Share on Facebook

Main News Page

ਸਿੱਖੀ ਦੀ ਬੁਰੀ ਹਾਲਤ !
-
ਅਮਰਜੀਤ ਸਿੰਘ ਚੰਦੀ

ਸਿੱਖੀ ਨੂੰ ਬਚਾਉਣ ਦੇ ਚਾਹਵਾਨ ਵੀਰ ਅਕਸਰ ਹੀ ਮੈਨੂੰ ਕਹਿੰਦੇ ਰਹਿੰਦੇ ਹਨ ਕਿ, ਤੂੰ ਬਹੁਤ ਨਿਰਾਸ਼ਾ-ਵਾਦੀ ਹੈਂ, ਐਂਵੇਂ ਹੀ ਸਿੱਖੀ ਦੀ ਬੁਰੀ ਹਾਲਤ ਦਾ ਰੌਲਾ ਪਾਉਂਦਾ ਰਹਿੰਦਾ ਹੈਂ। ਪਿਛਲੇ ਦਿਨੀਂ ਜੋ ਤਜਰਬਾ ਮੈਨੂੰ ਅਤੇ ਮੇਰੀ ਸਿੰਘਣੀ ਨੂੰ ਹੋਇਆ, ਉਹ ਏਨਾ ਤਲਖ ਸੀ ਕਿ ਮੇਰੀ ਸਿੰਘਣੀ ਨੂੰ ਕਹਿਣਾ ਪਿਆ ਕਿ, ਸਿੱਖੀ ਦੀ ਜਿਹੜੀ ਮਾੜੀ ਹਾਲਤ ਤੁਸੀਂ ਬਿਆਨ ਕਰਦੇ ਹੋ, ਸਿੱਖੀ ਦੀ ਹਾਲਤ, ਉਸ ਤੋਂ ਸੌ ਗੁਣਾ ਮਾੜੀ ਹੈ। ਮੈਂ ਇਨ੍ਹਾਂ ਵਿਚੋਂ ਕਿਸ ਨੂੰ ਸਹੀ ਮੰਨਾਂ?

ਇਸ ਬਾਰੇ ਫੈਸਲਾ ਕਰਨਾ ਮੇਰੇ ਲਈ ਕਾਫੀ ਮੁਸ਼ਕਿਲ ਹੈ, ਇਹ ਫੈਸਲਾ ਮੈਂ ਪਾਠਕਾਂ ਤੇ ਹੀ ਛੱਡਦਾ ਹੋਇਆ, ਜੋ ਸਾਡੇ ਨਾਲ ਵਾਪਰਿਆ, ਉਸ ਦਾ ਜ਼ਿਕਰ ਕਰ ਰਿਹਾ ਹਾਂ। ਪੰਜਾਬ ਵਿਚ ਸਿੱਖੀ ਦੀ ਹਾਲਤ ਕਿੰਨੀ ਮਾੜੀ ਹੈ ? ਇਸ ਬਾਰੇ ਪੰਜਾਬ ਵਿਚਲੇ ਸਿੱਖਾਂ ਦੇ ਵਿਚਾਰ ਹੀ ਬਹੁਤ ਅਲੱਗ ਅਲੱਗ ਹਨ।

ਕੁਝ ਕਹਿੰਦੇ ਹਨ ਕਿ ਸਿੱਖ ਨਿਗਲਿਆ ਗਿਆ ਹੈ। ਦੂਸਰਿਆਂ ਦਾ ਕਹਿਣਾ ਹੈ ਕਿ “ਪੰਥ-ਰਤਨ”, “ਫਖਰੇ-ਕੌਮ” ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ, ਪੰਜਾਬ ਅਤੇ ਸਿੱਖੀ ਨੇ ਬਹੁਤ ਤਰੱਕੀ ਕੀਤੀ ਹੈ, ਜੇ ਅਜਿਹਾ ਨਾ ਹੁੰਦਾ ਤਾਂ ਪੰਜਾਬ ਵਿਚਲੀਆਂ ਐਸ.ਜੀ.ਪੀ.ਸੀ. ਅਤੇ ਵਿਧਾਨ-ਸਭਾ ਦੀਆਂ ਚੋਣਾਂ ਵਿਚ, ਉਹ ਦੁਬਾਰਾ ਕਿਵੇਂ ਜਿੱਤ ਸਕਦਾ ਸੀ?

ਖੈਰ ਪੰਜਾਬ ਵਿਚਲੇ ਹਾਲਾਤ ਦਾ, ਪੰਜਾਬ ਵਾਸੀਆਂ ਨੂੰ ਹੀ ਭਲੀ-ਭਾਂਤ ਪਤਾ ਹੋਵੇਗਾ, ਪਰ ਪਿਛਲੇ ਦਿਨੀਂ ਜੋ ਵਿਚਾਰਾਂ, ਮੈਂ ਅਤੇ ਮੇਰੀ ਸਿੰਘਣੀ ਨੇ ਪੰਜਾਬ ਦੇ ਸਿੱਖ ਚਿੰਤਕਾਂ ਦੇ ਮੂੰਹੋਂ ਸੁਣੀਆਂ, ਉਹ ਕੁਝ ਇਸ ਤਰ੍ਹਾਂ ਹਨ:

ਅੱਜ ਦੇ ਯੁਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਲੋੜ ਨਹੀਂ ਹੈ, ਗੁਰੂ ਗਿਆਨ ਹੈ ਅਤੇ ਉਸ ਨੂੰ ਮਾਡਰਨ ਯੁਗ ਦੇ ਸਾਧਨਾਂ, ਲੈਪ-ਟਾਪ, ਕੰਪਿਊਟਰ, ਸੀ. ਡੀ. ਜਾਂ ਪੈਨ ਡਰਾਈਵ ਵਿਚ ਸਾਂਭਿਆ ਜਾ ਸਕਦਾ ਹੈ। (ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਇਕ ਅੱਖਰ ਤਾਂ ਕੀ, ਇਕ ਲਗ-ਮਾਤ੍ਰ ਨਾਲ ਕੀਤੀ ਛੇੜ-ਛਾੜ ਦਾ ਪਤਾ ਵੀ ਸਹਿਜੇ ਹੀ ਲਗ ਜਾਂਦਾ ਹੈ, ਪਰ ਕੰਪਿਊਟਰ ਵਿਚ ਬਦਲੀ ਅੱਧੀ ਬਾਣੀ ਦਾ ਵੀ ਕੋਈ ਪਤਾ ਨਹੀਂ ਲਗਾ ਸਕਦਾ)

  1. ਆਨੰਦ ਕਾਰਜ ਕਰਵਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਕੋਈ ਲੋੜ ਨਹੀਂ ਹੈ, ਕੋਰਟ-ਮੈਰਿਜ ਨੂੰ ਪ੍ਰਮੁਖਤਾ ਦੇਣੀ ਚਾਹੀਦੀ ਹੈ, ਉਸ ਨਾਲ ਰਜਿਸਟ੍ਰੇਸ਼ਨ ਵੀ ਸਹਿਜੇ ਹੀ ਹੋ ਜਾਂਦੀ ਹੈ।

  2. ਕੇਸਾਂ ਦੀ ਸੰਭਾਲ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਸਾਰੇ ਡੈਡ-ਸੈਲ ਹਨ।

  3. ਕੜੇ ਦਾ ਕੋਈ ਮਹੱਤਵ ਨਹੀਂ ਹੈ, ਉਸ ਨਾਲ ਕਈ ਦੁਰ-ਘਟਨਾਵਾਂ ਹੋ ਜਾਂਦੀਆਂ ਹਨ, ਉਸ ਨੂੰ ਤਲਾਂਜਲੀ ਦੇ ਦੇਣੀ ਚਾਹੀਦੀ ਹੈ।

  4. ਕੰਘੇ ਨੂੰ ਹਰ ਵੇਲੇ ਕੋਲ ਰੱਖਣ ਦੀ ਕੋਈ ਤੁਕ ਨਹੀਂ ਹੈ, ਸਭ ਘਰਾਂ ਵਿਚ ਕੰਘੀਆਂ ਹੁੰਦੀਆਂ ਹਨ, ਸਾਰੇ ਉਨ੍ਹਾਂ ਨਾਲ ਹੀ ਵਾਲ ਵਾਹੁੰਦੇ ਹਨ, ਕਿਤੇ ਬਾਹਰ ਜਾਣਾ ਹੋਵੇ ਤਾਂ ਕੰਘੀ ਨਾਲ ਰੱਖੀ ਜਾ ਸਕਦੀ ਹੈ।

  5. ਰੇਬ ਕਛਹਰਿਆਂ ਦੀ ਕੀ ਲੋੜ ਹੈ, ਉਨ੍ਹਾਂ ਦੀ ਥਾਂ ਬਾਜ਼ਾਰੀ ਅੰਡਰ-ਵੀਅਰ ਅਪਣਾ ਲੈਣੇ ਚਾਹੀਦੇ ਹਨ।

  6. ਕਿਰਪਾਨ ਅੱਜ ਦੇ ਯੁਗ ਵਿਚ, ਖਾਲੀ ਚਿਨ੍ਹ ਹੋ ਕੇ ਰਹਿ ਗਈ ਹੈ, ਇਸ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ।

  7. ਜੇ ਬੇਟੀ ਕਿਸੇ ਮੁਸਲਮਾਨ ਨਾਲ ਵਿਆਹ ਕਰਵਾਣਾ ਚਾਹੁੰਦੀ ਹੈ, ਤਾਂ ਉਸ ਵਿਚ ਹਰਜ ਹੀ ਕੀ ਹੈ? ਉਸ ਦਾ ਵਿਆਹ ਮੁਸਲਮਾਨ ਲੜਕੇ ਨਾਲ ਕਰ ਦੇਣਾ ਚਾਹੀਦਾ ਹੈ। ਸਿੱਖੀ ਤਾਂ ਦੁਨੀਆਂ ਦੇ ਸਾਰੇ ਲੋਕਾਂ ਲਈ ਹੈ, ਉਨ੍ਹਾਂ ਵਿਚ ਵਿਤਕਰਾ ਨਹੀਂ ਕਰਨਾ ਚਾਹੀਦਾ।

  8. ਆਨੰਦ-ਮੈਰਿਜ ਐਕਟ ਨਾਲੋਂ ਹਿੰਦੂ-ਮੈਰਿਜ ਐਕਟ ਵਿਚ ਬਹੁਤ ਵੱਧ ਸਹੂਲਤਾਂ ਹਨ। ਸਿੱਖਾਂ ਨੂੰ ਆਨੰਦ ਮੈਰਿਜ ਐਕਟ ਰੱਦ ਕਰ ਕੇ, ਹਿੰਦੂ ਮੈਰਿਜ ਐਕਟ ਹੀ ਅਪਨਾਉਣਾ ਚਾਹੀਦਾ ਹੈ।

  9. ...........

ਇਹ ਅਤੇ ਅਜਿਹੀਆਂ ਹੀ ਕੁਝ ਹੋਰ ਗੱਲਾਂ ਸੁਣ ਕੇ ਮੈਨੂੰ, ਹੋਰ ਕੁਝ ਸਮਝ ਆਇਆ ਹੋਵੇ ਜਾਂ ਨਾਂਹ, ਪਰ ਇਕ ਗੱਲ ਜ਼ਰੂਰ ਸਮਝ ਆ ਗਈ ਹੈ ਕਿ ਪੰਜਾਬ ਤੋਂ ਬਾਹਰਲੇ, ਖਾਸ ਤੌਰ ਤੇ ਉਨ੍ਹਾਂ ਇਲਾਕਿਆਂ ਵਿਚਲੇ (ਜਿੱਥੇ ਅੱਜ-ਤਕ ਛੂਤ ਦੀ ਇਹ ਬੀਮਾਰੀ ਨਹੀਂ ਫੈਲੀ) ਸਿੱਖਾਂ ਨੂੰ ਪੰਜਾਬ ਵਿਚਲੇ ਇਨ੍ਹਾਂ ਨਵੀਂ ਛੂਤ ਦੀ ਬਿਮਾਰੀ ਤੋਂ ਪ੍ਰਭਾਵਤ ਵਿਚਾਰ-ਵਾਨਾਂ ਜਾਂ ਪਰਚਾਰਕਾਂ ਨੂੰ ਆਪਣੇ ਇਲਾਕੇ ਵਿਚ ਬੁਲਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਛੂਤ ਦੀ ਬਿਮਾਰੀ ਉਨ੍ਹਾਂ ਦੇ ਬੱਚਿਆਂ ਵਿਚ ਫੈਲਦੀ ਨੂੰ ਦੇਰ ਨਹੀਂ ਲਗਣੀ। ਸਿਰਫ ਉਨ੍ਹਾਂ ਚਿੰਤਕਾਂ ਨੂੰ ਹੀ ਸੱਦਣਾ ਚਾਹੀਦਾ ਹੈ, ਜੋ ਇਸ ਬਿਮਾਰੀ ਤੋਂ ਬਚੇ ਹੋਣ, ਜਿਨ੍ਹਾਂ ਦੀ ਸੋਚ ਘੱਟੇ-ਘੱਟ, ਇਕ ਸਦੀ ਤਕ ਬਾਰੇ ਵਿਚਾਰਨ ਯੋਗ ਹੋਵੇ।

ਪੰਜਾਬ ਦੇ ਇਹ ਮਹਾਨ ਚਿੰਤਕ ਆਪਣੇ ਪਿੰਡਾਂ ਵਿਚਲੇ ਜਾਤੀ-ਵਾਦੀ ਕੋੜ੍ਹ ਨੂੰ ਰੋਕ ਕੇ, ਸਿੱਖਾਂ ਨੂੰ ਇਸਾਈ ਬਣਨ ਤੋਂ ਰੋਕ ਲੈਣ ਤਾਂ, ਇਹ ਹੀ ਉਨ੍ਹਾਂ ਦੀ ਪੰਥ ਨੂੰ ਮਹਾਨ ਦੇਣ ਹੋਵੇਗੀ, ਪਰ ਉਨ੍ਹਾਂ ਦੀਆਂ ਗੱਲਾਂ ਤੋਂ ਤਾਂ ਇੰਜ ਜਾਪਦਾ ਹੈ, ਕਿ ਸ਼ਾਇਦ, ਇਸ ਧਰਮ ਪ੍ਰਿਵਰਤਨ ਪਿੱਛੇ ਕਿਤੇ ਨਾ ਕਿਤੇ, ਉਨ੍ਹਾਂ ਦੀ ਸੋਚ ਵੀ ਕੰਮ ਕਰਦੀ ਹੈ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top