Share on Facebook

Main News Page

“ਸੱਭਿਅਕ ਭਾਸ਼ਾ ਦਾ ਪ੍ਰਯੋਗ” (ਖਿਆਲ ਅਪਣਾ-ਅਪਣਾ)
- ਤਰਲੋਕ ਸਿੰਘ ‘ਹੁੰਦਲ’, ਬਰੈਂਮਟਨ-ਟੋਰਾਂਟੋ, ਕਨੇਡਾ

ਬੜੀ ਖੁਸ਼ੀ ਵਾਲੀ ਗੱਲ ਹੈ, ਕਿ 21ਵੀਂ ਸਦੀ ਦੇ ਅਰੰਭ ਤੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਧਿਰਾਂ ਵਲੋਂ ਵੈਬਸਾਈਟ, ਸੰਚਾਰ-ਮਾਧਿਯਮ, ਟੀ ਵੀ ਅਤੇ ਹੋਰ ਉਪਲਬਧ ਬਿਜਲਾਣੂ ਵਿਗਿਆਨ ਸਾਧਨਾਂ ਦੀ ਭਰਪੂਰ ਵਰਤੋਂ ਹੋਣ ਲਗ ਪਈ ਹੈ, ਜਿਸ ਦੀ ਸਹਾਇਤਾ ਨਾਲ ਮਿੰਟੋ-ਮਿੰਟੀ ਸਿੱਖੀ ਨਾਲ ਜੁੜੇ ਹਰ ਮਸਲੇ ਦੀ ਖ਼ਬਰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚ ਜਾਂਦੀ ਹੈ। ਗੁਰਮਤਿ ਦੇ ਸਿਧਾਤਾਂ ਨੁੰ ਪ੍ਰਫੁਲਤ ਕਰਨ ਹਿਤ ਦਰਜਨਾਂ ਵੈਬ-ਸਾਈਟਾਂ ਮੌਜੂਦ ਹਨ, ਜਿਨ੍ਹਾਂ ਉੱਤੇ ਸਿੱਖੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੇ, ਵਿਦਵਾਨ ਸਿੱਖ ਲੇਖਕਾਂ ਅਤੇ ਬੁਧੀਜੀਵੀ ਵਰਗ ਦੇ ਵਿਦਵਤਾ-ਭਰਪੂਰ ਧਾਰਮਿਕ ਲੇਖ, ਗੁਰਬਾਣੀ ਵਿਚਾਰ ਤੇ ਕਥਾ-ਕੀਰਤਨ ਪੜ੍ਹਨ/ ਸੁਣਨ ਨੂੰ ਮਿਲਦੇ ਹਨ। ‘ਲਿਖਣਾ’ ਯਾਨੀਂ ਆਪਣੇ ਵਿਚਾਰ ਪੇਸ਼ ਕਰਨਾ, ਕਿਸੇ ਪੜ੍ਹੇ-ਲਿਖੇ ਵਿਦਵਾਨ ਵਿਅਕਤੀ ਵਿਸ਼ੇਸ਼ ਦਾ ਰਾਖਵਾਂ ਹੱਕ ਨਹੀਂ ਹੈ। ਅੰਗੂੱਠਾ-ਛਾਪ ਭਾਵ ਅਨਪੜ੍ਹ ਮਨੁੱਖ ਨੂੰ ਵੀ ਆਪਣੇ ਦਿਲੀ-ਵਲਵਲਿਆਂ ਦੀ ਪੇਸ਼ਕਾਰੀ ਕਰਨ ਦੀ ਖੁੱਲ੍ਹ ਹੈ। ਕਈ ਐਸੇ ਕਵੀ ਵੀ ਹੋਏ ਹਨ, ਜਿਨ੍ਹਾਂ ਦੀਆਂ ਜ਼ਬਾਨੀ-ਕਲਾਮੀ ਉਚਾਰੀਆਂ ਤੇ ਗਾਈਆਂ ਕਵਿਤਾਵਾਂ, ਉਨ੍ਹਾਂ ਦੀ ਸੰਸਾਰ’ਚੋਂ ਕੂਚ ਕਰ ਜਾਣ ਤੋਂ ਬਾਅਦ ਲਿਖਤੀ ਰੂਪ ਵਿੱਚ ਸਾਹਮਣੇ ਆਈਆਂ ਮਿਲਦੀਆਂ ਹਨ।

ਇੱਕ ਦੁਖਾਂਤ ਹੈ,ਕਿ ਸਿੱਖੀ ਨਾਲ ਸਬੰਧਤ ਕੁਝ ਵੈਬ-ਸਾਈਟਾਂ ਉੱਤੇ,ਐਸੇ ਵੀ ਲੇਖ ਪ੍ਰਕਾਸ਼ਤ ਹੋ ਰਹੇ ਹਨ, ਜਿਨ੍ਹਾਂ ਵਿੱਚ ਬੜੇ ਨੀਵੇ ਪੱਧਰ ਦੇ ਸ਼ਬਦਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੁੰਦੀ ਹੈ, ਜਿਨ੍ਹਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਇਹ ਲੇਖਕ, ਸਿੱਖੀ ਅਸੂਲਾਂ ਦੇ ਪਰਦੇ ਪਿੱਛੇ, ਆਪਣੇ ਵਿਰੋਧੀਆਂ ਨੂੰ ਥੱਲੇ ਲਾਉਂਣ ਲਈ ਜਦੋ-ਜਹਿਦ ਕਰ ਰਿਹਾ ਹੈ। ਸਿਖਿਆਦਾਇਕ ਮੰਤਵ ਦੀਆਂ ਲਿਖਤਾਂ ਵਿੱਚ ‘ਕੰਜਰ’-ਇਕ ਬਹੁਤ ਹੀ ਘਟੀਆ ਤੇ ਨਿਸ਼ਿਧ ਸ਼ਬਦ ਦੀ ਵਰਤੋਂ ਆਮ ਜਹੀ ਗੱਲ ਹੈ। ਕਈ ਲੇਖਾਂ’ਚ ਤਾਂ ਗੁਰਮਤਿ ਦੇ ਪ੍ਰਚਾਰਕ ਹੋਣ ਦੀ ਧੌਂਸ ਜਮਾਉਂਣ ਲਈ ਲੇਖਕ, ਲਚਰ ਗੀਤਕਾਰਾਂ ਦੀ ਤਰ੍ਹਾਂ, ਦੁਹਰੇ ਭਾਵ-ਅਰਥ ਵਾਲੇ ਕੋਝੇ ਅੱਖਰ ਵਰਤ ਜਾਂਦੇ ਹਨ, ਜਦੋਂ ਕਿ ਓਹੀ ਗੱਲ ਜਾਂ ਵਿਚਾਰ, ਸੱਭਿਅਕ ਭਾਸ਼ਾ ਦਾ ਪ੍ਰਯੋਗ ਕਰਕੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤੇ ਜਾ ਸਕਦੇ ਹਨ। ਇੱਕ-ਦੂਸਰੇ ਨਾਲ ਕਿੜ੍ਹ ਕੱਢਣ ਲਈ ਅਣ-ਸੁਖਾਵੀ ਬੋਲੀ ਵਿੱਚ ਸਿੱਖੀ ਦੇ ਪ੍ਰਚਾਰ ਦੀ ਆੜ ਥੱਲੇ, ਲੇਖ ਲਿਖਣੇ ਤੇ ਪ੍ਰਕਾਸ਼ਤ ਕਰਨੇ, ਲੇਖਕ ਦੀ ਸੋਚ-ਸ਼ਕਤੀ ਤੇ ਪ੍ਰਸ਼ਨ-ਚਿੰਨ ਲਾਉਂਦਾ ਹੈ। ਭੱਦੀ ਤੇ ਅਪਮਾਨ-ਜਨਕ ਭਾਸ਼ਾਂ ਨਾਲੋਂ ਸੁਥਰੀ ਤੇ ਨਰਮ ਸ਼ਬਦਾਂ ਵਿੱਚਲੀ ਲਿਖਤ ਵਧੇਰੇ ਅਸਰਦਾਇਕ ਹੁੰਦੀ ਹੈ ਤੇ ਲੇਖਕ ਦਾ ਵੀ ਮਾਨ-ਸਨਮਾਨ ਵਧਦਾ ਹੈ। ਗੁਰਬਾਣੀ ਵੀ ਇਹੋ ਉਪਦੇਸ਼ ਦੇਂਦੀ ਹੈ:

“ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ॥” (ਸੂਹੀ ਮਹਲਾ 5, ਅੰਕ 745)

ਨੈਟ-ਵਰਕ ਸੰਚਾਰ ਸਾਧਨਾਂ ਰਾਹੀਂ ਛਾਇਆ ਧਾਰਮਿਕ ਲੇਖਾਂ ਦੇ ਥੱਲੇ ਇੱਕ ‘ਟਿੱਪਣੀ’ ਕਾਲਮ ਵੀ ਬਣਿਆ ਹੁੰਦਾ ਹੈ ਕਿ ਲਿਖਤ ਪੜ੍ਹਨ ਉਪਰੰਤ ਪਾਠਕ ਸੰਖੇਪ ਵਿੱਚ ਆਪਣੇ ਹਾਵ-ਭਾਵ ਛਾਇਆ ਕਰ ਸਕਦਾ ਹੈ। ਟਿੱਪਣੀ-ਕਾਰ ਤਾਂ ਕਈ ਵਾਰ ਏਨੀ ਕੌੜੀ ਅਤੇ ਕੁਸੈਲੀ ਬਜ਼ਾਰੀ ਭਾਸ਼ਾ ਨਾਲ ਸਮਿਲਤ ਬੇ-ਸ਼ਰਮੀਂ ਵਾਲੇ ਅਲਫਾਜ਼ (ਸ਼ਬਦ) ਵਰਤ ਜਾਂਦੇ ਹਨ ਕਿ ਉਨ੍ਹਾਂ ਦੀ ਸਿਆਣਪ ਤੇ ਸ਼ਕ ਪੈਦਾ ਹੋ ਜਾਂਦਾ ਹੈ। ਗਾਲ੍ਹ ਨੁਮਾਂ ਨਫ਼ਰਤ-ਭਰੀ ਸ਼ਬਦਾਵਲੀ ਦਾ ਪ੍ਰਯੋਗ ਹਾਨੀਕਾਰਕ ਹੈ। ਆਪਸੀ ਖਿਚੋਤਾਣ ਨੂੰ ਜਨਮ ਦੇਂਦਾ ਹੈ। ਤਲਵਾਰ ਦੀ ਤਰ੍ਹਾਂ ਕਲਮ ਵੀ ਬੇ-ਜੁਬਾਨ ਹੈ। ਇਸ ਦੀ ਗਲਤ ਵਰਤੋਂ ‘ਸ਼ਬਦੀ ਜੰਗ’ ਦੇ ਆਸਾਰ ਪੈਦਾ ਕਰ ਜਾਂਦੀ ਹੈ। ਜਿਥੇ ਕਿਥੇ ਕੋਈ ਵੀ ਲੇਖਕ, ਸੁਝ-ਬੂਝ ਤੋਂ ਕੰਮ ਨਹੀਂ ਲੈਂਦਾ ਤੇ ਆਪ ਹੁਦਰੀ ਕਰਦਾ ਹੈ, ਉਥੇ ਫਿਰ ਕੁੰਢੀਆਂ ਦੇ ਸਿੰਗ ਫਸ ਜਾਂਦੇ ਹਨ।ਪਿੱਛੇ ਜਹੇ ਅਜਿਹੇ ਹਾਲਾਤ ਟੋਰਾਂਟੋ’ਚ ਵੀ ਪੈਦਾ ਹੋਏ, ਅਜ ਤਕ ਪੂਰਾ ਮਿਟ-ਮਿਟਾ ਨਹੀਂ ਹੋ ਸਕਿਆ। ਸਵਾਲ-ਦਰ-ਸਵਾਲ ਧਰੀਂ ਤੁਰੇ ਜਾਂਦੇ ਹਨ, ਇਹ ਜਾਣਦੇ ਹੋਏ ਵੀ, ਕਿ ਮੰਜਲ ਇਕ ਹੈ, ਨਿਸ਼ਾਨਾ ਇਕ ਹੈ ਅਤੇ ਇਕੋ ਰਾਹ ਤੇ ਇੱਕਠਿਆਂ ਤੁਰ ਕੇ ਸੁਖੈਣ ਮੰਜ਼ਲ ਤੇ ਪਹੁੰਚਿਆ ਜਾ ਸਕਦਾ ਹੈ। ਏਕਤਾ ਵਿੱਚ ਬਰੱਕਤ ਹੁੰਦੀ ਹੈ। ਕਲਮ ਦੇ ਜ਼ੋਰ ਅਜ਼ਮਾਉਂਣ ਵਾਲੇ ਇਹ ਭਲੇ ਲੋਕ ਨਹੀਂ ਜਾਣਦੇ ਕਿ ‘ਹਊਮੈਂ’ ਦੇ ਵਿਖਾਵੇ ਕਾਰਨ ਸਿੱਖ ਪੰਥ ਦਾ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਹੈ। ਕਿਸੇ ਨੂੰ ਛੁਟਿਆਉਂਣ ਦੀ ਨੀਤੀ ਯੋਗ ਨਹੀਂ ਹੈ, ਘਟੋ-ਘਟ ਸਿੱਖ ਧਰਮ ਵਿੱਚ।

ਸਿੱਖ ਜਗਤ ਨੂੰ ਸੁਚੇਤ ਕਰਨ ਲਈ ਤੁਸੀਂ ਕੋਈ ਗੁਰਮਤਿ ਦੇ ਵਿਸਥਾਰ, ਪ੍ਰਚਾਰ ਸਬੰਧੀ “ਜਾਗਰੂਕਤਾ ਭਰਿਆ “ਸੁਨੇਹਾ”ਦੇਣਾ ਚਾਹੁੰਦੇ ਹੋ, ਜੀ ਸਦਕੇ ਦਿਓ! ਇਹ ਨਹੀਂ ਕਿ ਤੁਹਾਡੇ ਗੱਲ ਕਹਿਣ ਦੇ ਰੰਗ-ਢੰਗ ਵਿੱਚ ਦੁਸਰਿਆਂ ਪ੍ਰਤਿ ਮੰਦ-ਭਾਵਨਾ ਦੀ ਲਿਸ਼ਕੋਰ ਪਵੇ। ਜਿੰਦਾ ਮਿਸਾਲ ਹੈ ਕਿ ਇੱਕ ਵਾਰ ਉਰਦੂ ਅਖਬਾਰ ‘ਪ੍ਰਭਾਤ’ ਜਲੰਧਰ ਦੇ ਐਡੀਟਰ ਸ੍ਰੀਮਾਨ ਨਾਨਕ ਚੰਦ ‘ਨਾਜ਼’ ਨੂੰ ਵੀ ਆਪਣੇ ਸ੍ਵੈ-ਮਾਨ ਲਈ ਨੁਕਸਾਨਦੇਹ, ਆਪਣੇ ਹੀ ਗੂੜੇ ਦੋਸਤ ਦੀ ਟੀਕਾ-ਟਿੱਪਣੀ ਦਾ ਉਤਰ ਦੇਣਾ ਪਿਆ, ਕਿ ‘ਐ ਨਾਜ਼! ਤੁਝ ਪੇ ਇਤਰਾਜ਼ ਕਰਨੇ ਵਾਲੇ ਪਰਸ-ਏ-ਫ਼ਿਤਰਤ ਗਜ਼ਲ-ਗੋ, ਬਦ-ਅਕਲੀ ਸੇ ਆਪਨੇ-ਆਪ ਕੋ “ਕਾਬਲ” ਸਮਝ ਬੈਠੇ’। ਸਪਸ਼ਟ ਹੋਇਆ ਕਿ ਜੇ ਅਸੀਂ ਨਿਮ੍ਰਤਾ ਵਾਲੀ ਸੁਥਰੀ ਭਾਸ਼ਾ ਵਿੱਚ ਦੂਸਰਿਆਂ ਨਾਲ ਗੱਲ-ਬਾਤ ਜਾਂ ਵਿਚਾਰ-ਵਿਮਰਸ਼ ਨਹੀਂ ਕਰਾਂਗੇ ਤਾਂ ਸਾਨੂੰ ਸੁਣਨ ਵਾਲੇ ਨਹੀਂ ਮਿਲਣਗੇ। ਅਸੀਂ ਪੁਰਾਣੀਆਂ ਰਹੁ-ਰੀਤਾਂ, ਸੰਸਕਾਰਾਂ, ਪੰ੍ਰਪਰਾਵਾਂ ਤੇ ਸਿਧਾਤਾਂ ਦੀ ਬੜੀ ਬੇਬਾਕੀ ਨਾਲ ਅਲੋਚਨਾ ਕਰਦੇ ਹੋਏ, ਸਿੱਖ ਸਮਾਜ ਅੰਦਰ ਇਨਕਲਾਬੀ ਪਰਿਵਰਤਨ ਲਿਆਉਂਣ ਦੇ ਉਦੇਸ਼ ਨਾਲ ਆਪੂੰ-ਘੜੀ ਨਵੀਤਮ ਸੁਧਾਰਵਾਦੀ-ਨੀਤੀ, ਇਸ ਭਰੋਸੇ ਪੇਸ਼ ਕਰਨ ਲਈ ਯਤਨਸ਼ੀਨ ਹਾਂ, ਕਿ ਬਾਕੀ ਸਭ ਕੂੜ-ਕਬਾੜ ਹੈ। ਕੀ ਭਰੋਸਾ ਹੈ ਕਿ ਅੱਧੀ-ਪੌਣੀ ਸਦੀ ਬਾਅਦ ‘ਤੁਹਾਡੇ’ ਸਿਧਾਂਤ ਲਾਗੂ ਰਹਿ ਸਕਣਗੇ? ਰੰਗ-ਕਾਟ ਜਾਂ ਕਾਸਟਿੱਕ ਸੋਡੇ ਨਾਲੋਂ, ਗੁਰਮਤਿ ਅਨੁਸਾਰ ਪ੍ਰੇਮ ਦੀ ਮਲ੍ਹਮ ਨਾਲ ਸੁਵਾਦਲਾ ਰੰਗ ਬੱਝਦਾ ਹੈ। ਧਾਰਮਿਕ ਲਿਖਤ ਦਾ ਸਰਬੋਤਮ ਨਿਸ਼ਾਨਾ ਕੇਵਲ ਮਨੁੱਖ ਮਾਤਰ ਦੇ ਜੀਵਨ’ਚ ਸਿਰਜਨਹਾਰ ‘ਅਕਾਲ ਪੁਰਖ-ਵਾਹਿਗੁਰੂ’ ਪ੍ਰਤੀ ਵਿਸਵਾਸ਼ ਦ੍ਰਿੜ ਕਰਵਾ ਕੇ, ਸੱਚ ਤੇ ਚਲਣ ਦੇ ਯੋਗ ਬਣਾਉਂਣਾ ਹੈ। ਸਿੱਖ ਸਮਾਗਮ, ਸੈਮੀਨਾਰ, ਸੰਗਠਤ ਇੱਕਤ੍ਰਤਾਵਾਂ ਤੇ ਧਾਰਮਿਕ ਸਾਹਿਤ ਇਸੇ ਦਿਸ਼ਾ ਨੂੰ ਰੁਸ਼ਨਾਉਂਣ-ਯੋਗ ਹੋਵਣ-ਸਾਡੀ ਖ਼ੁਸ਼ਕਿਸਮਤੀ ਸਮਝੋ! ਕਿ ਪ੍ਰਕਾਸ਼ ਯੁਗ’ਚ ਪ੍ਰਵੇਸ਼ ਹੋਇਆ ਜਾ ਸਕੇ। ‘Otherwise’ in the opinion of a reknowned philosopher, ‘so-called religious people have always been a big problem for God.’ ਇਕ ਹੋਰ ਵਿਦਵਾਨ ਦਾ ਕਹਿਣ ਹੈ ਕਿ ‘ਕਾਫਰ ਦਾ ਸੌਣਾ ਹੀ ਬੰਦਗੀ ਹੈ’। {ਭਾਵ ਕਿ ਵਿਚਾਰ-ਹੀਣ ਬੰਦੇ ਦਾ ਚੁਪ ਰਹਿਣਾ (ਸੌਣਾ)ਹੀ ਇਬਾਦਤ ਹੈ}

ਗੁਰੂ ਨਾਨਕ ਮਿਸ਼ਨ ਨੂੰ ਸਫਲਤਾ-ਪੂਰਵਕ ਅਮਲੀ-ਜਾਮਾ ਪਹਿਨਾਉਂਣ ਦੀ ਜਿੰਮੇਵਾਰੀ ਅਜ ਦੇ ਸੁਹਿਰਦ ਸਿੱਖ ਦੀ ਹੈ। ਵਿਅਕਤੀਗਤ ਰੂਪ ਵਿੱਚ, ਸੰਗਤੀ ਜਾਂ ਛੋਟੇ-ਵੱਡੇ ਗਰੁਪਾਂ ਵਿੱਚ ਮਿਲ ਬੈਠ, ਵਿਸਥਾਰ-ਪੂਰਵਕ ਡੂੰਘੇ ਵਿਚਾਰ-ਵਿਮਰਸ਼ ਉਪਰੰਤ, ਸੰਸਾਰ-ਭਰ ਵਿੱਚ ਸਿੱਖੀ ਦਾ ਪ੍ਰਭਾਵਸ਼ਾਲੀ ਪ੍ਰਚਾਰ, ਸਮੇਂ ਦੀ ਲੋੜ ਹੈ। ਸਤਿਕਾਰ ਸਹਿਤ ਨੈਤਿਕ ਕਦਰਾਂ-ਕੀਮਤਾਂ ਅਤੇ ਧਾਰਮਿਕ ਰੀਤੀਆਂ ਦੀ ਪਾਲਣਾ ਕਰਨਾ ਹਰ ਧਰਮੀ ਪੁਰਸ਼ ਲਈ ਜਰੂਰੀ ਹੈ। ਸਿੱਖ ਨੇ ਗੁਰੂ ਨਾਨਕ ਵਿਚਾਰਧਾਰਾ ਦੇ ਅਨੁਸਾਰੀ ਹੋ ਕੇ ਅੱਗੇ ਵਧਣਾ ਹੈ, ਨਾ ਕਿ ਗੁਰੂ ਨਾਨਕ ਫਿਲਾਸਫੀ ਨੂੰ “ਆਪਣੇ” ਅਨੁਸਾਰ ਪ੍ਰਚਾਰਨਾ ਤੇ ਫੈਲਾਉਂਣਾ ਹੈ। ਸੱਚੇ ਸਿੱਖ ਦਾ ਬਾਂਨ੍ਹਣੂੰ ਬੰਨਣ ਲਈ ਸੁਣਾਉਂਣ ਨਾਲੋਂ ਸੁਣਨਾ ਅਤਿ ਲੋੜੀਂਦਾ ਹੈ। ਬਰਦਾਸ਼ਤ ਦਾ ਮਾਦਾ ਪੈਦਾ ਕਰਨਾ ਚਾਹੀਏ। ‘ਜੋ ਸਿੱਖ ਆਪਸ ਵਿੱਚ ਸਕੇ-ਭਾਈਆਂ ਜਿਹਾ ਪਿਆਰ ਨਹੀਂ ਰੱਖਦੇ’ ਭਾਈ ਸਾਹਿਬ, ਭਾਈ ਕਾਨ੍ਹ ਸਿੰਘ ‘ਨਾਭਾ’ ਅਨੁਸਾਰ, ‘ਉਹ ਗੁਰਸਿੱਖੀ ਤੋਂ ਪਤਿਤ ਹਨ’। ਗੁਰ ਬਚਨ ਹਨ:

‘ਝਗਰੁ ਕੀਏ ਝਗਰਉ ਹੀ ਪਾਵਾ॥’ (ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਕ 341)

ਸਾਡੀਆਂ ਬੇ-ਰੁਖੀਆਂ, ਅਸਭਯ ਭਾਸ਼ਾ, ਫਿੱਕੀ ਬੋਲ-ਬਾਣੀ, ਆਪਸੀ ਈਰਖਾ, ਧੜੇ-ਬੰਦੀ, ਗੁੱਟ-ਬੰਦੀ, ਆਹ ਮਾੜਾ-ਔਹ ਚੰਗਾ, ਇੰਝ ਕਰੋ-ਇੰਝ ਨਾ ਕਰੋ ਵਰਗੀਆਂ ਅਲਾਮਤਾਂ ਕਾਰਨ ਸਿੱਖ ਧਰਮ ਦੀ ਵਿਸਵਾਸ਼ ਤੇ ਵਿਕਾਸ ਦੀ ਗਤੀ ਬਹੁਤ ਕਮਜੋਰ ਪੈ ਗਈ ਹੈ। ਧਿਆਨ ਨਾਲ ਵੇਖੋ!ਕਿਵੇਂ ਸਾਧਾਰਨ ਜਨ ਹੱਥ ਜੋੜ ਕੇ ਆਉਂਦੇ ਹਨ, ਹੱਥ ਮਲਦੇ ਵਾਪਸ ਮੁੜ ਜਾਂਦੇ ਹਨ। ਇਹ ਹਾਲ ਸਾਡੀਆਂ ਮਨਮਤੀ ਕਲਮਾਂ ਦੀ ਦੇਂਣ ਹੈ। ਗੁਰੂ ਨਾਨਕ ਫੁਲਵਾੜੀ’ਚ ਬਹਾਰ ਦੇ ਚਾਹਵਾਨ ਸਜਣੋਂ! ਗੁਰੂ ਜੀ ਦੇ ਇਲਾਹੀ ਫੁਰਮਾਨ ਸੁਣੋ!

‘ਮੰਦਾ ਕਿਸੇ ਨ ਆਖਿ ਝਗਰਾ ਪਾਵਣਾ॥’ (ਵਡਹੰਸੁ ਮ:1, ਅੰਕ 566)

ਸਿੱਖ ਸੂਝਵਾਨ ਐਸ.ਐਸ.ਚਰਨ ਸਿੰਘ ‘ਸ਼ਹੀਦ’ ਦੇ ਵਿਚਾਰ ਹਨ ਕਿ ‘ਕੋਈ ਆਦਮੀ ਭਾਵੇਂ ਕਿੱਡਾ ਵਿਦਵਾਨ ਅਤੇ ਅਕਲੀਆ ਕਿਉਂ ਨਾ ਹੋਵੇ, ਅਜਿਹਾ ਨਹੀਂ ਕਿ ਜਿਸ ਦੇ ਦਿਲ ਵਿੱਚ ਗੁੱਸਾ, ਈਰਖਾ ਅਤੇ ਚਾਹ ਦਾ ਜੋਸ਼ ਨਾ ਉੱਠੇ। ਪਰ ਕਈ ਤਾਂ ਅਜਿਹੇ ਹਨ ਜੋ ਏਸ ਜੋਸ਼ ਨੂੰ ਉਠਦਿਆਂ ਹੀ ਦੱਬ ਲੈਂਦੇ ਹਨ ਅਤੇ ਆਪ ਉਹਦੇ ਉੱਤੇ ਸਵਾਰ ਹੋ ਜਾਂਦੇ ਹਨ। ਸੋ ਭਾਈਓ, ਆਓ! ਸ਼ੁਭ ਬਚਨ ਬੋਲੀਏ, ਪ੍ਰੇਮ ਕਰੀਏ, ਸਤਿਕਾਰ ਕਰੀਏ ਤੇ ਮੰਜ਼ਲ ਵੱਲ ਵਧੀਏ। ਚੰਗੇ ਵਿਚਾਰ-ਚੰਗਾ ਬਣਾਉਂਦੇ ਹਨ। ਅਜ ਦੀ ਘੜੀ, ਸਿੱਖ ਸੁਭਾਉ ਦੀ ਪਰਖ ਦੀ ਵੀ ਘੜੀ ਹੈ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top