Share on Facebook

Main News Page

ਗੁਰੂ ਅਤੇ ਬਾਬੇ ਵਾਲਾ ਝਗੜਾ
- ਅਵਤਾਰ ਸਿੰਘ ਮਿਸ਼ਨਰੀ  510 432 5827

ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਲਈ ਹੈ ਉਪਦੇਸ਼ ਰੂਪ ਹੈ - ਉਪਦੇਸ਼ ਚਹੁ ਵਰਣਾ ਕਉ ਸਾਝਾ॥ ਗੁਰੂ ਇੱਕ ਸਿਧਾਂਤ ਹੈ ਸਿੱਖਾਂ ਦੇ ਵੱਖਰੇ-ਵੱਖਰੇ ਦਸ ਗੁਰੂ ਨਹੀਂ ਸਗੋਂ - ਇਕਾ ਬਾਣੀ ਇਕੁ ਗੁਰ ਇਕੋ ਸਭਦਿ ਵੀਚਾਰੁ॥ ਭਾਵ ਸੱਚ ਰੂਪੀ ਸ਼ਬਦ ਹੀ ਸਦੀਵੀ ਗੁਰੂ ਹੈ। ਬਾਬਾ ਨਾਨਕ ਸਾਡਾ ਰਹਿਬਰ ਹੈ ਤੇ ਬਾਕੀ ਨੌਂ ਸਿੱਖ ਮਹਾਂਪੁਰਖ ਬਾਬੇ ਨਾਨਕ ਦੇ ਜਾਂਨਸ਼ੀਨ ਉਤਰਾਧਿਕਾਰੀ ਹਨ। ਜਦ ਸਿੱਧਾਂ ਨੇ ਵਿਚਾਰ ਚਰਚਾ ਕਰਦੇ ਸਮੇਂ ਜਾਹਰ ਪੀਰ ਜਗਤ ਗੁਰ ਬਾਬੇ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤਾਂ ਬਾਬਾ ਨਾਨਕ ਜੀ ਨੇ ਸਾਫ-ਸਾਫ ਕਹਿ ਦਿੱਤਾ - ਸਬਦ ਗੁਰੂ ਸੁਰਤਿ ਧੁਨਿ ਚੇਲਾ॥

ਵਿਦਵਾਨ ਲਿਖਾਰੀ ਅਤੇ ਫੇਸ ਬੁੱਕ ਤੇ ਲਿਖਣ ਵਾਲੇ ਵੀਰੋ ਘਟੋ ਘੱਟ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਰਹਿਬਰ ਆਗੂ ਮੰਨਦੇ ਹਨ, ਹੋਰ ਕਿਸੇ ਦੇਹਧਾਰੀ ਸਾਧ ਸੰਤ ਦੇ ਮੱਗਰ ਨਹੀਂ ਲਗਦੇ, ਉਹ ਤਾਂ ਛੋਟੇ ਮੋਟੇ ਮਤ-ਭੇਦ ਛੱਡ, ਮਿਲ ਕੇ ਚੱਲਣ ਨਾਂ ਕਿ ਧੜੇਬੰਦੀ ਜਾਂ ਬੇਸਮਝੀ ਵਿੱਚ ਇੱਕ ਦੂਜੇ ਵਿਰੁੱਧ ਧੂੰਆਂ ਧਾਰ ਬਿਆਨ ਬਾਜੀ ਕਰੀ ਜਾਣ। ਸਾਰਿਆਂ ਦੇ ਵਿਚਾਰ ਬਿਲਕੁਲ ਇਕੋ ਜਿਹੇ ਨਹੀਂ ਹੋ ਸਕਦੇ ਜਿਵੇਂ ਪੰਜੇ ਉਂਗਲਾਂ ਵੱਡੀਆਂ ਛੋਟੀਆਂ ਹਨ ਪਰ ਮਿਲ ਕੇ ਪੰਜਾ ਅਤੇ ਘਸੁੰਨ ਬਣ ਜਾਂਦੀਆਂ ਹਨ - ਕਰਤੇ ਇਕ ਖੇਲ ਰਚਾਇਆ ਕੋਈ ਕਿਸੇ ਜਿਹਾ ਉਪਾਇਆ॥ ਜੇ ਲੜਨਾ ਹੀ ਹੈ ਤਾਂ ਬੁਰਾਈਆ, ਵਿਸ਼ੇ-ਵਿਕਾਰਾਂ, ਭੇਖੀ ਸਾਧਾਂ ਸੰਤਾਂ ਅਤੇ ਉਨ੍ਹਾਂ ਦੁਆਰਾ ਪੈਦਾ ਕੀਤੇ ਕਰਮਕਾਂਡਾਂ ਵਿਰੁੱਧ ਲੜੀਏ।

ਐਸ ਵੇਲੇ ਜਾਗਰੂਕ ਸਿੱਖਾਂ ਨੂੰ ਇੱਕ ਮੁੱਠ ਰਹਿਣਾ ਚਾਹੀਦਾ ਹੈ ਨਹੀਂ ਤਾਂ ਭੂਤਰੇ ਫਿਰਦੇ ਵੱਗਾਂ ਦੇ ਵੱਗ ਭੇਖੀ ਡੇਰਦਾਰ ਸਾਧ ਸਿੱਖੀ ਦਾ ਮਲੀਆ ਮੇਟ ਕਰ ਦੇਣਗੇ! ਜਰਾ ਸੋਚੋ! ਕੀ ਸਿੱਖਾਂ ਦੇ ਗਿਆਰਾਂ ਗੁਰੂ ਹਨ ਜਾਂ ਸਦੀਵੀ ਸ਼ਬਦ ਹੀ ਵਾਹਿਦ ਇੱਕ ਗੁਰੂ ਹੈ। ਸਿੱਖ ਨੇ ਅਰਦਾਸ ਵੀ ਉਸ ਸ਼ਬਦ ਗੁਰੂ ਅਕਾਲ ਪੁਰਖ ਪਾਸ ਕਰਨੀ ਹੈ ਨਾਂ ਕਿ ਵੱਖ ਵੱਖ ਦਸ ਗੁਰੂਆਂ ਅੱਗੇ। ਗੁਰੂ ਗ੍ਰੰਥ ਸਾਹਿਬ ਵਿਖੇ ਛੇ ਗੁਰ ਵਿਅਕਤੀਆਂ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਤਿੰਨ ਗੁਰਸਿੱਖਾਂ ਟੋਟਲ ਪੈਂਤੀ ਮਹਾਂ ਪੁਰਖਾਂ ਦੀ ਬਾਣੀ ਹੈ। ਇਸ ਲਈ ਬਾਕੀਆਂ ਨੂੰ ਛੱਡ ਕੇ ਕੇਵਲ ਦਸਾਂ ਨੂੰ ਹੀ ਗੁਰੂ ਮੰਨ ਅਰਦਾਸ ਕਰੀ ਜਾਂਦੇ ਹਾਂ। ਕੀ ਇਹ ਬਾਕੀਆਂ ਨਾਲ ਵਿਤਕਰਾ ਨਹੀਂ?

ਆਓ, ਸਮਝ ਤੋਂ ਕੰਮ ਲੈ ਕੇ ਗੁਰ ਸਿਧਾਂਤ ਦੀ ਗੱਲ ਕਰੀਏ ਨਾਂ ਕਿ ਬਾਬਾ ਜਾਂ ਗੁਰੂ ਕਹਿਣ ਵਾਲੀ ਗੱਲ ਵਿੱਚ ਉਲਝੀ ਜਾਈਏ। ਬਾਬਾ ਨਾਨਕ ਜੀ ਜਗਤ ਰਹਿਬਰ ਹਨ ਜਿਨ੍ਹਾਂ ਨੇ ਸਦੀਵੀ ਜਨਮ ਮਰਨ ਰਹਿਤ ਸ਼ਬਦ ਗੁਰੂ ਦੀ ਸੋਝੀ ਸੰਸਾਰ ਨੂੰ ਬਖਸ਼ ਕੇ ਜਨਮ ਲੈ ਕੇ ਮਰਨ ਵਾਲੇ ਦੇਹਧਾਰੀ ਗੁਰੂਆਂ ਤੋਂ ਮਨੁੱਖਤਾ ਦਾ ਖਹਿੜਾ ਛਡਾਇਆ। ਜੇ ਦੇਹਧਾਰੀ ਹੀ ਗੁਰੂ ਹੁੰਦਾ ਤਾਂ ਦਸਵੇਂ ਪਾਤਸ਼ਾਹ ਕਦੇ ਵੀ ਸ਼ਬਦ ਗੁਰੂ ਨੂੰ ਗੁਰਗੱਦੀ ਨਾਂ ਦਿੰਦੇ ਸਗੋਂ ਆਪਣੀ ਥਾਂ ਗਿਆਰਵਾਂ ਗੁਰੂ ਥਾਪ ਦਿੰਦੇ - ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਯੋਂ ਗ੍ਰੰਥ॥ ਸੋ ਹੁਣ ਸਾਡਾ ਸਭ ਦਾ “ਗੁਰੂ ਗ੍ਰੰਥ ਸਾਹਿਬ” ਹੀ ਸਦੀਵੀ ਸ਼ਬਦ ਗੁਰੂ ਹੈ॥ ਇਸ ਲਈ ਝਗੜਾ ਖਤਮ ਹੈ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top