Share on Facebook

Main News Page

‘ਤੈਂ ਕੀ ਦਰਦੁ ਨ ਆਇਆ ?’ ਤੁਕਾਂਸ਼ ਦੇ ਮਾਅਨੇ ਗਲ਼ਤ ਕਿਉਂ ਹੋ ਰਹੇ ਹਨ ?
- ਗਿਆਨੀ ਜਗਤਾਰ ਸਿੰਘ ਜਾਚਕ

ਡਾ. ਹਰਜਿੰਦਰ ਸਿੰਘ ਜੀ ‘ਦਿਲਗੀਰ’ ਇੱਕ ਐਸੇ ਪੰਥਪ੍ਰਸਤ ਪ੍ਰਸਿੱਧ ਇਤਿਹਾਸਕਾਰ ਤੇ ਗੁਰਸਿੱਖ ਵਿਦਵਾਨ ਹਨ, ਜਿਹੜੇ ਇਤਿਹਾਸਕ ਘਟਨਾਵਾਂ ਨੂੰ ਗੁਰਮਤਿ ਦੀ ਸਿਧਾਂਤਕ ਰੌਸ਼ਨੀ ਵਿੱਚ ਵਿਚਾਰਨ ਤੇ ਦਲੇਰੀ ਨਾਲ ਪ੍ਰਗਟਾਉਣ ਦੀ ਸਮਰਥਾ ਰਖਦੇ ਹਨ । ਉਨ੍ਹਾਂ ਵਿੱਚ ਸੱਚ ਕਹਿਣ ਦੀ ਜੁਰਅਤ ਹੈ । ਦਾਸ, ਡਾ. ਸਾਹਿਬ ਜੀ ਦੀ ਵਿਦਿਅਕ ਯੋਗਤਾ ਤੇ ਇਤਿਹਾਸਕ ਦੇਣ ਅੱਗੇ ਸਿਰ ਝਕਾਉਂਦਾ ਹੈ । ਉਨ੍ਹਾਂ ਦਾ ਗੁਰਬਾਣੀ ਸਬੰਧੀ ਇੱਕ ਕੀਮਤੀ ਲੇਖ, ਜੋ ਪਹਿਲੀ ਨਵੰਬਰ ਨੂੰ ‘ਖ਼ਾਲਸਾ ਨਿਊਜ਼’ ਤੇ ਛਪਿਆ ਹੈ, ਉਸ ਵਿੱਚ ਲਿਖਿਆ ਹੈ :

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ”॥ ਇਕ ਐਸੀ ਤੁਕ ਹੈ, ਜਿਸ ਦੇ ਮਾਅਨੇ ਅਕਸਰ ਗ਼ਲਤ ਕੀਤੇ ਜਾਂਦੇ ਹਨ (ਇੱਥੇ ਪ੍ਰੋ ਸਾਹਿਬ ਸਿੰਘ ਨੇ ਵੀ ਗ਼ਲਤੀ ਕੀਤੀ ਹੈ)। ਇਸ ਦਾ ਗ਼ਲਤ ਮਾਅਨਾ ਇਹ ਕੀਤਾ ਗਿਆ ਹੈ: ਇਤਨੀ ਮਾਰ ਪਈ ਕਿ ਉਹ ਕਰਲਾ ਉਠੇ । ਇਹ ਸਭ ਕੁਝ ਵੇਖ ਕੇ ਕੀ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ ? ਇਸ ਵਿਚ ਕੁਝ ਲੇਖਕਾਂ ਨੇ ਗ਼ਲਤੀ ਨਾਲ ਕੀ ਅਤੇ ? (ਸਵਾਲੀਆ ਨਿਸ਼ਾਨ) ਕੋਲੋਂ ਪਾ ਦਿੱਤੇ ਹਨ । ਜੇ ਇਨ੍ਹਾਂ ਮਾਅਨਿਆਂ ਨੂੰ ਮੰਨ ਲਈਏ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ:

ਗੁਰੁ ਨਾਨਕ ਸਾਹਿਬ ਨੇ ਰੱਬ ਨੂੰ ਉਲਾਂਭਾ ਦਿੱਤਾ ਹੈ, ਉਨ੍ਹਾਂ ਨੇ ਰੱਬ ‘ਤੇ ਇਤਰਾਜ਼ ਕੀਤਾ ਹੈ;

"ਉਸ ਦਾ ਭਾਣਾ ਮੰਨਣ ਤੋਂ ਇਨਕਾਰ ਕੀਤਾ ਹੈ; ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਨਹੀਂ ਮੰਨਿਆ । ਇਹ ਸਾਰੀਆਂ ਗੱਲਾਂ ਗੁਰੁ ਸਾਹਿਬ ਦੀ ਫ਼ਿਲਾਸਫ਼ੀ ਦੇ ਉਲਟ ਹਨ।"

ਦਿਲਗੀਰ ਜੀ ਨੇ ਵਿਚਾਰ ਅਧੀਨ ਉਪਰੋਕਤ ਤੁਕ ਵਾਲੇ ਸ਼ਬਦ ਦੇ ਪਹਿਲੇ ਦੋ ਪਦਿਆਂ ਦੇ ਇਤਿਹਾਸਕ ਤੇ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਤੁਕ-ਅਰਥ ਤੇ ਭਾਵਾਰਥ ਲਿਖ ਕੇ, ਬਾਕੀ ਦੇ ਲੇਖਕਾਂ ਨੂੰ ਅਰਜ਼ ਕੀਤੀ ਹੈ ਕਿ ਉਹ ਇਸ ਤੁਕ ਦੇ ਗਲ਼ਤ ਮਾਅਨੇ ਨਾ ਕਰਿਆ ਕਰਨ । ਉਨ੍ਹਾਂ ਮੁਤਾਬਿਕ ਤੁਕ ਦੇ ਅਸਲ ਮਾਅਨੇ ਹਨ :

ਇਤਨੀ ਮਾਰ ਪਈ ਕਿ ਉਹ (ਹਾਕਮ ਵੀ ਤੇ ਜਨਤਾ ਵੀ) ਕਰਲਾ (ਹਾਇ ਹਾਇ ਪੁਕਾਰ) ਉਠੇ। (ਪਰ) ਇਹ ਸਭ ਕੁਝ ਵੇਖ ਕੇ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ।(ਉਨ੍ਹਾਂ ਪਠਾਣ ਹਾਕਮਾਂ ‘ਤੇ ਤਰਸ ਇਸ ਕਰ ਕੇ ਨਹੀਂ ਆਇਆ ਕਿਉਂਕਿ ਉਹ ਰੱਬ ਨੂੰ ਭੁੱਲ ਬੈਠੇ ਸਨ; ਉਹ ਜ਼ਾਲਮ ਹਾਕਮ ਸਨ)

ਅਰਥ ਪੜ੍ਹ ਕੇ ਇਉਂ ਜਾਪਦਾ ਹੈ ਕਿ ਦਿਲਗੀਰ ਸਾਹਿਬ ਨੇ ‘ਤੈਂ ਕੀ ਦਰਦੁ ਨ ਆਇਆ’ ਤੁਕਾਂਸ਼ ਦੀ ਲਫ਼ਜ਼ੀ ਬਣਤਰ ਨੂੰ ਅਣਗੌਲਿਆਂ ਕੀਤਾ ਹੈ । ਉਨ੍ਹਾਂ ਨੇ ਗੁਰਮਤਿ ਦੇ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਸ਼ਬਦ ਦੇ ਇਤਿਹਾਸਕ ਪ੍ਰਸੰਗ ਵਿੱਚ ਤੁਕ ਦੇ ਭਾਵਾਰਥ ਲਿਖ ਕੇ ਸਿਧਾਂਤਕ ਟਪਲੇ ਤੋਂ ਬਚਣ ਦਾ ਯਤਨ ਕੀਤਾ ਹੈ । ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਵਿਦਵਾਨਾਂ ਨੇ ਵੀ ਇਸ ਤੁਕ ਦੇ ਲਗਭਗ ਇਹੀ ਅਰਥ ਕੀਤੇ ਹਨ ; ਤਾਂ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਉਲਾਂਭੇ ਦੇ ਦੋਸ਼ ਤੋਂ ਬਚਾਇਆ ਜਾ ਸਕੇ । ਵਿਦਵਾਨ ਸਜਣਾਂ ਦਾ ਅਜਿਹਾ ਯਤਨ ਸ਼ਲਾਘਾ ਯੋਗ ਹੈ ਅਤੇ ਗੁਰਮਤਿ ਦੇ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਇਹ ਅਰਥ ਸਹੀ ਵੀ ਜਾਪਦੇ ਹਨ । ਪਰ, ਗੁਰਬਾਣੀ ਦੀ ਲਿਖਣ ਸ਼ੈਲੀ ਅਤੇ ਵਿਆਕਰਣਿਕ ਦ੍ਰਿਸਟੀਕੋਨ ਤੋਂ ‘ਤੈਂ ਕੀ ਦਰਦੁ ਨ ਆਇਆ’ ਤੁਕਾਂਸ਼ ਦੇ ਉਪਰੋਕਤ ਕਿਸਮ ਅਰਥ ਕਰ ਸਕਣੇ ਅਸੰਭਵ ਹਨ ।

ਕਿਉਂਕਿ, ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ‘ਕੀ’ ਲਫ਼ਜ਼ ਦੀ ਵਰਤੋਂ 2656 ਵਾਰ ਹੋਈ ਹੈ ਅਤੇ ਇਹ ਕੇਵਲ ਦੋ ਰੂਪਾਂ ਵਿੱਚ ਹੀ ਵਰਤਿਆ ਮਿਲਦਾ ਹੈ । ਇੱਕ ਹੈ ‘ਦੀ’ ਦੇ ਅਰਥਾਂ ਵਿੱਚ ਸਬੰਧਕੀ ਰੂਪ ਅਤੇ ਦੂਜਾ ਹੈ ‘ਕਿਆ’ ਦੇ ਅਰਥਾਂ ਵਿੱਚ ਪ੍ਰਸ਼ਨ-ਵਾਚਕ ਰੂਪ । ਜਿਵੇਂ :

ਮੰਨੇ ਕੀ ਗਤਿ, ਕਹੀ ਨ ਜਾਇ ॥ {ਜਪੁਜੀ, ਅੰਗ 3}
ਆਇ ਗਇਆ, ਕੀ ਨ ਆਇਓ ? ਕਿਉ ਆਵੈ ਜਾਤਾ ? ॥ {ਅੰਗ 766}

‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’ {ਅੰਗ 360} ਤੁਕ ਵਿੱਚ ਵੀ ‘ਕੀ’ ਲਫ਼ਜ਼ ਪ੍ਰਸ਼ਨ-ਵਾਚਕ ਹੈ । ਇਹੀ ਕਾਰਣ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਣਿਤ ਅਤੇ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਸਿਮਰਤੀ ਨੂੰ ਸਮਰਪਤ ‘ਈਸ਼ਰ ਮਾਈਕਰੋ ਮੀਡੀਆ’ ਵੈਬ ਸਾਈਟ ਉਪਰ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ’ਤੇ ਅਧਾਰਿਤ ਇਸ ਤੁਕ ਦਾ ਪਾਠ-ਬੋਧ ਇਉਂ ਕਰਵਾਇਆ ਗਿਆ ਹੈ:

ਏਤੀ ਮਾਰ ਪਈ ਕਰਲਾਣੇ; ਤੈਂ ਕੀ ਦਰਦੁ ਨ ਆਇਆ ?॥1॥

ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਨੇ ਪਾਠ-ਬੋਧ ਕਰਵਾਉਣ ਲਈ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਿੱਚ ‘ਕੀ’ ਲਫ਼ਜ਼ ਨੂੰ ਪ੍ਰਸ਼ਨ ਵਾਚਕ ਮੰਨ ਕੇ, ਤੁਕ ਵਿੱਚਲੇ ‘ਕੀ’ ਲਫ਼ਜ਼ ਪਿਛੋਂ ਕਾਮਾ ਲਗਾ ਕੇ ਅਰਥ ਸਪਸ਼ਟ ਕਰਨ ਦਾ ਇਉਂ ਯਤਨ ਕੀਤਾ ਹੈ :

ਏਤੀ ਮਾਰ ਪਈ ‘ਕਰਲਾਣੇ’; ਤੈਂ ਕੀ, ਦਰਦੁ ਨ ਆਇਆ ॥1॥

ਇਹੀ ਕਾਰਣ ਹੈ ਕਿ ਪ੍ਰੋ. ਸਾਹਿਬ ਸਿੰਘ ਜੀ ਹੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿਖੇ ਗੁਰਬਾਣੀ ਦੀ ਤੁਕ ਵਿੱਚ ਸੁਆਲੀਆ ਨਿਸ਼ਾਨ ਭਾਵੇਂ ਨਹੀਂ ਪਾਇਆ । ਪਰ, ਅਰਥ ਕਰਨ ਵੇਲੇ ‘ਕੀ’ ਲਫ਼ਜ਼ ਨੂੰ ਧਿਆਨ ਵਿੱਚ ਰੱਖ ਕੇ ਤੁਕ-ਅਰਥ ਸੁਆਲੀਆ ਰੂਪ ਵਿੱਚ ਕੀਤੇ ਅਤੇ ਅਖ਼ੀਰ ਵਿੱਚ ਸੁਆਲੀਆ ਚਿੰਨ (?) ਵੀ ਲਗਾਇਆ । ਜਿਵੇਂ :

(ਹੇ ਕਰਤਾਰ ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ । ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ ? ।1। { }

ਗੁਰਬਾਣੀ ਦੀ ਲਿਖਣ ਸ਼ੈਲੀ ਤੇ ਵਿਆਕਰਣਿਕ ਦ੍ਰਿਸ਼ਟੀਕੋਨ ਤੋਂ ਪ੍ਰੋ. ਸਾਹਿਬ ਜੀ ਵੱਲੋਂ ਕੀਤੇ ਤੁਕ-ਅਰਥ ਬਿਲਕੁਲ ਸਹੀ ਹਨ ਅਤੇ ਦਿਲਗੀਰ ਜੀ ਦਾ ਇਹ ਕਥਨ ਕਿ “ਪ੍ਰੋ. ਸਾਹਿਬ ਨੇ ਗਲਤੀ ਕੀਤੀ ਹੈ” ਜਾਂ “ਕੁਝ ਲੇਖਕਾਂ ਨੇ ਗਲ਼ਤੀ ਨਾਲ ਕੀ ਅਤੇ ? (ਸੁਆਲੀਆ ਨਿਸ਼ਾਨ) ਕੋਲੋਂ ਪਾ ਦਿੱਤੇ ਹਨ ।” ਬਿਲਕੁਲ ਨਿਰਮੂਲ ਜਾਪਦਾ ਹੈ ।

ਹਾਂ ! ਪ੍ਰੋ. ਸਾਹਿਬ ਅਤੇ ਹੋਰ ਲੇਖਕ ਵੀਰਾਂ ਨੂੰ ਅਰਥ ਕਰਨ ਵੇਲੇ ਜਿਥੇ ਟਪਲਾ ਲੱਗਾ, ਉਹ ਹੈ ਸ਼ਬਦ ਦਾ ਰਹਾਉ ਵਾਲਾ ਪਦਾ, ਜਿਹੜਾ ਸੰਪੂਰਨ ਤੌਰ ’ਤੇ ਕਰਤੇ ਪ੍ਰਭੂ ਨੂੰ ਸੰਬੋਧਨ ਕਰਕੇ ਮਧਮ ਪੁਰਖ ਵਿੱਚ ਉਚਾਰਨ ਕੀਤਾ ਗਿਆ ਹੈ । ਪਰ, ਅਰਥ ਕਰਨ ਵੇਲੇ ਵਿਦਵਾਨਾਂ ਨੇ ਇਸ ਦੀ ਪਹਿਲੀ ਤੁਕ ਤਾਂ ਸੰਬੋਧਨ ਰੂਪ ਮੰਨ ਕੇ ਮਧਮ-ਪੁਰਖ ਵਿੱਚ ਅਰਥਾਈ ਹੈ । ਪਰ, ਦੂਜੀ ਤੁਕ ਨੂੰ ਸੰਬੋਧਨ ਰੂਪ ਨਾ ਮੰਨ ਕੇ ਅਨ ਪੁਰਖ ਵਿੱਚ ਅਰਥਾਇਆ ਗਿਆ ਹੈ । ਸਤਿਕਾਰਯੋਗ ਦਿਲਗੀਰ ਸਾਹਿਬ ਵੀ ਇਸੇ ਸ਼੍ਰੇਣੀ ਵਿੱਚ ਸ਼ਾਮਲ ਹਨ । ਸ਼ਬਦ ਦੀ ਪਾਵਨ ਤੁਕ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਅਰਥ ਇਸ ਪ੍ਰਕਾਰ ਹਨ :

ਕਰਤਾ ! ਤੂੰ ਸਭਨਾ ਕਾ ਸੋਈ ॥
ਜੇ ਸਕਤਾ, ਸਕਤੇ ਕਉ ਮਾਰੇ ; ਤਾ ਮਨਿ ਰੋਸੁ ਨ ਹੋਈ ॥1॥ ਰਹਾਉ ॥
{ਅੰਗ 360}

1. ਹੇ ਕਰਤਾ (ਦੁਨੀਆਂ ਬਣਾਉਣ ਵਾਲੇ ਕਰਤਾਰ) ਤੂੰ ਸਭਨਾਂ ਹੀ ਜੀਵਾਂ ਦੀ ਸੋਈ (ਸਾਰ ਲੈਣ) ਵਾਲਾ ਹੈਂ
2. ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਕਿਸੇ ਦੇ ਵੀ) ਮਨ ਵਿਚ ਰੋਸ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਬਰਾਬਰ ਦੇ ਤਗੜੇ ਹੱਥ ਵਿਖਾ ਲੈਂਦੇ ਹਨ)।

ਇਸ ਪੱਖੋਂ ਫਰੀਦਕੋਟੀ ਟੀਕੇ ਦੇ ਅਰਥ ਬਿਲਕੁਲ ਸਹੀ ਹਨ । ਉਸ ਦੀ ਲਿਖਤ ਇਸ ਪ੍ਰਕਾਰ ਹੈ : ਹੇ ਕਰਤਾ ਪੁਰਖ ! ਤੂੰ ਸਭ ਕਾ (ਸੋਈ) ਸੁਧ ਲੇਨੇ ਹਾਰਾ ਹੈਂ ॥ ਜੇ (ਸਕਤਾ) ਬਲਵਾਨ, ਬਲਵਾਨ ਕੋ ਮਾਰੇ ਤੋ ਫਿਰ ਤੁਮਾਰੇ ਮਨ ਮੇਂ ਮਾਰਨ ਵਾਲੇ ਪਰ ਕ੍ਰੋਧ ਨਹੀਂ ਆਉਤਾ ॥ ਰਹਾਉ ॥

ਸਪਸ਼ਟ ਹੈ ਕਿ ਗੱਲ ਕਰਤੇ ਪ੍ਰਭੂ ਦੇ ਮਨ ਦੀ ਸੀ । ਪਰ, ਵਿਦਵਾਨਾਂ ਨੇ ਮਨ ਕਿਸੇ ਹੋਰ ਵਿਅਕਤੀ ਦਾ ਮੰਨ ਲਿਆ । ਇਥੋਂ ਹੀ ਮੁੱਢ ਬੱਝਾ ਹੈ ਸ਼ਬਦ ਦੀਆਂ ਉਨ੍ਹਾਂ ਕੁਝ ਤੁਕਾਂ ਦੇ ਗਲ਼ਤ ਅਰਥਾਂ ਦਾ, ਜਿਨ੍ਹਾਂ ਦੇ ਹਵਾਲੇ ਅਤੇ ਅਰਥਾਂ ਪੱਖੋਂ ਡਾ. ਦਿਲਗੀਰ ਜੀ ਨੇ ਲੇਖਕ ਵੀਰਾਂ ਨੂੰ ਸੁਚੇਤ ਕੀਤਾ ਹੈ।

ਮੇਰਾ ਖ਼ਿਆਲ ਹੈ ਕਿ ਜੇਕਰ ਟੀਕਾਕਾਰ ਲੇਖਕ ਵੀਰ ਇਸ ਸ਼ਬਦ ਨੂੰ ਵੀਚਾਰਨ ਵੇਲੇ ਸੰਨ 1521 ਨੂੰ ਸੈਦਪੁਰ (ਐਮਨਾਬਾਦ) ਵਿਖੇ ਮੁਗਲ ਪਠਾਣਾ ਦੀ ਹੋਈ ਇਸ ਲੜਾਈ ਵਿੱਚ, ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਨਾਲ ਉਸ ਲਹੂ-ਲਹਾਨ ਮੈਦਾਨ ਤੇ ਅੱਗਾਂ ਦੇ ਭਾਂਬੜਾਂ ਵਿੱਚ ਖੜਾ ਕਰਕੇ ਲੋਕਾਂ ਦੀ ਕਰਲਾਹਟ ਸੁਣਦੇ ; ਤਾਂ ਉਹ ‘ਏਤੀ ਮਾਰ ਪਈ ‘ਕਰਲਾਣੇ’; ਤੈਂ ਕੀ, ਦਰਦੁ ਨ ਆਇਆ ॥’ ਤੁਕ ਪੜ੍ਹ ਕੇ ਇਹ ਭੁਲੇਖਾ ਨਾ ਖਾਂਦੇ ਕਿ ਗੁਰੂ ਨਾਨਕ ਸਾਹਿਬ ਕਰਤੇ-ਪ੍ਰਭੂ ਨੂੰ ਸੁਆਲੀਆ ਲਹਿਜੇ ਵਿੱਚ ਕੋਈ ਉਲਾਂਭਾ ਦੇ ਰਹੇ ਹਨ । ਉਹ ਛੇਤੀ ਹੀ ਸਮਝ ਜਾਂਦੇ ਕਿ ਇਹ ਪੁਕਾਰ ਮਾਇਕ ਰੰਗ ਤਮਾਸ਼ਿਆਂ ਵਿੱਚ ਬੇਹੋਸ਼ ਹੋਏ ਅਤੇ ਰਾਜ ਅਭਿਮਾਨ ਕਾਰਨ ਕੁੱਤੇ ਬਣੇ ਹਾਕਮ ਪਠਾਣਾਂ ਦੇ ਪ੍ਰਵਾਰਾਂ ਅਤੇ ਹੋਰ ਪੀੜਤ ਹਿਰਦਿਆਂ ਦੀ ਦੁਖਿਤ ਹੂਕ ਹੈ, ਜਿਹੜੇ ਸਕਤੇ ਸ਼ੀਂਹ ਬਣੇ ਮੁਗਲਾਂ ਹੱਥੋਂ ਬੇਇਜ਼ਤ ਹੋ ਕੇ ਮਰ ਰਹੇ ਸਨ ।

ਗੁਰੂ ਨਾਨਕ ਸਾਹਿਬ ਤਾਂ ਰਹਾਉ ਦੀ ਤੁਕ ਦੁਆਰਾ ਉਨ੍ਹਾਂ ਦੁਖੀਆਂ ਦੇ ਅਜਿਹੇ ਸ਼ਿਕਵੇ ਤੇ ਗਿਲੇ ਸੁਣ ਕੇ ਇੱਕ ਢੰਗ ਨਾਲ ਉਨ੍ਹਾਂ ਦਾ ਉੱਤਰ ਦੇ ਰਹੇ ਸਨ । ਜਿਵੇਂ ਪੰਜਾਬੀ ਦਾ ਮੁਹਾਵਰਾ ਹੈ ‘ਕਹਾਂ ਧੀ ਨੂੰ, ਸੁਣਾਵਾਂ’ ਨੋਂਹ ਨੂੰ । “ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥” ਗੁਰਵਾਕ ਦੁਆਰਾ ਸੰਬੋਧਨ ਕਰਦੇ ਸਨ ਰੱਬ ਨੂੰ ਤੇ ਸਮਝਾ ਰਹੇ ਸਨ ਸਾਡੇ ਵਰਗੇ ਭੁਲੜਾਂ ਨੂੰ । ਇਸ ਦ੍ਰਿਸ਼ਟੀਕੋਨ ਤੋਂ ਸੰਪੂਰਨ ਸ਼ਬਦ ਦੇ ਤੁਕ-ਅਰਥ ਤੇ ਭਾਵਾਰਥ ਇਸ ਪ੍ਰਕਾਰ ਹੋਣਗੇ ।

ਆਸਾ ਮਹਲਾ 1 ॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥1॥

ਅਰਥ :-ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ । (ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ । (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇ ਕੇ ਜਗਾਉਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ । (ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਰਾਜਕੁਮਾਰ ਤੇ ਹੋਰ ਹਿੰਦੂ ਤੇ ਹਿੰਦਵਾਣੀਆਂ (ਹਾਇ ਹਾਇ) ਪੁਕਾਰ ਉਠੇ । (ਉਹ ਕਰਲਾਉਂਦੇ ਹੋਏ ਕਹਿ ਰਹੇ ਸਨ “ਰੱਬਾ ! ਇਤਨੀ ਮਾਰ ਪੈਂਦੀ ਵੇਖ ਕੇ) ਤੈਨੂੰ ਸਾਡੇ ’ਤੇ ਤਰਸ ਨਹੀਂ ਆਇਆ ? ।1।

ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥1॥ ਰਹਾਉ ॥

ਹੇ ਕਰਤਾਰ ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਲੈਣ ਵਾਲਾ ਹੈਂ । ਜੇ ਕੋਈ ਜ਼ੋਰਾਵਰ, ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਹੇ ਕਰਤਾਰ ! ਤੇਰੇ ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ।1।ਰਹਾਉ।

ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀ, ਮੁਇਆ ਸਾਰ ਨ ਕਾਈ ॥ ਆਪੇ ਜੋੜਿ ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ ॥2॥

(‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ’ ਵਰਗੇ ਉਲਾਂਭੇ ਦੇਣ ਵਾਲਿਆਂ ਨੂੰ ਗੁਰਦੇਵ ਜੀ ਨੇ ਰਹਾਉ ਦੇ ਪਦੇ ਰਾਹੀਂ ਸਮਝਾਇਆ ਕਿ ਤਹਾਨੂੰ ਪਈ ਮਾਰ ਦਾ ਰੱਬ ਨੂੰ ਕੋਈ ਗੁੱਸਾ-ਗਿਲਾ ਨਹੀਂ । ਕਿਉਂਕਿ, ਤੁਸੀਂ ਦੋਵੇ ਧਿਰਾਂ ਇੱਕੋ ਜਹੀਆਂ ਹੋ । ਹਾਂ ਭਾਈ ! ਇਹ ਠੀਕ ਹੈ ਕਿ) ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰਾਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ ( ਪਰ, ਇਥੇ ਕੋਈ ਗਾਈਆਂ ਦਾ ਵੱਗ ਨਹੀਂ । ਦੋਨੋ ਪਾਸੇ ਉਹ ਸਕਤੇ ਹਾਕਮ ਹਨ, ਜਿਹੜੇ ਦੁਨਿਆਵੀ ਰੰਗ ਰਲੀਆਂ ਵਿੱਚ ਮਦਹੋਸ਼ ਤੇ ਸੁਆਰਥੀ ਹੋ ਕੇ ਧਨ, ਜੋਬਨ ਤੇ ਰਾਜ ਅਭਿਮਾਨ ਵਿੱਚ ਕੁੱਤਿਆਂ ਵਰਗੇ ਬਣ ਗਏ ਹਨ । ਜਿਵੇਂ ਕੁੱਤੇ, ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ ਤੇ ਇੱਕ ਦੂਜੇ ਨੂੰ ਪਾੜ ਖਾਂਦੇ ਹਨ । ਇਹੀ ਸੁਭਾਵ ਹੋ ਗਿਆ ਸੀ ਇਨ੍ਹਾਂ ਦਾ । ਇਹੀ ਕਾਰਣ ਹੈ ਕਿ ਪਹਿਲਾਂ ਤਾਂ ਇਨ੍ਹਾਂ ) ਕੁਤਿਆਂ ਨੇ ਰਤਨ ਰੂਪ ਮਨੁਖੀ ਸਰੀਰਾਂ ਨੂੰ ਵਿਕਾਰਾਂ ਵਿੱਚ ਲੱਗ ਕੇ ਵਗਾੜਿਆ ਤੇ ਹੁਣ ਇਨ੍ਹਾਂ ਮਰੇ ਪਿਆਂ ਦੀ ਵੀ ਕੋਈ ਸਾਰ ਨਹੀਂ ਲੈ ਰਿਹਾ।

(ਹੇ ਕਰਤਾਰ ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ । ਵੇਖ ! ਹੇ ਕਰਤਾਰ ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ।2।

ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥3॥5॥39॥ {ਪੰਨਾ 360}

(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ, ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)।

ਹੇ ਨਾਨਕ ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ।3।5।39।

ਮੈਂ ਅਤਿ ਧੰਨਵਾਦੀ ਹਾਂ ਡਾ. ਦਿਲਗੀਰ ਸਾਹਿਬ ਜੀ ਦਾ, ਜਿਨ੍ਹਾਂ ਨੇ ਇਹ ਸ਼ਬਦ ਵੀਚਾਰਨ ਲਈ ਪ੍ਰੇਰਿਆ ਹੈ । ਅਸੀਂ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਪਿਆਰ ਤੇ ਸਤਿਕਾਰ ਦਿੰਦੇ ਆ ਰਹੇ ਹਾਂ । ਪੂਰਨ ਉਮੀਦ ਹੈ ਕਿ ਉਹ ਆਪਣੀ ਬਜ਼ੁਰਗੀ ਵਾਲਾ ਬਿਰਦ ਪਾਲਦੇ ਹੋਏ ਮੇਰੀ ਉੱਤਰ ਦੇਣ ਵਾਲੀ ਉਪਰੋਕਤ ਗੁਸਤਾਖ਼ੀ ਨੂੰ ਮੁਆਫ਼ ਕਰਨਗੇ ਅਤੇ ਦਾਸਰੇ ਵੱਲੋਂ ਕੀਤੀ ਸ਼ਬਦ ਵੀਚਾਰ ਨੂੰ ਹੋਰ ਸੁਧਾਰਨ ਲਈ ਸਹਾਇਕ ਹੋਣਗੇ । ਸੂਝਵਾਨ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣੇ ਵਿਚਾਰ ਖੁਲ੍ਹ ਕੇ ਦੇਣ ਤਾਂ ਜੋ ‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ’ ਮੈਲਬੌਰਨ ਵੱਲੋਂ ਚਲਾਏ ਜਾ ਰਹੇ ‘ਗੁਰਬਾਣੀ ਦਰਪਣ’ ਪ੍ਰੋਜੈਕਟ ਰਾਹੀਂ ਇਸ ਸ਼ਬਦ ਦੀ ਸਹੀ ਵਿਚਾਰ ਸੰਗਤਾਂ ਤਕ ਪਹੁੰਚਾਈ ਜਾ ਸਕੇ ।

ਸਾਨੂੰ ਗੁਰਉਪਦੇਸ਼ ਹੈ :

ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ ਰਸਨਾ ਰਾਮ ਰਸਾਇਨੁ ਪੀਜੈ ॥ {ਅੰਗ 1164}

ਗੁਣਵੰਤਿਆਂ ਪਾਛਾਰ : ਜਗਤਾਰ ਸਿੰਘ ਜਾਚਕ, ਮਿਤੀ 2 ਨਵੰਬਰ 2012
ਲੁਦਿਆਣਾ (ਇੰਡੀਆ) ਮੁਬਾਈਲ : 0 98552 05089


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top