Share on Facebook

Main News Page

ਕਰਵਾ ਚੌਥ: ਇੱਕ ਭਰਮ
-
ਸਤਿੰਦਰਜੀਤ ਸਿੰਘ

ਧਰਤੀ ਦਾ ਗੁਲਾਮ ਭਾਵ ਧਰਤੀ ਦੁਆਲੇ ਦਿਨ-ਰਾਤ ਬਿਨ੍ਹਾਂ ਸਾਹ ਲਏ ਚੱਕਰ ਲਾਉਣ ਵਾਲਾ ਚੰਦਰਮਾ ਜੋ ਕਿ ਧਰਤੀ ਦਾ ਕੁਦਰਤੀ ਉਪ-ਗ੍ਰਹਿ ਹੈ ਅਤੇ ਪ੍ਰਮਾਤਮਾ ਦੀ ਰਚਨਾ ਕੁਦਰਤ ਵੱਲੋਂ ਤੈਅ ਕੀਤੇ ਨਿਯਮਾਂ ਅਧੀਨ ਹੈ, ਕਿਸੇ ਦਾ ਕੁਝ ਨਹੀਂ ਸੰਵਾਰ ਸਕਦਾ। ਕਰਵਾ ਚੌਥ ਦਾ ਵਰਤ ਜੋ ਕਿ ਚੰਨ ਨੂੰ ਦੇਖ ਕੇ ਖਤਮ ਕੀਤਾ ਜਾਂਦਾ ਹੈ ਇੱਕ ਪਾਖੰਡ, ਵਹਿਮ, ਅੰਧ-ਵਿਸ਼ਵਾਸ਼, ਕਰਮਕਾਂਡ...ਤੋਂ ਵੱਧ ਕੁਝ ਨਹੀਂ। ਜੀਵਨ ਦੇਣ 'ਤੇ ਲੈਣ ਵਾਲਾ ਇੱਕੋ-ਇੱਕ ਪ੍ਰਮਾਤਮਾ ਹੈ ਕੋਈ ਗ੍ਰਹਿ ਜਾਂ ਉਪ-ਗ੍ਰਹਿ ਨਹੀਂ। ਜਿਸ ਦਾ ਧਰਮ ਇਹ ਕੰਮ ਕਰਨ ਦੀ ਇਜ਼ਾਜ਼ਤ ਦਿੰਦਾ ਹੈ ਉਹਨਾਂ ਨੂੰ ਮੁਬਾਰਕ ਪਰ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਪਾਖੰਡ ਅਤੇ ਕਰਮਕਾਂਡ ਤੋਂ ਮੁਕਤ ਕਰਨ ਲਈ ਕ੍ਰਾਂਤੀ ਲਿਆਂਦੀ ਸੀ, ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਹੋਏ ਹਨ ਫਿਰ ਸਿੱਖ ਕਿਉਂ ਇਹਨਾਂ ਕਰਮਕਾਂਡਾ ਨੂੰ ਮਨਾ ਰਹੇ ਹਨ...? ਜਿਸ ਪਾਖੰਡ 'ਚੋਂ ਗੁਰੂ ਸਾਹਿਬ ਨੇ ਕੱਢਿਆ ਸੀ, ਉਸੇ ਵਿੱਚ ਫਿਰ ਧਸਦੇ ਜਾ ਰਹੇ ਹਾਂ, ਜੇ ਮੰਗਣਾ ਹੀ ਹੈ ਤਾਂ ਜੀਵਨ ਲਈ ਖੁਸੀਆਂ ਪ੍ਰਮਾਤਮਾ ਤੋਂ ਮੰਗੋ, ਉਸਦੀ ਕਿਸੇ ਰਚਨਾ ਤੋਂ ਨਹੀਂ, ਜਿਸਨੂੰ ਪ੍ਰਮਾਤਮਾ ਰੱਖੇ ਉਸਨੂੰ ਕੋਈ ਨਹੀਂ ਮਾਰ ਸਕਦਾ, ਗੁਰਬਾਣੀ ਦਾ ਉਪਦੇਸ਼ ਸਪੱਸ਼ਟ ਹੈ:

ਭੈਰਉ ਮਹਲਾ ੫ ॥ ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥ ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥ ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥ ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥ ਰਾਖਹੁ ਰਾਖਹੁ ਕਿਰਪਾ ਧਾਰਿ ॥ ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥  ਜਿਨਿ ਸੇਵਿਆ ਨਿਰਭਉ ਸੁਖਦਾਤਾ ॥ ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥ ਜੋ ਤੂ ਕਰਹਿ ਸੋਈ ਫੁਨਿ ਹੋਇ॥ ਮਾਰੈ ਨ ਰਾਖੈ ਦੂਜਾ ਕੋਇ ॥੨॥  ਕਿਆ ਤੂ ਸੋਚਹਿ ਮਾਣਸ ਬਾਣਿ ॥ ਅੰਤਰਜਾਮੀ ਪੁਰਖੁ ਸੁਜਾਣੁ ॥ ਏਕ ਟੇਕ ਏਕੋ ਆਧਾਰੁ ॥ ਸਭ ਕਿਛੁ ਜਾਣੈ ਸਿਰਜਣਹਾਰੁ ॥੩॥  ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥ ਤਿਸੁ ਜਨ ਕੇ ਸਭਿ ਕਾਜ ਸਵਾਰਿ ॥ ਤਿਸ ਕਾ ਰਾਖਾ ਏਕੋ ਸੋਇ ॥ ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥ {ਪੰਨਾ 1139}

ਅਰਥ:- ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆਇਆ ਹਾਂ, ਮਿਹਰ ਕਰ ਕੇ ਮੇਰੀ ਰੱਖਿਆ ਕਰ, ਰੱਖਿਆ ਕਰ ।1ਰਹਾਉ।

ਹੇ ਪ੍ਰਭੂ! ਜਿਸ ਨੂੰ ਤੂੰ ਬਚਾਏਂ, ਉਸ ਨੂੰ ਕੋਈ ਮਾਰ ਨਹੀਂ ਸਕਦਾ, (ਕਿਉਂਕਿ) ਸਾਰੇ ਸੰਸਾਰ ਵਿਚ ਸਾਰੀ (ਉਤਪੱਤੀ) ਤੇਰੇ ਹੀ ਅਧੀਨ ਹੈ । ਹੇ ਭਾਈ! ਜੀਵ (ਆਪਣੇ ਵਾਸਤੇ) ਕ੍ਰੋੜਾਂ ਹੀਲੇ ਸੋਚਦਾ ਰਹਿੰਦਾ ਹੈ, ਪਰ ਉਹੀ ਕੁਝ ਹੁੰਦਾ ਹੈ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ ।1

ਹੇ ਭਾਈ! ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਰਨ ਲਈ, ਉਸ ਨੇ (ਆਪਣਾ ਹਰੇਕ) ਡਰ ਦੂਰ ਕਰ ਲਿਆ, ਉਸ ਨੇ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾ ਲਈ । ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ । (ਤੈਥੋਂ ਬਿਨਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ।2

ਹੇ ਭਾਈ! (ਆਪਣੇ) ਮਨੁੱਖਾ ਸੁਭਾਉ ਅਨੁਸਾਰ ਤੂੰ ਕੀਹ ਸੋਚਾਂ ਸੋਚਦਾ ਰਹਿੰਦਾ ਹੈਂ? ਸਰਬ-ਵਿਆਪਕ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ । (ਅਸਾਂ ਜੀਵਾਂ ਦੀ) ਉਹੀ ਟੇਕ ਹੈ ਉਹੀ ਆਸਰਾ ਹੈ । ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਸਭ ਕੁਝ ਜਾਣਦਾ ਹੈ ।3

ਹੇ ਭਾਈ! ਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ । ਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ। ਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ ।4417

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਸਨੂੰ ਮਨੁੱਖ ਤਿਆਗਦਾ ਹੈ ਉਹ ਅੰਨ ਵੀ ਪ੍ਰਮਾਤਮਾ ਹੀ ਪੈਦਾ ਕਰਦਾ ਹੈ। ਉਹ ਪ੍ਰਮਾਤਮਾ ਧੰਨ ਹੈ ਜੋ ਸਭ ਲਈ ਅਨਾਜ ਪੈਦਾ ਕਰਦਾ ਹੈ ਅਤੇ ਉਹ ਅਨਾਜ ਵੀ ਧੰਨ ਹੈ ਜਿਸ ਨੂੰ ਖਾ ਕੇ ਪੇਟ ਭਰਨ ਨਾਲ ਮਨ ਖਿਲ ਉੱਠਦਾ ਹੈ:

ਗੋਂਡ ॥ ਧੰਨੁ ਗੁਪਾਲ ਧੰਨੁ ਗੁਰਦੇਵ ॥ ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥ ਧਨੁ ਓਇ ਸੰਤ ਜਿਨ ਐਸੀ ਜਾਨੀ ॥ ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥ ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥ {ਪੰਨਾ 873}

ਅਰਥ: (ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿਚ ਤੁਸੀ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ, ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ।੧।ਰਹਾਉ।

ਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ (ਜੋ ਅੰਨ ਪੈਦਾ ਕਰਦਾ ਹੈ), ਧੰਨ ਹੈ ਸਤਿਗੁਰੂ (ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ), ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ (ਫੁੱਲ ਵਾਂਗ) ਟਹਿਕ ਪੈਂਦਾ ਹੈ। ਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ), ਉਹਨਾਂ ਨੂੰ ਪਰਮਾਤਮਾ ਮਿਲਦਾ ਹੈ।੧।

ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਅੰਨ ਦਾ ਤਿਆਗ ਕਰਨ ਦੀ ਥਾਂ ਉਸਨੂੰ ਸਹਿਜ ਨਾਲ ਇਸ ਤਰ੍ਹਾਂ ਛਕੋ ਜਿਵੇਂ ਪ੍ਰਮਾਤਮਾ ਦਾ ਨਾਮ ਸਿਮਰਦੇ ਹੋਈਏ:

ਜਪੀਐ ਨਾਮੁ ਜਪੀਐ ਅੰਨੁ ॥ ਅੰਭੈ ਕੈ ਸੰਗਿ ਨੀਕਾ ਵੰਨੁ ॥ ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥ {ਪੰਨਾ 873}

ਅਰਥ: (ਤਾਂ ਤੇ) ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅੰਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ (ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ)। (ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ) ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ! (ਜੇ ਪਾਣੀ ਵਰਤਣ ਵਿਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?) ਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ (ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ)।੨।

ਸਿੱਖ ਨੇ ਆਪਣਾ ਜੀਵਨ ਗੁਰਬਾਣੀ ਤੋਂ ਸੇਧ ਲੈ ਕੇ ਬਣਾਉਣਾ ਹੈ ਨਾ ਕਿ ਕਿਸੇ ਦੀ ਰੀਸ ਨਾਲ। ਭੋਜਨ ਦਾ ਤਿਆਗ ਕਰ, ਵਰਤ ਵਰਗੇ ਪਾਖੰਗ ਕਰਨ ਵਾਲਿਆਂ ਲਈ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ:

ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥੩॥ ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥  ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥  {ਪੰਨਾ 873}

ਅਰਥ: ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ, ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ। (ਅੰਨ ਛੱਡਣ ਵਾਲੇ ਸਾਧੂ) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ, ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ।੩।

ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ। ਹੇ ਕਬੀਰ! (ਬੇਸ਼ੱਕ) ਆਖ-ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ।੪।੮।੧੧।

ਸਿੱਖ ਧਰਮ ਵਿੱਚ ਇਹਨਾਂ ਵਰਤਾਂ ਆਦਿਕ ਕਰਮਕਾਂਡਾ ਦੀ ਕੋਈ ਥਾਂ ਨਹੀਂ।

ਜਾਗੋ ਸਿੱਖੋ, ਜਾਗੋ, ਕਰਮਕਾਂਡ ਤਿਆਗੋ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top