Share on Facebook

Main News Page

ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਦੇ ਨਾਂ...
-
ਡਾ. ਹਰਜਿੰਦਰ ਸਿੰਘ ਦਿਲਗੀਰ

ਹੇਠਲੀ ਕਵਿਤਾ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਨੇ ਨਵੰਬਰ 1984 ਦੇ ਸ਼ੁਰੂ ਵਿਚ ਲਿਖੀ ਸੀ। 31 ਅਕਤੂਬਰ 1984 ਦੇ ਦਿਨ ਭਾਈ ਬੇਅੰਤ ਸਿੰਘ ਮਲੋਆ ਅਤੇ ਭਾਈ ਸਤਵੰਤ ਸਿੰਘ ਅਗਵਾਨ ਨੇ ਦਰਬਾਰ ਸਾਹਿਬ ‘ਤੇ ਹਮਲਾ ਕੇ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਸ਼ਹੀਦ ਕਰਨ ਵਾਲੀ ਇਂਦਰਾ ਗਾਂਧੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ ਸੀ। ਇਹ ਕਵਿਤਾ ਉਨ੍ਹਾਂ ਦੋ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ - (ਕੁਲਵਿੰਦਰ ਸਿੰਘ ਜਾਡਲਾ, ਸਪੇਨ)

ਏਨਾ ਜ਼ੁਲਮ ਕੀਤਾ ਜ਼ੈਲ ਤੇ ਇੰਦਰਾ ਨੇ;
ਨਾਦਰ ਅਬਦਾਲੀ ਸਭ ਫਿੱਕੇ ਪੁਆ ਦਿੱਤੇ।
ਔਰੰਗਜ਼ੇਬ, ਫ਼ਰਖ਼ਸੀਅਰ, ਮੀਰ ਮੰਨੂ,
ਜ਼ਕਰੀਆ ਖ਼ਾਨ ਜਿਹੇ ਜ਼ਾਲਮ ਭੁਲਾ ਦਿੱਤੇ।

ਜ਼ੁਲਮ ਵੇਖ ਬੇਅੰਤ ਸਿੰਘ ਕੰਬ ਉਠਿਆ;
ਸਤਵੰਤ ਸਿੰਘ ਦੀ ਰੂਹ ਕੁਰਲਾਈ ਏਦਾਂ।
ਲੇਖਾ ਕਰਾਂਗੇ ਜ਼ੁਲਮ ਦਾ ਖਾਲਸਾ ਜੀ;
ਹਜ਼ੂਰ ਗੁਰੂ ਦੇ ਉਨ੍ਹਾਂ ਸਹੁੰ ਖਾਈ ਏਦ੍ਹਾਂ।
ਐਪਰ ਚੁੱਪ ਰਹੇ, ਸੂਹ ਨਾ ਨਿਕਲ ਜਾਵੇ;
ਕੰਮ ਸਾਡਾ ਨਾ ਕਿਤੇ ਹੋ ਕੱਚ ਜਾਵੇ।

ਕਿਧਰੇ ਗੱਲ ਨਾ ਪੁੱਜ ਜਾਏ ਮੁਖ਼ਬਰਾਂ ਤਕ;
ਤੇ ਮੋਤੀ ਨਹਿਰੂ ਦੀ ਪੋਤੀ ਨਾ ਬਚ ਜਾਏ।
ਕਿਧਰੇ ਕੱਚੜਾ ਕੰਮ ਨਾ ਹੋ ਜਾਵੇ;
ਕਿਧਰੇ ਬਿਨਾ ਅੰਜਾਮ ਨਾ ਅਸੀਂ ਮਰੀਏ।
ਕਿਧਰੇ ਭਗਤ ਸਿੰਘ ਵਾਂਗਰਾਂ ਅਸੀਂ ਐਵੇਂ;
ਵਾਧੂ ਸਾਂਡਰਸ ਲਈ ਨਾ ਫਾਹੇ ਚੜ੍ਹੀਏ।

ਜਦੋਂ ਦਿਸਿਆ ਹੋ ਜਾਊ ਕਾਮਯਾਬੀ;
ਸਿੰਘਾਂ ਏਸ ਨੂੰ ਸੀ ਕਾਰੇ-ਆਮ ਕੀਤਾ।
ਤਖ਼ਤ ਅਕਾਲ ਨੂੰ ਢਾਹੁਣ ਦੀ ਸਜ਼ਾ ਖ਼ਾਤਿਰ;
ਓਸ ਜ਼ਾਲਮ ਦਾ ਕੰਮ ਤਮਾਮ ਕੀਤਾ।
ਜਦੋਂ ਸਿੰਘਾਂ ਨੂੰ ਹੋ ਗਈ ਫ਼ਤਹਿ ਹਾਸਿਲ;
ਓਨ੍ਹਾਂ ਗੱਜ ਕੇ ਫ਼ਤਹਿ ਬੁਲਾ ਦਿੱਤੀ।
ਖ਼ੁਦ ਬੇਅੰਤ ਸਿੰਘ ਸਿਰਦਾਰ ਸ਼ਹੀਦ ਬਣਿਆ;
ਮੌਤ ਲਾਡਲੀ ਗਲ ਨਾਲ ਲਾ ਲਿੱਤੀ।

ਜੋ ਬੇਅੰਤ ਸਿੰਘ ਸਤਵੰਤ ਸਿੰਘ ਦੇਣ ਦਿੱਤੀ;
ਸਦਾ ਖਾਲਸਾ ਜੀ ਉਸ ਨੂੰ ਯਾਦ ਰੱਖਣਾ।
ਭੁੱਲਣਾ ਕਦੇ ਨਾ ਇਹ ਮਹਾਨ ਸੇਵਾ ;
ਆਪਣੇ ਦਿਲਾਂ ਵਿਚ ਯਾਦ ਆਬਾਦ ਰੱਖਣਾ।
ਨਾ ਹੀ ਭੁੱਲਣਾ ਕੇਹਰ ਸਿੰਘ ਵੀਰ ਤਾਈਂ;
ਆਪਣੇ ਸੱਕਿਆਂ ਤੋਂ ਵਧ ਪਿਆਰ ਦੇਣਾ।
ਜਦੋਂ ਗੱਲ ਕੁਰਬਾਨੀ ਦੀ ਛਿੜੇ ਯਾਰੋ;
ਇਨ੍ਹਾਂ ਵੀਰਾਂ ਨੂੰ ਰੱਜ ਕੇ ਸਤਿਕਾਰ ਦੇਣਾ।
(ਨਵੰਬਰ 1984)

ਸਿੱਖ ਕੌਮ ਦੇ ਪਿਆਰੇ ਸ਼ਹੀਦ ਵੀਰੋ;
ਰਹਿੰਦੀ ਦੁਨੀਆਂ ਤਕ ਰਹੇਗਾ ਨਾਂ ਤੁਹਾਡਾ।
ਤੁਹਾਡੀ ਸਾਖੀ ਤਵਾਰੀਖ਼ ਵਿਚ ਬੜੀ ਉਚੀ;
ਸਿੱਖ ਪੰਥ ‘ਚ ਉਚਾ ਮੁਕਾਮ ਤੁਹਾਡਾ।
ਜਦੋਂ ਇੰਦਰਾ ਨੇ ਪੰਥ ਦੇ ਖ਼ਾਤਮੇ ਲਈ;
ਧਾਰ ਨਾਦਰ ਦੁੱਰਾਨੀ ਦਾ ਰੂਪ ਲੀਤਾ।
ਲ਼ੱਖਾਂ ਫ਼ੌਜਾਂ ਪੰਜਾਬ ਵਿਚ ਭੇਜ ਕੇ ਤੇ;
ਸਿੰਘਾਂ ਕਈ ਹਜ਼ਾਰਾਂ ਦਾ ਖ਼ੂਨ ਪੀਤਾ।
ਬੱਚੇ, ਬੁੱਢੇ ਤੇ ਬੀਬੀਆਂ ਕੋਹ ਸੁੱਟੇ;
ਲੱਖੂ, ਯਾਹੀਏ ਨੂੰ ਉਸ ਨੇ ਮਾਤ ਕੀਤਾ;
ਧੀ ਜਵਾਹਰ ਦੀ, ਮੋਤੀ ਦੀ ਪੋਤਰੀ ਨੇ;
ਸਿੰਘਾਂ ਸ਼ੇਰਾਂ ਦਾ ਇਸ ਤਰ੍ਹਾਂ ਘਾਤ ਕੀਤਾ।

ਦੋ ਲੱਖ ਦਾ ਟਿੱਡੀ ਦਲ ਆਣ ਚੜ੍ਹਿਆ;
ਤੋਪਾਂ ਟੈਂਕਾ ਦੀ ਲਾਈਨ ਵੀ ਲਾ ਦਿੱਤੀ।
ਦਰਬਾਰ ਸਾਹਿਬ ‘ਤੇ ਚੌਹਾਂ ਪਾਸਿਆਂ ਤੋਂ;
ਬੰਬਾਂ ਗੋਲਿਆਂ ਦੀ ਬਾਰਿਸ਼ ਪਾ ਦਿੱਤੀ।
ਐਪਰ ਡੇਢ ਸੌ ਸਿੰਘਾਂ ਮੁਕਾਬਲੇ ਵਿਚ;
ਭਾਰਤੀ ਫ਼ੌਜ ਦੀ ਹੋਸ਼ ਭੁਲਾ ਦਿੱਤੀ।
ਸ਼ਵਾ ਲੱਖ ਨਾਲ ਇਕ ਦੇ ਲੜਨ ਵਾਲੀ;
ਗੱਲ ਫੇਰ ਸੱਚ ਕਰ ਦਿਖਾ ਦਿੱਤੀ।

ਭਿੰਡਰਾਂ ਜਥਾ ਤੇ ਨਾਗੋਕੇ ਜਥੇ ਨੇ ਵੀ;
ਖ਼ੂਬ ਕਾਫ਼ਰਾਂ ਦੇ ਆਹੂ ਲਾਹੇ ਓਨ੍ਹਾਂ।
ਇਕ-ਇਕ ਨੇ ਕਈ-ਕਈ ਸੌ ਮਾਰੇ;
ਵੈਦਯ ਸੁੰਦਰਜੀ ਖ਼ੂਬ ਦੁੜ੍ਹਾਏ ਓਨ੍ਹਾਂ।
ਚੌਕ ਮਹਿਤੇ ਦੇ ਬਾਬੇ ਜਰਨੈਲ ਸਿੰਘ ਨੇ;
ਗੜ੍ਹੀ ਚਮਕੌਰ ਨੂੰ ਫੇਰ ਦੋਹਰਾ ਦਿੱਤਾ।
ਜਥੇਦਾਰ ਅਮਰਜੀਤ ਸਿੰਘ ਖੇਮਕਰਨੀ;
ਵੈਰੀ ਸਫ਼ਾਂ ਵਿਚ ਮਾਤਮ ਵਿਛਾ ਦਿੱਤਾ।

ਸੁਬੇਗ ਸਿੰਘ ਜਰਨੈਲ ਨੇ ਸ਼ਾਨ ਰੱਖੀ;
ਸਦੀ ਅਠ੍ਹਾਰਵੀਂ ਦੇ ਦਿਨ ਲਿਆ ਦਿੱਤੇ।
ਬਬਰਾਂ, ਪਾੜ੍ਹਿਆਂ ਦੀਆਂ ਪਲਾਟੂਨਾਂ ਨੇ ਵੀ;
ਦੁਸ਼ਮਣ ਸੈਂਕੜੇ ਪਾਰ ਬੁਲਾ ਦਿੱਤੇ।

ਉਪਕਾਰ ਕੌਰ ਦੇ ਜਥੇ ਨੇ ਗਿਣ ਗਿਣ ਕੇ;
ਜ਼ਾਲਮ ਫ਼ੌਜੀਆਂ ਨੂੰ ਗੋਲੇ ਦਾਨ ਕੀਤੇ।
ਸੁਰ ਸਿੰਘ, ਸਾਂਙਨਾ ਪਿੰਡਾਂ ਦੇ ਸੂਰਿਆਂ ਵੀ;
ਧਰਮ ਯੁੱਧ ‘ਚ ਪੂਰੇ ਅਰਮਾਨ ਕੀਤੇ।

ਇਕ ਪਾਸੇ ਤਾਂ ਲੱਖਾਂ ਦੀ ਕਾਂਗ ਹੈਸੀ;
ਫਿਰ ਵੀ ਡੇਢ ਸੌ ਸਿੰਘਾਂ ਨੇ ਸ਼ਾਨ ਰੱਖੀ।
ਜਦੋਂ ਤੀਕ ਸੀ ਸੁਆਸ ਉਹ ਲੜੇ ਡੱਟ ਕੇ;
ਫੇਰ ਗੁਰੁ ਦੇ ਕਦਮਾਂ ‘ਚ ਜਾਨ ਰੱਖੀ।
ਸਿੰਘਾਂ ਡੇਢ ਸੌਆਂ ਨੇ ਹਜ਼ਾਰਾਂ ਕਾਫ਼ਰਾਂ ‘ਚੋਂ;
ਜਦੋਂ ਕਈ ਹਜ਼ਾਰ ਝਟਕਾ ਦਿੱਤੇ।
ਖਿਝੀ ਸੜੀ ਹੋਈ ਡੈਣ ਨੇ ਹੁਕਮ ਦੇ ਕੇ;
ਟੈਂਕ ਗੁਰੁ ਦਰਬਾਰ ਚੜ੍ਹਾ ਦਿੱਤੇ।

ਚੁੱਕੀ ਲਾਇਬਰੇਰੀ, ਸਾੜਿਆ ਤੋਸ਼ੇਖਾਨਾ;
ਦਫ਼ਤਰ ਦਲ ਤੇ ਕਮੇਟੀ ਵੀ ਸਾੜ ਦਿੱਤੇ।
ਸਵਾ ਸੌ ਗੁਰਦੁਆਰਿਆਂ ਹੋਰਨਾਂ ਵਿਚ;
ਸਿੰਘ ਕਈ ਬੇਦੋਸ਼ ਸੀ ਮਾਰ ਦਿੱਤੇ।

ਸੁੰਦਰਜੀ ਤੇ ਵੈਦਯ ਹੁਕਮ ਦੇ ਕੇ;
ਫ਼ੌਜੀ ਪਿੰਡਾਂ ‘ਤੇ ਵੀ ਚੜ੍ਹਾ ਦਿੱਤੇ।
ਚੁਣ-ਚੁਣ ਘਰਾਂ ਚੋਂ ਨੌਜਵਾਨ ਬਾਂਕੇ;
ਸਿੰਘ ਸੈਂਕੜੇ ਸ਼ੂਟ ਕਰਵਾ ਦਿੱਤੇ।

 


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top