- ਬਾਬਾ ਨਾਨਕ ਦੀ ਅਸਲ ਵਿਚਾਰਧਾਰਾ
ਵੱਲ ਵਾਪਸੀ ਦੇ ਸਫਰ ਲਈ ਇਕ ਮਜ਼ਬੂਤ ਕਦਮ
- ਸਮਾਗਮ ਵਿਚ ਸ. ਜੋਗਿੰਦਰ ਸਿੰਘ ਸਪੋਕਸਮੈਨ ਅਤੇ
ਪ੍ਰੋ. ਦਰਸ਼ਨ ਸਿੰਘ ਦੇ ਸੰਦੇਸ਼ ਵੀ ਪੜ੍ਹੇ ਗਏ
ਬਾਬਾ ਨਾਨਕ ਜੀ ਦੀ ਦੱਸੀ ਰਾਹ ਤੋਂ ਸੇਧ ਲੈਂਦਿਆਂ, ਲੰਮੇ ਸਮੇਂ ਤੋਂ ਪੁਜਾਰੀ-ਹਾਕਮ ਗਠਜੋੜ
ਵਲੋਂ ਭੋਲੀ ਭਾਲੀ ਲੋਕਾਈ ਨੂੰ ਲੁੱਟਣ ਲਈ ਵਿਛਾਏ ਕਰਮਕਾਂਡੀ ਭਰਮਜਾਲ ਨੂੰ ਤੋੜਣ ਦੇ ਯਤਨਾਂ
ਹੇਠ ਇਕ ਮਜ਼ਬੂਤ ਉਪਰਾਲਾ ਚਰਮ ਸੀਮਾ ਤੇ ਉਦੋਂ ਪਹੁੰਚਿਆ, ਜਦੋਂ 24 ਅਤੇ 25 ਅਕਤੂਬਰ 2012
ਨੂੰ ‘ਤੱਤ ਗੁਰਮਤਿ ਪਰਿਵਾਰ’ ਵਲੋਂ ਅੱਠ ਮੈਂਬਰੀ ਇਕੱਤਰਤਾ ਪ੍ਰਬੰਧਕ ਕਮੇਟੀ (ਦਲੀਪ ਸਿੰਘ
ਕਸ਼ਮੀਰੀ, ਗੁਰਦੇਵ ਸਿੰਘ ਬਟਾਲਵੀ, ਉਪਕਾਰ ਸਿੰਘ ਫਰੀਦਾਬਾਦ, ਪ੍ਰੋ. ਇੰਦਰ ਸਿੰਘ ਘੱਗਾ,
ਅਮਰਜੀਤ ਸਿੰਘ ਚੰਦੀ, ਬਲਦੇਵ ਸਿੰਘ ਦਿਲੀ, ਸੁਖਵਿੰਦਰ ਜੀਤ ਸਿੰਘ ਆਸਟਰੇਲਿਆ ਅਤੇ ਗੁਰਿੰਦਰ
ਸਿੰਘ ਮੋਹਾਲੀ) ਦੀ ਦੇਖ ਰੇਖ ਹੇਠ ਚੇਤੰਨ, ਸੁਹਿਰਦ ਅਤੇ ਦ੍ਰਿੜ ਬੁੱਧੀਜੀਵੀਆਂ, ਵਿਦਵਾਨਾਂ
ਅਤੇ ਪੰਥਦਰਦੀਆਂ ਦਾ ਦੋ ਰੋਜ਼ਾ ਇਕੱਠ (ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਛੇਵੇਂ ਪੜਾਅ ਵਜੋਂ)
ਵਚਾਰ-ਚਰਚਾ ਕਰਨ ਲਈ ‘ਫਿਉਚਰ ਪੈਕ ਹਾਈਅਰ ਸੈਕੰਡਰੀ ਸਕੂਲ ਜੰਮੂ’ ਵਿਖੇ ਸੰਯੋਜਿਤ ਕੀਤਾ ਗਿਆ।
ਇਸ ਇਤਿਹਾਸਿਕ ਇਕੱਤਰਤਾ ਵਿਚ 24 ਅਤੇ 25 ਮਾਰਚ 2012 ਨੂੰ ਤੀਜੇ ਪੜਾਅ ਦੇ ਵਿਚਾਰ ਚਰਚਾ
ਸਮਾਗਮ ਵਿਚ, ਪੰਥ ਦੀਆਂ ਜਾਗਰੂਕ ਸ਼ਖਸੀਅਤਾਂ ਵਲੋਂ ਸਰਬਸੰਮਤੀ ਨਾਲ ਤਿਆਰ ਕੀਤੇ ਸੰਭਾਵੀ ਖਰੜੇ
“ਗੁਰਮਤਿ ਜੀਵਨ ਸੇਧਾਂ : ਮੁੱਖ ਨੁਕਤੇ” ਦੀ ਮੱਦ ਵਾਰ ਵਿਆਖਿਆ ਤੇ ਖੁੱਲਦਿਲੀ ਅਤੇ ਵਿਸ਼ਾਲ
ਨਾਲ ਇਕ-ਇਕ ਮੱਦ ਨੂੰ ਗੁਰਮਤਿ ਦੀ ਕਸਵੱਟੀ ਤੇ ਘੋਖਣ ਅਤੇ ਵਿਚਾਰਨ ਉਪਰੰਤ ਅੰਤਿਮ ਰੂਪ ਦਿਤਾ
ਗਿਆ।
ਨਾਨਕ ਵਿਚਾਰਧਾਰ ਨੂੰ ਪੁਜਾਰੀਵਾਦੀ ਤਾਕਤਾਂ ਵਲੋਂ ਫੈਲਾਏ ਕਰਮਕਾਂਡੀ ਧੁੰਧਲਕੇ ’ਚੋਂ ਬਾਹਰ
ਕੱਢਣ ਦੇ ਇਸ ਕ੍ਰਾਂਤੀਕਾਰੀ ਕਦਮ ਰਾਹੀਂ ਗੁਰਮਤਿ ਦੇ ਸਹੀ ਰੂਪ ਦੇ ਪ੍ਰਚਾਰ ਅਤੇ ਪ੍ਰਸਾਰ ਦੇ
ਸਫਰ ਵਿਚ ਆਈ ਖੜੋਤ ਨੂੰ ਤੋੜਦਿਆਂ, ਇਸ ਇਤਹਾਸਕ ਇਕੱਠ ਨੇ ਪੰਥ ਪ੍ਰਵਾਨਿਕਤਾ ਦੇ ਨਾਮ ’ਤੇ
ਪ੍ਰਚਲਿਤ ‘ਸਿੱਖ ਰਹਿਤ ਮਰਿਯਾਦਾ’ ਵਿਚਲੇ ਗੁਰਮਤਿ ਵਿਰੋਧੀ ਅੰਸ਼ਾਂ ਨੂੰ ਨਕਾਰਦੇ ਹੋਏ, ਇਨ੍ਹਾਂ
ਪ੍ਰਵਾਨਿਆਂ ਨੇ ਨਿਵਕਲੇ ਰੂਪ ਵਿਚ ਇਕ ਦਸਤਾਵੇਜ਼ ਤਿਆਰ ਕੀਤਾ।
ਨਾਨਕ ਪਾਤਸ਼ਾਹ ਜੀ ਵਲੋਂ ਸਮਝਾਏ ਰੱਬੀ ਸਿਧਾਂਤਾਂ ਦੀ ਰੌਸ਼ਨੀ ਵਿਚ “ਗੁਰਮਤਿ ਜੀਵਨ ਸੇਧਾਂ:
ਮੁੱਖ ਨੁਕਤੇ” ਇਹ ਦਸਤਾਵੇਜ਼ ਕਿਸੇ ਇਕ ਫਿਰਕੇ ਦੀ ਵਲੱਗਣ ਨੂੰ ਤੋੜਦਿਆਂ, ਸਮੁੱਚੇ ਮਨੁੱਖੀ
ਭਾਈਚਾਰੇ ਦੀ ਸੇਧ ਲਈ ਨਿਰਧਾਰਿਤ ਕੀਤਾ ਗਿਆ। ਇਸ ਬੈਠਕ ਦੀ ਵੱਡੀ ਪ੍ਰਾਪਤੀ ‘ਅਨੁਸ਼ਾਸ਼ਿਤ ਅਤੇ
ਸੱਭਿਅਕ’ ਮਾਹੌਲ ਵਿਚ ਹਰ ਵਿਅਕਤੀ ਨੂੰ ਆਪਣੇ ਵਿਚਾਰ ਪੂਰਨ ਆਜ਼ਾਦੀ ਅਤੇ ਦ੍ਰਿੜਤਾ ਨਾਲ ਰੱਖਣ
ਦਾ ਹੱਕ ਸੀ। ਹਰ ਮੱਦ ਅਤੇ ਉਸ ਦੀ ਵਿਆਖਿਆ ਵਿਚਲੇ ਹਰ ਨੁਕਤੇ ਨੂੰ ਬਾਰੀਕੀ, ਸੁਹਿਰਦਤਾ ਅਤੇ
ਇਮਾਨਦਾਰੀ ਨਾਲ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਸਰਬ ਸੰਮਤੀ ਨਾਲ ਹੱਥ ਖੜੇ ਕਰ ਕੇ ਪ੍ਰਵਾਨ
ਕੀਤਾ ਗਿਆ।
ਵਿਚਾਰ-ਚਰਚਾ ਦਾ ਆਗਾਜ਼ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਵਲੋਂ
‘ਕੁੰਜੀਵਤ ਵਿਚਾਰ’ ਰਾਹੀਂ ਕੀਤਾ ਗਿਆ। ਉਪਰੰਤ ਹਾਜ਼ਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ
ਅਤੇ ਸੱਜਣਾਂ ਨੇ ਵਿਚਾਰ ਚਰਚਾ ਨੂੰ ਜ਼ਾਤ-ਪਾਤ, ਧੜੇ, ਈਰਖਾ ਅਤੇ ਈਗੋ ਆਦਿ ਅਲਾਮਤਾਂ ਤੋਂ
ਉੱਪਰ ਉਠ ਕੇ ਪ੍ਰਵਾਨ ਚੜਾਉਣ ਦਾ ਇਕ ਪ੍ਰਣ ਲਿਆ। ਦੇਸ਼ ਵਿਦੇਸ਼ ਤੋਂ ਇਸ ਉਪਰਾਲੇ ਸੰਬੰਧੀ ਆਏ
ਸੰਦੇਸ਼ ਪੜ੍ਹ ਕੇ ਸੁਣਾਏ ਗਏ, ਜਿਨ੍ਹਾਂ ਵਿਚੋਂ ਜੋਗਿੰਦਰ ਸਿੰਘ ਜੀ ਮੁੱਖ ਸੰਪਾਦਕ ਰੋਜ਼ਾਨਾ
ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ (ਕੈਨੇਡਾ) ਪ੍ਰਮੁੱਖ ਸਨ। ਜੋਗਿੰਦਰ ਸਿੰਘ ਜੀ
ਦੇ ਮਨੁੱਖੀ ਦਰਦ ਨਾਲ ਲਬਰੇਜ਼, ਦਿਲ ਟੁੰਬਵੇਂ ਸ਼ਬਦਾਂ ਵਿਚ ਲਿਖੇ ਭਾਵਪੂਰਤ ਸੰਦੇਸ਼ ਨੇ ਮਾਹੌਲ
ਨੂੰ ਉਤਸਾਹਿਤ ਕਰਦਿਆਂ ਹੋਰ ਗੰਭੀਰਤਾ ਪ੍ਰਦਾਨ ਕੀਤੀ। ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ
ਆਪਣੇ ਸੰਦੇਸ਼ ਵਿਚ ਸ਼ਰੀਰਕ ਮਜ਼ਬੂਰੀ ਕਾਰਨ ਸ਼ਾਮਿਲ ਹੋਣ ਤੋਂ ਅਸਮੱਰਥਤਾ ਜਤਾਉਂਦੇ ਹੋਏ, ਇਸ
ਉਪਰਾਲੇ ਨੂੰ ਇਕ ਖੂਬਸੂਰਤ ਉਦਮ ਦੱਸਦਿਆਂ ਇਸ ਦੀ ਕਾਮਯਾਬੀ ਲਈ ਕਾਮਨਾ ਕੀਤੀ।
ਹਾਜ਼ਰ ਗੁਰਮਤਿ ਪਾਂਧੀਆਂ ਦੇ ਅਤੇ ਦੇਸ਼-ਵਿਦੇਸ਼ ਵਿਚੋਂ ਭੇਜੇ ਮੱਦਵਾਰ ਸੁਝਾਵਾਂ ਨੂੰ ਬੜੀ
ਗੰਭੀਰਤਾ ਅਤੇ ਸੁਹਿਰਦਤਾ ਨਾਲ ਵਿਚਾਰਿਆ ਗਿਆ। ਕਿਸੇ ਮਜ਼ਬੂਰੀ ਵੱਸ ਸ਼ਰੀਰਕ ਤੋਰ ਤੇ ਇਕੱਤਰਤਾ
ਵਿਚ ਹਾਜ਼ਰ ਨਾ ਹੋ ਸਕੇ ਚਾਹਵਾਨ ਕੁਝ ਪੰਥਦਰਦੀਆਂ ਨੇ ‘ਵੀਡੀਉ ਕਾਨਫਰਾਂਸਿੰਗ’ ਰਾਹੀਂ ਵੀ
ਹਾਜ਼ਰੀ ਭਰਦਿਆਂ ਆਪਣੇ ਕੀਮਤੀ ਸੁਝਾਅ ਰੱਖੇ। ਦੇਸ਼-ਵਿਦੇਸ਼ ਤੋਂ ਸੱਜਣਾਂ ਦੇ ਮੋਬਾਇਲ ਰਾਹੀਂ
ਉਤਸਾਹਜਨਕ ਥਾਪੜੇ ਵੀ ਨਿਰੰਤਰ ਮਿਲਦੇ ਰਹੇ।
ਬਾਬਾ ਨਾਨਕ ਜੀ ਵਲੋਂ ਸਿਖਾਈ ਜੁਗਤ ਨੂੰ ਤਿਲਾਂਜਲੀ ਦੇ ਕੇ ਪੁਜਾਰੀਵਾਦੀ ਪਹੁੰਚ ਹੇਠ ਇਸ
ਇਤਿਹਾਸਕ ਉਪਰਾਲੇ ਦਾ ਵਿਰੋਧ ਕਰਦੇ ਪੰਥ ਵਿਚਲੇ ਕੁਝ ਸੱਜਣਾਂ ਵਲੋਂ ਵਿਅਕਤ ਕੀਤੀ
‘ਨਾਂਹ-ਪੱਖੀ’ ਪ੍ਰਤੀਕ੍ਰਿਆ ਦੀ ਪੜਚੋਲ ਕਰਨ ਉਪਰੰਤ ਇਸ ਇਕੱਠ ਨੇ ਸਰਬ ਸੰਮਤੀ ਨਾਲ ਮਤਾ ਪਾਸ
ਕਰਕੇ ਗੁਰਮਤਿ ਦੀ ਕਸਵੱਟੀ ’ਤੇ ਵਿਚਾਰ-ਚਰਚਾ ਤੋਂ ਭਗੌੜੇ ਹੋਣ ਵਾਲੀ ਇਸ ਨਕਾਰਾਤਮਕ
ਪ੍ਰਤੀਕ੍ਰਿਆ ਨੂੰ ਰੱਦ ਕਰ ਦਿਤਾ। ਮਤੇ ਦੀ ਸ਼ਬਦਾਵਲੀ ਅਤੇ ਇਸ ਤਾਰੀਖ਼ੀ ਉਪਰਾਲੇ ਦਾ
ਗੈਰ-ਸਿਧਾਂਤਕ ਵਿਰੋਧ ਕਰਨ ਵਾਲੇ ਸੱਜਣਾਂ ਦੇ ਨਾਮ ਇਸ ਤਰਾਂ ਹਨ:
ਮਤਾ: ਸਿੱਖ ਰਹਿਤ ਮਰਿਯਾਦਾ
ਸੁਧਾਰ ਉਪਰਾਲੇ ਦੇ ਛੇਵੇਂ ਪੜਾਅ ਦੀ ਵਿਚਾਰ-ਚਰਚਾ ਲਈ ਭੇਜੇ ਸੱਦਾ ਪੱਤਰ ਦੇ ਪ੍ਰਤੀਕਰਮ ਵਜੋਂ
ਕੁਝ ਸੱਜਣਾਂ ਦਾ ਇਕ ਸਾਂਝਾ ਬਿਆਨ ਕੁਝ ਪੰਥਕ ਵੈਬਸਾਈਟਾਂ ’ਤੇ ਪ੍ਰਕਾਸ਼ਿਤ ਹੋਇਆ। ਇਸ ਬਿਆਨ
ਦੇ ਇਕ ਨੁਕਤੇ ਵਿਚ ਇਹ ਨਿਰ-ਆਧਾਰ ਇਲਜ਼ਾਮ ਲਾਇਆ ਗਿਆ ਹੈ ਕਿ ਇਕੱਤਰਤਾ ਪ੍ਰਬੰਧਕ ਕਮੇਟੀ ਦੇ
ਕੁਝ ਸੱਜਣ ‘ਸ਼ਬਦ ਗੁਰੁ ਗ੍ਰੰਥ ਸਾਹਿਬ ਜੀ’ ਬਾਰੇ ਨਿਰਮੂਲ ਸ਼ੰਕੇ ਖੜੇ ਕਰਦੇ ਹਨ। ਸੱਚਾਈ ਇਹ
ਹੈ ਕਿ ਤਿਆਰ ਕੀਤੇ ਦਸਤਾਵੇਜ਼ ਦੀ ਸੇਧ ਲਈ ਆਧਾਰ ਹੀ ‘ਸ਼ਬਦ ਗੁਰੁ ਗ੍ਰੰਥ ਸਾਹਿਬ ਜੀ’ ਬਣਾਇਆ
ਗਿਆ ਹੈ। ਐਸਾ ਬੇਹੂਦਾ, ਝੂਠਾ ਅਤੇ ਕੱਚਘਰੜ ਇਲਜ਼ਾਮ ਇਹ ਸਪਸ਼ਟ ਕਰਦਾ ਹੈ ਕਿ ਵਿਰੋਧ ਕਰਨ ਵਾਲੇ
ਸੱਜਣ ਪੂਰਵਾ-ਗ੍ਰਹ, ਨਿੱਜੀ ਅਸਹਿਮਤੀ ਅਤੇ ਈਗੋ ਆਦਿ ਅਲਾਮਤਾਂ ਦੇ ਪ੍ਰਭਾਵ ਹੇਠ
‘ਨਾਂਹ-ਪੱਖੀ’ ਪਹੁੰਚ ਅਪਨਾਉਂਦੇ ਹੋਏ ਸੁਧਾਰ ਦੇ ਵਿਰੋਧ ਵਿਚ ਖੜੇ ਹੋ ਰਹੇ ਹਨ। ਅਫਸੋਸ!
ਕੁਝ ਐਸੀਆਂ ਸ਼ਖਸੀਅਤਾਂ ਦੇ ਨਾਮ ਵੀ ਇਸ ਬਿਆਨ ਨਾਲ ਜੁੜੇ ਹਨ, ਜਿਨ੍ਹਾਂ ਤੋਂ ਬੇਹਤਰੀਨ
ਅਗਵਾਈ ਦੀ ਉਮੀਦ ਕੀਤੀ ਜਾਂਦੀ ਹੈ।
ਵਾਰ-ਵਾਰ ਸੁਝਾਅ ਮੰਗਣ ਅਤੇ ਇਕੱਤਰਤਾ ਵਿਚ ਸ਼ਾਮਿਲ ਹੋ ਕੇ ਵਿਚਾਰ ਦੇਣ ਦੀਆਂ ਨਿਸ਼ਕਾਮ
ਬੇਨਤੀਆਂ ਦੇ ਬਾਵਜੂਦ ਕੀਤਾ ਜਾ ਰਿਹਾ ਇਹ ਵਿਰੋਧ ਸਪਸ਼ਟ ਕਰਦਾ ਹੈ ਕਿ ਇਹ ਸੱਜਣ ਗੁਰਮਤਿ ਦੀ
ਇਕ ਮੁੱਖ ਸੇਧ ‘ਵਿਚਾਰ’ ਤੋਂ ਆਨੇ-ਬਹਾਨੇ ਭਗੌੜੇ ਹਨ। ਇਸ ਬਿਆਨ ਵਿਚਲੀ ਸ਼ਬਦਾਵਲੀ ਇਹ ਸੰਕੇਤ
ਵੀ ਕਰਦੀ ਹੈ ਕਿ ਇਹ ਸੱਜਣ ਪੰਥ ਦੇ ਸੁਚੇਤ ਤਬਕੇ ਵਿਚ ਵਿਚਰਦੇ ਸੁਧਾਰ ਵਿਰੋਧੀ ਚੰਦ ਵਿਦਵਾਨਾਂ
ਦੇ ਗਲਤ ਪ੍ਰਚਾਰ ਦੇ ਪ੍ਰਭਾਵ ਹੇਠ ਗੁੰਮਰਾਹ ਹੋ ਗਏ ਹਨ।
ਅੱਜ ਦੀ ਇਹ ਇਕੱਤਰਤਾ ਸਰਬ ਸੰਮਤੀ ਨਾਲ ਇਨ੍ਹਾਂ ਸੱਜਣਾਂ ਦੀ ਇਸ
‘ਨਾਂਹ-ਪੱਖੀ’ ਸੁਧਾਰ ਵਿਰੋਧੀ ਪਹੁੰਚ ਨੂੰ ਰੱਦ ਕਰਦੀ ਹੈ। ਅਸੀਂ ਇਹ ਵੀ ਆਸ ਕਰਦੇ ਹਾਂ ਕਿ
ਭਵਿੱਖ ਵਿਚ ਇਹ ਸੱਜਣ ਆਪਣੀ ਗਲਤ ਪਹੁੰਚ ਦੀ ਸਵੈ-ਪੜਚੋਲ ਕਰਨਗੇ।
ਵਿਰੋਧ ਕਰਨ ਵਾਲੇ ਸੱਜਣ :
ਗੁਰਤੇਜ ਸਿੰਘ ਸਾਬਕਾ ਆਈ. ਏ. ਐਸ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗਿਆਨੀ ਜਗਤਾਰ ਸਿੰਘ
ਜਾਚਕ, ਸਰਬਜੀਤ ਸਿੰਘ (ਐਡੀਟਰ ਇੰਡੀਆ ਅਵੈਅਰਨੈਸ), ਕਿਰਪਾਲ ਸਿੰਘ ਬਠਿੰਡਾ, ਗਿਆਨੀ ਸੁਰਜੀਤ
ਸਿੰਘ ਦਿਲੀ, ਜਸਬਿੰਦਰ ਸਿੰਘ ਖਾਲਸਾ ਦੁਬਈ, (ਰਿਟਾ.) ਕਰਨਲ ਗੁਰਦੀਪ ਸਿੰਘ ਮੋਹਾਲੀ, ਸ੍ਰ.
ਇੰਦਰਜੀਤ ਸਿੰਘ ਕਾਨਪੁਰ, ਗਿਆਨੀ ਸੁਖਦੇਵ ਸਿੰਘ ਮੋਹਾਲੀ, ਮਨਜੀਤ ਸਿੰਘ ਖਾਲਸਾ ਮੋਹਾਲੀ।
ਆਉਂਦੀਆਂ ਨਸਲਾਂ ਲਈ ਗੁਰਮਤਿ ਵਿਚਾਰਧਾਰਾ
ਨੂੰ ਸਮਝਣ ਦਾ ਰਾਹ ਸੁਖਾਲਾ ਕਰਨ ਦੇ ਬੇ-ਮਿਸਾਲ ਅਤੇ ਇਮਾਨਦਾਰਾਨਾ ਕੋਸ਼ਿਸ਼ ਹੇਠ ਹੋਏ ਇਸ
ਉਪਰਾਲੇ ਵਿਚ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ,
ਗੁਰਪ੍ਰੀਤ ਸਿੰਘ ਕੈਨੇਡਾ ‘ਗੁਰੂ ਪੰਥ ਡਾਟ ਕਾਮ’, ਹਰਮਿੰਦਰ ਸਿੰਘ ਲੁਧਿਆਣਾ, ਗੁਰਸੇਵਕ
ਸਿੰਘ ਮੱਦਰਸਾ, ਪ੍ਰਿੰ. ਨਸੀਬ ਸਿੰਘ ਸੇਵਕ, ਸੁਰਿੰਦਰ ਸਿੰਘ ਫਰੀਦਾਬਾਦ, ਕਰਨੈਲ ਸਿੰਘ ਸਿਰਸਾ,
ਮੋਹਨ ਸਿੰਘ ਡੇਰਾਬੱਸੀ, ਦਰਸ਼ਨ ਸਿੰਘ ਧਨੌਲਾ, ਬੀਬੀ ਹਰਬੰਸ ਕੌਰ ਲੁਧਿਆਣਾ, ਦਲੀਪ ਸਿੰਘ
ਅਬੋਹਰ, ਇਕਵਾਕ ਸਿੰਘ ਪੱਟੀ, ਹਰਲਾਜ ਸਿੰਘ ਬਹਾਦੁਰਪੁਰ, ਮਨਮੋਹਨ ਸਿੰਘ ਜੰਮੂ, ਡਾ. ਪਰਮਜੀਤ
ਸਿੰਘ ਧੂੰਦੜੀ, ਦਲਜੀਤ ਸਿੰਘ ਲੁਧਿਆਣਾ, ਗਿਆਨੀ ਗੁਰਮੇਲ ਸਿੰਘ ਕੋਟਉਮਰਾ, ਹਰਮੀਤ ਸਿੰਘ
ਮਲੌਟ, ਪਰਮਜੀਤ ਸਿੰਘ ਅਬੋਹਰ, ਉਂਕਾਰ ਸਿੰਘ ਜੰਮੂ, ਨਛੱਤਰ ਸਿੰਘ ਐਡਵੋਕੈਟ, ਰਣਜੀਤ ਸਿੰਘ
ਫਰੀਦਾਬਾਦ, ਚਤੁਰਦੇਵ ਸਿੰਘ ਜੰਮੂ, ਲਾਭ ਸਿੰਘ ਬਹਾਦੁਰਪੁਰ, ਸੁਖਦੇਵ ਸਿੰਘ ਲੁਧਿਆਣਾ, ਅਮਰ
ਸਿੰਘ ਧੂਰੀ, ਗਗਨਦੀਪ ਸਿੰਘ ਧੂਰੀ, ਗੁਰਬਖਸ਼ ਸਿੰਘ ਦਿਲੀ, ਗੁਰਪ੍ਰੀਤ ਸਿੰਘ ਅਬੋਹਰ, ਗੁਰਮੀਤ
ਸਿੰਘ ਸਿਰਸਾ, ਅਜੀਤ ਸਿੰਘ ਪੁੰਛ, ਮਨਜੀਤ ਕੌਰ ਜੰਮੂ, ਗੁਰਪ੍ਰੀਤ ਸਿੰਘ, ਚਰਨਪ੍ਰੀਤ ਸਿੰਘ,
ਗੁਰਿੰਦਰ ਕੌਰ ਉਤਰਾਂਚਲ, ਰਾਜਿੰਦਰ ਕੌਰ, ਮਨਮੋਹਨ ਸਿੰਘ ਨਾਨਕ ਨਗਰ, ਮਨਜੀਤ ਸਿੰਘ ਪਿੰਟੂ,
ਅਜੀਤ ਸਿੰਘ ਗਾਡੀਗੜ, ਤੀਰਥ ਕੌਰ, ਕੁਲਬੀਰ ਸਿੰਘ ਆਦਿ।
ਸਾਰੇ ਹਾਜ਼ਰੀਨ ਦੀ ਇਹ ਇਕ ਮੱਤ ਰਾਏ ਸੀ, ਕਿ ਉਨ੍ਹਾਂ ਨੇ
ਆਪਣੇ ਜੀਵਨ ਦੌਰਾਨ ਐਸਾ ਅਨੁਸ਼ਾਸ਼ਿਤ ਉਪਰਾਲਾ ਨਹੀਂ ਦੇਖਿਆ, ਜਿਸ ਵਿਚ ਸਰਬਸੰਮਤੀ ਨਾਲ ਐਸੇ
ਠੋਸ ਅਤੇ ਕ੍ਰਾਂਤੀਕਾਰੀ ਫੈਸਲੇ ਲਏ ਗਏ ਹੋਣ।