(1) ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
(2) ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
(3) ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥1॥
(4) ਕਰਤਾ ਤੂੰ ਸਭਨਾ ਕਾ ਸੋਈ॥
(5) ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥1॥ ਰਹਾਉ॥
(6) ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ...
{ਗੁਰੁ ਗ੍ਰੰਥ ਸਾਹਿਬ, ਸਫ਼ਾ 360}
ਗੁਰੁ ਨਾਨਕ ਸਾਹਿਬ ਦੇ ਇਸ ਸ਼ਬਦ ਦੀਆਂ ਕੁਝ ਤੁਕਾਂ ਦੇ ਮਾਅਨੇ ਕੁਝ ਲੋਕ ਸਹੀ ਨਹੀਂ ਕਰਦੇ। ਇਸ
ਦਾ ਮਾਅਨਾ ਹੈ:
-
ਖੁਰਾਸਾਨ ਕਿਸੇ ਹੋਰ ਦੇ ਸਪੁਰਦ ਕਰ (ਸੌਂਪ) ਕੇ (ਮੁਗ਼ਲ ਜਰਨੈਲ
ਬਾਬਰ ਨੇ) ਹਿੰਦੁਸਤਾਨ ਨੂੰ ਆ ਡਰਾਇਆ।
-
ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। ਉਸ ਨੇ ਮੁਗ਼ਲ-ਬਾਬਰ ਨੂੰ
ਜਮਰਾਜ ਬਣਾ ਕੇ (ਪੰਜਾਬ ‘ਤੇ) ਚੜ੍ਹਾ ਦਿੱਤਾ।(ਯਾਨਿ ਵਾਹਿਗੁਰੂ ‘ਤੇ ਇਤਰਾਜ਼ ਕਰਨਾ ਗ਼ਲਤ
ਹੈ। ਗ਼ਲਤ ਇਸ ਕਰ ਕੇ ਹੈ ਕਿ ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਅੱਯਾਸ਼ੀ ਵਿਚ ਪੈ ਜਾਂਦੇ ਹਨ ਉਹਨਾਂ
ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ। ਇਸ ਕਰ ਕੇ ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ
ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ ਮੁਗ਼ਲ-ਬਾਬਰ ਨੂੰ ਜਮਰਾਜ/ਜਾਬਰ ਬਣਾ ਕੇ ਚਾੜ੍ਹ ਦਿੱਤਾ।
-
ਇਤਨੀ ਮਾਰ ਪਈ ਕਿ ਉਹ (ਹਾਕਮ ਵੀ ਤੇ ਜਨਤਾ ਵੀ) ਕਰਲਾ (ਹਾਇ
ਹਾਇ ਪੁਕਾਰ) ਉਠੇ। (ਪਰ) ਇਹ ਸਭ ਕੁਝ ਵੇਖ ਕੇ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ।(ਉਨ੍ਹਾਂ
‘ਤੇ ਤਰਸ ਇਸ ਕਰ ਕੇ ਨਹੀਂ ਆਇਆ ਕਿਉਂਕਿ ਉਹ ਰੱਬ ਨੂੰ ਭੁੱਲ ਬੈਠੇ ਸਨ; ਉਹ ਜ਼ਾਲਮ ਹਾਕਮ ਸਨ)।
-
ਹੇ ਕਰਤਾ (ਦੁਨੀਆਂ ਬਣਾਉਣ ਵਾਲੇ ਕਰਤਾਰ) ਤੂੰ ਸਭਨਾਂ ਹੀ ਜੀਵਾਂ
ਦੀ ਸੋਈ (ਸਾਰ ਲੈਣ) ਵਾਲਾ ਹੈਂ।
-
ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਕਿਸੇ ਦੇ
ਵੀ) ਮਨ ਵਿਚ ਰੋਸ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਬਰਾਬਰ ਦੇ
ਤਗੜੇ ਹੱਥ ਵਿਖਾ ਲੈਂਦੇ ਹਨ)।
-
ਪਰ ਜੇ ਕੋਈ ਜ਼ੋਰਾਵਰ ਸ਼ੇਰ ਗਾਵਾਂ ਦੇ ਵੱਗ ਉਤੇ ਹੱਲਾ ਕਰ ਕੇ ਮਾਰਨ ਨੂੰ
ਆ ਪਏ, ਤਾਂ ਇਸ ਦੀ ਪੁੱਛ ਖਸਮ ਨੂੰ ਹੀ ਹੁੰਦੀ ਹੈ। (ਜੇ
ਸ਼ੇਰ ਵਰਗਾ ਜਰਵਾਣਾ, ਗਊਆਂ ਵਰਗੇ ਕਮਜ਼ੋਰ ਨਿਹੱਥਿਆਂ ‘ਤੇ, ਹਮਲਾ ਕਰ ਕੇ ਮਾਰਨ ਨੂੰ ਆ ਪਏ, ਤਾਂ
ਜਿਵੇਂ ਵੱਗ ਦੇ ਮਾਲਕ ਨੇ ਗਊਆਂ ਦੀ ਰੱਖਿਆ ਕਰਨੀ ਹੁੰਦੀ ਹੈ ਉਵੇਂ ਹੀ ਰੱਬ ਨੇ ਵੀ ਕਮਜ਼ੋਰਾਂ
ਦੀ ਰੱਖਿਆ ਕਰਨੀ ਹੁੰਦੀ ਹੈ)।
{ਨੋਟ:
ਉਪਰ ਜਿਹੜੇ Bold (ਯਾਨਿ ਗੂੜ੍ਹੇ ਲਫ਼ਜ਼) ਹਨ ਉਹ ਲਫ਼ਜ਼ਾਂ ਦੇ
ਮਾਅਨੇ ਹਨ, ਤੇ ਬਾਕੀ ਗੱਲ ਸਪਸ਼ਟ ਕਰਨ ਵਾਸਤੇ ਸ਼ਾਮਿਲ ਕੀਤੇ ਗਏ
ਹਨ।}
ਇਸ ਸ਼ਬਦ ਵਿਚ ਸਿਰਫ਼ ਇਕ ਤੁਕ ਹੈ, ਜਿਸ ਦੇ
ਮਾਅਨੇ ਅਕਸਰ ਗ਼ਲਤ ਕੀਤੇ ਜਾਂਦੇ ਹਨ (ਇੱਥੇ ਪ੍ਰੋ ਸਾਹਿਬ ਸਿੰਘ ਨੇ ਵੀ ਗ਼ਲਤੀ ਕੀਤੀ ਹੈ)। ਉਹ
ਤੁਕ ਹੈ:
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥
ਇਸ ਦਾ ਗ਼ਲਤ ਮਾਅਨਾ ਇਹ ਕੀਤਾ ਗਿਆ ਹੈ: ਇਤਨੀ ਮਾਰ ਪਈ ਕਿ ਉਹ ਉਠੇ। ਇਹ ਸਭ
ਕੁਝ ਵੇਖ ਕੇ ਕੀ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ ?
ਇਸ ਵਿਚ ਕੁਝ ਕੇਖਕਾਂ ਨੇ ਗ਼ਲਤੀ ਨਾਲ ਕੀ ਅਤੇ ? (ਸਵਾਲੀਆ ਨਿਸ਼ਾਨ) ਕੋਲੋਂ
ਪਾ ਦਿੱਤੇ ਹਨ। ਜੇ ਇਨ੍ਹਾਂ ਮਾਅਨਿਆਂ ਨੂੰ ਮੰਨ ਲਈਏ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ:
ਗੁਰੁ ਨਾਨਕ ਸਾਹਿਬ ਨੇ ਰੱਬ ਨੂੰ ਉਲਾਂਭਾ ਦਿੱਤਾ ਹੈ,
ਉਨ੍ਹਾਂ ਨੇ ਰੱਬ ‘ਤੇ ਇਤਰਾਜ਼ ਕੀਤਾ ਹੈ;
ਉਸ ਦਾ ਭਾਣਾ ਮੰਨਣ ਤੋਂ ਇਨਕਾਰ ਕੀਤਾ ਹੈ;
ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਨਹੀਂ ਮੰਨਿਆ।
ਇਹ ਸਾਰੀਆਂ ਗੱਲਾਂ ਗੁਰੁ ਸਾਹਿਬ ਦੀ ਫ਼ਿਲਾਸਫ਼ੀ ਦੇ ਉਲਟ ਹਨ।