Share on Facebook

Main News Page

'ਗੁਰੂ' ਅਤੇ 'ਭਗਤ' ਸ਼ਬਦਾਂ ਨੂੰ ਵੱਡੇ ਛੋਟੇ ਸਮਝਣ ਵਾਲੇ ਲੋਕ ਸਾਡੇ ਵਿੱਚ ਵੰਡੀਆਂ ਪਾ ਰਹੇ ਹਨ
-
ਗਿਆਨੀ ਜਗਤਾਰ ਸਿੰਘ ਜੀ ਜਾਚਕ
 
* ਜੇ ਗੁਰੂ ਨਾਨਕ ਸਾਹਿਬ ਜੀ ਭਗਤਾਂ ਦੀ ਰੱਬੀ ਬਾਣੀ ਨੂੰ ਇਕਤਰ ਕਰਕੇ ਨਾ ਸੰਭਾਲਦੇ ਤਾਂ ਉਨ੍ਹਾਂ ਦਾ ਫ਼ਲਸਫ਼ਾ ਸਾਡੇ ਤੱਕ ਨਾ ਪਹੁੰਚਦਾ
* ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਸਾਰੇ ਹੀ ਸਾਡੇ ਲਈ ਗੁਰੂ ਸਮਾਨ ਹਨ

ਬਠਿੰਡਾ, ੩੦ ਅਕਤੂਬਰ (ਕਿਰਪਾਲ ਸਿੰਘ): ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਸਾਰੇ ਹੀ ਸਾਡੇ ਲਈ ਗੁਰੂ ਸਮਾਨ ਹਨ ਪਰ 'ਗੁਰੂ' ਅਤੇ 'ਭਗਤ' ਸ਼ਬਦਾਂ ਨੂੰ ਵੱਡੇ ਛੋਟੇ ਸਮਝਣ ਵਾਲੇ ਲੋਕ ਸਾਡੇ ਵਿੱਚ ਵੰਡੀਆਂ ਪਾ ਕੇ ਸਾਨੂੰ ਕਮਜੋਰ ਕਰ ਰਹੇ ਹਨ।

ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਆਖਿਆ ਦੌਰਾਣ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜੀ ਜਾਚਕ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਗੁਰੂ ਅਰਜੁਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਚੜ੍ਹਾਉਣ ਸਮੇਂ ਗੁਰੂ ਸਾਹਿਬਾਨ ਜੀ ਦੀ ਬਾਣੀ ਤਾਂ ਸਿਰਫ 'ਮਹਲਾ ੧, ਮਹਲਾ ੨, ਮਹਲਾ ੩' ਆਦਿਕ ਸਿਰਲੇਖਾਂ ਹੇਠ ਦਰਜ ਕੀਤੀ ਤੇ ਕਿਸੇ ਦਾ ਵਿਸ਼ੇਸ਼ ਤੌਰ 'ਤੇ ਨਾਮ ਤੱਕ ਨਹੀਂ ਲਿਖਿਆ ਪਰ 'ਭਗਤ ਬਾਣੀ' ਦਰਜ ਕਰਨ ਸਮੇਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੰਦਿਆਂ 'ਬਾਣੀ ਭਗਤਾ ਕੀ ॥ ਕਬੀਰ ਜੀਉ ਕੀ',  'ਬਾਣੀ ਸ੍ਰੀ ਰਵਿਦਾਸ ਜੀਉ ਕੀ', 'ਬਾਣੀ ਭਗਤ ਨਾਮਦੇਵ ਜੀਉ ਕੀ ॥' ਕਰਕੇ ਲਿਖਿਆ ਹੈ। ਬੁਰਬਾਣੀ ਵਿੱਚ ਵਰਤਿਆ ਗਿਆ ਲਫਜ 'ਭਗਤ' ਕੋਈ ਛੋਟਾ ਨਹੀਂ ਸਗੋਂ ਵੱਡੀ ਵਡਿਆਈ ਹੈ। ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਉਣ ਸਮੇਂ ਸਾਡੇ ਲਈ ਸਿਖਿਆਦਾਇਕ ਜੋ ਵਸੀਅਤਨਾਮਾ ਕਰ ਗਏ ਸਨ ਤੇ ਜਿਸ ਨੂੰ ਉਨ੍ਹਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੯੨੩ 'ਤੇ ਰਾਮਕਲੀ ਸਦ ਸਿਰਲੇਖ ਹੇਠ ਉਚਾਰਣ ਕੀਤਾ ਹੈ ਉਸ ਵਿੱਚ ਲਿਖਿਆ ਹੈ:

'ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥' ਅਸਲ ਵਿੱਚ ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ। 
ਪੰਨਾ ਨੰ: ੯੫੦ 'ਤੇ ਗੁਰਵਾਕ ਹੈ: 

'ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥' (ਰਾਮਕਲੀ ਕੀ ਵਾਰ:੧, ਮ: ੩) ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹ (ਅਸਲ) ਭਗਤ ਹੈ। ਹੁਕਮ ਮੰਨਣ ਤੋਂ ਬਿਨਾ ਮਨੁੱਖ ਬਿਲਕੁਲ ਕੱਚਾ ਹੈ (ਭਾਵ, ਅੱਲ੍ਹੜ ਮਨ ਵਾਲਾ ਹੈ ਜੋ ਹਰ ਵੇਲੇ ਡੋਲਦਾ ਹੈ) ॥੧॥ 

ਪੰਨਾ ੧੩੮੫ 'ਤੇ ਸਵਈਏ ਸ੍ਰੀ ਮੁਖਬਾਕ੍ਯ ਮ: ੫ ਸਿਰਲੇਖ ਹੇਠ ਲਿਖੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹੋਏ ਉਨ੍ਹਾਂ ਨੂੰ ਵੀ ਗੁਰੂ ਅਰਜੁਨ ਸਾਹਿਬ ਜੀ ਨੇ 'ਭਗਤ' ਲਿਖਿਆ ਹੈ: 
'ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥' ਭਾਵ (ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ? 

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੮੫੮ 'ਤੇ ਬਿਲਾਵਲੁ ਰਾਗੁ ਵਿੱਚ ਭਗਤ ਰਵਿਦਾਸ ਜੀ ਖ਼ੁਦ ਲਿਖਦੇ ਹਨ: 
'ਪੰਡਿਤ ਸੂਰ ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰੁ ਨ ਕੋਇ ॥' ਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ। 

ਸੋ ਇਨ੍ਹਾਂ ਗੁਰ ਫ਼ੁਰਮਾਨਾਂ ਤੋਂ ਸਪਸ਼ਟ ਹੈ ਕਿ ਧਾਰਮਕ ਸ਼ਬਦਾਵਲੀ ਵਿੱਚ 'ਭਗਤ' ਬਹੁਤ ਹੀ ਸਨਮਾਨਯੋਗ ਸ਼ਬਦ ਹੈ, ਭਗਤ ਦੀ ਬਰਾਬਰੀ ਹੋਰ ਕੋਈ ਵੀ ਨਹੀਂ ਕਰ ਸਕਦਾ ਅਤੇ ਭਗਤ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ। ਪਰ ਗੁਰਬਾਣੀ ਦੀ ਬੇਸਮਝੀ ਕਾਰਣ ਮੇਰੇ ਸਮੇਤ ਭਗਤ ਸਾਹਿਬਾਨ ਨਾਲੋਂ ਗੁਰੂ ਦਾ ਦਰਜਾ ਉਚਾ ਮੰਨਦੇ ਹੋਏ ਉਨ੍ਹਾਂ ਨੂੰ ਗੁਰੂ ਕਹਿਣਾ ਪ੍ਰਵਾਨ ਨਹੀਂ ਕਰਦੇ ਤੇ ਦੂਸਰੇ ਪਾਸੇ ਭਗਤ ਸਾਹਿਬਾਨਾਂ ਦੀ ਜਾਤੀ ਨਾਲ ਸਬੰਧਤ ਲੋਕ ਆਪਣੀ ਜਾਤੀ ਨਾਲ ਸਬੰਧਤ ਭਗਤ ਸਾਹਿਬਾਨ ਨੂੰ ਗੁਰੂ ਕਹਿਣ ਦੀ ਅੜੀ ਕਰਦੇ ਹਨ ਤੇ ਰੋਸ ਵਜੋਂ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵੱਖਰੀ ਕੱਢ ਕੇ ਆਪਣੇ ਵੱਖਰੇ ਗ੍ਰੰਥ ਤਿਆਰ ਕਰਕੇ ਆਪਣੇ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਵੱਲੋਂ ਸਮੁੱਚੀ ਮਨੁਖਤਾ ਦੀ ਭਲਾਈ ਲਈ ਉਠਾਈ ਅਵਾਜ਼ ਨੂੰ ਕਮਜੋਰ ਕਰ ਰਹੇ ਹਨ।

ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਗੁਰੂ ਨਾਨਕ ਸਾਹਿਬ ਜੀ ਭਗਤਾਂ ਦੀ ਰੱਬੀ ਬਾਣੀ ਨੂੰ ਇਕੱਤਰ ਕਰਕੇ ਨਾ ਸੰਭਾਲਦੇ ਅਤੇ ਗੁਰੂ ਅਰਜੁਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾ ਕਰਦੇ ਤਾਂ ਉਨ੍ਹਾਂ ਦਾ ਫ਼ਲਸਫ਼ਾ ਸਾਡੇ ਤੱਕ ਨਾ ਪਹੁੰਚਦਾ ਕਿਉਂਕਿ ਮਨੁਖਤਾ ਵਿੱਚ ਵੰਡੀਆਂ ਪਾ ਕੇ ਲੋਕਾਂ ਦੀ ਆਰਥਕ, ਸਮਾਜਕ ਤੇ ਰਾਜਨੀਤਕ ਲੁੱਟ ਕਰਨ ਵਾਲਿਆਂ ਨੇ ਇਸ ਨੂੰ  ਉਸੇ ਤਰ੍ਹਾਂ ਰੋਲ ਦੇਣਾ ਸੀ ਜਿਵੇਂ ਉਨ੍ਹਾਂ ਦੇ ਜੀਵਨ ਨਾਲ ਕਈ ਮਨਘੜਤ ਸਾਖੀਆਂ ਜੋੜ ਕੇ ਉਨ੍ਹਾਂ ਦੇ ਇਤਿਹਾਸ ਨੂੰ ਗੰਧਲਾ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਾਤ ਵਰਨ ਤੋਂ ਉਪਰ ਉਠ ਕੇ ਇੱਕ ਵੀਚਾਰਧਾਰਾ ਵਾਲਿਆਂ ਨੂੰ ਗਲਵਕੜੀ ਵਿੱਚ ਲੈ ਕੇ ਕਾਫਲੇ ਦੀ ਤਾਕਤ ਵਧਾਈ ਪਰ ਅਸੀਂ ਆਪਣੀ ਬੇਸਮਝੀ ਕਾਰਣ ਇੱਕੋ ਵੀਚਾਰਧਾਰਾ ਵਾਲਿਆਂ ਵਿੱਚ ਵੰਡੀਆਂ ਪਾ ਕੇ ਆਪਣੇ ਆਪ ਨੂੰ ਕਮਜੋਰ ਕਰਨ ਲਈ ਦੁਸ਼ਮਣ ਦੇ ਮਨਸੂਬੇ ਪੂਰ ਰਹੇ ਹਾਂ। 


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top