Share on Facebook

Main News Page

ਜੇ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਤਾਂ ਕੁਝ ਹੀ ਦਿਨਾਂ ਵਿੱਚ ਸਿੱਖਾਂ ਦਾ ਇਸ ਤੋਂ ਕਈ ਗੁਣਾ ਵੱਧ ਨੁਕਸਾਨ ਹੋਣਾ ਸੀ
-
ਗਿਆਨੀ ਜਗਤਾਰ ਸਿੰਘ ਜਾਚਕ

* ਭਾਈ ਸਤਵੰਤ ਸਿੰਘ ਦੀ ਸ਼ਹੀਦੀ ਵਾਲੇ ਦਿਨ ਉਨ੍ਹਾਂ ਦੀ ਮਾਤਾ ਵੱਲੋਂ ਕੀਤੀ ਅਰਦਾਸ ਨੇ ਸਾਬਤ ਕਰ ਦਿੱਤਾ ਕਿ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀ ਵਿੱਚ ਪਵਾ ਕੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰਨ ਵਾਲੀਆਂ ਮਾਵਾਂ ਅੱਜ ਵੀ ਮੌਜੂਦ ਹਨ


ਬਠਿੰਡਾ, ੩੧ ਅਕਤੂਬਰ (ਕਿਰਪਾਲ ਸਿੰਘ): ਜੇ ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਆਪਣੀ ਕੁਰਬਾਨੀ ਦੇ ਕੇ ਅੱਜ ਦੇ ਦਿਨ ੩੧ ਅਕਤੂਬਰ ੧੯੮੪ ਨੂੰ ਇੰਦਰਾ ਗਾਂਧੀ ਦਾ ਕਤਲ ਨਾ ਕਰਦੇ ਤਾਂ ਕੁਝ ਹੀ ਦਿਨਾਂ ਵਿੱਚ ਸਿੱਖਾਂ ਦਾ ਇਸ ਤੋਂ ਕਈ ਗੁਣਾ ਵੱਧ ਨੁਕਸਾਨ ਹੋਣਾ ਸੀ। ਇਹ ਸ਼ਬਦ ਇੰਟਰਨੈਸ਼ਲ ਸਿੱਖ ਪ੍ਰਚਾਰਕ ਅਤੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਜਾਚਕ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ, ਅੱਜ ਦੇ ਦਿਨ ਭਾਈ ਬੇਅੰਤ ਸਿੰਘ ਵੱਲੋਂ ਪਾਈ ਸ਼ਹੀਦੀ ਨੂੰ ਪ੍ਰਣਾਮ ਕਰਦਿਆਂ ਹੋਏ ਕਹੇ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਇਤਿਹਾਸਕਾਰ ਡਾ: ਸੰਗਤ ਸਿੰਘ ਉਸ ਵੇਲੇ ਭਾਰਤ ਸਰਕਾਰ ਦੇ ਅਹਿਮ ਅਹੁਦਿਆਂ 'ਤੇ ਹੋਣ ਕਰਕੇ ਸਰਕਾਰ ਦੀਆਂ ਗੁਪਤ ਨੀਤੀਆਂ ਤੇ ਬਣ ਰਹੀਆਂ ਯੋਜਨਾਵਾਂ ਸਬੰਧੀ ਕਾਫੀ ਜਾਣਕਾਰੀ ਤੱਕ ਉਨ੍ਹਾਂ ਦੀ ਸਿੱਧੀ ਪਹੁੰਚ ਸੀ। ਸੇਵਾ ਮੁਕਤੀ ਉਪ੍ਰੰਤ ਉਨ੍ਹਾਂ ਵੱਲੋਂ ਲਿਖੀ ਪੁਸਤਕ 'ਇਤਹਾਸ ਵਿੱਚ ਸਿੱਖ' ਵਿੱਚੋਂ ਹਵਾਲਾ ਦਿੰਦੇ ਹੋਏ ਗਿਆਨੀ ਜਗਤਾਰ ਸਿੰਘ ਜਾਚਕ ਨੇ ਦੱਸਿਆ ਕਿ ਇੰਦਰਾ ਗਾਂਧੀ ਵੱਲੋਂ ਬਣਾਈ ਯੋਜਨਾ ਅਨੁਸਾਰ ਬਹਾਨੇ ਵਜੋਂ ਭਾਰਤ-ਪਾਕਸਤਾਨ ਵਿੱਚਕਾਰ ਯੁੱਧ ਛੇੜ ਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ੮ ਨਵੰਬਰ ੧੯੮੪ ਨੂੰ ਪੰਜਾਬ ਵਿੱਚ ਇਕ ਬਹੁਤ ਵੱਡਾ ਉਪ੍ਰੇਸ਼ਨ ਕਰ ਦੇਣਾ ਸੀ।

ਇਸ ਉਪ੍ਰੇਸ਼ਨ ਦੌਰਾਣ ਇੱਕ ਪਾਸੇ ਤਾਂ ਪੰਜਾਬ ਵਿੱਚੋਂ ਭਾਰਤੀ ਫੌਜਾਂ ਨੂੰ ਅੱਗੇ ਵਧਣ ਦਾ ਮੌਕਾ ਦੇ ਕੇ ਪਾਕਿਸਤਾਨ ਨਾਲ ਮੁਕਾਬਲੇ ਦੇ ਬਹਾਨੇ ਪੰਜਾਬ 'ਤੇ ਵੱਡੇ ਪੱਧਰ 'ਤੇ ਹਵਾਈ ਹਮਲਾ ਕਰ ਦੇਣਾ ਸੀ ਅਤੇ ਦੂਜੇ ਪਾਸੇ ਪੰਜਾਬ ਵਿੱਚ ਪਕਿਸਤਾਨੀਆਂ ਦੀ ਘੁਸਪੈਠ ਰੋਕਣ ਦੇ ਬਹਾਨੇ ਸਿੱਖਾਂ ਦੇ ਘਰਾਂ ਦੀ ਤਲਾਸ਼ੀ ਕਰਦਿਆਂ ਸਿੱਖ ਨੌਜਵਾਨਾਂ ਨੂੰ ਚੁਣ ਚੁਣ ਕੇ ਖਤਮ ਕਰ ਦੇਣਾ ਸੀ। ਪਰ ਅਕਾਲ ਪੁਰਖ਼ ਨੂੰ ਭਾਉਂਦਾ ਕੁਝ ਹੋਰ ਸੀ। ਸਿੱਖਾਂ ਨੇ ਦਰਬਾਰ ਸਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨ ਵਾਲੇ ਕਿਸੇ ਵੀ ਹਮਲਾਵਰ ਨੂੰ ਅੱਜ ਤੱਕ ਨਹੀਂ ਬਖ਼ਸ਼ਿਆ। ਇਸੇ ਲੀਹ 'ਤੇ ਪੂਰਨੇ ਪਾਉਂਦੇ ਹੋਏ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਨੇ ੩੧ ਅਕਤੂਬਰ ੧੯੮੪ ਨੂੰ, ਇੰਦਰਾ ਗਾਂਧੀ ਵੱਲੋਂ ਜੂਨ ੧੯੮੪ ਵਿੱਚ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦਾ ਬਦਲਾ ਲੈਣ ਲਈ ਕਤਲ ਕਰ ਦਿੱਤਾ ਜਿਸ ਕਾਰਣ ਪੰਜਾਬ ਵਿੱਚ ਹੋਣ ਵਾਲਾ ਬਹੁਤ ਵੱਡਾ ਨੁਕਸਾਨ ਤਾਂ ਟਲ਼ ਗਿਆ ਪਰ ਉਸ ਦਾ ਰੁੱਖ ਦਿੱਲੀ ਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਹੋ ਗਿਆ। ਬੇਸ਼ੱਕ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਸਿਖਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਪਰ ਇਹ ਇੰਦਰਾ ਗਾਂਧੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਨਾਲੋਂ ਬਹੁਤ ਘੱਟ ਸੀ ਕਿਉਂਕਿ ਇਹ ਸਿਰਫ ਜਮੀਨੀ ਪੱਧਰ ਤੇ ਸਰਕਾਰੀ ਸ਼ਹਿ 'ਤੇ ਗੁੰਡਿਆਂ ਵੱਲੋਂ ਕੀਤੀ ਕਤਲੋ ਗਾਰਤ ਲੁੱਟਮਾਰ ਤੇ ਸਾੜਫੂਕ ਤੱਕ ਹੀ ਸਿਮਟ ਕੇ ਰਹਿ ਗਿਆ ਤੇ ਹਵਾਈ ਜਹਾਜਾਂ ਰਾਹੀ ਕੀਤੇ ਜਾਣ ਵਾਲੀ ਬੰਬਾਰੀ ਤੋਂ ਬਚਾ ਹੋ ਗਿਆ। ਗਿਆਨੀ ਜਾਚਕ ਜੀ ਨੇ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਸ਼੍ਰਧਾਂਜਲੀ ਅਰਪਣ ਕਰਦੇ ਹੋਏ ਅੱਜ ਦੇ ਦਿਨ ਸ਼ਹੀਦੀ ਪਾਉਣ ਵਾਲੇ ਭਾਈ ਬੇਅੰਤ ਸਿੰਘ ਮਲੋਆ ਅਤੇ ੬ ਜਨਵਰੀ ੧੯੮੯ ਨੂੰ ਫਾਂਸੀ ਦਾ ਰੱਸ ਚੁੰਮ ਕੇ ਸ਼ਹੀਦੀਆਂ ਪਾਉਣ ਵਾਲੇ ਭਾਈ ਸਤਵੰਤ ਸਿੰਘ ਅਗਵਾਨ ਅਤੇ ਭਾਈ ਕੇਹਰ ਸਿੰਘ ਦੀਆਂ ਸ਼ਹੀਦੀਆਂ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਇਨ੍ਹਾਂ ਸੂਰਬੀਰਾਂ ਦਾ ਨਾਮ ਸਿੱਖ ਇਤਹਾਸ ਵਿੱਚ ਅਮਰ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ, ਬਾਬਾ ਦੀਪ ਸਿੰਘ ਤੇ ਭਾਈ ਗੁਰਬਖ਼ਸ਼ ਸਿੰਘ ਵਾਂਗ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਜਿਨ੍ਹਾਂ ਨੂੰ ਹਰ ਸਿੱਖ ਰਹਿੰਦੀ ਦੁਨੀਆਂ ਤੱਕ ਯਾਦ ਕਰਦਾ ਰਹੇਗਾ।

ਆਪਣੀ ਯਾਦਾਸਤ ਨੂੰ ਤਾਜਾ ਕਰਦਿਆਂ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ੬ ਜਨਵਰੀ ੧੯੮੯ ਨੂੰ ਜਦੋਂ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੂੰ ਇੰਦਰਾ ਗਾਂਧੀ ਕਤਲ ਕੇਸ ਵਿੱਚ ਫਾਂਸੀ 'ਤੇ ਚੜ੍ਹਾ ਕੇ ਸ਼ਹੀਦ ਕੀਤਾ ਗਿਆ ਸੀ ਉਸ ਵੇਲੇ ਉਹ (ਗਿਆਨੀ ਜਾਚਕ ਜੀ) ਦਰਬਾਰ ਸਾਹਿਬ ਵਿੱਚ ਬਤੌਰ ਗ੍ਰੰਥੀ ਸੇਵਾ ਨਿਭਾ ਰਹੇ ਸਨ। ੫ ਜਨਵਰੀ ਦੀ ਰਾਤ ਨੂੰ ਭਾਈ ਸਤਵੰਤ ਸਿੰਘ ਦੇ ਦੋਸਤ ਹਰਜਿੰਦਰ ਸਿੰਘ ਆਪਣੀ ਗੱਡੀ ਵਿੱਚ ਭਾਈ ਸਤਵੰਤ ਸਿੰਘ ਦੀ ਮਾਤਾ, ਉਨ੍ਹਾਂ ਦੀ ਹੋਣ ਵਾਲੀ ਧਰਮ ਪਤਨੀ ਤੇ ਪ੍ਰਵਾਰ ਦੇ ਹੋਰ ਮੈਂਬਰਾਂ ਨੂੰ ਲੈ ਕੇ ਦਰਬਾਰ ਸਾਹਿਬ ਪਹੁੰਚੇ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਕਾਰਜਕਰਤਾ ਤਾਂ ਮਿਲ ਨਾ ਸਕੇ ਇਸ ਲਈ ਦਰਰਬਾਰ ਸਾਹਿਬ ਦੇ ਗ੍ਰੰਥੀ ਹੋਣ ਦੇ ਨਾਤੇ ਉਨ੍ਹਾਂ (ਗਿਆਨੀ ਜਾਚਕ) ਨੇ ਹੀ ਇਸ ਮਹਾਨ ਸ਼ਹੀਦ ਦੇ ਸਤਿਕਾਰਯੋਗ ਪ੍ਰਵਾਰ ਦੀ ਆਓਭਗਤ ਤੇ ਜੀ ਆਇਆਂ ਕਹਿਣ ਦੀ ਸੇਵਾ ਨਿਭਾਈ। ਪ੍ਰਵਾਰ ਨੂੰ ਭਾਈ ਰਾਤ ਵੇਲੇ ਗੁਰਦਾਸ ਹਾਲ ਵਿੱਚ ਠਹਿਰਾਇਆ ਗਿਆ ਤੇ ਸ਼ਹੀਦੀ ਵਾਲੇ ਦਿਨ 7 ਜਨਵਰੀ ਨੂੰ ਸਵੇਰੇ ਪੰਜ ਵਜੇ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਸ ਸਮੇਂ ਪ੍ਰਵਾਰ ਨਾਲ ਹੀ ਦਰਬਾਰ ਸਾਹਿਬ ਪਹੁੰਚੇ।

ਗਿਆਨੀ ਜਾਚਕ ਜੀ ਨੇ ਦੱਸਿਆ ਕਿ ਭਾਈ ਸਤਵੰਤ ਸਿੰਘ ਦੀ ਮਾਤਾ ਜੀ ਦੇ ਹੱਥ ਵਿੱਚ ਪ੍ਰਸ਼ਾਦ ਦਾ ਡੂਨਾ ਸੀ ਤੇ ਉਨ੍ਹਾਂ ਦੀ ਅਰਦਾਸ ਦੇ ਬੋਲ ਸਨ: 'ਹੇ ਸੱਚੇ ਪਾਤਸ਼ਾਹ ਜੀਉ! ਮੇਰਾ ਸਪੁੱਤਰ ਗੁਰੂ ਘਰ ਦੇ ਮਾਨਸਨਮਾਨ ਲਈ ਫਾਂਸੀ ਦਾ ਰੱਸਾ ਚੁੰਮ ਕੇ ਅੱਜ ਪ੍ਰਵਾਨ ਚੜ੍ਹ ਰਿਹਾ ਹੈ। ਹੇ ਸਤਿਗੁਰੂ ਜੀ! ਆਪ ਜੀ ਦਾ ਕੋਟਿਨ ਕੋਟ ਧੰਨਵਾਦ ਹੈ ਕਿ ਤੁਸੀ ਆਪ ਹੀ ਮੇਰੇ ਸਪੁੱਤਰ ਕੋਲੋਂ ਇਹ ਸੇਵਾ ਲੈ ਕੇ ਮੇਰੀ ਕੁੱਖ ਸਫਲੀ ਕਰ ਦਿੱਤੀ ਹੈ'। ਗਿਆਨੀ ਜਾਚਕ ਨੇ ਭਾਵਕ ਹੁੰਦੇ ਕਿਹਾ ਸ਼ਹੀਦ ਭਾਈ ਸਤਵੰਤ ਸਿੰਘ ਦੀ ਮਾਤਾ ਵੱਲੋਂ ਕੀਤੀ ਅਰਦਾਸ ਨੇ ਸਾਬਤ ਕਰ ਦਿੱਤਾ ਕਿ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀ ਵਿੱਚ ਪਵਾਉਣ ਸਮੇਂ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰਨ ਵਾਲੀਆਂ ਮਾਵਾਂ ਅੱਜ ਵੀ ਮੌਜੂਦ ਹਨ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top