Share on Facebook

Main News Page

ਦੇਖ ਮਰਦਾਨਿਆਂ ਰੰਗ ਸਿੱਖ ਸੰਸਾਰ ਦੇ, ਬਾਣਾ ਪਾ ਕੇ ਸਿੱਖੀ ਵਾਲ਼ਾ, ਕਰਮ-ਕਾਂਡ ਪਰਚਾਰਦੇ
-
ਨਿਰਮਲ ਸਿੰਘ ਕੰਧਾਲਵੀ

ਕਵੀ ਦੀ ਕਲਪਨਾ ਵਿਚ ਗੁਰੂ ਬਾਬਾ ਨਾਨਕ ਜੀ ਅਤੇ ਮਰਦਾਨਾ ਜੀ, ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਇਸ ਮਾਤ ਲੋਕ ਵਿਚ ਜੋ ਆ ਕੇ ਦੇਖਦੇ ਹਨ, ਕਵੀ ਨੇ ਉਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਦੇਖ ਮਰਦਾਨਿਆਂ
ਰੰਗ ਸਿੱਖ ਸੰਸਾਰ ਦੇ
ਬਾਣਾ ਪਾ ਕੇ ਸਿੱਖੀ ਵਾਲ਼ਾ
ਕਰਮ-ਕਾਂਡ ਪਰਚਾਰਦੇ

ਬਾਬਾ! ਏਧਰ ਵੀ ਤੱਕੀਂ
ਏਥੇ ਬੜੀ ਧੂਮ ਧਾਮ ਐ
ਲਗਦੈ ਸਪੀਕਰਾਂ ‘ਚ
ਲੈਂਦੇ ਪਏ ਤੇਰਾ ਨਾਮ ਐ

ਮਰਦਾਨਿਆਂ ਹੈ ਕਰਮ-ਕਾਂਡ
ਰਖਾਇਆ ਏਹਨੀਂ ਪਾਠ ਐ
ਸ਼ਰਧਾ ਨਹੀਂ ਏਥੇ ਕੋਈ
ਬਸ ਸ਼ਾਹੀ ਠਾਠ ਬਾਠ ਐ

ਲੜੀਆਂ ਜਗਾਈਆਂ ਏਹਨਾਂ
ਪਰ ਦਿਲਾਂ ‘ਚ ਹਨ੍ਹੇਰੇ ਨੇ
ਜੋਤਾਂ ਅਤੇ ਧੂਫਾਂ ਵਾਲ਼ੇ
ਪਖੰਡ ਵੀ ਬਥੇਰੇ ਨੇ

ਮਨਾਂ ਵਿਚ ਮੈਲ਼ ਭਰੀ
ਤਨਾਂ ਨੂੰ ਸ਼ਿੰਗਾਰਦੇ
ਦੇਖ ਮਰਦਾਨਿਆਂ
ਰੰਗ ਸਿੱਖ ਸੰਸਾਰ ਦੇ
ਬਾਣਾ ਪਾ ਕੇ ਸਿੱਖੀ ਵਾਲ਼ਾ
ਕਰਮ-ਕਾਂਡ ਪਰਚਾਰਦੇ

ਬਾਬਾ ਆਹ ਮੈਂ ਕੀ ਵੇਖਨਾ?
ਦੀਵੇ ਥਾਲ਼ੀ ਵਿਚ ਬਾਲ਼ੇ ਨੇ
ਥਾਲ਼ੀ ਨੂੰ ਘੁੰਮਾਉਂਦੈ ਭਾਈ
ਫੜੇ ਪੁੱਠੇ ਏਹਨੀਂ ਚਾਲੇ ਨੇ

ਸਿੱਖਿਆ ਬਾਣੀ ਦੀ ਬਾਬਾ
ਇਹ ਕਿਉਂ ਨਹੀਂਉਂ ਮੰਨਦੇ?
ਇਨ੍ਹੀਂ ਛੱਡਿਆ ਸ਼ਬਦ ਬਾਬਾ
ਤੇ ਪਿੱਛੇ ਪੈ ਗਏ ਧਨ ਦੇ

ਗੱਡੀ ਪੜ੍ਹ ਪੜ੍ਹ ਲੱਦੀ ਜਾਂਦੇ
ਕਿਉਂ ਬਾਣੀ ਨਹੀਂ ਵਿਚਾਰਦੇ
ਬਾਬਾ ਜੀ ਮੈਂ ਦੇਖ ਰਿਹਾਂ
ਰੰਗ ਸਿੱਖ ਸੰਸਾਰ ਦੇ
ਬਾਣਾ ਪਾ ਕੇ ਸਿੱਖੀ ਵਾਲ਼ਾ
ਕਰਮ-ਕਾਂਡ ਪਰਚਾਰਦੇ

ਮਾਈਆਂ ਨੇ ਐਥੇ ਬਾਬਾ
ਘੜਮੱਸ ਜਿਹਾ ਪਾਇਆ ਏ
ਜਗਾਈਆਂ ਨੇ ਮੋਮਬੱਤੀਆਂ
ਨਾਲ਼ੇ ਡੀ.ਜੇ. ਮੰਗਵਾਇਆ ਏ

ਮਾਜਰਾ ਇਹ ਕੀ ਏ ਬਾਬਾ?
ਏਨ੍ਹੀਂ ਸ਼ੋਰ ਕਾਹਦਾ ਪਾਇਆ ਏ?
ਝੰਡੀਆਂ ਵੀ ਲਾਈਆਂ ਏਹਨਾਂ
ਵੱਡਾ ਟੇਬਲ ਸਜਾਇਆ ਏ

ਏਨ੍ਹੀਂ ਭਾਈ ਮਰਦਾਨਿਆਂ
ਮੇਰਾ ਬਰਥਡੇਅ ਮਨਾਉਣਾ ਏਂ
ਇਹ ਬੀਬੀਆਂ ਨੇ ਮਾਡਰਨ
ਇਨ੍ਹੀਂ ਕੇਕ ਵੀ ਛਕਾਉਣਾ ਏਂ

ਮਰਦਾਨਿਆਂ ਤੈਂ ਛਕਣੈਂ ਬਈ?
ਇਨ੍ਹੀਂ ਹੁਣੇ ਵਰਤਾਉਣਾ ਏਂ
ਆਪਣੇ ਸੁਆਦਾਂ ਲਈ
ਇਹ ਵੀ ਮੇਰੇ ਖਾਤੇ ਪਾਉਣਾ ਏਂ

ਕਈਆਂ ਕੇਕ ‘ਤੇ ‘ਤਰਾਜ਼ ਕੀਤਾ
ਬਹਾਨਾ ਵਧੀਆ ਬਣਾਇਆ ਏ
ਸਾਡਾ ਵੈਸ਼ਨੂੰ ਹੈ ਕੇਕ ਭਾਈ
ਕਿਹੜਾ ਆਂਡਾ ਵਿਚ ਪਾਇਆ ਏ

ਮਰਦਾਨਿਆਂ ਕੋਈ ਸੁਣਦਾ ਨਹੀਂ ਮੇਰੀ
ਮੈਂ ਤਾਂ ਬੜਾ ਸਮਝਾਇਆ ਏ
ਬਸ ਝੂਠੀਆਂ ਤਸੱਲੀਆਂ ‘ਨਾ
ਹੈਨ ਅੱਗਾ ਇਹ ਸੁਆਰਦੇ

ਦੇਖ ਮਰਦਾਨਿਆਂ
ਰੰਗ ਸਿੱਖ ਸੰਸਾਰ ਦੇ
ਬਾਣਾ ਪਾ ਕੇ ਸਿੱਖੀ ਵਾਲ਼ਾ
ਕਰਮ-ਕਾਂਡ ਪਰਚਾਰਦੇ

ਬਾਬਾ! ਐਧਰ ਦੀਵਾਨ ਲੱਗੈ
ਆ ਜਾ ਜ਼ਰਾ ਬਹੀਏ
ਥੱਕ ਗਏ ਆਂ ਤੁਰ ਤੁਰ
ਆਰਾਮ ਕਰ ਲਈਏ

ਮਰਦਾਨਿਆਂ ਸੁਣੀਂ ਤਾਂ ਜ਼ਰਾ
ਕੀ ਕਹਿੰਦਾ ਕਥਾਕਾਰ ਏ?
ਸਿਧਾਂਤ ਦੀ ਨਾ ਗੱਲ ਕੋਈ
ਬਸ ਸਾਖੀ ਪਰਚਾਰ ਏ

ਮੈਂ ‘ਘਾਲ਼ ਖਾਇ’ ਹੋਕਾ ਦਿੱਤਾ
ਤੇ ਖ਼ੁਦ ਹਲ ਵਾਹਿਆ ਏ
ਏਹਨੇਂ ਵੇਹਲੜਾਂ ਨੂੰ ਮੇਰੇ ਹੱਥੋਂ
ਲੰਗਰ ਛਕਾਇਆ ਏ

ਉਦਾਸੀਆਂ ਨੇ ਲਿਖ਼ੀਆਂ ਸੀ
ਇਹੋ ਜਿਹੀਆਂ ਸਾਖੀਆਂ
ਆਪਣੇ ਸ਼ਰਾਧਾਂ ਲਈ
ਗੱਲਾਂ ਝੂਠ ਇਨ੍ਹੀਂ ਆਖੀਆਂ

ਕਿਰਤੀਆਂ ਨੂੰ ਲੁੱਟ ਲੁੱਟ
ਇਹ ਘੁਰਾੜੇ ਖ਼ੂਬ ਮਾਰਦੇ
ਦੇਖ ਮਰਦਾਨਿਆਂ
ਰੰਗ ਸਿੱਖ ਸੰਸਾਰ ਦੇ
ਬਾਣਾ ਪਾ ਕੇ ਸਿੱਖੀ ਵਾਲ਼ਾ
ਕਰਮ-ਕਾਂਡ ਪਰਚਾਰਦੇ

ਔਧਰੋਂ ਹਜੂਮ ਬਾਬਾ
ਏਧਰ ਨੂੰ ਆਉਂਦਾ ਏ
ਬੜਾ ਸ਼ੋਰ-ਸ਼ਰਾਬਾ
ਨਾਹਰੇ ਵੀ ਗੁੰਜਾਉਂਦਾ ਏ

ਕੌਣ ਨੇ ਇਹ ਲੋਕੀਂ
ਤੇ ਕਿੱਧਰ ਨੂੰ ਜਾਂਦੇ ਨੇ
ਏਨੇ ਢੋਲ-ਢਮੱਕੇ ਬਾਬਾ
ਕਿੰਨਾ ਕੰਨ ਪਏ ਖਾਂਦੇ ਨੇ

ਕਦੇ ਕਹਿੰਦੇ ਸੀ ਜਲੂਸ
ਹੁਣ ਹੋਰ ਕੁਝ ਕਹਿੰਦੇ ਨੇ
ਇਹ ਵੀ ਮਰਦਾਨਿਆਂ
ਮੇਰਾ ਬਰਥ-ਡੇਅ ਮਨਾਂਦੇ ਨੇ

ਖਾਣ-ਪੀਣ ਉੱਤੇ ਲੱਗਾ
ਇਨ੍ਹਾਂ ਦਾ ਸਾਰਾ ਜ਼ੋਰ ਏ
ਫੋਟੋਆਂ ਖਿਚਾਉਣ ਲਈ
ਬੜੀ ਕੱਢੀ ਇਨ੍ਹਾਂ ਟੌਹਰ ਏ

ਜਲੇਬੀਆਂ ਪਕੌੜੇ ਬਾਬਾ
ਬੜੇ ਖੁੱਲ੍ਹੇ ਵਰਤਾਂਵਦੇ
ਠੰਢਾ ਪੀਉ ਸ਼ੌਕ ਨਾਲ਼
ਨਾਲ਼ੇ ਚਾਹ ਵੀ ਛਕਾਂਵਦੇ
ਬਾਬਾ, ਔਹ ਦੇਖ ਲੋਕੀਂ
ਮਾਲ ਬੈਗ਼ਾਂ ਵਿਚ ਪਾਂਵਦੇ
ਵਲੈਤ ਵਿਚ ਰਹਿ ਕੇ ਬਾਬਾ
ਨੰਗ ਭੁੱਖ ਆ ਖਿਲਾਰਦੇ

ਬਾਬਾ ਜੀ ਮੈਂ ਦੇਖ ਰਿਹਾਂ
ਰੰਗ ਸਿੱਖ ਸੰਸਾਰ ਦੇ
ਬਾਣਾ ਪਾ ਕੇ ਸਿੱਖੀ ਵਾਲ਼ਾ
ਕਰਮ-ਕਾਂਡ ਪਰਚਾਰਦੇ

ਐਧਰ ਵੀ ਦੇਖੀਂ ਬਾਬਾ
ਲੱਗਾ ਸਾਧਾਂ ਦਾ ਦੀਵਾਨ ਏ
ਜ਼ਰਾ ਟੌਹਰ ਤਾਂ ਦੇਖੀਂ
ਨਿਰਾਲੀ ਏਹਦੀ ਸ਼ਾਨ ਏ

ਏਹਨਾਂ ਠੱਗਾਂ ਮਰਦਾਨਿਆਂ
ਸਕੀਮ ਖ਼ੂਬ ਹੀ ਬਣਾਈ ਏ
ਤਸਵੀਰ ਮੇਰੀ ਨਾਲ਼, ਫੋਟੋ
ਸਾਧ ਆਪਣੇ ਦੀ ਲਾਈ ਏ

ਨਾਮ ਵਰਤਣਗੇ ਮੇਰਾ
ਗੁਣ ਬੂਬਨੇ ਦੇ ਗਾਉਣਗੇ
ਇਸ਼ਤਿਹਾਰ ਮੇਰੇ ਨਾਂ ਦੇ
ਦਿਨ ਸਾਧ ਦਾ ਮਨਾਉਣਗੇ

ਏਹਨਾਂ ਨੇ ਗਪੌੜਿਆਂ ਦੇ
ਹੱਟ ਵੱਡੇ ਵੱਡੇ ਪਾਏ ਨੇ
ਠੱਕ-ਠੱਕੇ ਵਾਹਵਾ ਏਹਨੀਂ
ਮੇਰੇ ਨਾਮ ‘ਤੇ ਚਲਾਏ ਨੇ

ਇਹ ਝੋਲ਼ੀ-ਚੁੱਕ ਹਾਕਮਾਂ ਦੇ
ਸਭ ਪਾਸੇ ਹੁਣ ਛਾਏ ਨੇ
ਸਿੱਧੇ ਸਾਦੇ ਲੋਕੀਂ ਏਹਨਾਂ
ਪਿੱਛੇ ਆਪਣੇ ਲਗਾਏ ਨੇ

ਘੱਟੇ ਰੁਲ਼ਦਾ ਏ ਲਾਲੋ
ਭਾਗੋ ਯਾਰ ਬਣਾਏ ਨੇ
ਹਕੂਮਤਾਂ ਦੇ ਥਾਪੜੇ ‘ਨਾ
ਡੇਰੇ ਥਾਂ ਥਾਂ ਬਣਾਏ ਨੇ

ਮੈਂ ਖ਼ੁਦ ਨੀਚ ਅਖਵਾਇਆ
ਇਹ ਸੰਤ ਬਣੀ ਜਾਂਦੇ ਨੇ
ਡਾਲੇ ਪੇਡੇ ਸਣੇ ਭਾਈ
ਸਭ ਕੁਝ ਛਕੀ ਜਾਂਦੇ ਨੇ

ਜਾਂਦੇ ਸਾਗਰਾਂ ਤੋਂ ਪਾਰ
ਪੌਂਡ ਡਾਲਰ ਲਿਆਂਦੇ ਨੇ
ਆਪੂੰ ਮਾਇਆ ਵਿਚ ਡੁੱਬੇ
ਪਰ ਲੋਕਾਂ ਨੂੰ ਇਹ ਤਾਰਦੇ
ਦੇਖ ਮਰਦਾਨਿਆਂ
ਰੰਗ ਸਿੱਖ ਸੰਸਾਰ ਦੇ
ਬਾਣਾ ਪਾ ਕੇ ਸਿੱਖੀ ਵਾਲ਼ਾ
ਕਰਮ-ਕਾਂਡ ਪਰਚਾਰਦੇ

ਆ ਜਾ ਮਰਦਾਨਿਆਂ
ਲੱਗਾ ਐਧਰ ਦੀਵਾਨ ਏ
ਬੜਾ ਵੱਡਾ ਸ਼ਾਮਿਆਨਾ
ਇਹਦੀ ਵੱਖਰੀ ਹੀ ਸ਼ਾਨ ਏ

ਢਾਡੀ ਗਾਂਵਦੇ ਨੇ ਵਾਰਾਂ ਏਥੇ
ਬੜੀ ਮਿੱਠੀ ਜਿਹੀ ਤਾਨ ਐ
ਕੰਨ ਲਾ ਕੇ ਸੁਣੀਂ ਜ਼ਰਾ
ਬੜੀ ਗਲ਼ੇ ਵਿਚ ਜਾਨ ਐ

ਬਾਬਾ ਆਹ ਮੈਂ ਕੀ ਸੁਣ ਰਿਹਾਂ
ਇਹ ਮੈਨੂੰ ਭੁੱਖਾ ਭੁੱਖਾ ਦੱਸਦੇ
ਅਹਿ ਅੱਗੇ ਬੈਠੇ ਲੋਕ ਸਾਰੇ
ਕਾਹਨੂੰ ਹਿੜ ਹਿੜ ਹੱਸਦੇ

ਢਾਡੀਆਂ ਨੇ ਖ਼ੂਬ ਉੱਥੇ
ਮਰਦਾਨੇ ਤਾਈਂ ਫੁੰਡਿਆ
ਕਹਿ ਕਹਿ ਕੇ ਮਿਰਾਸੀ ਉਹਨੂੰ
ਖ਼ੂਬ ਉਹਨੀਂ ਭੰਡਿਆ

ਉੜਾਇਆ ਖ਼ੂਬ ਮੌਜੂ ਉਹਦਾ
ਵਾਂਗ ਲੋਗੜ ਦੇ ਛੰਡਿਆ
ਕਹਿ ਕਹਿ ਕੇ ਨੀਵੀਂ ਜ਼ਾਤ
ਉਹਨੀਂ ਰੰਬੇ ਵਾਂਗੂੰ ਚੰਡਿਆ

ਮਰਦਾਨੇ ਦੀਆਂ ਅੱਖਾਂ ਵਿਚ
ਜਲ ਭਰ ਆਇਆ ਸੀ
ਬਾਬੇ ਵੱਲੇ ਦੇਖ ਉਹਨੇ
ਮੁਖੋਂ ਇਹ ਅਲਾਇਆ ਸੀ

ਬਾਬਾ! ਸੱਚ ਸੱਚ ਦੱਸੀਂ
ਕੀ ਮਿਰਾਸੀ ਹੋਣਾ ਪਾਪ ਏ?
ਸੀ ਤੂੰ ਹੀ ਸਮਝਾਇਆ
ਰੱਬ ਸਭਨਾਂ ‘ਚ ਆਪ ਏ

ਤੇਰੇ ਨਾਲ਼ ਰਹਿ ਕੇ ਬਾਬਾ
ਲੱਥੀ ਜਨਮਾਂ ਦੀ ਭੁੱਖ ਏ
ਜਿਸ ਦਾ ਨਹੀਂ ਮੁੱਲ ਕੋਈ
ਮੈਂ ਪਾਇਆ ਐਸਾ ਸੁਖ ਏ

ਕਿਉਂ ਫੇਰ ਇਹ ਮੈਨੂੰ ਬਾਬਾ
ਭੁੱਖਾ ਭੁੱਖਾ ਕਹਿੰਦੇ ਨੇ
ਇਕ ਇਕ ਪੌਂਡ ਪਿੱਛੇ
ਪ੍ਰਬੰਧਕਾਂ ‘ਨਾ ਖਹਿੰਦੇ ਨੇ

ਚਲ ਏਥੋਂ ਤੁਰ ਬਾਬਾ
ਇਹ ਨੇ ਝੂਠ ਪਰਚਾਰਦੇ
ਦੇਖ ਲਏ ਮੈਂ ਰੰਗ ਸਾਰੇ
ਸਿੱਖ-ਸੰਸਾਰ ਦੇ
ਬਾਣਾ ਪਾ ਕੇ ਸਿੱਖੀ ਵਾਲ਼ਾ
ਕਰਮ-ਕਾਂਡ ਪਰਚਾਰਦੇ

Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top