ਮੁਹਿੰਦਰ ਸਿੰਘ ਦਾ ਕਾਫ਼ੀ ਦੇਰ ਬਾਅਦ ਅੱਜ ਇਸ ਸ਼ਹਿਰ ਦਾ ਚੱਕਰ ਲੱਗਿਆ
ਸੀ। ਜਿਸ ਕੰਮ ਦੇ ਸੰਬੰਧ ਵਿਚ ਉਹ ਆਇਆ ਸੀ ਉਹ ਜਲਦੀ ਹੀ ਸਿਰੇ ਚੜ੍ਹ ਗਿਆ। ਉਸ ਨੇ ਸੋਚਿਆ
ਕਿ ਕਿਉਂ ਨਾ ਏਸੇ ਖ਼ੁਸ਼ੀ ਵਿਚ ਗੁਰਦੁਆਰੇ ਜਾ ਕੇ ਸਤਿਗੁਰਾਂ ਦਾ ਧੰਨਵਾਦ ਕੀਤਾ ਜਾਵੇ। ਰਾਹ
ਵਿਚ ਹੀ ਡੇਰਾ ਨੁਮਾ ਗੁਰਦੁਆਰਾ ਸੀ। ਉਹਨੇ ਗੱਡੀ ਉਧਰ ਨੂੰ ਮੋੜ ਲਈ। ਜਦ ਉਹ ਉੱਥੇ ਪਹੁੰਚਾ
ਤਾਂ ਕਾਰ ਪਾਰਕ ਵਿਚ ਉਸ ਨੂੰ ਅਚਾਨਕ ਹੀ ਅੱਜ ਤੋਂ ਕਈ ਸਾਲ ਪਹਿਲਾਂ ਉਹਦੇ ਨਾਲ਼ ਫੈਕਟਰੀ ਵਿਚ
ਕੰਮ ਕਰਦਾ ਜਰਨੈਲ ਸਿੰਘ ਮਿਲ ਪਿਆ। ਪਹਿਲਾਂ ਤਾਂ ਉਹ ਜਰਨੈਲ ਸਿੰਘ ਨੂੰ ਪਛਾਣ ਨਾ ਸਕਿਆ
ਕਿਉਂਕਿ ਮੁਹਿੰਦਰ ਸਿੰਘ ਨੇ ਉਸ ਨੂੰ ਪਹਿਲਾਂ ਕਦੇ ਵੀ ਚਿੱਟੇ ਕੁੜਤੇ ਪਜਾਮੇ ਅਤੇ ਖੁੱਲ੍ਹ੍ਹੇ
ਦਾੜ੍ਹੇ ਵਿਚ ਨਹੀਂ ਸੀ ਦੇਖਿਆ। ਵੈਸੇ ਵੀ ਜਰਨੈਲ ਸਿੰਘ ਉਦੋਂ ਘੋਨ-ਮੋਨ ਹੁੰਦਾ ਸੀ। ਉਹਦੇ
ਮੱਥੇ ਉੱਪਰ ਜ਼ਖ਼ਮ ਦਾ ਇਕ ਵੱਡਾ ਸਾਰਾ ਨਿਸ਼ਾਨ ਸੀ। ਇਸੇ ਨਿਸ਼ਾਨ ਤੋਂ ਹੀ ਮੁਹਿੰਦਰ ਸਿੰਘ ਨੇ
ਉਸ ਨੂੰ ਪਛਾਣ ਲਿਆ ਸੀ।
ਫਤਹਿ ਬੁਲਾਉਣ ਤੋਂ ਬਾਅਦ ਜਰਨੈਲ ਸਿੰਘ ਦੇ ਪੁੱਛਣ ‘ਤੇ ਮੁਹਿੰਦਰ ਸਿੰਘ ਨੇ ਦੱਸਿਆ,“
ਕਾਰੋਬਾਰ ਦੇ ਸਬੰਧ ਵਿਚ ਆਇਆ ਸਾਂ ਤੇ ਮੈਂ ਸੋਚਿਆ ਕਿ ਜਾਂਦਾ ਜਾਂਦਾ ਬਾਬਾ ਜੀ ਨੂੰ ਨਮਸਕਾਰ
ਹੀ ਕਰ ਚਲਾਂ, ਨਾਲ਼ੇ ਇਸੇ ਬਹਾਨੇ ਏਨੇ ਸਾਲਾਂ ਬਾਅਦ ਆਪ ਜੀ ਦੇ ਵੀ ਦਰਸ਼ਨ ਹੋਣੇ ਸਨ”।
“ਚਲੋ ਆਹ ਵੀ ਚੰਗਾ ਹੋਇਆ, ਅਸੀਂ ਸਬੱਬ ਨਾਲ਼ ਹੀ ਕਿਸੇ ਸ਼ਰਧਾਲੂ ਦੇ ਘਰ ਲੰਗਰ ਛਕਣ ਚੱਲੇ ਆਂ,
ਤੁਸੀਂ ਵੀ ਸਾਡੇ ਨਾਲ਼ ਚਲੋ, ਉੱਥੇ ਹੀ ਬਾਬਾ ਜੀ ਦੇ ਦਰਸ਼ਨ ਵੀ ਹੋ ਜਾਣਗੇ।” ਜਰਨੈਲ ਸਿੰਘ ਨੇ
ਪ੍ਰੋਗਰਾਮ ਦੱਸਿਆ।
ਮੁਹਿੰਦਰ ਸਿੰਘ ਨੇ ਬੜੀ ਨਾਂਹ-ਨੁੱਕਰ ਕੀਤੀ ਪਰ ਉਹਦੀ ਕੋਈ ਪੇਸ਼ ਨਾ ਗਈ ਤੇ ਮਜਬੂਰ ਹੋ ਕੇ
ਉਹਨੇ ਆਪਣੀ ਕਾਰ ਜਰਨੈਲ ਸਿੰਘ ਦੀ ਕਾਰ ਦੇ ਪਿੱਛੇ ਲਾ ਲਈ। ਪੰਜਾਂ ਕੁ ਮਿੰਟਾਂ ਵਿਚ ਹੀ ਉਹ
ਇਕ ਬੜੇ ਆਲੀਸ਼ਾਨ ਮਕਾਨ ਦੇ ਅੱਗੇ ਰੁਕੇ। ਅੰਦਰ ਵੱਡੇ ਸਾਰੇ ਕਮਰੇ ਵਿਚ ਪੈਂਤੀ ਚਾਲ਼ੀ ਬੰਦੇ
ਇਕ ਬਾਬਾ ਜੀ ਵਲੋਂ ਕੀਤੀ ਜਾ ਰਹੀ ਕਥਾ-ਵਿਚਾਰ ਸੁਣ ਰਹੇ ਸਨ। ਜਰਨੈਲ ਸਿੰਘ ਨੇ ਅਤੇ ਉਹਦੇ
ਨਾਲ਼ ਦੇ ਸਾਥੀਆਂ ਨੇ ਲੰਮੇ ਪੈ ਕੇ ਬਾਬੇ ਨੂੰ ਡੰਡਉਤ ਕੀਤੀ।
ਮੁਹਿੰਦਰ ਸਿੰਘ ਦੀ ਗੱਜ ਕੇ ਬੁਲਾਈ ਹੋਈ ਫ਼ਤਿਹ ਦਾ ਬਹੁਤ ਹੀ ਢਿੱਲਾ ਜਿਹਾ ਜਵਾਬ ਆਇਆ।
ਕਥਾ-ਵਿਚਾਰ ਤੋਂ ਬਾਅਦ ਸਭ ਨੂੰ ਪਰਸ਼ਾਦਾ ਛਕਣ ਲਈ ਬੇਨਤੀ ਕੀਤੀ ਗਈ। ਬਹੁਤੇ ਲੋਕਾਂ ਨੂੰ ਤਾਂ
ਉਸੇ ਕਮਰੇ ਵਿਚ ਹੀ ਬਿਠਾ ਦਿਤਾ ਗਿਆ ਪਰ ਅੱਠ ਦਸ ਬੰਦਿਆਂ ਨੂੰ ਇਕ ਅਲੱਗ ਕਮਰੇ ਵਿਚ ਲਿਜਾਇਆ
ਗਿਆ। ਮੁਹਿੰਦਰ ਸਿੰਘ ਅਜੇ ਬੈਠਣ ਲਈ ਸੋਚ ਹੀ ਰਿਹਾ ਸੀ ਕਿ ਜਰਨੈਲ ਆਪਣੇ ਨਾਲ਼ ਉਸ ਨੂੰ ਵੀ
ਦੂਸਰੇ ਕਮਰੇ ਵਿਚ ਲੈ ਗਿਆ।
ਫਿਰ ਬਾਬੇ ਨੂੰ ਬੜੇ ਆਦਰ ਸਹਿਤ ਇਸ ਕਮਰੇ ਵਿਚ ਲਿਆਂਦਾ ਗਿਆ।
ਜਦੋਂ ਸਾਰੇ ਬੈਠ ਗਏ ਤਾਂ ਪਹਿਲਾਂ ਬਾਬੇ ਦੇ ਹੱਥ ਧੁਆਏ ਗਏ ਤੇ ਇਕ ਸੇਵਾਦਾਰ ਨੇ
ਲੰਗਰ ਦਾ ਥਾਲ਼ਾ ਲਿਆਕੇ ਬਾਬੇ ਦੇ ਅੱਗੇ ਰੱਖ ਦਿਤਾ।ਬਾਬੇ ਨੇ ਹਰੇਕ ਚੀਜ਼ ਵਿਚੋਂ ਇਕ ਇਕ, ਦੋ
ਦੋ ਬੁਰਕੀਆਂ ਖਾਧੀਆਂ ਅਤੇ ਸੇਵਾਦਾਰ ਉਤਨਾ ਚਿਰ ਹੱਥ ਜੋੜੀ ਖੜ੍ਹਾ ਰਿਹਾ। ਬਾਬੇ ਦੇ ਇਸ਼ਾਰਾ
ਕਰਨ ‘ਤੇ ਸੇਵਾਦਾਰ ਥਾਲ਼ ਵਾਪਿਸ ਲੈ ਗਿਆ। ਇਕ ਸੇਵਾਦਾਰ ਨੇ ਥਾਲ਼ ਵਿਚ ਬਚੇ ਹੋਏ ਭੋਜਨ ਨੂੰ
ਟੇਬਲ ਉੱਪਰ ਪਏ ਹੋਏ ਪਤੀਲਿਆਂ ਵਿਚ ਮਿਲ਼ਾ ਦਿਤਾ ਤੇ ਫਿਰ ਥਾਲ਼ਾਂ ਵਿਚ ਪਾਕੇ ਦੋ ਸੇਵਾਦਾਰਾਂ
ਨੇ ਵਰਤਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮੁਹਿੰਦਰ ਸਿੰਘ ਦੇ ਅੱਗੇ ਥਾਲ਼ ਰੱਖਿਆ ਗਿਆ ਤਾਂ ਉਸ
ਨੇ ਨਾਲ਼ ਬੈਠੇ ਜਰਨੈਲ ਸਿੰਘ ਨੂੰ ਇਸ ਬਾਰੇ ਹੌਲ਼ੀ ਜਿਹੀ ਪੁੱਛਿਆ ਤਾਂ ਉਹ ਬੋਲਿਆ,“ ਇਹ ਬਾਬਾ
ਜੀ ਦਾ ਸੀਤ ਪ੍ਰਸ਼ਾਦ ਐ ਜੀ, ਛਕੋ ਪਿਆਰ ਨਾਲ਼, ਇਹ ਬੜੇ ਭਾਗਾਂ ਵਾਲ਼ਿਆਂ ਨੂੰ ਹੀ ਨਸੀਬ ਹੁੰਦਾ
ਜੀ, ਦੇਖੋ ਅੱਜ ਬਾਬਾ ਜੀ ਕਿਵੇਂ ਤੁਹਾਨੂੰ ਖਿੱਚ ਕੇ ਲਿਆਏ ਐ”।
“ਮਾਫ਼ ਕਰਨਾ ਜੀ, ਦਾਸ ਇਹ ਸੀਤ ਪ੍ਰਸ਼ਾਦ ਨਹੀਂ ਛਕ ਸਕਦਾ” ਮੁਹਿੰਦਰ ਸਿੰਘ ਨੇ ਬੜੀ ਹਲੀਮੀ
ਨਾਲ਼ ਕਿਹਾ।ਉਹ ਕਹਿਣਾ ਤਾਂ ਬਹੁਤ ਕੁਝ ਚਾਹੁੰਦਾ ਸੀ ਪਰ ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਉਸ
ਨੇ ਇਤਨਾ ਹੀ ਕਿਹਾ।
ਬਾਬਾ ਵੀ ਟੀਰੀ ਜਿਹੀ ਨਜ਼ਰ ਨਾਲ਼ ਇਧਰ ਹੀ ਦੇਖ ਰਿਹਾ ਸੀ।ਉਸ ਨੇ ਖ਼ਤਰਾ ਭਾਂਪ ਲਿਆ ਸੀ ਕਿ ਇਹ
ਨਵਾਂ ਵਿਅਕਤੀ ਜ਼ਰੂਰ ਬਾਹਰ ਜਾ ਕੇ ਗੱਲਾਂ ਕਰੇਗਾ, ਉਹਨੇ ਮੁਹਿੰਦਰ ਸਿੰਘ ਵਲ ਇਕ ਰੋਹ ਭਰੀ
ਨਿਗਾਹ ਸੁੱਟੀ ਤੇ ਝੱਟ ਮੌਕਾ ਸੰਭਾਲਦਿਆਂ ਆਪਣੇ ਚੇਲਿਆਂ ਨੂੰ ਮੁਖਾਤਿਬ ਹੋ ਕੇ ਬੋਲਿਆ,“
ਸਿੰਘੋਂ, ਤੁਹਾਨੂੰ ਕਿੰਨੀ ਵਾਰੀ ਕਿਹੈ ਪਈ ਏਦਾਂ ਦੇ ਫਜ਼ੂਲ ਕੰਮ ਨਾ ਕਰਿਆ ਕਰੋ ਪਰ ਤੁਸੀਂ
ਹਟਦੇ ਨਈਂ”।
ਤੇ ਬਾਬੇ ਨੇ ਇਕ ਵਰਤਾਵੇ ਸਿੰਘ ਨੂੰ ਇਸ਼ਾਰਾ ਕੀਤਾ ਕਿ ਉਹ ਦੂਸਰੇ ਕਮਰੇ ਵਿਚੋਂ ਇਸ ਸਿੰਘ ਲਈ
ਪ੍ਰਸ਼ਾਦਾ ਪੁਆ ਲਿਆਵੇ।
ਪ੍ਰਸ਼ਾਦਾ ਛਕਣ ਤੋਂ ਬਾਅਦ ਮੁਹਿੰਦਰ ਸਿੰਘ ਨੇ ਜਾਣ ਦੀ ਆਗਿਆ ਲਈ। ਜਰਨੈਲ ਸਿੰਘ ਨੇ ਵੀ ਉਸ
ਨੂੰ ਰੋਕਣ ਦੀ ਬਹੁਤੀ ਕੋਸ਼ਿਸ਼ ਨਾ ਕੀਤੀ।
ਵਾਪਿਸ ਜਾਂਦਿਆਂ ਮਹਿੰਦਰ ਸਿੰਘ ਇਹੀ ਸੋਚੀ ਜਾ ਰਿਹਾ ਸੀ ਕਿ ਜਰਨੈਲ ਸਿੰਘ ਕਿਉਂ ਉਸ ਨੂੰ
ਬਾਬੇ ਦੇ ਖ਼ਾਸ ਚੇਲਿਆਂ ਦੇ ਟੋਲੇ ਵਿਚ ਲੈ ਕੇ ਗਿਆ ਸੀ। ਫਿਰ ਉਸ ਨੂੰ ਆਪਣੇ ਅੰਦਰੋਂ ਹੀ
ਜਵਾਬ ਮਿਲ ਗਿਆ ਕਿ ਕਿਉਂਕਿ ਉਸਨੇ ਜਰਨੈਲ ਸਿੰਘ ਨੂੰ ਕਿਹਾ ਜੁ ਸੀ ਕਿ ਉਹ ਬਾਬਾ ਜੀ ਦੇ
ਦਰਸ਼ਨ ਕਰਨ ਆਇਆ ਸੀ। ਉਹਨੇ ਤਾਂ ਬਾਬਾ ਜੀ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ
ਵਰਤਿਆ ਸੀ ਪਰ ਜਰਨੈਲ ਸਿੰਘ ਨੇ ਭੁਲੇਖੇ ਨਾਲ ਸਮਝ ਲਿਆ ਸੀ ਕਿ ਮੁਹਿੰਦਰ ਸਿੰਘ ਸ਼ਾਇਦ ਡੇਰੇ
ਦੇ ਸਾਧ ਦੇ ਦਰਸ਼ਨਾਂ ਵਾਸਤੇ ਆਇਆ ਸੀ।