Share on Facebook

Main News Page

ਧੰਨ ਸਿੱਖੋ ਧੰਨ ਸਿੱਖੀ ਕਮਾਈ, ਪਹਿਲਾਂ ਗੋਲਕ, ਫਿਰ ਤਾਲੇ, ਉਪਰ ਲਾਖ ਲਗਾਈ
- ਜਸਵਿੰਦਰ ਸਿੰਘ 98147 15796

ਕਿਸੇ ਵੀ ਗੁਰਦੁਆਰੇ ਵਿੱਚ ਜਾਈਏ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਵਾਹਵਾ ਲੰਮੀ ਲੰਝੀ ਗੋਲਕ ਪਈ ਨਜ਼ਰ ਆਏਗੀ। ਗੁਰੂ ਸਾਹਿਬ ਨੂੰ ਸੀਸ ਨਿਵਾਉਣ ਤੋਂ ਪਹਿਲਾਂ ‘ਇਸ ਦੇਵੀ’ ਨੂੰ ਮੱਥਾ ਆਪਣੇ ਆਪ ਹੀ ਟੇਕਿਆ ਜਾਂਦਾ ਹੈ। ਵੈਸੇ ਸਿੱਖਾਂ ਦੀ ਇਸ ‘ਸੱਚਾਈ’ ਤੋਂ ਕੁਰਬਾਨ ਹੋਣ ਨੂੰ ਵੀ ਜੀਅ ਕਰ ਆਉਂਦਾ ਹੈ। ਸ਼ਾਇਦ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਜੀ ਸਾਨੂੰ ਤੁਹਾਡੇ ਨਾਲੋਂ ਪਹਿਲਾਂ ਇਹ ਗੋਲਕ ਪਿਆਰੀ ਹੈ। ਗੁਰੂ ਅੱਗੇ ਸੀਸ ਭੇਟ ਕਰਨਾ ਸੀ, ਪਰ ਸ਼ਾਇਦ ਅਸੀਂ ਕੁਝ ਦਮੜੇ ਭੇਂਟ ਕਰਕੇ ਆਪਣੇ ਆਪ ਨੂੰ ਵੱਡਾ ਸਿੱਖ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ। ਥੋੜ੍ਹੇ ਜਿਹੇ ਛਿੱਲੜ ਰੱਖ ਕੇ ਅਸੀਂ ਮੰਗਾਂ ਦੀ ਲੰਮੀ ਲਿਸਟ ਪੇਸ਼ ਕਰ ਦਿੰਦੇ ਹਾਂ। ਖੈਰ ਇਹ ਇੱਕ ਅਲੱਗ ਵਿਸ਼ਾ ਹੈ। ਅੱਜ ਅਸੀਂ ਸਿਰਫ਼ ਗੋਲਕ ਦੀ ਗੱਲ ਕਰਨੀ ਹੈ।......

ਇਹ ਆਖਿਆ ਜਾਂਦਾ ਹੈ ਕਿ ਗੁਰਦੁਆਰਾ ਪ੍ਰਬੰਧ ਲਈ ਹੈ ਗੋਲਕ ਤਾਂ। ਕੀ ਬਾਕੀ ਦੇ ਧਰਮ ਜਾਂ ਮੱਤਾਂ ਵਾਲੇ ਪ੍ਰਬੰਧ ਨਹੀਂ ਕਰਦੇ? ਕੀ ਉਨ੍ਹਾਂ ਦੇ ਨਿਰਮਾਣ ਕਾਰਜ ਨਹੀਂ ਚਲਦੇ? ਖੈਰ, ਚਲੋ ਮੰਨਿਆ ਕਿ ਪ੍ਰਬੰਧ ਲਈ ਮਾਇਆ ਦੀ ਲੋੜ ਹੈ। ਇਹ ਵੀ ਇੱਕ ਪਲ ਲਈ ਮੰਨ ਲੈਂਦੇ ਹਾਂ ਕਿ ਇਸ ਦਾ ਗੋਲਕ ਤੋਂ ਬਿਨਾਂ ਕੋਈ ਸੌਖਾ ਬਦਲ ਨਹੀਂ। ਪਰ ਕੀ ਇਸ ਨੂੰ ਗੁਰੁ ਸਾਹਿਬ ਦੇ ਬਿਲਕੁਲ ਅੱਗੇ ਹੀ ਰੱਖਣਾ ਜਰੂਰੀ ਹੈ? ਗੁਰੂਦੁਆਰੇ ਵਿੱਚ ਇਸ ਦੀ ਹੋਰ ਕੋਈ ਥਾਂ ਨਹੀਂ? ਫਿ਼ਰ ਇਨ੍ਹਾਂ ਗੋਲਕਾਂ ਨੂੰ ਤਾਲੇ ਵੀ ਲਗਵਾ ਦਿੱਤੇ ਗਏ, ਤਾਂ ਕਿ ਕੋਈ ‘ਮਾਇਆ ਦਾ ਲਾਲਚੀ’ ਚੋਰੀ ਨਾ ਕਰ ਸਕੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੁਰੱਖਿਆ ਭਾਵੇਂ ਕਿੰਨੀ ਵੀ ਢਿੱਲੀ ਕਿਉਂ ਨਾ ਰਹਿ ਜਾਵੇ, ਕਿਧਰੇ ਸ਼ਾਟ ਸਰਕਟ ਕਾਰਨ ਅੱਗ ਲੱਗ ਜਾਵੇ, ਕਿਧਰੇ ਕੋਈ ਸ਼ਰਾਰਤੀ ਅਨਸਰ ਇਸ ਪਾਵਨ ਬੀੜ ਦੇ ਪੱਤਰੇ ਪਾੜ ਦੇਵੇ, ਕੋਈ ਗੱਲ ਨਹੀਂ। ਉਸ ਲਈ ਤਾਂ ਅਖਬਾਰੀ ਬਿਆਨ ਦਿੱਤੇ ਜਾ ਸਕਦੇ ਹਨ। ਦੁਸ਼ਮਣ ਦਾ ਹੱਥ ਕਿਹਾ ਜਾ ਸਕਦਾ ਹੈ। ਪਛਤਾਵੇ ਵਜੋਂ ਅਖੰਡ ਪਾਠ ਕਰਵਾਇਆ ਜਾ ਸਕਦਾ ਹੈ ਅਤੇ ਸੰਗਤ ਵਿੱਚ ਕਿਸੇ ਵੱਡੇ ਧਾਰਮਿਕ ਜਾਂ ਰਾਜਨੀਤਿਕ ਲੀਡਰ ਦੀ ਮੌਜੂਦਗੀ ਵਿੱਚ ਅਰਦਾਸ ਕੀਤੀ ਜਾ ਸਕਦੀ ਹੈ। ਪਰ ਜੇ ਗੋਲਕ ਵਿੱਚੋਂ ਮਾਇਆ ਚਲੀ ਗਈ, ਉਸ ਦਾ ਕੀ ਬਣੇਗਾ? ਗ੍ਰੰਥੀ ਸਿੰਘਾਂ ਬਾਰੇ ਭਾਂਤ ਭਾਂਤ ਦੀਆਂ ਗੱਲਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਗੋਲਕ ਚੋਂ ਚੋਰੀ ਦੇ ਇਲਜ਼ਾਮ ਅਕਸਰ ਹੀ ਲੱਗ ਜਾਂਦੇ ਹਨ। ਤਨਖਾਹ ਘੱਟ ਹੈ, ਸਾਹਮਣੇ ਮਾਇਆ ਹੈ। ਈਮਾਨ ਡੋਲ ਸਕਦਾ ਹੈ। ਡੋਲ ਜਾਂਦਾ ਹੋਵੇਗਾ.....

ਤਾਲੇ ਤਾਂ ਲਗਾਏ ਹੀ ਸਨ, ਉਪਰ ਕੱਪੜ ਲਪੇਟ ਕੇ, ਰੀਬਨ ਲਗਾ ਕ ਫਿਰ ਚੰਗੀ ਤਰਾਂ ਲਾਖ ਲਗਾ ਦਿੱਤੀ ਅਤੇ ਇਸ ਨੂੰ ਸੀਲ ਕਰ ਦਿੱਤਾ, ਤਾਂ ਕਿ ਕੋਈ ਬਾਹਰੀ ਤੱਤ ਜਾਂ ਡੋਲੇ ਈਮਾਨ ਵਾਲਾ ਤਾਲੇ ਨੂੰ ਡੁਪਲੀਕੇਟ ਚਾਬੀ ਆਦਿ ਰਾਹੀ ਨਾ ਖੋਲ੍ਹ ਲਵੇ। ਅਸੀਂ ਗੁਰੂ ਦੇ ਸਿੱਖ ਹਾਂਅਸੀਂ ਗੁਰੁ ਸਾਹਿਬ ਜੀ ਨੂੰ ਅਰਪਨ ਕੀਤੀ ਦਸਵੰਧ ਦੀ ਮਾਇਆ ਦੀ ਰਾਖੀ ਕਰਨੀ ਹੈ। {ਗੁਰੁ ਸਾਹਿਬ ਦੀ ਵਿਚਾਰਧਾਰਾ ਦੀ ਰਾਖੀ ਭਾਵੇਂ ਨਾ ਹੋ ਸਕੇ, ਪਰ ਮਾਇਆ ਵੱਲ ਤੱਕਣ ਦੀ ਕਿਸੇ ਦੀ ਹਿੰਮਤ ਕਿਵੇਂ ਪੈ ਜਾਵੇ ?}..............

ਪਿਆਰਿਓ ! ਠਕਿ ਹੈ ਗੁਰੂ ਘਰ ਲਈ ਮਾਇਆ ਚਾਹੀਦੀ ਹੈ। ਸੱਚ ਹੈ ਕਿ ਉਸ ਮਾਇਆ ਦੀ ਸੰਭਾਲ ਜਾਂ ਰਾਖੀ ਵੀ ਅਸੀਂ ਹੀ ਕਰਨੀ ਹੈ। ਪਰ ਗੁਰੁ ਘਰ ਆਉਣ ਵਾਲੇ ਗੈਰ ਸਿੱਖਾਂ ਨੂੰ ਅਸੀਂ ਕੀ ਦੱਸਣਾ ਚਾਹੁੰਦੇ ਹਾਂ ?ਕਿਹੜੇ ਸਿੱਖ ਕਿਰਦਾਰ ਦੀ ਝਲਕ ਅਸੀਂ ਦਿਖਾ ਰਹੇ ਹਾਂ ? ਗੁਰ ਫੁਰਮਾਨ ਹੈ, “ਚੋਰ ਕੀ ਹਾਮੀ ਬਰੇ ਨਾ ਕੋਇ ।। ਚੋਰ ਕੀਆ ਚੰਗਾ ਕਿਉਂ ਹੋਇ ।।” ਪਰ ਇੱਕ ਅਣਜਾਣ ਵਿਅਕਤੀ ਤੇ ਇਹੀ ਪ੍ਰਭਾਵ ਜਾਵੇਗਾ ਕਿ ਗੁਰਦੁਆਰੇ ਵਿੱਚ ਰਹਿਣ ਵਾਲੇ ਜਾਂ ਗੁਰੁ ਘਰ ਆਉਣ ਵਾਲੇ ਬਹੁਤ ਵੱਡੇ ਚੋਰ ਹਨ। ਕੀ ਇਸ ਦਾ ਕੋਈ ਹੋਰ ਬਦਲ ਨਹੀਂ ਲੱਭਿਆ ਜਾ ਸਕਦਾ ? ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗ੍ਰੰਥੀ ਸਿੰਘ ਦੀ ਜਾਂ ਕਿਸੇ ਹੋਰ ਮੁਲਾਜ਼ਮ ਦੀ ਪੱਕੀ ਡਿਊਟੀ ਨਹੀਂ ਲਗਾਈ ਜਾ ਸਕਦੀ? ਇਹ ਸਿੰਘ ਮਾਇਆ ਲੈ ਕੇ ਰਸੀਦ ਦੇ ਸਕਦਾ ਹੈ। ਚਲੋ ਜੇ ਗੋਲਕ ਦੀ ਜਰੂਰਤ ਸਮਝੀ ਵੀ ਜਾਵੇ, ਤਾਂ ਸਾਡੇ ਖਿਆਲ ਵਿੱਚ ਇਸ ਦੀ ਥਾਂ ਗੁਰਦੁਆਰੇ ਦੇ ਇੱਕ ਕੋਨੇ ਵਿੱਚ ਹੋਵੇ, ਨਾ ਕਿ ਗੁਰੁ ਸਾਹਿਬ ਦੇ ਸਰਪੂ ਦੇ ਅੱਗੇ। ਇੱਕ ਸਿੱਖ ਦੀ ਪੱਕੀ ਮੌਜੂਦਗੀ ਨਾਲ ਗੁਰੁ ਸਾਹਿਬ ਜੀ ਦੀ ਸੁਰੱਖਿਆ ਵੀ ਯਕੀਨੀ ਬਣ ਜਾਏਗੀ। ਆਉਣ ਵਾਲੀ ਸੰਗਤ ਨੂੰ ਵੀ ਅਟੈਂਡ ਕੀਤਾ ਜਾ ਸਕੇਗਾ ਅਤੇ ਗੁਰੂ ਦਾ ਉਪਦੇਸ਼ ਵੀ ਦੱਸਿਆ ਜਾ ਸਕੇਗਾ। ਅਤੇ ਗੋਲਕ ਦੀ ਰਾਖੀ ਵੀ ਹੋ ਸਕੇਗੀ। ਆਸ ਕਰਦਾ ਹਾਂ ਕਿ ਗੁਰੁ ਪਿਆਰੇ, ਗੁੱਸਾ ਕਰਨ ਦੀ ਥਾਂ ਤੇ ਸੋਚਣਗੇ ਅਤੇ ਕੋਈ ਵਧੀਆ ਹੱਲ ਲੱਭਣਗੇ। ਜਿਸ ਨਾਲ ਪੰਥ ਦੀ ਬਦਨਾਮੀ ਨਾ ਹੋਵੇ।

ਲੈਕਚਰਰ ਅਰਥ ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਪਿੰਡ ਭੈਣੀ (ਲੁਧਿਆਣਾ)-141126


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top