ਧਰਮ ਨਹੀਂ" ਹੈ । "ਸਿੱਖੀ ਕੋਈ ਵਖਰਾ ਪੰਥ ਨਹੀਂ"। ਸਿੱਖੀ ਕੋਈ ਵਖਰੀ "ਕੌਮ" ਨਹੀਂ। ਸਿੱਖੀ ਕੋਈ ਨਵੇਕਲਾ ਅਤੇ ਨਿਆਰਾ ਪੰਥ ਨਹੀਂ ਹੈ । ਇਹ ਤਾਂ ਕੇਵਲ "ਬਾਬੇ ਨਾਨਕ ਦੀ ਵਿਚਾਰਧਾਰਾ" ਹੈ। ਇਹ ਇਥੇ ਹੀ ਖੜੇ ਨਹੀ ਹੁੰਦੇ, ਇਨਾਂ ਦੀ ਵਿਦਵਤਾ ਤਾਂ ਭਾਈ ਗੁਰਦਾਸ ਜੀ, ਸਤਕਾਰਿਤ ਭੱਟਾਂ ਅਤੇ ਭਗਤਾਂ ਨਾਲੋਂ ਵੀ ਕਈ ਕੋਹ ਅਗਾਂਹ ਜਾ ਕੇ ਰੁਕਦੀ ਹੈ।

ਇਹ ਅਖੌਤੀ ਵਿਦਵਾਨ ਅਤੇ ਇਨਾਂ ਦੀ ਜੁੰਡਲੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਹੀ ਦੋਬਾਰਾ "ਏਡਿਟ" ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਬਸ! ਮੌਕਾ ਇਨਾਂ ਦੇ ਹੱਥ ਲੱਗ ਨਹੀ ਰਿਹਾ, ਕਿਉਂਕਿ ਕੁੱਝ ਕੁ ਸੁਚੇਤ ਅਖਵਾਉਣ ਵਾਲੇ ਸਿੱਖ ਹੱਲੀ ਜਿਉਂਦੇ ਨੇ ਅਤੇ ਉਨਾਂ ਦੇ ਸਾਹ ਹਲੀ ਰੁੱਕੇ ਨਹੀਂ ਹਨ। ਇਹ ਅਕਾਲ ਤਖਤ ਨੂੰ ਇੱਟਾਂ ਗਾਰੇ ਦੀ ਬਣੀ "ਮੜ੍ਹੀ" ਕਹਿ ਕੇ ਸੰਬੋਧਿਤ ਕਰਦੇ ਅਤੇ ਗੁਰੂ ਨੂੰ "ਗੁਰੂ ਕਹਿਣ ਤੋਂ ਇਹ ਮੁਨਕਰ" ਹੋ ਚੁਕੇ ਹਨ। ਇਨਾਂ ਹੀ ਨਹੀਂ ਇਹ ਇਕ ਪਾਸੇ ਤਾਂ ਸਿੱਖ ਰਹਿਤ ਮਰਿਆਦਾ ਵਿੱਚ ਸੋਧਾਂ ਕਰਣ ਲਈ ਇਕੱਠ ਕਰਦੇ ਹਨ, ਦੂਜੇ ਪਾਸੇ "ਸਿੱਖ ਰਹਿਤ ਮਰਿਯਾਦਾ ਨੂੰ " ਦੋ ਰੁਪਏ ਦਾ ਕਿਤਾਬਚਾ" ਕਹਿ ਕੇ ਇਸ ਨੂੰ ਰੱਦ ਕਰਣ ਦੇ ਫਤਵੇ ਵੀ ਜਾਰੀ ਕਰਦੇ ਹਨ।

ਇਹ, ਸਿੱਖ ਰਹਿਤ ਮਰਿਯਾਦਾ ਤੋਂ ਸੇਧ ਨਾਂ ਲੈ ਕੇ ਸਿੱਖਾਂ ਨੂੰ, ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਗੱਲ ਕਰਦੇ ਹਨ। ਜੇ ਇਨਾਂ ਨੂੰ ਪੁੱਛੀ ਦਾ ਹੈ ਕਿ "ਫਿਰ ਖੰਡੇ ਬਾਟੇ ਦੀ ਪਾਹੁਲ ਦਾ ਕੀ ਕਰੋਗੇ? ਇਸ ਦੀ ਵਿਵਸਥਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ?", "ਕਕਾਰਾਂ ਦਾ ਕੀ ਕਰੋਗੇ?, ਇਸ ਦਾ ਜਿਕਰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ?", "ਨਿਰੰਕਾਰੀਆਂ ਅਤੇ ਧੀਰਮੱਲੀਆਂ ਨਾਲ ਅਪਣੇ ਸੰਬੰਧ ਕਿਵੇਂ ਵਖਰੇ ਰਖੋਗੇ? ਸ਼ਬਦ ਗੁਰੂ ਵਿੱਚ ਤਾਂ ਐਸੀ ਕੋਈ ਵਿਵਸਥਾ ਜਾਂ ਨਿਯਮ ਹੈ ਨਹੀਂ?", "ਕੀ ਸਿੱਖ ਬੱਚੀਆਂ ਦਾ ਵਿਆਹ ਤੁਸੀਂ ਹਿੰਦੂ ਅਤੇ ਮੁਸਲਮਾਨਾਂ ਨਾਲ ਕਰ ਦਿਉਗੇ? ਕਿਉਂਕਿ ਤੁਸਾਂ ਤਾਂ "ਫਿਰਕੇ ਦੀ ਵਲਗਣ ਨੂੰ ਹੀ ਤੋੜ ਦਿਤਾ ਹੈ।" ਤਾਂ ਇਹ ਬੜੇ ਹੀ ਬੇਸ਼ਰਮ ਹੋ ਕੇ ਇਹ ਜਵਾਬ ਦੇਂਦੇ ਹਨ ਕਿ "ਹਾਂ, ਅਸੀਂ ਤਾਂ ਅਪਣੀ ਬੱਚੀ ਦਾ ਵਿਆਹ ਮੁਸਲਮਾਨ ਅਤੇ ਹਿੰਦੂ ਨਾਲ ਕਰ ਦਿਆਂਗੇ, ਕਿਉਂਕਿ ਅਸੀਂ "ਇਕ ਫਿਰਕੇ ਦੀ ਵਲਗਣ ਨੂੰ ਤੋੜ ਦਿਤਾ ਹੈ"। (ਇਨਾਂ ਦੇ ਇਹ ਬਿਆਨ ਸਾਡੇ ਕੋਲ ਸੁਰਖਿਅਤ ਹਨ। )

ਇਨਾਂ ਅਨੁਸਾਰ, ਗੁਰੂ ਗ੍ਰੰਥ ਸਾਹਿਬ ਤਾਂ ਸਾਰੀ ਮਨੁਖਤਾ ਦਾ ਸਾਂਝਾ ਹੈ, ਅਤੇ ਮਨੁੱਖਤਾ ਦੇ ਧਰਮ ਦੀ ਗਲ ਕਰਦਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਮਨਣ ਵਾਲੇ "ਮਨੁੱਖੀ ਧਰਮ" ਦੇ ਅਧੀਨ ਆਉਂਦੇ ਹਨ "ਸਿੱਖ ਧਰਮ" ਦੇ ਨਹੀਂ। ਇਹ ਗਲਾਂ ਮੁਢਲੇ ਤੌਰ 'ਤੇ ਤਾਂ ਬਿਲਕੁਲ ਦਰੁਸਤ ਜਾਪਦੀਆਂ ਹਨ। ਇਸੇ ਲਈ ਨਵੀਂ ਸਿੱਖ ਸੋਚ ਇਨਾਂ ਤੋਂ ਪ੍ਰਭਾਵਿਤ ਹੋਕੇ, ਇਨਾਂ ਦੇ ਨਾਲ ਜੁੜ ਜਾਂਦੀ ਹੈ, ਲੇਕਿਨ ਇਹ ਇਨਾਂ ਦੀ ਇਸ ਸਾਜਿਸ਼ ਦਾ ਗੂੜ੍ਹ ਰਹਿਸ ਨਹੀਂ ਸਮਝ ਪਾਂਦੇ, ਕਿ "ਇਹੀ ਸੋਚ ਤਾਂ ਪੰਥ ਵਿਰੋਧੀ ਤਕਤਾਂ ਦੀ ਵੀ ਹੈ"। ਆਰ.ਐਸ. ਐਸ. ਵਾਲੇ ਵੀ ਤਾਂ ਅਪਣੇ ਅਧੀਵੇਸ਼ਨਾਂ ਵਿੱਚ ਇਹ ਹੀ ਪ੍ਰਚਾਰ ਕਰਦੇ ਹਨ, ਕਿ ਗੁਰੂ ਗ੍ਰੰਥ ਸਾਹਿਬ ਕੋਈ ਇਕਲਾ ਸਿੱਖਾਂ ਦਾ ਵਖਰਾ ਗੁਰੂ ਨਹੀਂ, ਇਹ ਤਾਂ "ਹਿੰਦੂ ਸਿੱਖ ਭਾਈਚਾਰੇ" ਦਾ "ਸਾਂਝਾ ਗੁਰੂ" ਹੈ। ਇਹ ਤਾਂ ਵੇਦਾਂ ਦਾ ਸਾਰ ਹੈ। ਵੇਖੋ, ਸਾਂਝੀਵਾਲਤਾ ਦਾ ਪਾਠ ਗੁਰੂਆਂ ਨੇ ਵੀ ਸਾਨੂੰ ਦਿਤਾ ਹੈ। ਪਰ ਉਹ ਭੋਲੇ ਸਿੱਖ ਇਨਾਂ ਦੀ ਛੁਪੀ ਮੰਦ ਭਾਵਨਾਂ ਅਤੇ ਮਾਨਸਿਕਤਾ ਤੋਂ ਤਾਂ ਵਾਕਿਫ ਹੀ ਨਹੀਂ ਹਨ। ਇਹ ਤਾਂ ਹੀ ਜਾਗਣਗੇ, ਜਦੋਂ ਬਹੁਤ ਦੇਰ ਹੋ ਚੁਕੀ ਹੋਵੇਗੀ ।

ਇਹ ਤਾਂ ਹੁਣ ਸਰੇ ਬਾਜਾਰ ਇਹ ਐਲਾਨ ਵੀ ਕਰ ਚੁਕੇ ਹਨ ਕਿ "ਇਨ੍ਹਾਂ ਨੇ ਇਕ ਫਿਰਕੇ ਦੀ ਵਲੱਗਣ ਨੂੰ ਤੋੜਦਿਆਂ, ਸਮੁੱਚੇ ਮਨੁੱਖੀ ਭਾਈਚਾਰੇ ਦੀ ਸੇਧ ਲਈ ਅਪਣਾਂ ਟੀਚਾ ਨਿਰਧਾਰਿਤ ਕਰ ਲਿਆ ਹੈ।" ਇਕ ਪੰਥ ਦਰਦੀ ਨੇ ਤਾਂ ਇਨਾਂ ਕੋਲੋਂ ਇਹ ਪੁਛ ਲਿਆ ਕਿ , "ਜੇ ਤੁਸੀਂ ਗੁਰੂ ਨਾਨਕ ਨੂੰ "ਗੁਰੂ" ਨਹੀਂ ਮੰਨਦੇ ਤਾਂ ਉਨਾਂ ਦੀ ਬਾਣੀ ਨੂੰ "ਗੁਰੂ" ਕਿਵੇਂ ਮਨੋਗੇ? ਪਰ ਇਹ ਤਾਂ ਅਪਣੀ ਵਿਦਵਤਾ ਨਾਲ ਆਕੜੀ ਹੋਈ ਧੌਣ ਨੂੰ ਹੇਠਾ ਕਰਕੇ ਵੇਖਣਾਂ ਹੀ ਨਹੀਂ ਚਾਹੁੰਦੇ। ਇਹ "ਬਾਬੇ" ਨਾਨਕ ਦੇ ਦਰ ਨੂੰ "ਉੱਚਾ" ਨਹੀਂ ਕਰ ਰਹੇ, ਬਲਕਿ "ਸਾਂਝੀ ਵਾਲਤਾ" ਦੇ ਨਾਮ 'ਤੇ ਸਿੱਖ ਕੌਮ ਦਾ "ਹਿੰਦੂਕਰਣ" ਕਰਕੇ, ਸਿੱਖੀ ਦੀ ਵਖਰੀ ਪਛਾਣ ਅਤੇ ਅਡਰੀ ਹੋਂਦ ਨੂੰ ਹੀ ਖਤਮ ਕਰ ਦੇਣਾ ਚਾਹੁੰਦੇ ਹਨ।

ਗਲ ਚਲ ਰਹੀ ਸੀ ਇਨਾਂ ਦੇ ਮਸ਼ਹੂਰ ਸਲੋਗਨ ਦੀ ਕਿ, "ਸਿੱਖੀ ਬਾਬੇ ਨਾਨਕ ਦੀ ਵਿਚਾਰਧਾਰਾ" ਹੈ, ਸਿੱਖੀ ਕੋਈ ਵਖਰਾ ਧਰਮ, ਕੌਮ ਜਾਂ ਪੰਥ ਨਹੀਂ ਹੈ। ਦਾਸ ਨੇ ਕਲ ਵੀ ਇਕ ਥਾਂ ਤੇ ਇਹ ਲਿਖਿਆ ਸੀ ਕਿ ਸਿੱਖੀ ਕੇਵਲ ਇਕ "ਵਿਚਾਰਧਾਰਾ" ਨਹੀਂ ਹੈ। ਸਿੱਖੀ ਤਾਂ "ਰੱਬੀ ਗੁਣਾਂ" ਦਾ "ਇਕ ਵੱਖਰਾ ਪੰਥ" ਹੈ, ਜਿਸ ਦਾ ਪ੍ਰਚਾਰ ਅਤੇ ਪ੍ਰਸਾਰ ਕਰਦਿਆਂ, ਗੁਰੂ ਨਾਨਕ ਸਾਹਿਬ ਨੇ ਇਸ ਜਗਤ ਵਿੱਚ "ਨਿਰਮਲ ਪੰਥ" ਚਲਾਇਆ। ਇਸ ਦੀ ਬੋਹੜੀ ਕਰਦਿਆ ਦਸਵੇਂ ਨਾਨਕ ਨੇ ਇਕ ਵਖਰੇ ਅਤੇ ਨਿਆਰੇ ਪੰਥ ਨੂੰ, ਇਕ ਵਖਰੀ ਪਹਿਚਾਨ ਵੀ ਦੇ ਦਿਤੀ, ਜੋ ਸਾਰੀ ਕਾਇਨਾਤ ਵਿੱਚ ਅਪਣੇ ਰੂਪ ਅਤੇ ਕਕਾਰਾਂ ਨਾਲ ਪਹਿਚਾਣਿਆ ਜਾ ਸਕੇ ਅਤੇ ਹੋਰ ਫਿਰਕਿਆ ਨਾਲੋਂ ਵਖਰਾ ਦਿੱਸੇ। ਸਿੱਖੀ ਉਸ "ਖਸਮ" ਦਾ ਬਣਾਇਆ "ਨਿਰਮਲ ਪੰਥ" ਹੈ ਨਾਂ ਕਿ ਇਕ "ਵਿਚਾਰਧਾਰਾ" ਹੈ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਅੰਕ 722

"ਖਸਮ ਦੀ ਬਾਣੀ" ਹੀ ਗੁਰੂ ਨਾਨਕ ਦਾ "ਨਿਵੇਕਲਾ ਪੰਥ" ਸੀ। " ਰੱਬੀ ਗੁਣਾਂ" ਨੂੰ ਕੇਵਲ ਇਕ "ਵਿਚਾਰਧਾਰਾ" ਕਹਿ ਕੇ ਛੋਟਾ ਕਰਣ ਵਾਲਿਉ! ਗੁਰੂ ਨੂੰ ਗੁਰੂ ਕਹਿਣ ਤੋਂ ਪਰਹੇਜ ਕਰਣ ਵਾਲਿਉ ! ਐਸੀ ਦੰਭੀ ਵਿਦਵਤਾ, ਤੁਹਾਨੂੰ ਮੁਬਾਰਕ। ਸਾਨੂੰ ਤਾਂ ਰਹਿਣ ਦਿਉ ਅਪਣੇ "ਸ਼ਬਦ ਗੁਰੂ" ਦੀ "ਰੱਬੀ ਬਾਣੀ" ਦੀ ਨਿੱਘੀ ਛਾਂ ਵਿੱਚ, ਜੋ ਸਾਡੇ ਗੁਰੂਆਂ ਨੇ ਸਾਨੂੰ ਇਕ ਅਮੁੱਲੀ ਵਿਰਾਸਤ ਵਜੋਂ, ਅਾਪਣੀਆਂ ਅਪਾਰ ਬਖਸ਼ਿਸ਼ਾਂ ਕਰਦਿਆਂ ਦਿਤੀ ਹੈ। ਭਾਈ ਗੁਰਦਾਸ ਜੀ ਵੀ ਇਸ ਗਲ ਦੀ ਪ੍ਰੌੜਤਾ ਕਰਦੇ ਹਨ, ਕਿ ਸਿੱਖੀ ਗੁਰੂ ਨਾਨਕ ਦਾ ਚਲਾਇਆ ਇਕ "ਨਿਰਮਲ ਪੰਥ" ਹੈ । ਲੇਕਿਨ ਇਹ ਦੰਭੀ ਵਿਦਵਾਨ ਤਾਂ ਭਾਈ ਗੁਰਦਾਸ ਜੀ ਨਾਲੋਂ ਵੀ ਵੱਡੇ ਵਿਦਵਾਨ ਬਣ ਚੁਕੇ ਹਣ, ਜੋ "ਸਿੱਖੀ" ਨੂੰ ਨਾਂ "ਪੰਥ" ਮੰਨਦੇ ਹਨ ਅਤੇ ਨਾਂ ਹੀ ਕੋਈ "ਵਖਰਾ ਧਰਮ"।

ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ। 4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੪

ਰਹਿਤ ਮਰਿਯਾਦਾ ਤਾਂ ਤੁਸੀਂ ਰੱਦ ਕਰਦੇ ਹੋ, ਨਾਲ ਹੀ ਕਹਿੰਦੇ ਹੋ ਕੇ ਤੁਸੀਂ "ਇਕ ਫਿਰਕੇ ਦੀ ਵਲਗਣ ਨੂੰ ਤੋੜ ਦਿਤਾ ਹੈ।" ਹੱਲੀ ਤਾਂ ਤੁਸੀਂ ਗੁਰੁ ਨੂੰ "ਗੁਰੂ" ਕਹਿਣ ਤੋਂ ਮੁਨਕਰ ਹੋਏ ਹੋ, "ਸਿੱਖੀ" ਨੂੰ ਇਕ "ਪੰਥ" ਕਹਿਣ ਤੋਂ ਮੁਨਕਰ ਹੋਏ ਹੋ, ਭੱਟਾਂ ਅਤੇ ਭਗਤਾਂ ਦੀ ਬਾਣੀ ਨੂੰ ਗੁਰੂਬਾਣੀ ਦਾ ਇਕ ਅੰਗ ਕਹਿਣ ਤੋਂ ਮੁਨਕਰ ਹੋਏ ਹੋ, ਹਲੀ ਤਾਂ ਤੁਸੀਂ ਸਿੱਖੀ ਦੀ ਵਲਗਣ ਤੋੜ ਕੇ, ਪੰਥ ਦੋਖੀਆਂ ਅਤੇ ਅਨਮਤੀਆਂ ਨੂੰ ਇਸ ਘਰ ਵਿੱਚ ਘੁਸਪੈਠ ਕਰਨ ਦੀ ਪਹਿਲ ਕੀਤੀ ਹੈ। ਅੱਗੇ ਅੱਗੇ ਅਸੀਂ ਵੇਖ ਰਹੇ ਹਾਂ ਕਿ ਤੁਸੀਂ ਬਹੁਤ ਕੁਝ ਤੋੜਨ ਲਈ ਉਤਾਵਲੇ ਬੈਠੇ ਹੋ। ਤੁਹਾਡੀ ਤੋੜ ਫੋੜ ਤੱਦ ਤਕ ਜਾਰੀ ਰਹੇਗੀ, ਜਦ ਤਕ ਤੁਸੀਂ ਸਿੱਖ ਨੂੰ, ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਨਹੀਂ ਤੋੜ ਲੈਦੇ ।

ਹੁਣ ਕਿਸ ਨਿਯਮ ਦੇ ਅਧੀਨ, ਕਿਸ "ਕੋਡ ਆਫ ਕੰਡਕਟ" ਦੇ ਅਧੀਨ, ਤੁਸੀਂ ਗੁਰੂ ਨਾਨਕ ਦੀ ਇਸ ਪਵਿਤੱਰ ਬਾਣੀ ਨੂੰ ਮੰਦਿਰਾਂ, ਅਤੇ ਆਰ ਐਸ ਐਸ ਦੀ ਕਿਤਾਬਾਂ ਵਿੱਚ ਰੁਲਣ ਤੋਂ ਰੋਕ ਸਕੋਗੇ? ਕੀ ਹੈ ਤੁਹਾਡੇ ਕੋਲ ਐਸਾ ਕੋਈ ਨਿਯਮ? ਕਲ ਨੂੰ, ਸਿੱਖਾਂ ਨੂੰ ਅਪਣੇ ਗੁਰੂਆਂ ਕੋਲੋਂ ਮਿਲੀ ਇਹ "ਰਬੀ ਦਾਤ" ਜੇ ਕਿਸੇ ਅਨਮਤ ਦੀ ਕੂੜ ਕਿਤਾਬ ਦਾ ਹਿੱਸਾ ਬਣ ਗਈ, ਤਾਂ ਕੀ ਜਵਾਬ ਦਿਉਗੇ? ਕੀ ਉਹ ਲੋਕੀ ਤੁਹਾਨੂੰ ਇਹ ਨਹੀਂ ਕਹਿਣਗੇ ਕਿ "ਇਹ ਤੁਹਾਡੀ ਪ੍ਰੌਪਰਟੀ ਨਹੀਂ ਹੈ, ਇਸ ਤੇ ਤਾਂ ਸਾਡਾ ਵੀ ਬਰਾਬਰ ਦਾ ਹੱਕ ਹੈ। ਇਹ ਸਰਟੀਫਿਕੇਟ ਤਾਂ ਤੁਸਾਂ ਹੀ ਸਾਨੂੰ ਦਿਤਾ ਹੈ " ਸਿੱਖੀ ਦੀ ਵਲੱਗਣ ਨੂੰ ਤੋੜ ਕੇ, ਸਮੁੱਚੇ ਮਨੁੱਖੀ ਭਾਈਚਾਰੇ ਦੀ ਸੇਧ ਲਈ"।

ਸਿੱਖੀ ਨੂੰ ਬਾਬੇ ਨਾਨਕ ਦੀ ਵਿਚਾਰਧਾਰਾ ਕਹਿਣ ਵਾਲਿਉ, ਗੁਰੂ ਨਾਨਕ ਨੇ ਤਾਂ "ਮਾਣਸ ਖਾਣੇ" ਅਤੇ "ਜਗਤ ਕਸਾਈ" ਬ੍ਰਾਹਮਣਾਂ ਕੋਲੋਂ ਅਪਣੇ ਸਿੱਖ ਨੂੰ ਬਚਾਉਣ ਲਈ ਹੀ ਇਸ ਵਖਰੇ ਅਤੇ "ਨਿਯਾਰੇ ਪੰਥ" ਨੂੰ ਚਲਾਇਆ ਸੀ, ਜਿਸ ਤੇ "ਬ੍ਰਾਹਮਣ" ਦਾ ਪਰਛਾਵਾਂ ਵੀ ਨਾ ਪੈ ਸਕੇ । ਬ੍ਰਾਹਮਣਵਾਦ ਤੋਂ "ਸਿੱਖੀ ਦੇ ਘਰ" ਨੂੰ ਬਚਾਉਣ ਲਈ ਹੀ ਸਾਡੇ ਗੁਰੂਆਂ ਨੇ "ਗੁਰਮਤਿ ਦੀ ਵਲਗਣ" ਬਣਾਈ ਸੀ, ਜਿਸ ਨੂੰ ਤੁਸੀਂ ਤੋੜ ਦਿਤਾ ਹੈ। ਕੋਈ ਵੀ ਘਰ ਤਾਂ ਹੀ ਸੁਰਖਿਅਤ ਰਹਿ ਸਕਦਾ ਹੈ, ਜੇ ਉਸ ਘਰ ਦੀ ਇਕ ਮਜਬੂਤ ਚਾਰਦਿਵਾਰੀ ਜਾਂ ਵਲਗਣ ਹੋਵੇ। ਤੁਸੀਂ ਉਸ "ਵਲਗਣ" ਨੂੰ ਤੋੜ ਕੇ ਉਨਾਂ "ਜਗਤ ਕਸਾਈਆਂ" ਅਤੇ "ਮਾਣਤ ਖਾਣਿਆਂ" ਨੂੰ ਸਿੱਖੀ ਦੇ ਵੇੜ੍ਹੇ ਵਿੱਚ ਦਾਖਿਲ ਹੋਣ ਦਾ ਸੁਨਹਿਰਾ ਮੌਕਾ ਦੇ ਦਿਤਾ ਹੈ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top