ਚੰਡੀਗੜ
: ਦਰਬਾਰ ਸਾਹਿਬ ’ਤੇ ਭਾਰਤੀ ਹਮਲੇ ਪਿੱਛੋਂ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧ
ਕੇ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਜਗਾਉਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ
ਉਨ੍ਹਾਂ ਦੇ ਪਰਿਵਾਰ ਵੱਲੋਂ ਅੱਜ ਇੱਥੋਂ ਨੇੜਲੇ ਪਿੰਡ ਮਲੋਆ ਵਿਖੇ ਉਨ੍ਹਾਂ ਦੇ ਜੱਦੀ ਘਰ ਵਿਖੇ
ਬਣਾਏ ਉਨ੍ਹਾ ਦੀ ਯਾਦ ’ਚ ਬਣਾਏ ਗਏ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ।
ਇਸ ਮੌਕੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸ. ਸਰਬਜੀਤ ਸਿੰਘ, ਸ਼੍ਰੋਮਣੀ
ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਭਾਈ ਕੰਵਰ ਸਿੰਘ
ਧਾਮੀ, ਬਾਬਾ ਸਰੂਪ ਸਿੰਘ ਸੋਲਖੀਆਂ ਅਤੇ ਪੰਥਕ ਵਿਚਾਰ ਮੰਚ ਦੇ ਬਲਜੀਤ ਸਿੰਘ ਖ਼ਾਲਸਾ ਨੇ
ਸ਼ਮੂਲੀਅਤ ਕੀਤੀ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਸਾਹਿਬ ਵਿਖੇ
ਨਿਸ਼ਾਨ ਸਾਹਿਬ ਝੁਲਾਇਆ ਗਿਆ।
ਸਿੱਖ ਕੌਮ ਦੀ ਇਹ ਤ੍ਰਾਸਦੀ ਹੈ ਕਿ ਉਸ ਦੌਰ ’ਚ ਆਪਣੀ ਜਾਨ ਵਾਰ ਕੇ ਭਾਰਤੀ
ਹਕੂਮਤ ਤੋਂ ਸਿੱਖ ਕੌਮ ਦਾ ਬਦਲਾ ਲੈਣ ਵਾੇ ਯੋਧੇ ਦੇ ਸ਼ਹੀਦੀ ਦਿਹਾੜੇ ’ਤੇ ਸਿਰਫ਼ ਗਿਣਤੀ ਦੇ
ਸਿੱਖ ਹੀ ਹਾਜ਼ਰ ਸਨ।ਜਦਕਿ ਪੰਥਕ ਅਖਵਾਉਣ ਵਾਲੇ ਜਿਹੜੇ ਆਗੂ ਆਮ ਕਹਿੰਦੇ ਹਨ ਕਿ ਜਿਹੜੀ ਕੌਮ
ਆਪਣੇ ਸ਼ਹੀਦਾਂ ਨੂੰ ਭੁੱਲ ਜਾਵੇ ਉਸਦਾ ਬਹੁਤੀ ਦੇਰ ਵਜ਼ੂਦ ਨਹੀਂ ਰਹਿ ਸਕਦਾ ਪਰ ਉਹ ਸਾਰੇ ਆਗੂ
ਸ਼ਹੀਦ ਬੇਅੰਤ ਸਿੰਘ ਨੂੰ ਭੁੱਲ ਚੁੱਕੇ ਹਨ। ਸ਼ਹੀਦ ਦੇ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ
ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਕਦੇ ਵੀ ਕਿਸੇ ਸਮਾਗਮ ’ਤੇ ਨਹੀਂ ਬੁਲਾਇਆ।
ਸਮਾਗਮ ’ਚ ਹਾਜ਼ਰ ਸੰਗਤਾਂ ’ਚ ਸ਼੍ਰੋਮਣੀ ਕਮੇਟੀ ਤੇ ਹੋਰ ਜਿੰਮੇਵਾਰ ਲੀਡਰਾਂ
ਦੀ ਇਸ ਸ਼ਹੀਦ ਪ੍ਰਤੀ ਅਜਿਹੇ ਰਵਈਏ ਦਾ ਬਹੁਤ ਵਿਰੋਧ ਵੇਖਣ ਨੂੰ ਮਿਲਿਆ। ਸੰਗਤਾਂ ਨੇ ਇਸ ਸ਼ਹੀਦ
ਭਾਈ ਬੇਅੰਤ ਸਿੰਘ ਜੀ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਲੰਗਰ ਹਾਲ ਬਣਾਉਣ
ਦਾ ਫ਼ੈਸਲਾ ਲਿਆ।