Share on Facebook

Main News Page

ਸਭੇ ਸਾਝੀਵਾਲ ਸਦਾਇਨਿ…
-
ਨਿਰਮਲ ਸਿੰਘ ਕੰਧਾਲਵੀ

ਇਹ ਪਰਿਵਾਰ ਅਫ਼ਗਾਨਿਸਤਾਨ ਤੋਂ ਉਜੜ-ਪੁਜੜ ਕੇ ਕਿਸੇ ਤਰ੍ਹਾਂ ਇੰਗਲੈਂਡ ਪਹੁੰਚ ਗਿਆ ਸੀ। ਉਹ ਰੋ ਰੋ ਕੇ ਹਰੇਕ ਨੂੰ ਆਪਣੀ ਕਹਾਣੀ ਬਿਆਨ ਕਰਦੇ ਸਨ ਕਿ ਕਿਵੇਂ ਤਾਲਿਬਾਨਾਂ ਦੇ ਨਾਦਰਸ਼ਾਹੀ ਹੁਕਮਾਂ ਨੇ ਉਨ੍ਹਾਂ ਦਾ ਜੀਣਾ ਮੁਹਾਲ ਕਰ ਦਿੱਤਾ ਸੀ।

ਸਾਰਾ ਪਰਿਵਾਰ ਹੀ ਗੁਰਸਿੱਖੀ ‘ਚ ਰੰਗਿਆ ਹੋਇਆ ਸੀ। ਦੋਵੇਂ ਲੜਕੇ ਸਾਬਤ ਸੂਰਤ ਅਤੇ ਸੋਹਣੀਆਂ ਦਸਤਾਰਾਂ ਸਜਾਉਂਦੇ ਸਨ ਤੇ ਬੱਚੀਆਂ ਸਿਰਾਂ ਉੱਪਰ ਚੁੰਨੀ ਲੈ ਕੇ ਰੱਖਦੀਆਂ। ਸਥਾਨਕ ਕੌਂਸਲ ਨੇ ਰਹਿਣ ਵਾਸਤੇ ਉਨ੍ਹਾਂ ਨੂੰ ਇਕ ਫਲੈਟ ਅਲਾਟ ਕਰ ਦਿੱਤਾ ਸੀ। ਭਾਵੇਂ ਕਿ ਉਨ੍ਹਾਂ ਦੀਆਂ ਅਜੇ ਹੋਰ ਕਈ ਮਾਲੀ ਲੋੜਾਂ ਪੂਰੀਆਂ ਕਰਨ ਵਾਲੀਆਂ ਸਨ, ਪਰ ਉਨ੍ਹਾਂ ਨੇ ਆਪਣੀਆਂ ਲੋੜਾਂ ਵਿਚ ਕਿਰਸ ਕਰ ਕੇ ਸਭ ਤੋਂ ਪਹਿਲਾਂ ਆਪਣੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਅਖੰਡ ਪਾਠ ਕਰਵਾਉਣ ਦਾ ਮਨ ਬਣਾਇਆ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ਼ ਸੀ ਕਿ ਗੁਰੂ ਸਾਹਿਬ ਜੀ ਨੇ ਹੀ ਉਨ੍ਹਾਂ ਦੀ ਇੱਜ਼ਤ-ਪੱਤ ਸਲਾਮਤ ਰੱਖੀ ਸੀ ਤੇ ਉਨ੍ਹਾਂ ਨੂੰ ਬਲਦੀ ‘ਚੋਂ ਬਚਾਅ ਕੇ ਰੱਖਿਆ ਸੀ।

ਇਕ ਐਤਵਾਰ ਉਨ੍ਹਾਂ ਨੇ ਸਥਾਨਕ ਗੁਰਦੁਆਰੇ ਦੇ ਗ੍ਰੰਥੀ ਨੂੰ ਆਪਣੀ ਮੰਨਸ਼ਾ ਦੱਸੀ ਤੇ ਕੋਈ ਖ਼ਾਲੀ ਤਰੀਕ ਦੱਸਣ ਲਈ ਕਿਹਾ। ਇਕ ਤਰੀਕ ‘ਤੇ ਉਨ੍ਹਾਂ ਦੀ ਸਹਿਮਤੀ ਹੋ ਗਈ ਤੇ ਗ੍ਰੰਥੀ ਹੋਰੀਂ ਡਾਇਰੀ ਵਿਚ ਪ੍ਰੋਗਰਾਮ ਬੁੱਕ ਕਰ ਦਿੱਤਾ। ਪਰਿਵਾਰ ਨੇ ਪ੍ਰੋਗਰਾਮ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ।

ਅਖੰਡ ਪਾਠ ਰੱਖਣ ਤੋਂ ਤਿੰਨ ਹਫ਼ਤੇ ਪਹਿਲਾਂ ਦੋਵੇਂ ਪਤੀ ਪਤਨੀ ਗੁਰਦੁਆਰੇ ਦੇ ਗ੍ਰੰਥੀ ਪਾਸੋਂ ਪ੍ਰੋਗਰਾਮ ਸੰਬੰਧੀ ਕੁਝ ਜਾਣਕਾਰੀ ਲੈਣ ਗਏ ਤਾਂ ਗ੍ਰੰਥੀ ਕਹਿਣ ਲੱਗਾ, “ਚੰਗਾ ਹੋਇਆ ਜੀ ਤੁਸੀਂ ਆਪ ਹੀ ਆ ਗਏ, ਨਹੀਂ ਤਾਂ ਮੈਂ ਅੱਜ ਤੁਹਾਡੇ ਵਲ ਆਉਣਾ ਸੀ,” ਇੰਨਾ ਕਹਿ ਕੇ ਗ੍ਰੰਥੀ ਉਨ੍ਹਾਂ ਦਾ ਪ੍ਰਤਿਕਰਮ ਦੇਖਣ ਲਈ ਉਨ੍ਹਾਂ ਦੇ ਮੂੰਹ ਵਲ ਦੇਖਣ ਲੱਗਾ।

“ਸਾਡੇ ਤਾਂ ਜੀ ਧੰਨ ਭਾਗ ਹੋਣੇ ਸੀ ਜੇ ਤੁਸੀਂ ਸਾਡੇ ਗ਼ਰੀਬਾਂ ਦੇ ਘਰੇ ਚਰਨ ਪਾਉਂਦੇ,” ਅਫ਼ਗਾਨੀ ਸਰਦਾਰ ਨੇ ਬੜੀ ਨਿਮਰਤਾ ਨਾਲ ਕਿਹਾ।

“ਗੱਲ ਦਰਅਸਲ ‘ਚ ਇਹ ਐ ਜੀ ਕਿ ਤੁਹਾਨੂੰ ਅਖੰਡ ਪਾਠ ਦੀ ਤਰੀਕ ਬਦਲਨੀ ਪੈਣੀ ਐ” ਗ੍ਰੰਥੀ ਨੇ ਤੋੜਾ ਝਾੜਿਆ

“ਕੀ ਗੱਲ ਹੋਈ ਭਾਈ ਜੀ, ਅਸੀਂ ਤਾਂ ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨੂੰ ਸੱਦੇ-ਪੱਤਰ ਵੀ ਭੇਜ ਚੁੱਕੇ ਆਂ,” ਸਿੰਘ ਨੇ ਪਰੇਸ਼ਾਨ ਹੁੰਦਿਆਂ ਗ੍ਰੰਥੀ ਤੋਂ ਪੁੱਛਿਆ ਤੇ ਆਪਣੀ ਚਿੰਤਾ ਜ਼ਾਹਰ ਕੀਤੀ।

“ਬੱਸ ਜੀ ਹੋਰ ਤਾਂ ਕੋਈ ਗੱਲ ਨਹੀਂ, ਕਮੇਟੀ ਵਾਲਿਆਂ ਨੂੰ ਕੋਈ ਮਜਬੂਰੀ ਆ ਪਈ ਐ,” ਗ੍ਰੰਥੀ ਨੇ ਨੀਵੀਂ ਪਾਉਂਦਿਆ ਕਿਹਾ ਜਿਵੇਂ ਉਹ ਖ਼ੁਦ ਵੀ ਸ਼ਰਮਿੰਦਾ ਹੋ ਰਿਹਾ ਹੋਵੇ।

“ਕਮੇਟੀ ਵਾਲਿਆਂ ਨੂੰ ਕਿਹੜੀ ਮਜਬੂਰੀ ਆਣ ਬਣੀ ਜੀ”? ਅਫ਼ਗਾਨੀ ਸਿੰਘ ਸਾਰੇ ਮਾਮਲੇ ਦੀ ਤਹਿ ਤੀਕ ਜਾਣਾ ਚਾਹੁੰਦਾ ਸੀ।

“ਗੱਲ ਦਰਅਸਲ ਇਹ ਐ ਜੀ ਕਿ ਗੁਰਦੁਆਰੇ ਦੇ ਇਕ ਬਹੁਤ ਪੁਰਾਣੇ ਮੈਂਬਰ ਨੇ ਆਪਣੀ ਲੜਕੀ ਦਾ ਵਿਆਹ ਇਸੇ ਤਰੀਕ ਦਾ ਰੱਖ ਲਿਆ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਵਿਆਹ ਵਿਚ ਕਿਸੇ ਹੋਰ ਦਾ ਪ੍ਰੋਗਰਾਮ ਵੀ ਹੋਵੇ,” ਗ੍ਰੰਥੀ ਨੇ ਗੱਲ ਦਾ ਖ਼ੁਲਾਸਾ ਕੀਤਾ।

“ਪਰ ਭਾਈ ਜੀ, ਅਸੀਂ ਤਾਂ ਆਪਣਾ ਪ੍ਰੋਗਰਾਮ ਪਹਿਲਾਂ ਦਾ ਬੁੱਕ ਕਰਵਾਇਆ ਹੋਇਐ, ਨਾਲੇ ਉਦੋਂ ਤਾਂ ਤੁਸੀਂ ਕਿਸੇ ਵਿਆਹ ਦਾ ਜ਼ਿਕਰ ਈ ਨਹੀਂ ਸੀ ਕੀਤਾ,” ਅਫ਼ਗਾਨੀ ਸਿੰਘ ਨੇ ਆਪਣਾ ਪੱਖ ਪੇਸ਼ ਕੀਤਾ।

“ਇਹ ਤਾਂ ਠੀਕ ਐ ਜੀ ਕਿ ਤੁਹਾਡੇ ਅਖੰਡ ਪਾਠ ਦੀ ਤਰੀਕ ਪੱਕੀ ਹੋਣ ਤੋਂ ਬਾਅਦ ਈ ਇਹ ਵਿਆਹ ਬੁੱਕ ਹੋਇਐ ਪਰ ਏਥੇ ਗੱਲ ਪਹਿਲਾਂ ਤੇ ਮਗਰੋਂ ਦੀ ਨਹੀਂ, ਗੱਲ ਐ ਵੱਡੇ ਲਾਣੇ ਵਾਲਿਆਂ ਦੀ। ਉਸ ਪਰਿਵਾਰ ਦੀਆਂ ਹੈਗੀਆਂ ਜੀ ਰਲਾ ਮਿਲਾ ਕੇ ਪੰਦਰਾਂ ਵੀਹ ਵੋਟਾਂ। ਪ੍ਰਧਾਨ ਸ੍ਹਾਬ ਨੇ ਉਨ੍ਹਾਂ ਨੂੰ ਤੁਹਾਡੇ ਪ੍ਰੋਗਰਾਮ ਬਾਰੇ ਦੱਸਿਆ ਵੀ ਸੀ, ਪਰ ਪਰਿਵਾਰ ਵਾਲਿਆਂ ਨੇ ਧਮਕੀ ਦਿੱਤੀ ਐ ਕਿ ਜੇ ਉਨ੍ਹਾਂ ਦਾ ਕਹਿਣਾ ਨਾ ਮੰਨਿਆਂ ਤਾਂ ਆਉਂਦੀਆਂ ਚੋਣਾਂ ਵੇਲੇ ਉਹ ਇਸ ਧੜੇ ਨੂੰ ਇਕ ਵੀ ਵੋਟ ਨਹੀਂ ਪਾਉਣਗੇ। ਸੋ, ਪ੍ਰਧਾਨ ਸ੍ਹਾਬ ਨੂੰ ਵੀ ਉਨ੍ਹਾਂ ਦੀ ਅੜੀ ਅੱਗੇ ਝੂਕਣਾ ਪਿਐ। ਹੁਣ ਪ੍ਰਧਾਨ ਜੀ ਨੇ ਮੇਰੀ ਡਿਊਟੀ ਲਾਈ ਐ ਕਿ ਮੈਂ ਤੁਹਾਨੂੰ ਇਤਲਾਹ ਦੇ ਦਿਆਂ” ਗ੍ਰੰਥੀ ਨੇ ਆਪਣਾ ਪੱਲਾ ਝਾੜਿਆ।

“ਪਰ ਭਾਈ ਜੀ ਤੁਸੀਂ ਤਾਂ ਗੁਰੂ ਦੇ ਵਜ਼ੀਰ ਹੋ, ਇਨਸਾਫ਼ ਕਰਨ ਵਾਲੇ। ਇਸ ਤਰ੍ਹਾਂ ਦਾ ਪੱਖ-ਪਾਤ ਤੇ ਨਹੀਂ ਨਾ ਸੋਭਦਾ ਗੁਰੂ- ਦਰਬਾਰ ਵਿਚ। ਗੁਰੂ ਸਾਹਿਬ ਤਾਂ ਫ਼ੁਰਮਾਉਂਦੇ ਨੇ, “ਸਭੇ ਸਾਝੀਵਾਲ ਸਦਾਇਨ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ”। ਅਫ਼ਗਾਨੀ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ।

“ਸਰਦਾਰ ਸ੍ਹਾਬ ਜੀ ਤੁਸੀਂ ਠੀਕ ਫ਼ੁਰਮਾਉਂਦੇ ਹੋ, ਪਰ ਸਾਨੂੰ ਗੁਰੂ ਦੇ ਵਜ਼ੀਰ ਸਮਝਦਾ ਈ ਕੌਣ ਐ, ਦੋ ਟਕਿਆਂ ਦੇ ਨੌਕਰ ਤੋਂ ਵੱਧ ਸਾਡੀ ਹੈਸੀਅਤ ਨਹੀਂ ਸਮਝਦੀ ਕਮੇਟੀ। ਤੜਕੇ ਤੋਂ ਰਾਤ ਤਾਈਂ ਖੜੀ ਲੱਤੇ ਰਹੀਦਾ ਫੇਰ ਵੀ ਕਮੇਟੀ ਵਾਲਿਆਂ ਦੇ ਮੂੰਹ ਸਿੱਧੇ ਨਹੀਂ ਹੁੰਦੇ। ਥੋੜ੍ਹਾ ਜਿਹਾ ਚੰਗਾ ਕੱਪੜਾ ਪਾ ਲਈਏ ਤਾਂ ਅੱਖਾਂ ਕੱਢ ਕੱਢ ਦੇਖਦੇ ਐ। ਕਿਤੇ ਬਾਹਰ ਅੰਦਰ ਕਿਸੇ ਕੰਮ-ਕਾਰ ਵਾਸਤੇ ਜਾਣ ਲਈ ਘੰਟਾ ਅੱਧਾ ਘੰਟਾ ਛੁੱਟੀ ਮੰਗ ਲਈਏ ਤਾਂ ਬੋਲ–ਕੁਬੋਲ ਸੁਣਨੇ ਪੈਂਦੇ ਆ। ਮੈਂ ਤਾਂ ਜੀ ਮਾਲਕਾਂ ਦਾ ਹੁਕਮ ਬਜਾਇਐ, ਪ੍ਰਧਾਨ ਸ੍ਹਾਬ ਨੇ ਮੇਰੀ ਜ਼ਿੰਮੇਵਾਰੀ ਲਗਾਈ ਸੀ ਕਿ ਮੈਂ ਤੁਹਾਨੂੰ ਇਤਲਾਹ ਕਰ ਦਿਆਂ, ਬਾਕੀ ਤੁਸੀਂ ਆਪ ਉਨ੍ਹਾਂ ਨਾਲ ਗੱਲ ਕਰ ਲਈਉ”, ਇਸੇ ਬਹਾਨੇ ਗ੍ਰੰਥੀ ਨੇ ਆਪਣਾ ਦੁੱਖ ਵੀ ਰੋ ਲਿਆ ਸੀ ਤੇ ਉਹ ਮੀਆਂ-ਬੀਵੀ ਦੋਵਾਂ ਨੂੰ ਫ਼ਤਿਹ ਬੁਲਾ ਕੇ ਲੰਗਰ-ਹਾਲ ਵਲ ਨੂੰ ਚਲਿਆ ਗਿਆ।

ਗੁਰਦੁਆਰਿਉਂ ਬਾਹਰ ਆਕੇ ਸਿੰਘ ਦੀ ਘਰ ਵਾਲੀ ਕਹਿਣ ਲੱਗੀ, “ਆਪਾਂ ਜੀ ਚਾਰ ਬੰਦੇ ‘ਕੱਠੇ ਕਰ ਕੇ ਗੱਲ ਕਰੀਏ, ਇੰਜ ਕਿਵੇਂ ਸਾਡਾ ਪ੍ਰੋਗਰਾਮ ਕੈਂਸਲ ਕਰ ਸਕਦੇ ਆ। ਅਸੀਂ ਤਾਂ ਅਸੂਲ ਦੀ ਗੱਲ ਕਰਨੇ ਆਂ, ਕਿਸੇ ਦਾ ਹੱਕ ਤਾਂ ਨਹੀਂ ਮੰਗਦੇ”, ਘਰ ਵਾਲੀ ਨੇ ਆਪਣੀ ਸਲਾਹ ਦਿੱਤੀ।

“ਕਮਲ਼ੀਏ, ਅਸੂਲ ਨੂੰ ਖਾ ਗਈਆਂ ਵੋਟਾਂ, ਸਾਡੇ ਹੱਕ ‘ਚ ਕੌਣ ਬੋਲੂ ਏਥੇ? ਵੋਟਾਂ ਵਾਲਿਆਂ ਦੀ ਹੀ ਗੱਲ ਸੁਣੀ ਜਾਣੀ ਐਂ। ਸਾਡੀਆਂ ਕਿਹੜਾ ਵੋਟਾਂ ਨੇ ਏਥੇ”, ਸਿੰਘ ਮਾਯੂਸੀ ਦੇ ਆਲਮ ‘ਚ ਬੋਲ ਰਿਹਾ ਸੀ।

ਦੋਨੋਂ ਮੀਆਂ ਬੀਵੀ ਸੋਚਾਂ ਵਿਚ ਗ਼ਰਕ ਘਰ ਨੂੰ ਪਰਤ ਰਹੇ ਸਨ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top